YouVersion Logo
Search Icon

ਰਸੂਲਾਂ ਦੇ ਕਰਤੱਬ 16

16
ਪੌਲੁਸ ਤਿਮੋਥਿਉਸ ਨੂੰ ਨਾਲ ਲੈਂਦਾ ਹੈ
1ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ, ਅਤੇ ਵੇਖੋ ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ l ਜਿਹੜਾ ਇੱਕ ਵਿਸ਼ਵਾਸੀ ਯਹੂਦਣ ਦਾ ਪੁੱਤਰ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ। 2ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਰਹਿਣ ਵਾਲੇ ਭਰਾਵਾਂ ਵਿੱਚ ਨੇਕਨਾਮ ਸੀ। 3ਪੌਲੁਸ ਚਾਹੁੰਦਾ ਸੀ ਕਿ ਇਹ ਮੇਰੇ ਨਾਲ ਚੱਲੇ, ਸੋ ਉਨ੍ਹਾਂ ਯਹੂਦੀਆਂ ਦੇ ਕਾਰਨ, ਉਹ ਦੀ ਸੁੰਨਤ ਕੀਤੀ ਕਿਉਂ ਜੋ ਉਹ ਸਭ ਜਾਣਦੇ ਸਨ ਕਿ ਉਹ ਦਾ ਪਿਤਾ ਯੂਨਾਨੀ ਸੀ। 4ਉਹ ਨਗਰਾਂ ਵਿੱਚ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਹਨਾਂ ਨੂੰ ਮੰਨਣ ਲਈ ਲੋਕਾਂ ਨੂੰ ਸੌਂਪ ਦੇਵੇ। 5ਕਲੀਸਿਯਾਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ ਦਿਨ ਵਧਦੀਆਂ ਗਈਆਂ।
ਤ੍ਰੋਆਸ ਵਿੱਚ ਪੌਲੁਸ ਦਾ ਦਰਸ਼ਣ
6ਉਹ ਫ਼ਰੂਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚ ਦੀ ਲੰਘ ਗਏ, ਕਿਉਂ ਜੋ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਏਸ਼ੀਆ ਵਿੱਚ ਬਚਨ ਸੁਣਾਉਣ ਤੋਂ ਮਨ੍ਹਾ ਕੀਤਾ ਸੀ। 7ਤਦ ਉਨ੍ਹਾਂ ਨੇ ਮੁਸਿਯਾ ਦੇ ਸਾਹਮਣੇ ਆ ਕੇ ਬਿਥੁਨਿਯਾ ਵਿੱਚ ਜਾਣ ਦਾ ਯਤਨ ਕੀਤਾ ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ। 8ਤਾਂ ਉਹ ਮੁਸਿਯਾ ਕੋਲੋਂ ਜਾ ਕੇ ਤ੍ਰੋਆਸ ਵਿੱਚ ਗਏ। 9ਅਤੇ ਪੌਲੁਸ ਨੇ ਰਾਤ ਨੂੰ ਇੱਕ ਦਰਸ਼ਣ ਵੇਖਿਆ, ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਉਹ ਦੀ ਮਿੰਨਤ ਕਰ ਕੇ ਕਹਿੰਦਾ ਹੈ, ਜੋ ਇਸ ਪਾਰ ਮਕਦੂਨਿਯਾ ਵਿੱਚ ਆ ਕੇ ਸਾਡੀ ਸਹਾਇਤਾ ਕਰੇ। 10ਜਦੋਂ ਉਸ ਨੇ ਇਹ ਦਰਸ਼ਣ ਦੇਖਿਆ ਤਾਂ ਉਸੇ ਵੇਲੇ ਅਸੀਂ ਮਕਦੂਨਿਯਾ ਵਿੱਚ ਜਾਣ ਦਾ ਯਤਨ ਕੀਤਾ ਇਸ ਲਈ ਜੋ ਅਸੀਂ ਪੱਕਾ ਜਾਣਿਆ ਕਿ ਪਰਮੇਸ਼ੁਰ ਨੇ ਸਾਨੂੰ ਬੁਲਾਇਆ ਹੈ ਜੋ ਉਨ੍ਹਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈਏ।
ਫ਼ਿਲਿੱਪੈ ਵਿੱਚ ਲੁਦਿਯਾ ਦਾ ਮਨ ਪਰਿਵਰਤਨ
11ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਦੂਜੇ ਦਿਨ ਨਿਯਾਪੁਲਿਸ ਨੂੰ। 12ਅਤੇ ਉੱਥੋਂ ਫ਼ਿਲਿੱਪੈ ਨੂੰ ਜੋ ਮਕਦੂਨਿਯਾ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਉਸੇ ਸ਼ਹਿਰ ਵਿੱਚ ਰਹੇ। 13ਅਤੇ ਸਬਤ ਦੇ ਦਿਨ ਫ਼ਾਟਕ ਤੋਂ ਬਾਹਰ ਦਰਿਆ ਦੇ ਕੰਢੇ ਉੱਤੇ ਗਏ, ਜਿੱਥੇ ਅਸੀਂ ਸੋਚਿਆ ਕਿ ਪ੍ਰਾਰਥਨਾ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ, ਗੱਲਾਂ ਕਰਨ ਲੱਗੇ। 