ਕੂਚ 28
28
ਜਾਜਕਾਂ ਦੇ ਪਵਿੱਤਰ ਬਸਤਰ
ਕੂਚ 39:1-7
1ਤੂੰ ਆਪਣੇ ਭਰਾ ਹਾਰੂਨ ਅਤੇ ਉਸ ਦੇ ਨਾਲ ਉਸ ਦੇ ਪੁੱਤਰਾਂ ਨੂੰ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈਂ ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ ਅਰਥਾਤ ਹਾਰੂਨ ਅਤੇ ਉਸ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ, ਈਥਾਮਾਰ। 2ਤੂੰ ਆਪਣੇ ਭਰਾ ਹਾਰੂਨ ਲਈ ਪਵਿੱਤਰ ਬਸਤਰ ਪਰਤਾਪ ਅਤੇ ਸੁਹੱਪਣ ਲਈ ਬਣਾਈਂ। 3ਤੂੰ ਸਾਰੇ ਬੁੱਧਵਾਨਾਂ ਨੂੰ ਜਿਨ੍ਹਾਂ ਵਿੱਚ ਮੈਂ ਬੁੱਧ ਦਾ ਆਤਮਾ ਭਰਿਆ ਹੈ ਆਖੀਂ ਕਿ ਉਹ ਹਾਰੂਨ ਦੇ ਬਸਤ੍ਰ ਉਹ ਦੀ ਪਵਿੱਤਰਤਾਈ ਲਈ ਬਣਾਉਣ ਤਾਂ ਜੋ ਉਹ ਜਾਜਕ ਦਾ ਕੰਮ ਮੇਰੇ ਲਈ ਕਰੇ। 4ਜਿਹੜੇ ਬਸਤ੍ਰ ਉਹ ਬਣਾਉਣ ਸੋ ਇਹ ਹਨ - ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗਾ ਅਤੇ ਇੱਕ ਕੱਢਿਆ ਹੋਇਆ ਕੁੜਤਾ, ਇੱਕ ਅਮਾਮਾ ਅਤੇ ਇੱਕ ਪੇਟੀ ਸੋ ਇਹ ਪਵਿੱਤਰ ਬਸਤ੍ਰ ਤੇਰੇ ਭਰਾ ਹਾਰੂਨ ਅਤੇ ਉਹ ਦੇ ਪੁੱਤਰਾਂ ਲਈ ਬਣਾਉਣ ਤਾਂ ਜੋ ਉਹ ਮੇਰੇ ਲਈ ਜਾਜਕਾਂ ਦਾ ਕੰਮ ਕਰਨ। 5ਅਤੇ ਉਹ ਸੋਨਾ, ਨੀਲਾ ਬੈਂਗਣੀ, ਅਤੇ ਕਿਰਮਚੀ ਮਹੀਨ ਕਤਾਨ ਲੈਣ।
ਏਫ਼ੋਦ
6ਉਹ ਏਫ਼ੋਦ ਨੂੰ ਸੋਨੇ, ਅਤੇ ਨੀਲੇ, ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਉਣ ਅਤੇ ਉਹ ਕਾਰੀਗਰੀ ਦਾ ਕੰਮ ਹੋਵੇ। 7ਅਤੇ ਦੋਹਾਂ ਮੋਢਿਆਂ ਦੀਆਂ ਕਤਰਾਂ ਉਸ ਦੇ ਦੋਹਾਂ ਸਿਰਿਆਂ ਨੂੰ ਜੋੜ ਦੇਣ ਇਸ ਤਰ੍ਹਾਂ ਉਹ ਜੋੜਿਆ ਜਾਵੇ 8ਅਤੇ ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹ ਦੇ ਉੱਤੇ ਹੈ ਜਿਹ ਦੇ ਨਾਲ ਉਹ ਕੱਸਿਆ ਜਾਵੇ ਉਸ ਦੇ ਕੰਮ ਅਨੁਸਾਰ ਉਸੇ ਤੋਂ ਹੋਵੇ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਹੋਵੇ। 