YouVersion Logo
Search Icon

ਦਾਨੀਏਲ 6

6
ਦਾਨੀਏਲ ਸ਼ੇਰਾਂ ਦੀ ਗੁਫ਼ਾ ਵਿੱਚ
1ਦਾਰਾ ਰਾਜਾ ਨੂੰ ਚੰਗਾ ਲੱਗਾ ਜੋ ਉਸ ਰਾਜ ਉੱਤੇ ਇੱਕ ਸੌ ਵੀਹ ਰਾਜਪਾਲ ਠਹਿਰਾਏ, ਜੋ ਸਾਰੇ ਰਾਜ ਪ੍ਰਬੰਧ ਨੂੰ ਚਲਾਉਣ। 2ਉਹਨਾਂ ਉੱਤੇ ਤਿੰਨ ਪ੍ਰਮੁੱਖ ਅਧਿਕਾਰੀ ਨਿਯੁਕਤ ਕੀਤੇ ਜਿਹਨਾਂ ਵਿੱਚੋਂ ਇੱਕ ਦਾਨੀਏਲ ਸੀ ਇਸ ਕਰਕੇ ਜੋ ਰਾਜਪਾਲ ਉਹਨਾਂ ਨੂੰ ਲੇਖਾ ਦੇਣ ਤਾਂ ਜੋ ਰਾਜੇ ਨੂੰ ਘਾਟਾ ਨਾ ਪਵੇ। 3ਇੱਕ ਚੰਗਾ ਆਤਮਾ ਦਾਨੀਏਲ ਵਿੱਚ ਸੀ ਇਸੇ ਕਰਕੇ ਉਸ ਨੂੰ ਰਾਜਪਾਲਾਂ ਤੇ ਪ੍ਰਮੁੱਖ ਅਧਿਕਾਰੀਆਂ ਨਾਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਜੋ ਉਹ ਨੂੰ ਸਾਰੇ ਰਾਜ ਉੱਤੇ ਪ੍ਰਮੁੱਖ ਅਧਿਕਾਰੀ ਬਣਾਏ। 4ਤਦ ਉਹਨਾਂ ਰਾਜਪਾਲਾਂ ਤੇ ਪਰਧਾਨਾਂ ਨੇ ਚਾਹਿਆ ਕਿ ਕਿਵੇਂ ਨਾ ਕਿਵੇਂ ਦਾਨੀਏਲ ਦੇ ਕੰਮ ਵਿੱਚ ਕੋਈ ਕਮੀ ਲੱਭੀਏ ਅਤੇ ਉਸ ਉੱਤੇ ਕੋਈ ਦੋਸ਼ ਲਾਈਏ ਪਰ ਉਹਨਾਂ ਨੂੰ ਕੋਈ ਦੋਸ਼ ਜਾਂ ਕੋਈ ਖੋਟ ਨਾ ਲੱਭਾ ਕਿਉਂ ਜੋ ਓਹ ਵਫ਼ਾਦਾਰ ਸੀ। 5ਤਦ ਉਹਨਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇਸ ਦਾਨੀਏਲ ਨੂੰ ਉਹ ਦੇ ਪਰਮੇਸ਼ੁਰ ਦੀ ਬਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ। 6ਤਦ ਇਹ ਪਰਧਾਨ ਤੇ ਰਾਜਪਾਲ ਇਕੱਠੇ ਹੋ ਕੇ ਰਾਜਾ ਕੋਲ ਆਏ ਅਤੇ ਉਹ ਨੂੰ ਇਉਂ ਆਖਿਆ, ਹੇ ਦਾਰਾ ਮਹਾਰਾਜ, ਜੁੱਗੋ-ਜੁੱਗ ਜੀਉਂਦੇ ਰਹੋ! 7ਰਾਜ ਦੇ ਸਾਰੇ ਪ੍ਰਮੁੱਖ ਅਧਿਕਾਰੀਆਂ, ਦੀਵਾਨਾਂ, ਰਾਜਪਾਲਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਨੂੰਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ, ਹੇ ਰਾਜਾ, ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ। 8ਹੁਣ ਹੇ ਰਾਜਾ, ਇਹ ਹੁਕਮ ਦੇ ਕੇ ਇਸ ਉੱਤੇ ਆਪਣੇ ਦਸਖ਼ਤ ਕਰ ਦਿਓ, ਇਸ ਨੂੰ ਕੋਈ ਨਾ ਬਦਲੇ ਇਸ ਦੀ ਪਾਲਣਾ ਮਾਦੀਆਂ ਅਤੇ ਫ਼ਾਰਸੀਆਂ ਵਿੱਚ ਕੀਤੀ ਜਾਵੇ। 