ਰਸੂਲਾਂ ਦੇ ਕਰਤੱਬ 13
13
ਪੌਲੁਸ ਅਤੇ ਬਰਨਬਾਸ ਨੂੰ ਭੇਜਿਆ ਜਾਣਾ
1ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ, ਜਿਵੇਂ ਬਰਨਬਾਸ, ਸ਼ਮਊਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੇ ਦਾ ਇੱਕ ਮਨੁੱਖ, ਮਨਏਨ ਜਿਹੜਾ ਰਾਜਾ ਹੇਰੋਦੇਸ ਦੇ ਨਾਲ ਪਲਿਆ ਸੀ ਅਤੇ ਸੌਲੁਸ। 2ਜਦੋਂ ਇਹ ਪ੍ਰਭੂ ਦੀ ਬੰਦਗੀ ਕਰਦੇ, ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਅਲੱਗ ਕਰੋ, ਜਿਸ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ। 3ਤਦ ਉਨ੍ਹਾਂ ਵਰਤ ਰੱਖ ਕੇ ਅਤੇ ਪ੍ਰਾਰਥਨਾ ਕਰ ਕੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੂੰ ਵਿਦਾ ਕੀਤਾ।
ਪੌਲੁਸ ਦੀ ਪਹਿਲੀ ਪ੍ਰਚਾਰ ਯਾਤਰਾ
4ਉਹ ਪਵਿੱਤਰ ਆਤਮਾ ਦੇ ਭੇਜੇ ਹੋਏ ਸਿਲੂਕਿਯਾ ਨੂੰ ਆਏ ਉੱਥੋਂ ਜਹਾਜ਼ ਤੇ ਚੜ੍ਹ ਕੇ ਕੁਪਰੁਸ ਨੂੰ ਗਏ। 5ਅਤੇ ਉਨ੍ਹਾਂ ਨੇ ਸਲਮੀਸ ਵਿੱਚ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਪਰਮੇਸ਼ੁਰ ਦਾ ਬਚਨ ਸੁਣਾਇਆ ਅਤੇ ਯੂਹੰਨਾ ਉਨ੍ਹਾਂ ਦਾ ਸੇਵਕ ਨਾਲ ਸੀ। 6ਜਦੋਂ ਉਹ ਉਸ ਸਾਰੇ ਟਾਪੂ ਵਿੱਚ ਫਿਰਦੇ-ਫਿਰਦੇ ਪਾਫ਼ੁਸ ਤੱਕ ਆਏ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਮ ਦਾ ਇੱਕ ਆਦਮੀ ਮਿਲਿਆ ਜਿਹੜਾ ਜਾਦੂ ਟੂਣਾ ਕਰਨ ਵਾਲਾ, ਝੂਠਾ ਨਬੀ ਅਤੇ ਕੌਮ ਦਾ ਯਹੂਦੀ ਸੀ। 7ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਸੀ ਜਿਹੜਾ ਬੁੱਧਵਾਨ ਮਨੁੱਖ ਸੀ। ਇਸ ਨੇ ਬਰਨਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਬੁਲਾ ਕੇ ਪਰਮੇਸ਼ੁਰ ਦਾ ਬਚਨ ਸੁਣਨਾ ਚਾਹਿਆ। 8ਇਲਮਾਸ ਜਾਦੂ ਟੂਣਾ ਕਰਨ ਵਾਲੇ ਨੇ (ਕਿਉਂ ਜੋ ਉਹ ਦੇ ਨਾਮ ਦਾ ਇਹੋ ਅਰਥ ਹੈ) ਰਾਜਪਾਲ ਦਾ ਵਿਰੋਧ ਕਰਕੇ ਉਸ ਨੂੰ ਵਿਸ਼ਵਾਸ ਤੋਂ ਭਟਕਾਉਣ ਦਾ ਯਤਨ ਕੀਤਾ। 9ਪਰ ਸੌਲੁਸ ਨੇ ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹ ਦੀ ਵੱਲ ਧਿਆਨ ਕੀਤਾ 10ਅਤੇ ਆਖਿਆ ਕਿ ਤੂੰ ਜੋ ਸਭ ਤਰ੍ਹਾਂ ਦੇ ਛਲ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈਂ, ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ! ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਡੇ ਕਰਨੋਂ ਨਹੀਂ ਟਲੇਂਗਾ? 11ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਤੱਕ ਸੂਰਜ ਨੂੰ ਨਾ ਵੇਖੇਂਗਾ! ਅਤੇ ਉਸੇ ਤਰ੍ਹਾਂ ਉਹ ਦੇ ਉੱਤੇ ਧੁੰਦ ਅਤੇ ਹਨ੍ਹੇਰਾ ਛਾ ਗਿਆ। ਤਾਂ ਉਹ ਟੋਲਦਾ ਫਿਰਿਆ ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ। 12ਤਦ ਰਾਜਪਾਲ ਨੇ ਜਦੋਂ ਇਹ ਘਟਨਾ ਵੇਖੀ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਵਿਸ਼ਵਾਸ ਕੀਤਾ।
ਪਿਸਿਦਿਯਾ ਅਤੇ ਅੰਤਾਕਿਯਾ ਵਿੱਚ
13ਤਦ ਪੌਲੁਸ ਅਤੇ ਉਹ ਦੇ ਸਾਥੀ ਪਾਫ਼ੁਸ ਤੋਂ ਜਹਾਜ਼ ਤੇ ਚੜ੍ਹ ਕੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਅਲੱਗ ਹੋ ਕੇ ਯਰੂਸ਼ਲਮ ਨੂੰ ਵਾਪਸ ਚਲਾ ਗਿਆ। 14ਪਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਪਹੁੰਚੇ ਅਤੇ ਸਬਤ ਦੇ ਦਿਨ ਪ੍ਰਾਰਥਨਾ ਘਰਾਂ ਵਿੱਚ ਜਾ ਬੈਠੇ। 15ਅਤੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਨੂੰ ਪੜ੍ਹਨ ਤੋਂ ਬਾਅਦ ਪ੍ਰਾਰਥਨਾ ਘਰ ਦੇ ਸਰਦਾਰਾਂ ਨੇ ਉਹਨਾਂ ਨੂੰ ਕਹਿ ਕੇ ਭੇਜਿਆ ਕਿ ਹੇ ਭਾਈਓ, ਜੇ ਲੋਕਾਂ ਦੇ ਲਈ ਕੋਈ ਉਪਦੇਸ਼ ਤੁਹਾਡੇ ਕੋਲ ਹੋਵੇ ਤਾਂ ਸੁਣਾਓ। 16ਤਦ ਪੌਲੁਸ ਖੜ੍ਹਾ ਹੋ ਗਿਆ ਅਤੇ ਹੱਥ ਨਾਲ ਇਸ਼ਾਰਾ ਕਰ ਕੇ ਕਿਹਾ, ਹੇ ਇਸਰਾਏਲੀਓ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਿਓ ਸੁਣੋ। 17ਇਸਰਾਏਲ ਕੌਮ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ, ਇਸ ਕੌਮ ਨੂੰ ਜਦੋਂ ਮਿਸਰ ਦੇਸ ਵਿੱਚ ਪਰਦੇਸੀ ਸੀ ਵਧਾਇਆ ਅਤੇ ਆਪਣੇ ਬਲ ਨਾਲ ਉਨ੍ਹਾਂ ਨੂੰ ਉਸ ਵਿੱਚੋਂ ਕੱਢ ਲਿਆਂਦਾ। 18ਅਤੇ ਲੱਗਭਗ ਚਾਲ੍ਹੀਆਂ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੀ ਸਹਿੰਦਾ ਰਿਹਾ। 19ਅਤੇ ਕਨਾਨ ਦੇਸ ਵਿੱਚ ਸੱਤਾਂ ਕੌਮਾਂ ਦਾ ਨਾਸ ਕਰ ਕੇ ਉਨ੍ਹਾਂ ਦੇ ਦੇਸ ਨੂੰ ਲੱਗਭਗ ਸਾਢੇ ਚਾਰ ਸੌ ਸਾਲਾਂ ਤੱਕ ਉਨ੍ਹਾਂ ਦਾ ਵਿਰਸਾ ਕਰ ਦਿੱਤਾ। 20ਉਸ ਤੋਂ ਬਾਅਦ ਉਸ ਨੇ ਸਮੂਏਲ ਨਬੀ ਤੱਕ ਉਨ੍ਹਾਂ ਨੂੰ ਨਿਆਈਂ ਦਿੱਤੇ। 21ਫਿਰ ਉਨ੍ਹਾਂ ਨੇ ਪਾਤਸ਼ਾਹ ਮੰਗਿਆ ਤਾਂ ਪਰਮੇਸ਼ੁਰ ਨੇ ਇੱਕ ਮਨੁੱਖ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਨੂੰ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨੂੰ ਦਿੱਤਾ। 