ਮਾਰਦਕਈ ਨੇ ਇਹਨਾਂ ਘਟਨਾਵਾਂ ਨੂੰ ਦਰਜ ਕੀਤਾ ਅਤੇ ਉਸਨੇ ਸਾਰੇ ਯਹੂਦੀਆਂ ਨੂੰ ਰਾਜੇ ਅਹਸ਼ਵੇਰੋਸ਼ ਦੇ ਨੇੜੇ ਅਤੇ ਦੂਰ ਦੇ ਸਾਰੇ ਸੂਬਿਆਂ ਵਿੱਚ ਚਿੱਠੀਆਂ ਭੇਜੀਆਂ, ਤਾਂ ਜੋ ਉਹ ਹਰ ਸਾਲ ਅਦਾਰ ਦੇ ਮਹੀਨੇ ਦਾ ਚੌਧਵਾਂ ਅਤੇ ਪੰਦਰਵਾਂ ਦਿਨ ਮਨਾਉਣ। ਕਿਉਂਕਿ ਇਹ ਹੀ ਉਹ ਦਿਨ ਸਨ, ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ, ਅਤੇ ਇਸ ਮਹੀਨੇ ਵਿੱਚ ਉਨ੍ਹਾਂ ਦਾ ਗਮ ਅਨੰਦ ਵਿੱਚ ਅਤੇ ਰੋਣਾ-ਪਿੱਟਣਾ ਖੁਸ਼ੀ ਦੇ ਦਿਨ ਵਿੱਚ ਬਦਲ ਗਿਆ। ਇਸ ਲਈ ਉਹ ਇਸ ਦਿਨ ਨੂੰ ਦਾਅਵਤ, ਅਨੰਦ, ਅਤੇ ਇੱਕ-ਦੂਜੇ ਨੂੰ ਸੁਗਾਤਾਂ ਭੇਜਣ ਦਾ ਦਿਨ ਅਤੇ ਗਰੀਬਾਂ ਨੂੰ ਦਾਨ ਦੇਣ ਦਾ ਦਿਨ ਕਰਕੇ ਮਨਾਉਣ।