ਰਸੂਲਾਂ ਦੇ ਕਰਤੱਬ 19
19
ਅਫ਼ਸੁਸ ਨਗਰ ਵਿੱਚ ਪੌਲੁਸ
1ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਸ਼ਹਿਰ ਵਿੱਚ ਸੀ ਤਾਂ ਪੌਲੁਸ ਉੱਪਰਲੇ ਇਲਾਕਿਆਂ ਵਿੱਚੋਂ ਦੀ ਲੰਘ ਕੇ ਅਫ਼ਸੁਸ ਨੂੰ ਆਇਆ। 2ਅਤੇ ਕਈ ਚੇਲਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਆਖਿਆ, ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ? ਉਨ੍ਹਾਂ ਉਸ ਨੂੰ ਕਿਹਾ, ਅਸੀਂ ਤਾਂ ਇਹ ਸੁਣਿਆ ਵੀ ਨਹੀਂ ਕਿ ਪਵਿੱਤਰ ਆਤਮਾ ਹੈ। 3ਫਿਰ ਉਸ ਨੇ ਆਖਿਆ, ਫੇਰ ਤੁਸੀਂ ਕਿਸ ਦਾ ਬਪਤਿਸਮਾ ਲਿਆ? ਉਹਨਾਂ ਆਖਿਆ, ਅਸੀਂ ਯੂਹੰਨਾ ਦਾ ਬਪਤਿਸਮਾ ਲਿਆ। 4ਤਦ ਪੌਲੁਸ ਨੇ ਕਿਹਾ, ਯੂਹੰਨਾ ਤਾਂ ਤੋਬਾ ਦਾ ਬਪਤਿਸਮਾ ਦਿੰਦਾ ਅਤੇ ਲੋਕਾਂ ਨੂੰ ਆਖਦਾ ਸੀ ਕਿ ਤੁਸੀਂ ਉਸ ਉੱਤੇ ਜੋ ਮੇਰੇ ਤੋਂ ਬਾਅਦ ਆਉਣ ਵਾਲਾ ਹੈ ਅਰਥਾਤ ਯਿਸੂ ਉੱਤੇ ਵਿਸ਼ਵਾਸ ਕਰੋ। 5ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ। 6ਅਤੇ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਨ੍ਹਾਂ ਤੇ ਉੱਤਰਿਆ ਅਤੇ ਉਹ ਤਰ੍ਹਾਂ-ਤਰ੍ਹਾਂ ਦੀਆਂ ਭਾਸ਼ਾ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ। 7ਉਹ ਸਾਰੇ ਬਾਰਾਂ ਕੁ ਮਨੁੱਖ ਸਨ।
8ਫਿਰ ਪੌਲੁਸ ਪ੍ਰਾਰਥਨਾ ਘਰ ਵਿੱਚ ਜਾ ਕੇ, ਤਿੰਨ ਮਹੀਨੇ ਤੱਕ ਨਿਡਰਤਾ ਨਾਲ ਪਰਮੇਸ਼ੁਰ ਦੇ ਰਾਜ ਦੇ ਬਾਰੇ ਬਚਨ ਸੁਣਾਉਂਦਾ ਅਤੇ ਲੋਕਾਂ ਨੂੰ ਸਮਝਾਉਂਦਾ ਰਿਹਾ। 9ਪਰ ਜਦੋਂ ਕੁਝ ਲੋਕਾਂ ਨੇ ਕਠੋਰ ਹੋ ਕੇ ਉਸ ਦੀ ਨਾ ਮੰਨੀ ਅਤੇ ਲੋਕਾਂ ਦੇ ਅੱਗੇ ਉਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਹ ਚੇਲਿਆਂ ਨੂੰ ਲੈ ਕੇ ਅਲੱਗ ਹੋ ਗਿਆ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਰੋਜ਼ ਬਚਨ ਸੁਣਾਉਂਦਾ ਰਿਹਾ। 10ਇਹ ਦੋ ਸਾਲਾਂ ਤੱਕ ਹੁੰਦਾ ਰਿਹਾ, ਐਥੋਂ ਤੱਕ ਜੋ ਏਸ਼ੀਆ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੂ ਦਾ ਬਚਨ ਸੁਣਿਆ। 11ਪਰਮੇਸ਼ੁਰ ਪੌਲੁਸ ਦੇ ਹੱਥੋਂ ਅਚਰਜ਼ ਕੰਮ ਵਿਖਾਲਦਾ ਸੀ। 12ਐਥੋਂ ਤੱਕ ਜੋ ਰੁਮਾਲ ਅਤੇ ਪਟਕੇ ਉਹ ਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਅਤੇ ਉਹਨਾਂ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ। 