9ਤੂੰ ਦੋ ਸੁਲੇਮਾਨੀ ਪੱਥਰ ਲੈ ਕੇ ਉਨ੍ਹਾਂ ਦੇ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਉੱਕਰੀਂ। 10ਉਨ੍ਹਾਂ ਦੇ ਛੇ ਨਾਮ ਇੱਕ ਪੱਥਰ ਉੱਤੇ ਅਤੇ ਬਾਕੀ ਛੇ ਦੂਜੇ ਪੱਥਰ ਉੱਤੇ ਉਨ੍ਹਾਂ ਦੇ ਜਨਮ ਅਨੁਸਾਰ। 11ਪੱਥਰਾਂ ਦੀ ਚਿੱਤਰਕਾਰੀ ਦਾ ਕੰਮ ਨਾਲ ਛਾਪ ਦੀ ਉੱਕਰਾਈ ਵਾਂਗੂੰ ਤੂੰ ਉਨ੍ਹਾਂ ਦੋਹਾਂ ਪੱਥਰਾਂ ਨੂੰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਉੱਕਰਾਈਂ ਅਤੇ ਤੂੰ ਉਨ੍ਹਾਂ ਨੂੰ ਸੋਨੇ ਦੇ ਖਾਨਿਆਂ ਵਿੱਚ ਜੜੀਂ। 12ਤੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਇਹ ਦੋਵੇਂ ਪੱਥਰ ਰੱਖੀਂ। ਉਹ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ। ਇਸ ਤਰ੍ਹਾਂ ਹਾਰੂਨ ਉਨ੍ਹਾਂ ਦੇ ਨਾਮ ਯਹੋਵਾਹ ਦੇ ਅੱਗੇ ਆਪਣੇ ਦੋਹਾਂ ਮੋਢਿਆਂ ਉੱਤੇ ਯਾਦਗਿਰੀ ਲਈ ਲੈ ਜਾਵੇ। 13ਤੂੰ ਸੋਨੇ ਦੇ ਖ਼ਾਨੇ ਬਣਾਈਂ 14ਅਤੇ ਖ਼ਾਲਸ ਸੋਨੇ ਦੀਆਂ ਦੋ ਜੰਜ਼ੀਰੀਆਂ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਨਾਲ ਬਣਾਈਂ ਅਤੇ ਤੂੰ ਉਹ ਗੁੰਦੀਆਂ ਹੋਈਆਂ ਜੰਜ਼ੀਰੀਆਂ ਨੂੰ ਖ਼ਾਨਿਆਂ ਉੱਤੇ ਕੱਸੀਂ।
ਸੀਨਾ ਬੰਦ
ਕੂਚ 39:8-21
15ਤੂੰ ਇੱਕ ਨਿਆਂ ਦਾ ਸੀਨਾ ਬੰਦ ਕਾਰੀਗਰੀ ਦੀ ਬਣਤ ਦਾ ਬਣਾਈਂ। ਏਫ਼ੋਦ ਦੇ ਕੰਮ ਵਾਂਗੂੰ ਉਹ ਨੂੰ ਬਣਾਈਂ ਅਰਥਾਤ ਸੋਨੇ ਅਤੇ ਨੀਲੇ, ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਉਹ ਨੂੰ ਬਣਾਈਂ। 16ਉਹ ਚੌਰਸ ਅਤੇ ਦੋਹਰਾ ਹੋਵੇ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਹੋਵੇ। 17ਤੂੰ ਉਸ ਵਿੱਚ ਪੱਥਰਾਂ ਲਈ ਖ਼ਾਨੇ ਰੱਖੀਂ ਅਤੇ ਪੱਥਰਾਂ ਦੀਆਂ ਚਾਰ ਪਾਲਾਂ ਜੜੀਂ। ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ ਅਤੇ ਜ਼ਬਰਜਦ, ਅਰਥਾਤ ਇਹ ਪਹਿਲੀ ਪਾਲ ਹੈ। 