YouVersion Logo
Search Icon

ਕੂਚ 17

17
ਚੱਟਾਨ ਵਿੱਚੋਂ ਪਾਣੀ
ਗਿਣਤੀ 20:1-13
1ਇਸਰਾਏਲੀਆਂ ਦੀ ਸਾਰੀ ਮੰਡਲੀ ਨੇ ਸੀਨ ਦੀ ਉਜਾੜ ਵਿੱਚੋਂ ਯਹੋਵਾਹ ਦੇ ਆਖਣ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਨ੍ਹਾਂ ਨੇ ਰਫ਼ੀਦੀਮ ਵਿੱਚ ਡੇਰੇ ਲਾਏ ਪਰ ਪਰਜਾ ਦੇ ਪੀਣ ਲਈ ਪਾਣੀ ਨਹੀਂ ਸੀ। 2ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਆਖਿਆ, ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੇਰੇ ਨਾਲ ਕਿਉਂ ਝਗੜਦੇ ਹੋ ਅਤੇ ਯਹੋਵਾਹ ਨੂੰ ਕਿਉਂ ਪਰਤਾਉਂਦੇ ਹੋ? 3ਉੱਥੇ ਪਰਜਾ ਪਾਣੀ ਦੀ ਤਿਹਾਈ ਸੀ ਅਤੇ ਮੂਸਾ ਨਾਲ ਇਹ ਆਖ ਕੇ ਕੁੜ੍ਹਦੀ ਸੀ ਕਿ ਇਹ ਕੀ ਹੈ ਜੋ ਤੂੰ ਸਾਨੂੰ ਮਿਸਰ ਤੋਂ ਲਿਆਇਆ ਹੈਂ ਕਿ ਸਾਨੂੰ ਅਤੇ ਸਾਡੇ ਪੁੱਤਰਾਂ ਅਤੇ ਸਾਡੇ ਵੱਗਾਂ ਨੂੰ ਐਥੇ ਤਿਹਾਇਆ ਮਾਰੇਂ? 4ਤਾਂ ਮੂਸਾ ਨੇ ਯਹੋਵਾਹ ਨੂੰ ਉੱਚੀ ਦਿੱਤੀ ਪੁਕਾਰ ਕੇ ਆਖਿਆ, ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਇਹ ਤਾਂ ਮੈਨੂੰ ਥੋੜੇ ਚਿਰਾਂ ਤੱਕ ਵੱਟੇ ਮਾਰਨਗੇ। 5ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਪਰਜਾ ਦੇ ਅੱਗੋਂ ਦੀ ਲੰਘ ਅਤੇ ਆਪਣੇ ਨਾਲ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਲੈ ਤੇ ਆਪਣੇ ਢਾਂਗੇ ਨੂੰ ਜਿਹੜਾ ਤੂੰ ਨਦੀ ਉੱਤੇ ਮਾਰਿਆ ਸੀ ਆਪਣੇ ਹੱਥ ਵਿੱਚ ਲੈ ਅਤੇ ਚੱਲ ਦੇl 6ਵੇਖ ਮੈਂ ਤੇਰੇ ਅੱਗੇ ਹੋਰੇਬ ਦੀ ਚੱਟਾਨ ਉੱਤੇ ਖੜਾ ਹੋਵਾਂਗਾ ਅਤੇ ਤੂੰ ਚੱਟਾਨ ਨੂੰ ਮਾਰੀਂ ਤਾਂ ਉਸ ਵਿੱਚੋਂ ਪਾਣੀ ਨਿੱਕਲੇਗਾ ਤਾਂ ਜੋ ਪਰਜਾ ਪੀਵੇ। ਤਾਂ ਮੂਸਾ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਨਮੁਖ ਉਸੇ ਤਰ੍ਹਾਂ ਹੀ ਕੀਤਾ। 7ਅਤੇ ਉਸ ਨੇ ਉਸ ਥਾਂ ਦਾ ਨਾਮ ਮੱਸਾਹ#17:7 ਪਰਤਾਵਾ ਅਤੇ ਮਰੀਬਾਹ#17:7 ਝਗੜਾ ਇਸਰਾਏਲ ਦੇ ਝਗੜਨ ਦੇ ਕਾਰਨ ਅਤੇ ਯਹੋਵਾਹ ਦੇ ਪਰਤਾਵੇ ਦੇ ਕਾਰਨ ਇਹ ਆਖਦੇ ਹੋਏ ਰੱਖਿਆ ਕਿ ਯਹੋਵਾਹ ਸਾਡੇ ਵਿਚਕਾਰ ਹੈ ਕਿ ਨਹੀਂ?
ਅਮਾਲੇਕੀਆਂ ਉੱਤੇ ਜਿੱਤ