22ਫੇਰ ਉਹ ਨੂੰ ਹਟਾ ਕੇ ਦਾਊਦ ਨੂੰ ਖੜ੍ਹਾ ਕੀਤਾ ਕਿ ਉਨ੍ਹਾਂ ਦਾ ਪਾਤਸ਼ਾਹ ਹੋਵੇ ਜਿਸ ਦੇ ਹੱਕ ਵਿੱਚ ਉਹ ਨੇ ਗਵਾਹੀ ਦੇ ਕੇ ਆਖਿਆ ਕਿ ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ, ਉਹ ਹੀ ਮੇਰੀ ਸਾਰੀ ਮਰਜ਼ੀ ਪੂਰੀ ਕਰੇਗਾ। 23ਪਰਮੇਸ਼ੁਰ ਨੇ ਆਪਣੇ ਵਾਇਦੇ ਅਨੁਸਾਰ ਉਸੇ ਦੇ ਵੰਸ਼ ਵਿੱਚੋਂ ਇਸਰਾਏਲ ਦੇ ਲਈ ਇੱਕ ਮੁਕਤੀਦਾਤਾ ਯਿਸੂ ਨੂੰ ਭੇਜਿਆ 24ਜਿਸ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਭ ਲੋਕਾਂ ਦੇ ਅੱਗੇ ਤੋਬਾ ਦੇ ਬਪਤਿਸਮੇ ਦਾ ਪਰਚਾਰ ਕੀਤਾ। 25ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰ ਰਿਹਾ ਸੀ ਤਾਂ ਉਹ ਨੇ ਆਖਿਆ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ ਪਰ ਵੇਖੋ ਮੇਰੇ ਪਿੱਛੇ ਇੱਕ ਆਉਂਦਾ ਹੈ, ਮੈਂ ਜਿਸ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ। 26ਹੇ ਭਾਈਓ, ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਹਾਡੇ ਵਿੱਚ ਜਿਹੜੇ ਪਰਮੇਸ਼ੁਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਸ ਮੁਕਤੀ ਦਾ ਬਚਨ ਭੇਜਿਆ ਹੋਇਆ ਹੈ। 27ਕਿਉਂ ਜੋ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੇ ਉਹ ਨੂੰ ਅਤੇ ਨਬੀਆਂ ਦੇ ਬਚਨਾਂ ਨੂੰ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ ਨਾ ਸਮਝਦੇ ਹੋਏ, ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ। 28ਭਾਵੇਂ ਉਨ੍ਹਾਂ ਨੇ ਉਹ ਦੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਤਾਂ ਵੀ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਜਾਨੋਂ ਮਾਰਿਆ ਜਾਵੇ। 29ਅਤੇ ਜਦੋਂ ਉਹ ਸਭ ਕੁਝ ਜੋ ਉਹ ਦੇ ਹੱਕ ਵਿੱਚ ਲਿਖਿਆ ਹੋਇਆ ਸੀ ਪੂਰਾ ਕਰ ਚੁੱਕੇ ਤਾਂ ਉਹ ਨੂੰ ਸਲੀਬ ਉੱਤੋਂ ਉਤਾਰ ਕੇ ਕਬਰ ਵਿੱਚ ਰੱਖਿਆ। 30ਪਰੰਤੂ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। 31ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਲੋਕਾਂ ਨੂੰ ਵਿਖਾਈ ਦਿੰਦਾ ਰਿਹਾ, ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਹ ਦੇ ਨਾਲ ਆਏ ਸਨ ਅਤੇ ਹੁਣ ਲੋਕਾਂ ਦੇ ਅੱਗੇ ਉਹ ਦੇ ਉੱਤੇ ਗਵਾਹੀ ਦੇਣ ਵਾਲੇ ਹਨ। 32ਅਸੀਂ ਤੁਹਾਨੂੰ ਉਸ ਬਚਨ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ। 33ਕਿ ਪਰਮੇਸ਼ੁਰ ਨੇ ਯਿਸੂ ਨੂੰ ਉੱਠਾ ਕੇ ਸਾਡੀ ਸੰਤਾਨ ਦੇ ਲਈ ਉਸੇ ਬਚਨ ਨੂੰ ਪੂਰਾ ਕੀਤਾ ਹੈ, ਜਿਵੇਂ ਦੂਜੇ ਜ਼ਬੂਰ ਵਿੱਚ ਵੀ ਲਿਖਿਆ ਹੋਇਆ ਹੈ ਕਿ ਤੂੰ ਮੇਰਾ ਪੁੱਤਰ ਹੈਂ, ਅੱਜ ਤੂੰ ਮੇਰੇ ਤੋਂ ਜੰਮਿਆ। 34ਇਹ ਦੇ ਵਿਖੇ ਜੋ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਕਿ ਉਹ ਕਦੀ ਨਾ ਸੜੇ ਅਤੇ ਉਹ ਨੇ ਇਸ ਤਰ੍ਹਾਂ ਆਖਿਆ ਹੈ ਜੋ ਮੈਂ ਦਾਊਦ ਦੀਆਂ ਪਵਿੱਤਰ ਅਤੇ ਅਟੱਲ ਬਰਕਤਾਂ ਤੁਹਾਨੂੰ ਦਿਆਂਗਾ। 35ਇਸ ਲਈ ਉਹ ਕਿਸੇ ਹੋਰ ਜ਼ਬੂਰ ਵਿੱਚ ਵੀ ਆਖਦਾ ਹੈ ਕਿ ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਨਹੀਂ ਦੇਵੇਂਗਾ। 36ਦਾਊਦ ਤਾਂ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਆਪਣੇ ਲੋਕਾਂ ਦੀ ਸੇਵਾ ਕਰਕੇ ਸੌਂ ਗਿਆ, ਅਤੇ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਸੜ ਗਿਆ। 37ਪਰ ਇਹ ਜਿਸ ਨੂੰ ਪਰਮੇਸ਼ੁਰ ਨੇ ਜਿਉਂਦਾ ਕੀਤਾ, ਨਾ ਸੜਿਆ। 38ਸੋ ਹੇ ਭਾਈਓ, ਇਹ ਜਾਣੋ ਕਿ ਉਸੇ ਦੇ ਦੁਆਰਾ ਤੁਹਾਨੂੰ ਪਾਪਾਂ ਦੀ ਮਾਫ਼ੀ ਦੀ ਖ਼ਬਰ ਦਿੱਤੀ ਜਾਂਦੀ ਹੈ। 39ਅਤੇ ਉਸੇ ਦੇ ਦੁਆਰਾ ਹਰੇਕ ਵਿਸ਼ਵਾਸ ਕਰਨ ਵਾਲਾ ਉਨ੍ਹਾਂ ਸਭਨਾਂ ਗੱਲਾਂ ਤੋਂ ਬੇਗੁਨਾਹ ਠਹਿਰਾਇਆ ਜਾਂਦਾ ਹੈ, ਜਿਨ੍ਹਾਂ ਤੋਂ ਤੁਸੀਂ ਮੂਸਾ ਦੀ ਬਿਵਸਥਾ ਦੁਆਰਾ ਬੇਗੁਨਾਹ ਨਾ ਠਹਿਰ ਸਕੇ। 40ਸੋ ਤੁਸੀਂ ਚੌਕਸ ਰਹੋ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜੋ ਨਬੀਆਂ ਦੁਆਰਾ ਕਿਹਾ ਗਿਆ ਹੈ ਸੋ ਤੁਹਾਡੇ ਉੱਤੇ ਆ ਪਵੇ ਕਿ 41ਹੇ ਤੁਛ ਜਾਣਨ ਵਾਲਿਓ ਵੇਖੋ, ਅਚਰਜ਼ ਮੰਨੋ ਅਤੇ ਨਸ਼ਟ ਹੋ ਜਾਓ! ਕਿਉਂ ਜੋ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਦਾ ਹਾਂ, ਅਜਿਹਾ ਕੰਮ ਕਿ ਭਾਵੇਂ ਕੋਈ ਤੁਹਾਨੂੰ ਦੱਸੇ, ਪਰ ਤੁਸੀਂ ਕਦੀ ਉਹ ਨੂੰ ਸੱਚ ਨਾ ਮੰਨੋਗੇ।