18ਦੂਜੀ ਪਾਲ ਵਿੱਚ ਪੰਨਾ, ਨੀਲਮ, ਦੁਧੀਯਾ ਬਿਲੌਰ 19ਤੀਜੀ ਪਾਲ ਵਿੱਚ ਜ਼ਕਰਨ, ਹਰੀ ਅਕੀਕ, ਕਟੈਹਿਲਾ। 20ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ ਅਤੇ ਯਸ਼ਬ। ਇਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੜੇ ਜਾਣ। 21ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਹੋਣਗੇ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਹੋਣਗੇ। 22ਤੂੰ ਸੀਨੇ ਬੰਦ ਉੱਤੇ ਖ਼ਾਲਸ ਸੋਨੇ ਦੀ ਜੰਜ਼ੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈਂ 23ਅਤੇ ਤੂੰ ਸੀਨੇ ਬੰਦ ਉੱਤੇ ਸੋਨੇ ਦੇ ਦੋ ਕੜੇ ਬਣਾਈਂ ਅਤੇ ਤੂੰ ਦੋਨੋਂ ਕੜੇ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀਂ। 24ਤੂੰ ਉਨ੍ਹਾਂ ਦੋਹਾਂ ਗੁੰਦੀਆਂ ਹੋਈਆਂ ਸੋਨੇ ਦੀਆਂ ਜੰਜ਼ੀਰੀਆਂ ਨੂੰ ਸੀਨੇ ਬੰਦ ਦੇ ਸਿਰਿਆਂ ਉੱਤੇ ਉਨ੍ਹਾਂ ਦੋਹਾਂ ਕੜਿਆਂ ਵਿੱਚ ਪਾਵੀਂ। 25ਅਤੇ ਦੂਜੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਉਨ੍ਹਾਂ ਦੋਹਾਂ ਖ਼ਾਨਿਆਂ ਵਿੱਚ ਕੱਸੀਂ ਅਤੇ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖੀਂ। 26ਤੂੰ ਸੋਨੇ ਦੇ ਦੋ ਕੜੇ ਬਣਾਈਂ ਅਤੇ ਉਨ੍ਹਾਂ ਨੂੰ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀਂ ਜਿਹੜੇ ਏਫ਼ੋਦ ਦੀ ਕਿਨਾਰੀ ਦੇ ਅੰਦਰਲੇ ਪਾਸੇ ਹਨ। 27ਤਾਂ ਤੂੰ ਸੋਨੇ ਦੇ ਦੋ ਹੋਰ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖੀਂ 28ਤਾਂ ਜੋ ਸੀਨੇ ਬੰਦ ਨੂੰ ਉਸ ਦੇ ਕੜਿਆਂ ਨਾਲ ਏਫ਼ੋਦ ਦੇ ਕੜਿਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਉਹ ਅਜਿਹਾ ਬੰਨ੍ਹਣ ਕਿ ਉਹ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਉੱਤੇ ਰਹੇ ਅਤੇ ਸੀਨਾ ਬੰਦ ਏਫ਼ੋਦ ਦੇ ਉੱਤੋਂ ਨਾ ਖੁਲ੍ਹੇ। 