13ਤਦ ਯਹੂਦੀਆਂ ਵਿੱਚੋਂ ਕਈ ਆਦਮੀਆਂ ਨੇ ਜੋ ਇੱਧਰ-ਉੱਧਰ ਫਿਰਦਿਆਂ ਹੋਇਆਂ ਝਾੜ ਫੂਕ ਕਰਦੇ ਹੁੰਦੇ ਸਨ, ਇਹ ਦਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮਾਵਾਂ ਚਿੰਬੜੀਆਂ ਹੋਈਆਂ ਸਨ, ਉਨ੍ਹਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ ਕਿ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸਹੁੰ ਦਿੰਦਾ ਹਾਂ ਜਿਸ ਦਾ ਪੌਲੁਸ ਪ੍ਰਚਾਰ ਕਰਦਾ ਹੈ। 14ਅਤੇ ਸਕੇਵਾ ਨਾਮ ਦੇ ਕਿਸੇ ਯਹੂਦੀ ਮੁੱਖ ਜਾਜਕ ਦੇ ਸੱਤ ਪੁੱਤਰ ਸਨ ਜਿਹੜੇ ਇਹੋ ਕੰਮ ਕਰਦੇ ਸਨ। 15ਪਰ ਦੁਸ਼ਟ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਨੂੰ ਮੈਂ ਪਹਿਚਾਣਦੀ ਹਾਂ, ਪਰ ਤੁਸੀਂ ਕੌਣ ਹੋ? 16ਅਤੇ ਉਹ ਮਨੁੱਖ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਟੁੱਟ ਕੇ ਉਹਨਾਂ ਉੱਤੇ ਆ ਪਿਆ ਅਤੇ ਦੋਹਾਂ ਨੂੰ ਵੱਸ ਵਿੱਚ ਲਿਆ ਕੇ ਉਹਨਾਂ ਤੇ ਐਸੀ ਸਖਤੀ ਕੀਤੀ ਜੋ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ। 17ਇਹ ਗੱਲ ਸਭ ਯਹੂਦੀਆਂ ਅਤੇ ਯੂਨਾਨੀਆਂ ਉੱਤੇ ਜਿਹੜੇ ਅਫ਼ਸੁਸ ਵਿੱਚ ਰਹਿੰਦੇ ਸਨ, ਉਜਾਗਰ ਹੋ ਗਈ ਅਤੇ ਉਹ ਸਭ ਡਰ ਗਏ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ। 18ਜਿਨ੍ਹਾਂ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆ ਕੇ ਆਪਣਿਆਂ ਬੁਰੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ। 19ਅਤੇ ਬਹੁਤੇ ਉਨ੍ਹਾਂ ਵਿੱਚੋਂ ਵੀ ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਾਰਿਆਂ ਦੇ ਸਾਹਮਣੇ ਫੂਕ ਸੁੱਟੀਆਂ ਅਤੇ ਜਦੋਂ ਉਹਨਾਂ ਦੇ ਮੁੱਲ ਦਾ ਜੋੜ ਕੀਤਾ ਤਾਂ ਪੰਜਾਹ ਹਜ਼ਾਰ ਰੁਪਿਆ ਹੋਇਆ। 20ਇਸੇ ਤਰ੍ਹਾਂ ਪ੍ਰਭੂ ਦਾ ਬਚਨ ਸਮਰੱਥ ਨਾਲ ਵਧਿਆ ਅਤੇ ਪਰਬਲ ਹੋਇਆ।
21ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਮਨ ਵਿੱਚ ਯੋਜਨਾ ਬਣਾਈ ਜੋ ਮਕਦੂਨਿਯਾ ਅਤੇ ਅਖਾਯਾ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ ਕਿ ਜਦੋਂ ਮੈਂ ਉੱਥੇ ਹੋ ਆਵਾਂ ਤਾਂ ਮੈਨੂੰ ਜ਼ਰੂਰੀ ਹੈ, ਜੋ ਮੈਂ ਰੋਮ ਨੂੰ ਵੀ ਵੇਖਾਂ। 22ਸੋ ਜਿਹੜੇ ਉਹ ਦੀ ਸੇਵਾ ਕਰਦੇ ਸਨ ਉਨ੍ਹਾਂ ਵਿੱਚੋਂ ਦੋ ਜਣੇ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਵਿੱਚ ਭੇਜ ਕੇ, ਉਹ ਆਪ ਏਸ਼ੀਆ ਵਿੱਚ ਕੁਝ ਸਮਾਂ ਰਿਹਾ।
ਅਫ਼ਸੁਸ ਵਿੱਚ ਫਸਾਦ
23ਉਸ ਸਮੇਂ ਇਸ ਪੰਥ ਦੇ ਵਿਖੇ ਵੱਡਾ ਫਸਾਦ ਹੋਇਆ। 24ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਿਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ। 25ਉਸ ਨੇ ਉਨ੍ਹਾਂ ਨੂੰ ਅਤੇ ਉਸ ਕੰਮ ਦੇ ਹੋਰ ਕਾਰੀਗਰਾਂ ਨੂੰ ਇਕੱਠਿਆਂ ਕਰ ਕੇ ਕਿਹਾ, ਹੇ ਮਨੁੱਖੋ ਤੁਸੀਂ ਜਾਣਦੇ ਹੋ ਕਿ ਇਸ ਕੰਮ ਤੋਂ ਅਸੀਂ ਕਿੰਨ੍ਹਾਂ ਧਨ ਕਮਾਉਂਦੇ ਹਾਂ। 26ਅਤੇ ਤੁਸੀਂ ਵੇਖਦੇ ਤੇ ਸੁਣਦੇ ਹੋ ਜੋ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਲੱਗਭਗ ਸਾਰੇ ਏਸ਼ੀਆ ਵਿੱਚ ਬਹੁਤ ਸਾਰਿਆਂ ਲੋਕਾਂ ਨੂੰ ਸਮਝਾ ਕੇ ਬਹਿਕਾ ਦਿੱਤਾ ਹੈ, ਕਿ ਜਿਹੜੇ ਹੱਥਾਂ ਨਾਲ ਬਣਾਏ ਹੋਏ ਹਨ, ਉਹ ਦੇਵਤੇ ਨਹੀਂ ਹੁੰਦੇ,। 27ਸੋ ਕੇਵਲ ਇਹੋ ਦੁੱਖ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਂ ਦੇਵੀ ਅਰਤਿਮਿਸ ਦੇ ਮੰਦਿਰ ਦੀ ਮਹੱਤਵਤਾ ਜਾਂਦੀ ਰਹੇਗੀ ਜਿਸ ਨੂੰ ਸਾਰਾ ਏਸ਼ੀਆ ਸਗੋਂ ਸੰਸਾਰ ਪੂਜਦਾ ਹੈ, ਉਹ ਦੀ ਮਹਿਮਾ ਜਾਂਦੀ ਰਹੇਗੀ। 28ਇਹ ਗੱਲ ਸੁਣ ਕਿ ਉਹ ਕ੍ਰੋਧ ਨਾਲ ਭਰ ਗਏ ਅਤੇ ਉੱਚੀ-ਉੱਚੀ ਬੋਲੇ ਕਿ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ। 29ਤਾਂ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ ਅਤੇ ਉਹ ਇੱਕ ਮਨ ਹੋ ਕੇ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਅਤੇ ਸਫ਼ਰ ਵਿੱਚ ਪੌਲੁਸ ਦੇ ਸਾਥੀ ਸਨ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਲੈ ਗਏ। 30ਜਦੋਂ ਪੌਲੁਸ ਨੇ ਲੋਕਾਂ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਚੇਲਿਆਂ ਨੇ ਉਹ ਨੂੰ ਨਾ ਜਾਣ ਦਿੱਤਾ। 31ਅਤੇ ਏਸ਼ੀਆ ਦੇ ਹਾਕਮਾਂ ਵਿੱਚੋਂ ਵੀ ਕਈਆਂ ਨੇ ਜੋ ਉਹ ਦੇ ਮਿੱਤਰ ਸਨ, ਮਿੰਨਤ ਨਾਲ ਉਹ ਦੇ ਕੋਲ ਕਹਿ ਕੇ ਭੇਜਿਆ ਕਿ ਤਮਾਸ਼ੇ ਘਰ ਵਿੱਚ ਨਾ ਵੜਨਾ! 