9ਸੋ ਦਾਰਾ ਰਾਜਾ ਨੇ ਉਸ ਲਿਖਤ ਅਤੇ ਹੁਕਮ ਉੱਤੇ ਦਸਖ਼ਤ ਕੀਤੇ। 10ਜਦ ਦਾਨੀਏਲ ਨੂੰ ਪਤਾ ਲੱਗਿਆ ਕਿ ਉਸ ਲਿਖਤ ਉੱਤੇ ਦਸਖ਼ਤ ਹੋ ਗਏ ਹਨ ਤਦ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠੜੀ ਦੀ ਬਾਰੀ ਖੋਲ੍ਹ ਕੇ ਜਿਹੜੀ ਯਰੂਸ਼ਲਮ ਵੱਲ ਸੀ, ਦਿਨ ਵਿੱਚ ਤਿੰਨ ਵਾਰੀ ਗੋਡੇ ਨਿਵਾ ਕੇ ਪਰਮੇਸ਼ੁਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ। 11ਤਦ ਇਹ ਲੋਕ ਇਕੱਠੇ ਹੋਏ ਅਤੇ ਦਾਨੀਏਲ ਨੂੰ ਆਪਣੇ ਪਰਮੇਸ਼ੁਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ। 12ਫਿਰ ਉਹ ਨੇੜੇ ਆਏ ਅਤੇ ਰਾਜੇ ਦੇ ਸਾਹਮਣੇ ਰਾਜੇ ਦੇ ਪੱਕੇ ਕਨੂੰਨ ਲਈ ਆਖਿਆ ਭਈ ਹੇ ਰਾਜਾ, ਕੀ ਤੁਸੀਂ ਉਸ ਲਿਖਤ ਉੱਤੇ ਦਸਖ਼ਤ ਨਹੀਂ ਕੀਤੇ ਕਿ ਜਿਹੜਾ ਕੋਈ ਤੀਹ ਦਿਨਾਂ ਤੱਕ ਤੁਹਾਡੇ ਤੋਂ ਇਲਾਵਾ ਕਿਸੇ ਦੇਵਤੇ ਜਾਂ ਮਨੁੱਖ ਅੱਗੇ ਬੇਨਤੀ ਕਰੇ, ਉਹ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇਗਾ? ਰਾਜੇ ਨੇ ਉੱਤਰ ਦੇ ਕੇ ਆਖਿਆ ਕਿ ਇਹ ਗੱਲ ਸੱਚ ਹੈ, ਮਾਦੀਆਂ ਅਤੇ ਫ਼ਾਰਸੀਆਂ ਦੇ ਕਨੂੰਨ ਅਨੁਸਾਰ ਜੋ ਬਦਲਦੇ ਨਹੀਂ। 13ਉਹਨਾਂ ਨੇ ਉੱਤਰ ਦਿੱਤਾ ਅਤੇ ਰਾਜੇ ਦੇ ਅੱਗੇ ਬੇਨਤੀ ਕੀਤੀ ਭਈ ਹੇ ਰਾਜਾ, ਉਹ ਦਾਨੀਏਲ ਜੋ ਯਹੂਦੀਆਂ ਦੇ ਗੁਲਾਮਾਂ ਵਿੱਚੋਂ ਹੈ ਉਹ ਤੁਹਾਨੂੰ ਨਹੀਂ ਮੰਨਦਾ ਅਤੇ ਨਾ ਹੀ ਉਸ ਕਨੂੰਨ ਨੂੰ ਜਿਹ ਦੇ ਉੱਤੇ ਤੁਸੀਂ ਦਸਖ਼ਤ ਕੀਤੇ ਹਨ, ਪਰ ਹਰ ਰੋਜ਼ ਤਿੰਨ ਵਾਰੀ ਬੇਨਤੀ ਕਰਦਾ ਹੈ। 14ਜਦ ਰਾਜੇ ਨੇ ਇਹ ਗੱਲ ਸੁਣੀ ਤਦ ਆਪਣੇ ਆਪ ਵਿੱਚ ਵੱਡਾ ਦੁੱਖੀ ਹੋਇਆ ਅਤੇ ਉਸ ਨੇ ਮਨ ਵਿੱਚ ਚਾਹਿਆ ਭਈ ਦਾਨੀਏਲ ਨੂੰ ਛੁਡਾਵੇ ਅਤੇ ਸੂਰਜ ਦੇ ਛਿਪਣ ਤੱਕ ਉਹ ਦੇ ਛੁਡਾਉਣ ਲਈ ਜਤਨ ਕਰਦਾ ਰਿਹਾ। 15ਫਿਰ ਉਹ ਮਨੁੱਖ ਰਾਜੇ ਦੇ ਸਾਹਮਣੇ ਇਕੱਠੇ ਹੋਏ ਅਤੇ ਰਾਜੇ ਨੂੰ ਆਖਣ ਲੱਗੇ, ਹੇ ਰਾਜਾ, ਤੁਸੀਂ ਜਾਣ ਲਓ ਕਿ ਮਾਦੀਆਂ ਅਤੇ ਫ਼ਾਰਸੀਆਂ ਦਾ ਇਹ ਕਨੂੰਨ ਹੈ ਜੋ ਮਨਾਹੀ ਦਾ ਪੱਕਾ ਕਨੂੰਨ ਅਤੇ ਸ਼ਾਹੀ ਬਿਧੀ ਰਾਜਾ ਠਹਿਰਾਵੇ ਸੋ ਬਦਲੀ ਨਾ ਜਾਵੇ। 16ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਦਾਨੀਏਲ ਨੂੰ ਲੈ ਆਏ ਅਤੇ ਉਸ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ, ਪਰ ਰਾਜੇ ਨੇ ਦਾਨੀਏਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਉਹ ਤੈਨੂੰ ਛੁਡਾਵੇ! 17ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪ੍ਰਮੁੱਖ ਅਧਿਕਾਰੀਆਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਇਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ। 18ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਅਤੇ ਉਸ ਨੇ ਸਾਰੀ ਰਾਤ ਵਰਤ ਰੱਖਿਆ ਅਤੇ ਉਸ ਦੇ ਅੱਗੇ ਕੋਈ ਮਨ ਪਰਚਾਵੇ ਵਾਲੀ ਚੀਜ਼ ਨਾ ਲਿਆਂਦੀ ਗਈ ਅਤੇ ਉਸ ਦੀ ਨੀਂਦ ਜਾਂਦੀ ਰਹੀ। 19ਤਦ ਰਾਜਾ ਮੂੰਹ ਹਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ 20ਅਤੇ ਜਦੋਂ ਉਹ ਘੁਰੇ ਮੁੱਢ ਦਾਨੀਏਲ ਕੋਲ ਜਾ ਪਹੁੰਚਿਆ ਤਾਂ ਚਿੰਤਾ ਦੀ ਅਵਾਜ਼ ਨਾਲ ਪੁਕਾਰਿਆ। ਰਾਜੇ ਨੇ ਦਾਨੀਏਲ ਨੂੰ ਆਖਿਆ, ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਤੋਂ ਛੁਡਾਉਣ ਜੋਗ ਹੋਇਆ? 21ਤਦ ਦਾਨੀਏਲ ਨੇ ਰਾਜੇ ਨੂੰ ਆਖਿਆ, ਹੇ ਰਾਜਾ, ਜੁੱਗੋ-ਜੁੱਗ ਜੀ। 22ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹ ਨੂੰ ਬੰਦ ਰੱਖਿਆ ਹੈ ਐਥੋਂ ਤੱਕ ਕਿ ਉਹਨਾਂ ਨੇ ਮੈਨੂੰ ਰੱਤੀ ਭਰ ਵੀ ਦੁੱਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਾ, ਮੈਂ ਦੋਸ਼ ਨਹੀਂ ਕੀਤਾ। 