29ਇਸ ਤਰ੍ਹਾਂ ਹਾਰੂਨ ਇਸਰਾਏਲ ਦੇ ਪੁੱਤਰਾਂ ਦੇ ਨਾਮ ਨਿਆਂ ਦੇ ਸੀਨੇ ਬੰਦ ਵਿੱਚ ਆਪਣੇ ਹਿਰਦੇ ਉੱਤੇ ਚੁੱਕੇ ਜਦ ਉਹ ਪਵਿੱਤਰ ਸਥਾਨ ਵਿੱਚ ਜਾਵੇ ਤਾਂ ਜੋ ਯਹੋਵਾਹ ਦੇ ਸਨਮੁਖ ਇਹ ਸਦਾ ਦੀ ਯਾਦਗਿਰੀ ਹੋਵੇ। 30ਤੂੰ ਨਿਆਂ ਦੇ ਸੀਨੇ ਬੰਦ ਵਿੱਚ ਊਰੀਮ ਅਤੇ ਤੁੰਮੀਮ ਪਾਵੀਂ ਅਤੇ ਇਸ ਤਰ੍ਹਾਂ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾਹ ਦੇ ਸਨਮੁਖ ਜਾਵੇ ਅਤੇ ਹਾਰੂਨ ਇਸਰਾਏਲ ਦੇ ਪੁੱਤਰਾਂ ਦਾ ਨਿਆਂ ਆਪਣੇ ਹਿਰਦੇ ਉੱਤੇ ਯਹੋਵਾਹ ਦੇ ਸਨਮੁਖ ਸਦਾ ਲਈ ਚੁੱਕੇ।
ਜਾਜਕਾਂ ਦੇ ਹੋਰ ਬਸਤਰ
ਕੂਚ 39:22-31
31ਤੂੰ ਏਫ਼ੋਦ ਦੇ ਚੋਗੇ ਨੂੰ ਸਾਰਾ ਨੀਲੇ ਰੰਗ ਦਾ ਬਣਾਈਂ 32ਅਤੇ ਉਹ ਦੇ ਵਿਚਕਾਰ ਉਸ ਦੇ ਸਿਰ ਲਈ ਛੇਕ ਹੋਵੇ ਅਤੇ ਛੇਕ ਦੇ ਚੁਫ਼ੇਰੇ ਇੱਕ ਉਣੀ ਹੋਈ ਕੋਰ ਹੋਵੇ ਸੰਜੋ ਦੇ ਛੇਕ ਵਰਗੀ ਤਾਂ ਜੋ ਉਹ ਨਾ ਪਾਟੇ। 33ਤੂੰ ਉਸ ਦੇ ਪੱਲੇ ਦੇ ਘੇਰੇ ਉੱਤੇ ਨੀਲੇ, ਬੈਂਗਣੀ, ਅਤੇ ਕਿਰਮਚੀ ਕਤਾਨ ਦੇ ਅਨਾਰ ਬਣਾਈਂ ਅਤੇ ਉਨ੍ਹਾਂ ਦੇ ਵਿਚਕਾਰ ਅਤੇ ਆਲੇ-ਦੁਆਲੇ ਸੋਨੇ ਦੇ ਘੁੰਗਰੂ ਪਾਵੀਂ 34ਅਰਥਾਤ ਸੋਨੇ ਦਾ ਘੁੰਗਰੂ ਅਤੇ ਇੱਕ ਅਨਾਰ ਅਤੇ ਸੋਨੇ ਦਾ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਪੱਲੇ ਦੇ ਘੇਰੇ ਉੱਤੇ ਹੋਣ। 35ਉਹ ਹਾਰੂਨ ਉੱਤੇ ਉਪਾਸਨਾ ਲਈ ਹੋਵੇ ਅਤੇ ਉਨ੍ਹਾਂ ਦੀ ਅਵਾਜ਼ ਸੁਣਾਈ ਦੇਵੇ ਜਦ ਉਹ ਯਹੋਵਾਹ ਦੇ ਪਵਿੱਤਰ ਸਥਾਨ ਵਿੱਚ ਵੜੇ ਜਾਂ ਨਿੱਕਲੇ ਤਾਂ ਜੋ ਉਹ ਮਰ ਨਾ ਜਾਵੇ। 