YouVersion Logo
Search Icon

ਰਸੂਲਾਂ ਦੇ ਕਰਤੱਬ 5

5
ਹਨਾਨਿਯਾ ਅਤੇ ਸਫ਼ੀਰਾ ਦਾ ਛਲ ਅਤੇ ਸਜ਼ਾ
1ਹਨਾਨਿਯਾ ਨਾਮ ਦੇ ਇੱਕ ਮਨੁੱਖ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਜ਼ਮੀਨ ਨੂੰ ਵੇਚਿਆ। 2ਅਤੇ ਉਹ ਦੇ ਮੁੱਲ ਵਿੱਚੋਂ ਕੁਝ ਆਪਣੇ ਕੋਲ ਰੱਖ ਲਿਆ, ਉਹ ਦੀ ਪਤਨੀ ਵੀ ਇਹ ਜਾਣਦੀ ਸੀ ਅਤੇ ਉਸ ਵਿੱਚੋਂ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ। 3ਤਦ ਪਤਰਸ ਨੇ ਆਖਿਆ, ਹਨਾਨਿਯਾ, ਸ਼ੈਤਾਨ ਨੇ ਤੇਰੇ ਮਨ ਵਿੱਚ ਕਿਉਂ ਪਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇਂ? 4ਜਦ ਤੱਕ ਉਹ ਜਾਇਦਾਦ ਵੇਚੀ ਨਾ ਗਈ ਸੀ, ਕੀ ਤੇਰੇ ਵੱਸ ਵਿੱਚ ਨਹੀਂ ਸੀ? ਤੂੰ ਇਹ ਗੱਲ ਆਪਣੇ ਮਨ ਵਿੱਚ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ ਹੈ। 5ਹਨਾਨਿਯਾ ਇਹ ਗੱਲਾਂ ਸੁਣਦਿਆਂ ਹੀ ਡਿੱਗ ਗਿਆ ਅਤੇ ਉਹ ਨੇ ਪ੍ਰਾਣ ਛੱਡ ਦਿੱਤੇ ਅਤੇ ਜਿਨ੍ਹਾਂ ਨੇ ਵੀ ਸੁਣਿਆ ਉਨ੍ਹਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ। 6ਅਤੇ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ ਅਤੇ ਬਾਹਰ ਲੈ ਜਾ ਕੇ ਦੱਬ ਦਿੱਤਾ। 7ਇਹ ਘਟਨਾ ਤੋਂ ਅਣਜਾਣ, ਉਹ ਦੀ ਪਤਨੀ ਲੱਗਭਗ ਤਿੰਨ ਘੰਟਿਆਂ ਦੇ ਬਾਅਦ ਅੰਦਰ ਆਈ। 8ਤਦ ਪਤਰਸ ਨੇ ਉਹ ਨੂੰ ਆਖਿਆ, ਕੀ ਤੁਸੀਂ ਉਹ ਖੇਤ ਐਨੇ ਵਿੱਚ ਹੀ ਵੇਚਿਆ ਹੈ? ਉਹ ਬੋਲੀ, ਹਾਂ ਐਨੇ ਨੂੰ ਹੀ ਵੇਚਿਆ ਹੈ। 9ਤਦ ਪਤਰਸ ਨੇ ਉਹ ਨੂੰ ਕਿਹਾ, ਤੁਸੀਂ ਕਿਉਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਏਕਾ ਕੀਤਾ? ਵੇਖ ਤੇਰੇ ਪਤੀ ਦੇ ਦੱਬਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ! 10ਉਹ ਉਸੇ ਵੇਲੇ ਉਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਤਦ ਉਨ੍ਹਾਂ ਜਵਾਨਾਂ ਨੇ ਅੰਦਰ ਜਾ ਕੇ ਉਹ ਨੂੰ ਮਰੀ ਹੋਈ ਵੇਖਿਆ, ਅਤੇ ਬਾਹਰ ਲੈ ਜਾ ਕੇ ਉਹ ਦੇ ਪਤੀ ਦੇ ਕੋਲ ਦੱਬ ਦਿੱਤਾ। 11ਤਦ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਇਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਬਹੁਤ ਡਰ ਲੱਗਾ।
ਚਿੰਨ੍ਹ ਅਤੇ ਚਮਤਕਾਰ