23ਤਦ ਰਾਜਾ ਆਪਣੇ ਆਪ ਵਿੱਚ ਉਹ ਦੇ ਲਈ ਬਹੁਤ ਖੁਸ਼ ਹੋਇਆ ਅਤੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਉਸ ਘੁਰੇ ਤੋਂ ਕੱਢੋ, ਸੋ ਦਾਨੀਏਲ ਉਸ ਘੁਰੇ ਤੋਂ ਕੱਢਿਆ ਗਿਆ ਅਤੇ ਸ਼ੇਰਾਂ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਇਸ ਕਰਕੇ ਜੋ ਉਸ ਨੇ ਆਪਣੇ ਪਰਮੇਸ਼ੁਰ ਉੱਤੇ ਪਰਤੀਤ ਕੀਤੀ। 24ਤਦ ਰਾਜੇ ਨੇ ਹੁਕਮ ਦਿੱਤਾ ਅਤੇ ਉਹ ਉਹਨਾਂ ਮਨੁੱਖਾਂ ਨੂੰ ਜਿਹਨਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਹਨਾਂ ਨੂੰ ਉਹਨਾਂ ਦੇ ਬਾਲ ਬੱਚਿਆਂ ਅਤੇ ਔਰਤਾਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ ਤਾਂ ਸ਼ੇਰ ਉਹਨਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਹਨਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ। 25ਤਦ ਦਾਰਾ ਰਾਜਾ ਨੇ ਸਾਰਿਆਂ ਲੋਕਾਂ ਅਤੇ ਕੌਮਾਂ ਅਤੇ ਭਾਖਿਆਂ ਨੂੰ ਜੋ ਸਾਰੇ ਸੰਸਾਰ ਵਿੱਚ ਵੱਸਦੇ ਹਨ ਲਿਖਤ ਕਰ ਘੱਲੀ ਕਿ ਤੁਹਾਡੀ ਸੁੱਖ-ਸਾਂਦ ਵਧੇ: 26ਮੈਂ ਇਹ ਆਗਿਆ ਕਰਦਾ ਹਾਂ ਕਿ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ੁਰ ਅੱਗੇ ਕੰਬਣ ਅਤੇ ਡਰਨ, ਉਹ ਜੀਉਂਦਾ ਪਰਮੇਸ਼ੁਰ ਹੈ, ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟੱਲ ਹੈ, ਅਤੇ ਉਸ ਦੀ ਪਾਤਸ਼ਾਹੀ ਆਖ਼ਿਰ ਤੱਕ ਰਹੇਗੀ। 27ਉਹੋ ਹੀ ਛੁਡਾਉਂਦਾ ਅਤੇ ਬਚਾਉਂਦਾ ਹੈ, ਅਕਾਸ਼ ਅਤੇ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਤੇ ਅਚੰਭੇ ਕਰਦਾ ਹੈ, ਜਿਸ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ! 28ਇਸ ਲਈ ਦਾਨੀਏਲ, ਦਾਰਾ ਮਾਦੀ ਦੇ ਰਾਜ ਵੇਲੇ ਅਤੇ ਉਸ ਵੇਲੇ ਜਦੋਂ ਫ਼ਾਰਸੀ ਕੋਰਸ਼ ਰਾਜਾ, ਸਫ਼ਲ ਹੋਇਆ ਸੀ।

Currently Selected:

ਦਾਨੀਏਲ 6: IRVPun

Highlight

Copy

Compare

Share

None

Want to have your highlights saved across all your devices? Sign up or sign in