36ਤੂੰ ਖ਼ਾਲਸ ਸੋਨੇ ਦਾ ਇੱਕ ਚਮਕੀਲਾ ਪੱਤਰ ਬਣਾਈਂ ਅਤੇ ਉਹ ਦੇ ਉੱਤੇ ਲਿਖਤ ਛਾਪ ਦੀ ਉੱਕਰਾਈ ਵਰਗਾ ਇਹ ਉੱਕਰੀਂ “ਯਹੋਵਾਹ ਲਈ ਪਵਿੱਤਰਤਾਈ” 37ਤੂੰ ਉਹ ਦੇ ਵਿੱਚ ਨੀਲੀ ਡੋਰ ਪਾਵੀਂ ਅਤੇ ਉਹ ਅਮਾਮੇ ਉੱਤੇ ਹੋਵੇ ਅਰਥਾਤ ਅਮਾਮੇ ਦੇ ਅਗਲੇ ਪਾਸੇ ਉੱਤੇ। 38ਇਸ ਤਰ੍ਹਾਂ ਉਹ ਹਾਰੂਨ ਦੇ ਮਸਤਕ ਉੱਤੇ ਹੋਵੇ ਤਾਂ ਜੋ ਹਾਰੂਨ ਪਵਿੱਤਰ ਵਸਤਾਂ ਦੇ ਦੋਸ਼ ਨੂੰ ਚੁੱਕੇ ਜਿਹੜੀਆਂ ਇਸਰਾਏਲ ਪਵਿੱਤਰ ਕਰਨ ਅਰਥਾਤ ਉਨ੍ਹਾਂ ਦੇ ਸਾਰੇ ਪਵਿੱਤਰ ਪੁੰਨ ਦਾਨ, ਅਤੇ ਉਹ ਉਸ ਦੇ ਮਸਤਕ ਉੱਤੇ ਸਦਾ ਲਈ ਹੋਵੇ ਤਾਂ ਜੋ ਯਹੋਵਾਹ ਦੇ ਸਨਮੁਖ ਉਨ੍ਹਾਂ ਦੀ ਮਨਜ਼ੂਰੀ ਹੋਵੇ। 39ਤੂੰ ਮਹੀਨ ਕਤਾਨ ਦਾ ਕੁੜਤਾ ਕੱਢੀਂ ਅਤੇ ਤੂੰ ਮਹੀਨ ਕਤਾਨ ਦਾ ਅਮਾਮਾ ਬਣਾਈਂ ਅਤੇ ਇੱਕ ਪੇਟੀ ਕਸੀਦੇਕਾਰ ਦੇ ਕੰਮ ਦੀ ਬਣਾਈਂ। 40ਤੂੰ ਹਾਰੂਨ ਦੇ ਪੁੱਤਰਾਂ ਲਈ ਕੁੜਤੇ ਬਣਾਈਂ ਅਤੇ ਤੂੰ ਉਨ੍ਹਾਂ ਦੇ ਲਈ ਪੇਟੀਆਂ ਬਣਾਈਂ ਨਾਲੇ ਤੂੰ ਉਨ੍ਹਾਂ ਲਈ ਪਰਤਾਪ ਅਤੇ ਸੁਹੱਪਣ ਦੇ ਸਾਫ਼ੇ ਬਣਾਈਂ 41ਅਤੇ ਤੂੰ ਆਪਣੇ ਭਰਾ ਹਾਰੂਨ ਅਤੇ ਉਹ ਦੇ ਨਾਲ ਉਹ ਦੇ ਪੁੱਤਰਾਂ ਨੂੰ ਇਹ ਪਵਾਈਂ ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਅਤੇ ਉਨ੍ਹਾਂ ਨੂੰ ਥਾਪੀਂ ਅਤੇ ਉਨ੍ਹਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ। 42ਤੂੰ ਉਨ੍ਹਾਂ ਲਈ ਕਤਾਨ ਦੀ ਕੱਛ ਉਨ੍ਹਾਂ ਦੇ ਨੰਗੇਜ਼ ਦੇ ਕੱਜਣ ਲਈ ਬਣਾਈਂ। ਉਹ ਲੱਕ ਤੋਂ ਪੱਟਾਂ ਤੱਕ ਹੋਵੇ 43ਅਤੇ ਉਹ ਹਾਰੂਨ ਅਤੇ ਉਹ ਦੇ ਪੁੱਤਰਾਂ ਉੱਤੇ ਹੋਵੇ ਜਦ ਉਹ ਮੰਡਲੀ ਦੇ ਤੰਬੂ ਵਿੱਚ ਵੜਨ ਜਾਂ ਜਗਵੇਦੀ ਕੋਲ ਜਾਣ ਕਿ ਉਹ ਪਵਿੱਤਰ ਸਥਾਨ ਵਿੱਚ ਉਪਾਸਨਾ ਕਰਨ ਅਜਿਹਾ ਨਾ ਹੋਵੇ ਕਿ ਉਹ ਅਪਰਾਧੀ ਹੋ ਕੇ ਮਰਨ। ਇਹ ਉਹ ਦੇ ਲਈ ਅਤੇ ਉਹ ਦੇ ਪਿੱਛੋਂ ਉਹ ਦੀ ਅੰਸ ਲਈ ਸਦਾ ਦੀ ਬਿਧੀ ਹੋਵੇ।
Currently Selected:
ਕੂਚ 28: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.