12ਰਸੂਲਾਂ ਦੇ ਹੱਥੋਂ ਬਹੁਤ ਸਾਰੇ ਨਿਸ਼ਾਨ ਅਤੇ ਅਚਰਜ਼ ਕੰਮ ਲੋਕਾਂ ਵਿੱਚ ਹੋ ਰਹੇ ਸਨ, ਅਤੇ ਉਹ ਸਭ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੁੰਦੇ ਸਨ। 13ਹੋਰਨਾਂ ਵਿੱਚੋਂ ਕਿਸੇ ਦਾ ਹੌਂਸਲਾ ਨਹੀਂ ਹੁੰਦਾ ਸੀ, ਜੋ ਉਨ੍ਹਾਂ ਦੀ ਸੰਗਤ ਕਰਨ ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ। 14ਅਤੇ ਹੋਰ ਵਿਸ਼ਵਾਸ ਕਰਨ ਵਾਲੇ ਮਨੁੱਖਾਂ ਅਤੇ ਔਰਤਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੂ ਨਾਲ ਮਿਲਦੀਆਂ ਜਾਂਦੀਆਂ ਸਨ। 15ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਅਤੇ ਉਨ੍ਹਾਂ ਨੂੰ ਮੰਜੀਆਂ ਉੱਤੇ ਪਾ ਦਿੰਦੇ ਸਨ, ਇਸ ਲਈ ਕਿ ਜਦੋਂ ਪਤਰਸ ਆਵੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ। 16ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚੋਂ ਵੀ ਬਹੁਤ ਸਾਰੇ ਰੋਗੀਆਂ ਨੂੰ ਅਤੇ ਜਿਹੜੇ ਅਸ਼ੁੱਧ ਆਤਮਾਵਾਂ ਦੇ ਸਤਾਏ ਹੋਏ ਸਨ ਇਕੱਠੇ ਹੁੰਦੇ ਅਤੇ ਉਹ ਸਾਰੇ ਚੰਗੇ ਕੀਤੇ ਜਾਂਦੇ ਸਨ।
ਰਸੂਲਾਂ ਨੂੰ ਗ੍ਰਿਫ਼ਤਾਰ ਕਰਨਾ
17ਤਦ ਪ੍ਰਧਾਨ ਜਾਜਕ ਅਤੇ ਉਹ ਦੇ ਸਾਥੀ ਵੀ ਸਭ ਜੋ ਸਦੂਕੀ ਪੰਥ ਦੇ ਸਨ ਉੱਠੇ ਅਤੇ ਉਹ ਸਭ ਵਿਰੋਧ ਨਾਲ ਭਰ ਗਏ। 18ਅਤੇ ਉਹਨਾਂ ਨੇ ਰਸੂਲਾਂ ਨੂੰ ਫੜ੍ਹ ਕੇ ਉਹਨਾਂ ਨੂੰ ਹਵਾਲਾਤ ਵਿੱਚ ਪਾ ਦਿੱਤਾ। 19ਪਰ ਰਾਤ ਨੂੰ ਪ੍ਰਭੂ ਦੇ ਇੱਕ ਦੂਤ ਨੇ ਉਸ ਹਵਾਲਾਤ ਦੇ ਦਰਵਾਜ਼ੇ ਨੂੰ ਖੋਲ੍ਹ ਦਿੱਤਾ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਆਖਿਆ, 20ਜਾਓ ਹੈਕਲ ਵਿੱਚ ਖੜ੍ਹੇ ਹੋ ਕੇ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਓ। 21ਇਹ ਸੁਣ ਕੇ ਉਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਜਦੋਂ ਪ੍ਰਧਾਨ ਜਾਜਕ ਅਤੇ ਉਹ ਦੇ ਨਾਲ ਦੇ ਸਾਥੀ ਆਏ ਤਾਂ ਮਹਾਂ ਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਕੈਦਖ਼ਾਨੇ ਵਿੱਚੋਂ ਉਹਨਾਂ ਨੂੰ ਲੈ ਆਉਣ ਲਈ ਕਿਹਾ। 22ਪਰ ਜਦੋਂ ਸਿਪਾਹੀ ਆਏ ਤਾਂ ਉਹਨਾਂ ਨੂੰ ਹਵਾਲਾਤ ਵਿੱਚ ਨਾ ਦੇਖਿਆ ਅਤੇ ਉਹ ਮੁੜ ਗਏ। 