14ਅਤੇ ਲੁਦਿਯਾ ਨਾਮ ਦੀ ਥੁਆਤੀਰਾ ਨਗਰ ਦੀ ਇੱਕ ਔਰਤ ਕਿਰਮਿਚ ਵੇਚਣ ਵਾਲੀ ਪਰਮੇਸ਼ੁਰ ਦੀ ਭਗਤਣ ਉਹਨਾਂ ਨੂੰ ਸੁਣ ਰਹੀ ਸੀ। ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਕਿ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ। 15ਅਤੇ ਜਦੋਂ ਉਸ ਨੇ ਆਪਣੇ ਪਰਿਵਾਰ ਸਮੇਤ ਬਪਤਿਸਮਾ ਲਿਆ ਤਾਂ ਬੇਨਤੀ ਕਰ ਕੇ ਬੋਲੀ, ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਸਮਝਿਆ ਹੈ, ਤਾਂ ਮੇਰੇ ਘਰ ਵਿੱਚ ਆ ਕੇ ਰਹੋ ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ।
ਪੌਲੁਸ ਅਤੇ ਸੀਲਾਸ ਕੈਦ ਵਿੱਚ
16ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ ਤਾਂ ਇੱਕ ਦਾਸੀ ਸਾਨੂੰ ਮਿਲੀ, ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ। 17ਪੌਲੁਸ ਅਤੇ ਸਾਡੇ ਮਗਰ ਆ ਕੇ ਅਵਾਜ਼ਾਂ ਮਾਰਦੀ ਅਤੇ ਕਹਿੰਦੀ ਸੀ ਕਿ ਇਹ ਲੋਕ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦੀ ਰਾਹ ਦੱਸਦੇ ਹਨ। 18ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ! ਅਤੇ ਉਸੇ ਸਮੇਂ ਉਹ ਨਿੱਕਲ ਗਈ।
19ਪਰ ਜਦੋਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਖ਼ਤਮ ਹੋ ਗਈ ਤਾਂ ਪੌਲੁਸ ਅਤੇ ਸੀਲਾਸ ਨੂੰ ਫੜ੍ਹ ਕੇ ਬਜ਼ਾਰ ਵਿੱਚ ਅਧਿਕਾਰੀਆਂ ਦੇ ਕੋਲ ਖਿੱਚ ਕੇ ਲੈ ਗਏ। 20ਅਤੇ ਉਨ੍ਹਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਕਿ ਉਹ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਵਿੱਚ ਬਹੁਤ ਗੜਬੜੀ ਕਰਦੇ ਹਨ। 21ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਪੂਰਾ ਕਰਨ ਦੇ ਯੋਗ ਨਹੀਂ। 22ਤਦ ਲੋਕ ਮਿਲ ਕੇ ਉਨ੍ਹਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ। 23ਉਨ੍ਹਾਂ ਨੂੰ ਬਹੁਤੇ ਬੈਂਤ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਵੱਡੀ ਚੌਕਸੀ ਨਾਲ ਰੱਖਿਆ ਜਾਵੇ! 24ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ।
ਪੌਲੁਸ ਅਤੇ ਸੀਲਾਸ ਦਾ ਕੈਦ ਵਿੱਚੋਂ ਛੁਟਕਾਰਾ
25ਪਰ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਵੀ ਉਨ੍ਹਾਂ ਦੀ ਸੁਣ ਰਹੇ ਸਨ। 26ਤਾਂ ਅਚਾਨਕ ਇੱਕ ਭੂਚਾਲ ਆਇਆ ਅਤੇ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਸਾਰੇ ਬੂਹੇ ਖੁੱਲ੍ਹ ਗਏ ਅਤੇ ਸਭਨਾਂ ਦੀਆਂ ਬੇੜੀਆਂ ਵੀ ਖੁੱਲ੍ਹ ਗਈਆਂ। 27ਕੈਦਖ਼ਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਦੋਂ ਕੈਦਖ਼ਾਨੇ ਦੇ ਬੂਹੇ ਖੁੱਲ੍ਹੇ ਵੇਖੇ, ਤਾਂ ਇਹ ਸਮਝ ਕੇ, ਕਿ ਕੈਦੀ ਭੱਜ ਗਏ ਹੋਣਗੇ, ਤਲਵਾਰ ਨਾਲ ਆਪਣੇ ਆਪ ਨੂੰ ਮਾਰਨ ਲੱਗਾ। 