ਰਸੂਲਾਂ ਦੇ ਕਰਤੱਬ 26
26
1ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਆਗਿਆ ਹੈ। ਤਦ ਪੌਲੁਸ ਬਾਂਹ ਕੱਢ ਕੇ ਆਪਣੀ ਸਫ਼ਾਈ ਵਿੱਚ ਇਹ ਕਹਿਣ ਲੱਗਾ,
2ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਜਿਨ੍ਹਾਂ ਗੱਲਾਂ ਦਾ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ ਉਨ੍ਹਾਂ ਸਭਨਾਂ ਦੀ ਅੱਜ ਤੁਹਾਡੇ ਅੱਗੇ ਮੈਂ ਸਫ਼ਾਈ ਦਿੰਦਾ ਹਾਂ। 3ਖ਼ਾਸ ਕਰਕੇ ਇਸ ਲਈ ਜੋ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਚਾਲਾਂ ਅਤੇ ਝਗੜਿਆਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋ। ਸੋ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ, ਧੀਰਜ ਨਾਲ ਮੇਰੀ ਗੱਲ ਸੁਣੋ। 4ਸਾਰੇ ਯਹੂਦੀ ਜਵਾਨੀ ਤੋਂ ਮੇਰੀ ਚਾਲ ਨੂੰ ਜਾਣਦੇ ਹਨ, ਜਿਹੜੀ ਮੁੱਢੋਂ ਆਪਣੀ ਕੌਮ ਵਿੱਚ ਅਤੇ ਯਰੂਸ਼ਲਮ ਵਿੱਚ ਸੀ। 5ਸੋ ਜੇ ਉਹ ਗਵਾਹੀ ਦੇਣੀ ਚਾਹੁਣ ਤਾਂ ਮੁੱਢੋਂ ਮੈਨੂੰ ਜਾਣਦੇ ਹਨ ਕਿ ਸਾਡੇ ਧਰਮ ਦੇ ਸਭ ਤੋਂ ਕਠੋਰ ਪੰਥ ਦੇ ਅਨੁਸਾਰ ਮੈਂ ਫ਼ਰੀਸੀ ਚਾਲ ਚੱਲਿਆ। 6ਅਤੇ ਹੁਣ ਮੈਂ ਉਸ ਵਾਇਦੇ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ ਅਦਾਲਤ ਵਿੱਚ ਖੜ੍ਹਾ ਹਾਂ। 7ਉਸੇ ਵਾਇਦੇ ਨੂੰ ਪ੍ਰਾਪਤ ਕਰਨ ਦੀ ਆਸ ਉੱਤੇ ਸਾਡੇ ਬਾਰਾਂ ਗੋਤ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਬੰਦਗੀ ਕਰਦੇ ਹਨ। ਹੇ ਰਾਜਾ, ਇਸੇ ਆਸ ਦੇ ਬਦਲੇ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ! 8ਇਸ ਗੱਲ ਨੂੰ ਕਿਉਂ ਅਸੰਭਵ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਉਂਦਾ ਕਰੇ? 9ਮੈਂ ਤਾਂ ਆਪਣੇ ਮਨ ਵਿੱਚ ਸਮਝਿਆ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ। 10ਸੋ ਇਹੋ ਮੈਂ ਯਰੂਸ਼ਲਮ ਵਿੱਚ ਕੀਤਾ, ਅਤੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਪਾ ਕੇ ਬਹੁਤ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕੀਤਾ ਅਤੇ ਜਦੋਂ ਉਹ ਮਾਰੇ ਜਾਂਦੇ ਸਨ ਤਾਂ ਮੈਂ ਉਹਨਾਂ ਦੇ ਵਿਰੁੱਧ ਸਹਿਮਤ ਹੁੰਦਾ ਸੀ। 11ਮੈਂ ਹਰੇਕ ਪ੍ਰਾਰਥਨਾ ਘਰ ਵਿੱਚ ਉਨ੍ਹਾਂ ਨੂੰ ਬਹੁਤ ਵਾਰੀ ਸਜ਼ਾ ਦੇ ਕੇ ਯਿਸੂ ਦੇ ਵਿਰੁੱਧ ਗਲਤ ਬੋਲਣ ਦੇ ਲਈ ਉਨ੍ਹਾਂ ਨੂੰ ਤੰਗ ਕੀਤਾ, ਸਗੋਂ ਉਨ੍ਹਾਂ ਦੇ ਵਿਰੋਧ ਵਿੱਚ ਅੱਤ ਸ਼ੁਦਾਈ ਹੋ ਕੇ ਮੈਂ ਪਰਦੇਸ ਦੇ ਨਗਰਾਂ ਤੱਕ ਵੀ ਉਨ੍ਹਾਂ ਨੂੰ ਸਤਾਉਂਦਾ ਸੀ।