23ਅਤੇ ਉਹਨਾਂ ਨੇ ਖ਼ਬਰ ਦਿੱਤੀ ਕਿ ਅਸੀਂ ਤਾਂ ਹਵਾਲਾਤ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇ ਵਾਲਿਆਂ ਨੂੰ ਫਾਟਕਾਂ ਉੱਤੇ ਖੜੇ ਹੋਏ ਵੇਖਿਆ ਪਰ ਜਦੋਂ ਅਸੀਂ ਅੰਦਰ ਗਏ ਤਾਂ ਕਿਸੇ ਨੂੰ ਨਾ ਵੇਖਿਆ। 24ਜਦੋਂ ਹੈਕਲ ਦੇ ਅਧਿਕਾਰੀ ਅਤੇ ਮੁੱਖ ਜਾਜਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਇਨ੍ਹਾਂ ਕਰਕੇ ਦੁਬਧਾ ਵਿੱਚ ਪਏ ਕਿ ਹੁਣ ਕੀ ਹੋਵੇਗਾ? 25ਤਦ ਕਿਸੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, ਕਿ ਵੇਖੋ, ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਹਵਾਲਾਤ ਵਿੱਚ ਪਾ ਦਿੱਤਾ ਸੀ, ਉਹ ਹੈਕਲ ਵਿੱਚ ਖੜੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ! 26ਤਦ ਉਹ ਸਰਦਾਰ ਸਿਪਾਹੀਆਂ ਨਾਲ ਜਾ ਕੇ, ਉਹਨਾਂ ਨੂੰ ਲਿਆਇਆ ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ। 27ਅਤੇ ਉਹਨਾਂ ਨੂੰ ਲਿਆ ਕੇ ਮਹਾਂ ਸਭਾ ਵਿੱਚ ਖੜੇ ਕੀਤਾ। ਤਦ ਪ੍ਰਧਾਨ ਜਾਜਕ ਨੇ ਉਹਨਾਂ ਨੂੰ ਪੁੱਛਿਆ। 28ਅਸੀਂ ਤਾਂ ਤੁਹਾਨੂੰ ਹੁਕਮ ਕੀਤਾ ਸੀ ਜੋ ਇਸ ਨਾਮ ਦਾ ਉਪਦੇਸ਼ ਨਾ ਦੇਣਾ, ਫਿਰ ਵੀ ਵੇਖੋ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਨਾਲੇ ਇਹ ਚਾਹੁੰਦੇ ਹੋ, ਕਿ ਇਸ ਮਨੁੱਖ ਦਾ ਖੂਨ ਸਾਡੇ ਉੱਤੇ ਆ ਜਾਵੇ। 29ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ੁਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ। 30ਸਾਡੇ ਬਾਪ ਦਾਦਿਆਂ ਦੇ ਪਰਮੇਸ਼ੁਰ ਨੇ ਯਿਸੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ। 31ਉਸੇ ਨੂੰ ਪਰਮੇਸ਼ੁਰ ਨੇ ਆਪਣੇ ਸੱਜੇ ਹੱਥ ਨਾਲ ਅੱਤ ਉੱਚਾ ਕਰ ਕੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾਇਆ ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ। 32ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ ਹੈ।