32ਉਪਰੰਤ ਰੌਲ਼ਾ ਪਾ ਕੇ ਕੋਈ ਕੁਝ ਆਖਦਾ ਸੀ ਅਤੇ ਕੋਈ ਕੁਝ, ਕਿਉਂਕਿ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕਿਉਂ ਇਕੱਠੇ ਹੋਏ ਹਾਂ। 33ਉਹਨਾਂ ਨੇ ਸਿਕੰਦਰ ਨੂੰ ਜਿਸ ਨੂੰ ਯਹੂਦੀ ਅਗਾਹਾਂ ਧੱਕਦੇ ਸਨ ਭੀੜ ਵਿੱਚੋਂ ਸਾਹਮਣੇ ਕਰ ਦਿੱਤਾ ਅਤੇ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰ ਕੇ ਆਪਣੇ ਆਪ ਨੂੰ ਬਚਾਉਣਾ ਚਾਹਿਆ। 34ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਯਹੂਦੀ ਹੈ, ਤਾਂ ਸਾਰੇ ਇੱਕ ਅਵਾਜ਼ ਨਾਲ ਦੋ ਕੁ ਘੰਟਿਆਂ ਤੱਕ ਉੱਚੀ-ਉੱਚੀ ਬੋਲਦੇ ਰਹੇ ਕਿ ਅਫ਼ਸੀਆਂ ਦੀ ਅਰਤਿਮਿਸ ਵੱਡੀ ਹੈ। 35ਤਾਂ ਸ਼ਹਿਰ ਦੇ ਮੰਤਰੀ ਨੇ ਭੀੜ ਨੂੰ ਸ਼ਾਂਤ ਕਰ ਕੇ ਆਖਿਆ, ਹੇ ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਿਰ ਅਤੇ ਅਕਾਸ਼ ਵੱਲੋਂ ਗਿਰੀ ਹੋਈ ਮੂਰਤ ਦਾ ਸੇਵਕ ਹੈ। 36ਸੋ ਜਦੋਂ ਇਨ੍ਹਾਂ ਗੱਲਾਂ ਤੋਂ ਇਨਕਾਰ ਨਹੀਂ ਹੋ ਸਕਦਾ ਤਾਂ ਤੁਹਾਨੂੰ ਚਾਹੀਦਾ ਹੈ ਕਿ ਚੁੱਪ ਰਹੋ ਅਤੇ ਬਿਨ੍ਹਾਂ ਸੋਚੇ ਕੁਝ ਨਾ ਕਰੋ। 37ਕਿਉਂ ਜੋ ਤੁਸੀਂ ਇਨ੍ਹਾਂ ਮਨੁੱਖਾਂ ਨੂੰ ਐਥੇ ਲਿਆਏ ਹੋ, ਜੋ ਨਾ ਤਾਂ ਮੰਦਰ ਦੇ ਚੋਰ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਿਆ ਕਰਨ ਵਾਲੇ ਹਨ। 38ਫਿਰ ਵੀ ਜੇ ਦੇਮੇਤ੍ਰਿਯੁਸ ਅਤੇ ਉਹ ਦੇ ਨਾਲ ਦੇ ਕਾਰੀਗਰਾਂ ਨੂੰ ਕਿਸੇ ਦੇ ਵਿਰੁੱਧ ਸ਼ਿਕਾਇਤ ਹੈ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਡਿਪਟੀ ਵੀ ਹਨ, ਉਹ ਉੱਥੇ ਇੱਕ ਦੂਜੇ ਤੇ ਦੋਸ਼ ਲਗਾਉਣ। 39ਪਰ ਜੇ ਤੁਸੀਂ ਕੋਈ ਹੋਰ ਗੱਲ ਪੁੱਛਦੇ ਹੋ ਤਾਂ ਕਨੂੰਨੀ ਸਭਾ ਵਿੱਚ ਨਿਬੇੜਾ ਕੀਤਾ ਜਾਵੇਗਾ। 40ਕਿਉਂਕਿ ਅੱਜ ਦੇ ਫਸਾਦ ਦੇ ਕਾਰਨ ਸਾਨੂੰ ਡਰ ਹੈ, ਕਿ ਕਿਤੇ ਸਾਡੇ ਉੱਤੇ ਦੋਸ਼ ਨਾ ਲਾਇਆ ਜਾਵੇ, ਕਿਉਂਕਿ ਜੋ ਇਸ ਦਾ ਕੋਈ ਕਾਰਨ ਨਹੀਂ ਹੈ ਅਤੇ ਅਸੀਂ ਇਸ ਭੀੜ ਦੇ ਇਕੱਠੇ ਹੋਣ ਬਾਰੇ ਕੋਈ ਉੱਤਰ ਨਹੀਂ ਦੇ ਸਕਾਂਗੇ। 41ਅਤੇ ਉਸ ਨੇ ਇਹ ਕਹਿ ਕੇ ਸਭਾ ਨੂੰ ਵਿਦਾ ਕੀਤਾ।
Currently Selected:
ਰਸੂਲਾਂ ਦੇ ਕਰਤੱਬ 19: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.