ਪੌਲੁਸ ਆਪਣੇ ਮਨ ਪਰਿਵਰਤਨ ਦਾ ਵਰਣਨ ਕਰਦਾ ਹੈ
ਰਸੂਲਾਂ ਦੇ ਕਰਤੱਬ 9:1-19; 22:6-16
12ਜਦੋਂ ਮੈਂ ਮੁੱਖ ਜਾਜਕਾਂ ਤੋਂ ਅਧਿਕਾਰ ਅਤੇ ਆਗਿਆ ਪਾ ਕੇ ਇਸ ਗੱਲ ਲਈ ਦੰਮਿਸ਼ਕ ਨੂੰ ਜਾ ਰਿਹਾ ਸੀ। 13ਤਾਂ ਹੇ ਰਾਜਾ, ਦੁਪਹਿਰ ਦੇ ਵੇਲੇ ਮੈਂ ਰਾਹ ਵਿੱਚ ਅਕਾਸ਼ ਤੋਂ ਇੱਕ ਜੋਤ ਸੂਰਜ ਨਾਲੋਂ ਵੀ ਵੱਧ ਚਮਕਦਾਰ ਆਪਣੇ ਅਤੇ ਆਪਣਿਆਂ ਸਾਥੀਆਂ ਦੇ ਚੁਫ਼ੇਰੇ ਚਮਕਦੀ ਵੇਖੀ। 14ਅਤੇ ਜਦੋਂ ਅਸੀਂ ਸਭ ਧਰਤੀ ਉੱਤੇ ਡਿੱਗ ਪਏ ਤਾਂ ਮੈਂ ਇੱਕ ਅਵਾਜ਼ ਸੁਣੀ ਜੋ ਇਬਰਾਨੀ ਭਾਸ਼ਾ ਵਿੱਚ ਮੈਨੂੰ ਇਸ ਤਰ੍ਹਾਂ ਆਖਦੀ ਸੀ ਕਿ ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਮੇਖਾਂ ਲੱਗੀ ਸੋਟੀ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ! 15ਤਾਂ ਮੈਂ ਆਖਿਆ, ਪ੍ਰਭੂ ਜੀ, ਤੁਸੀਂ ਕੌਣ ਹੋ? ਪ੍ਰਭੂ ਬੋਲਿਆ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ। 16ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂ ਜੋ ਮੈਂ ਤੈਨੂੰ ਇਸ ਲਈ ਦਰਸ਼ਣ ਦਿੱਤਾ ਹੈ, ਕਿ ਉਨ੍ਹਾਂ ਗੱਲਾਂ ਦਾ ਜਿਨ੍ਹਾਂ ਵਿੱਚ ਤੂੰ ਮੈਨੂੰ ਵੇਖਿਆ ਅਤੇ ਜਿਨ੍ਹਾਂ ਵਿੱਚ ਮੈਂ ਤੈਨੂੰ ਵਿਖਾਈ ਦੇਵਾਂਗਾ, ਤੈਨੂੰ ਸੇਵਕ ਅਤੇ ਗਵਾਹ ਠਹਿਰਾਵਾਂ। 17ਮੈਂ ਤੈਨੂੰ ਇਸ ਕੌਮ ਅਤੇ ਪਰਾਈਆਂ ਕੌਮਾਂ ਤੋਂ ਬਚਾਵਾਂਗਾ, ਜਿਨ੍ਹਾਂ ਦੇ ਕੋਲ ਮੈਂ ਤੈਨੂੰ ਭੇਜਦਾ ਹਾਂ। 18ਤਾਂ ਜੋ ਤੂੰ ਉਨ੍ਹਾਂ ਦੀਆਂ ਅੱਖਾਂ ਨੂੰ ਖੋਲ੍ਹ ਦੇਵੇਂ ਕਿ ਉਹ ਹਨੇਰੇ ਤੋਂ ਚਾਨਣ ਦੀ ਵੱਲ ਅਤੇ ਸ਼ੈਤਾਨ ਤੋਂ ਪਰਮੇਸ਼ੁਰ ਦੀ ਵੱਲ ਮੁੜਨ ਤਾਂ ਕਿ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਉਨ੍ਹਾਂ ਨਾਲ ਅਧਿਕਾਰ ਪਾਉਣ ਜੋ ਮੇਰੇ ਉੱਤੇ ਵਿਸ਼ਵਾਸ ਕਰ ਕੇ ਪਵਿੱਤਰ ਹੋਏ ਹਨ।
ਪੌਲੁਸ ਆਪਣੇ ਕੰਮਾਂ ਦਾ ਵਰਣਨ ਕਰਦਾ ਹੈ
19ਸੋ ਹੇ ਰਾਜਾ ਅਗ੍ਰਿੱਪਾ, ਮੈਂ ਉਸ ਸਵਰਗੀ ਦਰਸ਼ਣ ਤੋਂ ਬੇਮੁੱਖ ਨਾ ਹੋਇਆ। 20ਸਗੋਂ ਪਹਿਲਾਂ ਦੰਮਿਸ਼ਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ, ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਕਿ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਯੋਗ ਕੰਮ ਕਰੋ। 21ਇਨ੍ਹਾਂ ਹੀ ਗੱਲਾਂ ਕਰਕੇ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮੈਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। 