33ਇਹ ਸੁਣ ਕੇ ਉਹ ਗੁੱਸੇ ਨਾਲ ਭਰ ਗਏ ਅਤੇ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾਈ। 34ਪਰ ਗਮਲੀਏਲ ਨਾਮ ਦੇ ਇੱਕ ਫ਼ਰੀਸੀ ਜੋ ਉਪਦੇਸ਼ਕ ਸੀ ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ ਮਹਾਂ ਸਭਾ ਵਿੱਚ ਉੱਠ ਕੇ ਹੁਕਮ ਕੀਤਾ ਕਿ ਇਨ੍ਹਾਂ ਮਨੁੱਖਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿਓ 35ਤਾਂ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਹੇ ਇਸਰਾਏਲੀ ਲੋਕੋ, ਖ਼ਬਰਦਾਰ ਰਹੋ, ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰਨਾ ਚਾਹੁੰਦੇ ਹੋ। 36ਕਿਉਂ ਜੋ ਇਨ੍ਹਾਂ ਦਿਨਾਂ ਤੋਂ ਅੱਗੇ ਥੇਉਦਾਸ ਉੱਠਿਆ ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਹ ਦੇ ਨਾਲ ਮਿਲ ਗਏ ਅਤੇ ਉਹ ਮਾਰਿਆ ਗਿਆ ਅਤੇ ਸਭ ਜੋ ਉਹ ਨੂੰ ਮੰਨਦੇ ਸਨ, ਖਿੱਲਰ ਗਏ ਅਤੇ ਬੇ ਠਿਕਾਣੇ ਹੋ ਗਏ। 37ਉਹ ਦੇ ਬਾਅਦ ਮਰਦੁਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਲੋਕਾਂ ਨੂੰ ਆਪਣੇ ਮਗਰ ਲਾ ਲਿਆ। ਉਹ ਦਾ ਵੀ ਨਾਸ ਹੋਇਆ ਅਤੇ ਜਿੰਨੇ ਉਹ ਨੂੰ ਮੰਨਦੇ ਸਨ, ਸਾਰੇ ਖਿੱਲਰ ਗਏ। 38ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਮਨੁੱਖਾਂ ਤੋਂ ਦੂਰ ਹੋਵੋ ਅਤੇ ਇਨ੍ਹਾਂ ਨੂੰ ਜਾਣ ਦਿਓ ਕਿਉਂਕਿ ਜੇ ਇਹ ਯੋਜਨਾ ਆਦਮੀਆਂ ਦੀ ਵੱਲੋਂ ਹੈ ਤਾਂ ਨਸ਼ਟ ਹੋ ਜਾਵੇਗੀ। 39ਪਰ ਜੇ ਪਰਮੇਸ਼ੁਰ ਵੱਲੋਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਨਸ਼ਟ ਨਹੀਂ ਕਰ ਸਕਦੇ ਕਿ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਪਰਮੇਸ਼ੁਰ ਨਾਲ ਵੀ ਲੜਨ ਵਾਲੇ ਠਹਿਰੋਂ। 40ਉਨ੍ਹਾਂ ਨੇ ਉਹ ਦੀ ਮਨ ਲਈ ਅਤੇ ਜਦੋਂ ਰਸੂਲਾਂ ਨੂੰ ਕੋਲ ਸੱਦਿਆ ਤੇ ਮਾਰ ਕੁੱਟ ਕੇ ਉਹਨਾਂ ਨੂੰ ਆਗਿਆ ਕੀਤੀ ਜੋ ਯਿਸੂ ਦੇ ਨਾਮ ਦਾ ਚਰਚਾ ਨਾ ਕਰਨਾ, ਫਿਰ ਉਹਨਾਂ ਨੂੰ ਛੱਡ ਦਿੱਤਾ। 41ਉਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਯੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚਲੇ ਗਏ। 42ਅਤੇ ਉਹ ਹਰ ਰੋਜ਼ ਹੈਕਲ ਵਿੱਚ ਅਤੇ ਘਰਾਂ ਵਿੱਚ ਉਪਦੇਸ਼ ਕਰਨ ਅਤੇ ਇਹ ਖੁਸ਼ਖਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ!

Highlight

Copy

Compare

Share

None

Want to have your highlights saved across all your devices? Sign up or sign in