42ਜਦੋਂ ਉਹ ਬਾਹਰ ਨਿੱਕਲ ਰਹੇ ਸਨ ਤਾਂ ਉਹ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਇਹ ਹੀ ਗੱਲਾਂ ਸਾਨੂੰ ਸੁਣਾਈਆਂ ਜਾਣ। 43ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਲੋਕ ਯਹੂਦੀ ਅਤੇ ਯਹੂਦੀ ਮੱਤ ਵਿੱਚੋਂ ਭਗਤ, ਪੌਲੁਸ ਅਤੇ ਬਰਨਬਾਸ ਦੇ ਮਗਰ ਲੱਗ ਤੁਰੇ। ਉਨ੍ਹਾਂ ਨੇ ਉਹਨਾਂ ਨਾਲ ਗੱਲਾਂ ਕਰ ਕੇ ਉਹਨਾਂ ਨੂੰ ਸਮਝਾ ਦਿੱਤਾ ਕਿ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ।
ਪੌਲੁਸ ਦੇ ਦੁਆਰਾ ਪਰਾਈਆਂ ਕੌਮਾਂ ਦੇ ਵਿੱਚ ਪ੍ਰਚਾਰ ਦੀ ਸ਼ੁਰੂਆਤ
44ਅਗਲੇ ਸਬਤ ਦੇ ਦਿਨ ਲੱਗਭਗ ਸਾਰਾ ਨਗਰ ਪਰਮੇਸ਼ੁਰ ਦਾ ਬਚਨ ਸੁਣਨ ਨੂੰ ਇਕੱਠਾ ਹੋਇਆ। 45ਪਰ ਯਹੂਦੀ ਵੱਡੀ ਭੀੜ ਨੂੰ ਵੇਖ ਕੇ ਗੁੱਸੇ ਨਾਲ ਭਰ ਗਏ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਅਤੇ ਨਿੰਦਾ ਕਰਨ ਲੱਗੇ। 46ਤਦ ਪੌਲੁਸ ਅਤੇ ਬਰਨਬਾਸ ਨਿਡਰ ਹੋ ਕੇ ਬੋਲੇ, ਕਿ ਜ਼ਰੂਰੀ ਸੀ ਜੋ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ ਪਰ ਜਿਸ ਕਰਕੇ ਤੁਸੀਂ ਉਹ ਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ ਹੋ ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ। 47ਕਿਉਂ ਜੋ ਪ੍ਰਭੂ ਨੇ ਸਾਨੂੰ ਇਹ ਹੀ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤ ਠਹਿਰਾਇਆ ਹੈ, ਕਿ ਤੂੰ ਧਰਤੀ ਦੀਆਂ ਹੱਦਾਂ ਤੱਕ ਮੁਕਤੀ ਦਾ ਕਾਰਨ ਹੋਵੇਂ। 48ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਅਨੰਦ ਹੋਏ, ਅਤੇ ਪਰਮੇਸ਼ੁਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਵਿਸ਼ਵਾਸ ਕੀਤਾ। 49ਅਤੇ ਉਸ ਸਾਰੇ ਦੇਸ ਵਿੱਚ ਪ੍ਰਭੂ ਦਾ ਬਚਨ ਫੈਲਦਾ ਗਿਆ। 50ਪਰ ਯਹੂਦੀਆਂ ਨੇ, ਭਗਤਣਾਂ, ਪਤਵੰਤੀਆਂ ਔਰਤਾਂ ਅਤੇ ਨਗਰ ਦੇ ਵੱਡੇ ਆਦਮੀਆਂ ਨੂੰ ਭਰਮਾਇਆ ਅਤੇ ਪੌਲੁਸ, ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਨ੍ਹਾਂ ਨੂੰ ਆਪਣੀ ਹੱਦੋਂ ਬਾਹਰ ਕੱਢ ਦਿੱਤਾ। 51ਪਰ ਉਹਨਾਂ ਨੇ ਉਨ੍ਹਾਂ ਦੇ ਸਾਹਮਣੇ ਆਪਣਿਆਂ ਪੈਰਾਂ ਦੀ ਧੂੜ ਨੂੰ ਝਾੜ ਕੇ, ਇਕੋਨਿਯੁਮ ਵਿੱਚ ਆਏ। 52ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਦੇ ਗਏ।
Currently Selected:
ਰਸੂਲਾਂ ਦੇ ਕਰਤੱਬ 13: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.