22ਸੋ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਅੱਜ ਤੱਕ ਖੜ੍ਹਾ ਹਾਂ ਅਤੇ ਹਰੇਕ ਛੋਟੇ ਵੱਡੇ ਦੇ ਅੱਗੇ ਗਵਾਹੀ ਦਿੰਦਾ ਹਾਂ, ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਕਿ ਇਹ ਹੋਣਗੀਆਂ, ਉਨ੍ਹਾਂ ਤੋਂ ਬਿਨ੍ਹਾਂ ਮੈਂ ਹੋਰ ਕੁਝ ਨਹੀਂ ਕਹਿੰਦਾ 23ਇਹ ਜ਼ਰੂਰੀ ਹੈ ਜੋ ਮਸੀਹ ਦੁੱਖ ਝੱਲੇ ਅਤੇ ਮੁਰਦਿਆਂ ਦੇ ਜੀ ਉੱਠਣ ਵਾਲਿਆਂ ਵਿੱਚੋਂ ਪਹਿਲਾ ਹੋ ਕੇ, ਇਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ।
24ਜਦੋਂ ਉਹ ਆਪਣੀ ਇਹ ਸਫ਼ਾਈ ਦੇ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਨਾਲ ਆਖਿਆ, ਹੇ ਪੌਲੁਸ, ਤੂੰ ਪਾਗਲ ਹੈਂ, ਬਹੁਤ ਜਿਆਦਾ ਵਿੱਦਿਆ ਨੇ ਤੈਨੂੰ ਪਾਗਲ ਕਰ ਦਿੱਤਾ ਹੈ। 25ਪੌਲੁਸ ਨੇ ਆਖਿਆ, ਹੇ ਫ਼ੇਸਤੁਸ ਬਹਾਦੁਰ, ਮੈਂ ਪਾਗਲ ਨਹੀਂ ਸਗੋਂ ਸਚਿਆਈ ਅਤੇ ਸਮਝ ਦੀਆਂ ਗੱਲਾਂ ਕਰਦਾ ਹਾਂ। 26ਕਿਉਂਕਿ ਰਾਜਾ, ਜਿਸ ਦੇ ਸਾਹਮਣੇ ਮੈਂ ਬਿਨ੍ਹਾਂ ਡਰ ਤੋਂ ਬੋਲਦਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ, ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁੱਕੀ ਹੋਈ ਨਹੀਂ ਕਿਉਂਕਿ ਇਹ ਘਟਨਾ ਕੋਨੇ ਵਿੱਚ ਨਹੀਂ ਵਾਪਰੀ। 27ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਤੇ ਵਿਸ਼ਵਾਸ ਕਰਦੇ ਹੋ? ਮੈਂ ਤਾਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ? 28ਅਗ੍ਰਿੱਪਾ ਨੇ ਪੌਲੁਸ ਨੂੰ ਆਖਿਆ, ਤੈਨੂੰ ਆਸ ਹੋਵੇਗੀ ਕਿ ਮੈਨੂੰ ਥੋੜ੍ਹੇ ਸਮੇਂ ਵਿੱਚ ਮੈਨੂੰ ਮਸੀਹੀ ਕਰ ਲਵੇਂ! 29ਪੌਲੁਸ ਬੋਲਿਆ, ਪਰਮੇਸ਼ੁਰ ਕਰੇ ਕਿ ਭਾਵੇਂ ਥੋੜ੍ਹੇ ਭਾਵੇਂ ਬਹੁਤ ਸਮੇਂ ਵਿੱਚ, ਕੇਵਲ ਤੁਸੀਂ ਹੀ ਨਹੀਂ ਪਰ ਉਹ ਸਭ ਵੀ ਜਿਹੜੇ ਅੱਜ ਦੇ ਦਿਨ ਮੇਰੀ ਸੁਣਦੇ ਹਨ, ਇਨ੍ਹਾਂ ਬੰਧਨਾਂ ਤੋਂ ਬਿਨ੍ਹਾਂ ਇਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ!
30ਤਦ ਰਾਜਾ, ਹਾਕਮ, ਬਰਨੀਕੇ ਅਤੇ ਉਹ ਜਿਹੜੇ ਉਨ੍ਹਾਂ ਦੇ ਨਾਲ ਬੈਠੇ ਸਨ ਉੱਠ ਖੜੇ ਹੋਏ 31ਅਤੇ ਅਲੱਗ ਜਾ ਕੇ ਆਪਸ ਵਿੱਚ ਗੱਲਾਂ ਕਰ ਕੇ ਕਹਿਣ ਲੱਗੇ ਜੋ ਇਹ ਮਨੁੱਖ ਤਾਂ ਮਾਰੇ ਜਾਣ ਜਾਂ ਕੈਦ ਹੋਣ ਦੇ ਲਾਇਕ ਕੁਝ ਨਹੀਂ ਕਰਦਾ। 32ਉਪਰੰਤ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਆਖਿਆ, ਕਿ ਜੇ ਇਹ ਮਨੁੱਖ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸਕਦਾ ਸੀ।
Currently Selected:
ਰਸੂਲਾਂ ਦੇ ਕਰਤੱਬ 26: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.