8ਫੇਰ ਅਮਾਲੇਕ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲ ਨਾਲ ਲੜੇ। 9ਤਾਂ ਮੂਸਾ ਨੇ ਯਹੋਸ਼ੁਆ#17:9 ਯਹੋਸ਼ੁਆ ਫੌਜ ਦਾ ਸਰਦਾਰ ਸੀ ਅਤੇ ਦੇਖੋ ਕੂਚ 33:11 ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਤੇ ਨਿੱਕਲ ਕੇ ਅਮਾਲੇਕ ਨਾਲ ਲੜ। ਕੱਲ ਮੈਂ ਪਰਮੇਸ਼ੁਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ। 10ਸੋ ਯਹੋਸ਼ੁਆ ਨੇ ਤਿਵੇਂ ਹੀ ਕੀਤਾ ਜਿਵੇਂ ਉਸ ਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਦੇ ਨਾਲ ਲੜਿਆ ਅਤੇ ਮੂਸਾ, ਹਾਰੂਨ ਅਤੇ ਹੂਰ ਟਿੱਲੇ ਦੀ ਟੀਸੀ ਉੱਤੇ ਚੜ੍ਹੇ। 11ਤਾਂ ਇਸ ਤਰ੍ਹਾਂ ਹੋਇਆ ਕਿ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਏਲ ਜਿੱਤਦਾ ਸੀ ਅਤੇ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। 12ਪਰ ਮੂਸਾ ਦੇ ਹੱਥ ਭਾਰੀ ਹੋ ਗਏ ਤਾਂ ਉਨ੍ਹਾਂ ਨੇ ਪੱਥਰ ਲੈ ਕੇ ਉਸ ਦੇ ਹੇਠ ਰੱਖ ਦਿੱਤਾ ਅਤੇ ਉਹ ਉਸ ਉੱਤੇ ਬੈਠ ਗਿਆ ਅਤੇ ਹਾਰੂਨ ਅਤੇ ਹੂਰ ਨੇ ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਉਸ ਦੇ ਹੱਥਾਂ ਨੂੰ ਸਾਂਭ ਛੱਡਿਆ ਤਾਂ ਉਸ ਦੇ ਹੱਥ ਸੂਰਜ ਦੇ ਆਥਣ ਤੱਕ ਤਕੜੇ ਰਹੇ 13ਅਤੇ ਯਹੋਸ਼ੁਆ ਨੇ ਅਮਾਲੇਕ ਅਤੇ ਉਸ ਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ। 14ਯਹੋਵਾਹ ਨੇ ਮੂਸਾ ਨੂੰ ਆਖਿਆ, ਇਸ ਨੂੰ ਚੇਤੇ ਰੱਖਣ ਲਈ ਪੁਸਤਕ ਵਿੱਚ ਲਿਖ ਲੈ ਅਤੇ ਯਹੋਸ਼ੁਆ ਦੇ ਕੰਨਾਂ ਵਿੱਚ ਸੁਣਾ ਕਿਉਂਕਿ ਮੈਂ ਅਮਾਲੇਕ ਦਾ ਚੇਤਾ ਅਕਾਸ਼ ਦੇ ਹੇਠੋਂ ਮਿਟਾ ਦੇਵਾਂਗਾ। 15ਮੂਸਾ ਨੇ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਹੋਵਾਹ ਨਿੱਸੀ#17:15 ਮੇਰਾ ਝੰਡਾ ਰੱਖਿਆ 16ਅਤੇ ਉਸ ਆਖਿਆ ਕਿ ਯਹੋਵਾਹ ਦੇ ਸਿੰਘਾਸਣ ਉੱਤੇ ਸਹੁੰ ਇਹ ਹੈ ਕਿ ਅਮਾਲੇਕ ਦੇ ਨਾਲ ਯਹੋਵਾਹ ਦਾ ਯੁੱਧ ਪੀੜ੍ਹੀਓਂ ਪੀੜ੍ਹੀ ਤੱਕ ਹੁੰਦਾ ਰਹੇਗਾ।

Currently Selected:

ਕੂਚ 17: IRVPun

Highlight

Copy

Compare

Share

None

Want to have your highlights saved across all your devices? Sign up or sign in