YouVersion Logo
Search Icon

ਕਹਾਉਤਾਂ 3

3
ਯਹੋਵਾਹ ਉੱਤੇ ਭਰੋਸਾ
1ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ,
ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ,
2ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਂਣ ਦੇ ਵਰ੍ਹੇ,
ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ।
3ਦਯਾ ਅਤੇ ਸਚਿਆਈ ਤੈਨੂੰ ਨਾ ਛੱਡਣ,
ਓਹਨਾਂ ਨੂੰ ਆਪਣੇ ਗਲ ਦੇ ਦੁਆਲੇ ਬੰਨ੍ਹ ਲੈ,
ਓਹਨਾਂ ਨੂੰ ਆਪਣੇ ਮਨ ਦੀ ਤਖ਼ਤੀ ਉੱਤੇ ਲਿਖ
ਲੈ,
4ਤਾਂ ਤੂੰ ਪਰਮੇਸ਼ੁਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ
ਕਿਰਪਾ ਅਤੇ ਨੇਕ ਨਾਮੀ ਪਾਏਂਗਾ।
5ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ
ਰੱਖ,
ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।
6ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ,
ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।
7ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ,
ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ
ਰਹੁ।
8ਏਸ ਤੋਂ ਤੇਰੀ ਨਾਭੀ ਨਿਰੋਗ,
ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ।
9ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ
ਪਹਿਲੇ ਫਲ ਨਾਲ
ਯਹੋਵਾਹ ਦੀ ਮਹਿਮਾ ਕਰ,
10ਤਾਂ ਤੇਰੇ ਖਾਤੇ ਪੈਦਾਵਾਰ ਨਾਲ ਭਰੇ ਪੂਰੇ ਰਹਿਣਗੇ,
ਅਤੇ ਤੇਰੇ ਦਾਖਾਂ ਦੇ ਵੇਲਣੇ ਨਵੇਂ ਰਸ ਨਾਲ
ਛਲਕਣਗੇ।
11ਹੇ ਮੇਰੇ ਪੁੱਤ੍ਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ,
ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈਂ,
12ਕਿਉਂ ਜੋ ਯਹੋਵਾਹ ਉਸੇ ਨੂੰ ਤਾੜਦਾ ਹੈ ਜਿਹ ਦੇ
ਨਾਲ ਪਿਆਰ ਕਰਦਾ ਹੈ,
ਜਿਵੇਂ ਪਿਉ ਉਸ ਪੁੱਤ੍ਰ ਨੂੰ ਜਿਸ ਤੋਂ ਉਹ ਪਰਸੰਨ ਹੈ।
13ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ,
ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ,
14ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ
ਨਾਲੋਂ,
ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ।
15ਉਹ ਤਾਂ ਲਾਲਾਂ ਨਾਲੋਂ ਵੀ ਅਣਮੁੱਲ ਹੈ,
ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਓਹਨਾਂ
ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ।
16ਵੱਡੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ,
ਅਤੇ ਖੱਬੇ ਹੱਥ ਵਿੱਚ ਧਨ ਤੇ ਆਦਰ ਹੈ।
17ਉਹ ਦੇ ਰਾਹ ਮਨ ਭਾਉਂਦੇ,
ਅਤੇ ਉਹ ਦੇ ਸਾਰੇ ਪਹੇ ਸ਼ਾਂਤੀ ਦੇ ਹਨ।
18ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ
ਜੀਉਣ ਦਾ ਬਿਰਛ ਹੈ,
ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼
ਰਹਿੰਦਾ ਹੈ।।
19ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨਿਉਂ ਧਰੀ,
ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।
20ਉਹ ਦੇ ਗਿਆਨ ਨਾਲ ਹੀ ਡੁੰਘਿਆਈਆਂ ਫੁੱਟ
ਨਿੱਕਲੀਆਂ,
ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।।
21ਹੇ ਮੇਰੇ ਪੁੱਤ੍ਰ, ਦਨਾਈ ਅਤੇ ਸੋਝੀ ਨੂੰ ਸਾਂਭ ਕੇ ਰੱਖ,
ਏਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ
ਦੇਹ।
22ਓਹ ਤੇਰੇ ਜੀ ਲਈ ਜੀਉਣ,
ਅਤੇ ਤੇਰੇ ਗਲ ਲਈ ਸਿੰਗਾਰ#3:22 ਇਬਰ., ਕਿਰਪਾ । ਹੋਣਗੀਆਂ।
23ਫੇਰ ਤੂੰ ਆਪਣੇ ਰਾਹ ਵਿੱਚ ਬੇਖਟਕੇ ਚੱਲੇਂਗਾ,
ਅਤੇ ਤੇਰਾ ਪੈਰ ਠੇਡਾ ਨਾ ਖਾਵਗਾ।
24ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ
ਲੱਗੇਗਾ, -
ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿਠੀ
ਹੋਵੇਗੀ।
25ਅਚਾਣਕ ਦੇ ਭੈ ਤੋਂ ਨਾ ਡਰੀਂ,
ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਵਿਰਾਨੀ
ਤੋਂ,
26ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ,
ਅਤੇ ਉਹ ਤੇਰੇ ਪੈਰ ਨੂੰ ਫਸਣ ਤੋਂ ਬਚਾਵੇਗਾ
27ਜੇ ਤੇਰੇ ਹੱਥ ਵੱਸ ਹੋਵੇ,
ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ
ਰੁੱਕੀਂ ।।
28ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ
ਆਖੀਂ,
ਭਈ ਤੂੰ ਜਾਹ, ਫੇਰ ਆਵੀਂ, ਮੈਂ ਭਲਕੇ ਤੈਨੂੰ
ਦੇਵਾਂਗਾ।
29ਜਦ ਤੇਰਾ ਗੁਆਂਢੀ ਨਿਚਿੰਤ ਤੇਰੇ ਕੋਲ ਵੱਸਦਾ ਹੈ,
ਤਾਂ ਉਹ ਦੀ ਬੁਰਿਆਈ ਦੀ ਜੁਗਤ ਨਾ ਕਰ।
30ਜਿਹ ਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ,
ਉਹ ਦੇ ਨਾਲ ਐਵੇਂ ਬਖੇੜਾ ਨਾ ਕਰ।
31ਜ਼ਾਲਮ ਦੀ ਰੀਸ ਨਾ ਕਰ,
ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ,
32ਕਿਉਂ ਜੋ ਕੱਬੇ ਤੋਂ ਯਹੋਵਾਹ ਨੂੰ ਘਿਣ ਆਉਂਦੀ
ਹੈ,
ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ।
33ਦੁਸ਼ਟਾਂ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ
ਹੈ,
ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ
ਹੈ।
34ਸੱਚੀ ਮੁੱਚੀ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ
ਮਾਰਦਾ ਹੈ,
ਪਰ ਮਸਕੀਨਾਂ ਉੱਤੇ ਉਹ ਕਿਰਪਾ ਕਰਦਾ ਹੈ।
35ਬੁੱਧਵਾਨ ਆਦਰ ਦੇ ਵਾਰਸ ਹੋਣਗੇ,
ਪਰ ਮੂਰਖਾਂ ਦੀ ਤਰੱਕੀ ਬੱਸ ਸ਼ਰਮ ਹੀ ਹੋਵੇਗੀ!।।

Highlight

Copy

Compare

Share

None

Want to have your highlights saved across all your devices? Sign up or sign in