28ਪਰ ਪੌਲੁਸ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, ਆਪਣੇ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ! 29ਉਹ ਦੀਵਾ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ-ਕੰਬਦਾ ਪੌਲੁਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ। 30ਅਤੇ ਉਨ੍ਹਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਂ ਪੁਰਖੋ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ? 31ਉਨ੍ਹਾਂ ਨੇ ਆਖਿਆ, ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ। 32ਉਨ੍ਹਾਂ ਉਸ ਨੂੰ ਅਤੇ ਜਿਹੜੇ ਉਸ ਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਬਚਨ ਸੁਣਾਇਆ। 33ਅਤੇ ਰਾਤ ਦੇ ਵੇਲੇ ਉਸ ਨੇ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ ਅਤੇ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਬਪਤਿਸਮਾ ਲਿਆ। 34ਅਤੇ ਉਨ੍ਹਾਂ ਨੂੰ ਘਰ ਲਿਆ ਕੇ ਉਨ੍ਹਾਂ ਨੂੰ ਭੋਜਨ ਕਰਵਾਇਆ ਅਤੇ ਉਸ ਨੇ ਪਰਮੇਸ਼ੁਰ ਦਾ ਵਿਸ਼ਵਾਸ ਕਰ ਕੇ ਆਪਣੇ ਸਾਰੇ ਪਰਿਵਾਰ ਸਮੇਤ ਇੱਕ ਵੱਡੀ ਖੁਸ਼ੀ ਮਨਾਈ।
35ਜਦੋਂ ਦਿਨ ਚੜ੍ਹਿਆ ਤਾਂ ਅਧਿਕਾਰੀਆਂ ਨੇ ਸਿਪਾਹੀਆਂ ਨੂੰ ਇਹ ਕਹਿ ਕਿ ਭੇਜਿਆ ਕਿ ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ। 36ਤਦ ਦਰੋਗੇ ਨੇ ਪੌਲੁਸ ਨੂੰ ਇਸ ਗੱਲ ਦੀ ਖ਼ਬਰ ਦਿੱਤੀ ਕਿ ਅਧਿਕਾਰੀਆਂ ਨੇ ਤੁਹਾਨੂੰ ਛੱਡਣ ਲਈ ਕਿਹਾ ਹੈ ਸੋ ਹੁਣ ਤੁਸੀਂ ਸ਼ਾਂਤੀ ਨਾਲ ਚਲੇ ਜਾਓ। 37ਪਰ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਕਿ, ਉਨ੍ਹਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤੇ ਬਿਨ੍ਹਾਂ ਸਭ ਲੋਕਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ, ਉਹ ਸਾਨੂੰ ਚੁੱਪ ਕਰਕੇ ਕਿਉਂ ਛੱਡ ਰਹੇ ਹਨ? ਇਹ ਕਦੀ ਵੀ ਨਹੀਂ ਹੋਵੇਗਾ ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਛੱਡਣ। 38ਤਦ ਸਿਪਾਹੀਆਂ ਨੇ ਇਹ ਗੱਲਾਂ ਅਧਿਕਾਰੀਆਂ ਨੂੰ ਜਾ ਕੇ ਸੁਣਾਈਆਂ ਅਤੇ ਜਦੋਂ ਉਹਨਾਂ ਸੁਣਿਆ ਕਿ ਇਹ ਰੋਮੀ ਹਨ ਤਾਂ ਡਰ ਗਏ। 39ਅਤੇ ਆ ਕੇ ਉਨ੍ਹਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਬੇਨਤੀ ਕੀਤੀ ਕਿ ਸ਼ਹਿਰ ਵਿੱਚੋਂ ਚੱਲੇ ਜਾਓ। 40ਤਦ ਉਹ ਕੈਦ ਵਿੱਚੋਂ ਛੁੱਟ ਕੇ ਲੁਦਿਯਾ ਦੇ ਘਰ ਨੂੰ ਗਏ ਅਤੇ ਭਰਾਵਾਂ ਨੂੰ ਵੇਖ ਕੇ ਉਨ੍ਹਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ।

Highlight

Copy

Compare

Share

None

Want to have your highlights saved across all your devices? Sign up or sign in