Chapa ya Youversion
Ikoni ya Utafutaji

ਉਤਪਤ 20

20
ਅਬਰਾਹਾਮ ਅਤੇ ਅਬੀਮੇਲੇਕ
1ਹੁਣ ਅਬਰਾਹਾਮ ਉੱਥੋਂ ਨੇਗੇਵ ਦੇ ਇਲਾਕੇ ਵਿੱਚ ਚਲਾ ਗਿਆ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਰਹਿੰਦਾ ਸੀ ਅਤੇ ਥੋੜੀ ਦੇਰ ਲਈ ਉਹ ਗਰਾਰ ਵਿੱਚ ਠਹਿਰਿਆ, 2ਅਤੇ ਉੱਥੇ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਬਾਰੇ ਆਖਿਆ, “ਉਹ ਮੇਰੀ ਭੈਣ ਹੈ।” ਫ਼ੇਰ ਗਰਾਰ ਦੇ ਰਾਜੇ ਅਬੀਮੇਲੇਕ ਨੇ ਸਾਰਾਹ ਨੂੰ ਬੁਲਾਇਆ ਅਤੇ ਉਸਨੂੰ ਲੈ ਗਿਆ।
3ਪਰ ਪਰਮੇਸ਼ਵਰ ਇੱਕ ਰਾਤ ਸੁਪਨੇ ਵਿੱਚ ਅਬੀਮੇਲੇਕ ਕੋਲ ਆਇਆ ਅਤੇ ਉਸ ਨੂੰ ਕਿਹਾ, “ਤੂੰ ਜਿਸ ਔਰਤ ਨੂੰ ਲੈ ਲਿਆ ਹੈ ਉਸ ਦੇ ਕਾਰਨ ਤੂੰ ਮਰਨ ਵਾਲਾ ਹੈ ਕਿਉਂ ਜੋ ਉਹ ਇੱਕ ਵਿਆਹੁਤਾ ਔਰਤ ਹੈ।”
4ਹੁਣ ਅਬੀਮੇਲੇਕ ਉਸ ਦੇ ਨੇੜੇ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, “ਯਾਹਵੇਹ, ਕੀ ਤੁਸੀਂ ਇੱਕ ਨਿਰਦੋਸ਼ ਕੌਮ ਨੂੰ ਤਬਾਹ ਕਰੋਗੇ? 5ਕੀ ਉਸ ਨੇ ਮੈਨੂੰ ਇਹ ਨਹੀਂ ਕਿਹਾ, ‘ਉਹ ਮੇਰੀ ਭੈਣ ਹੈ,’ ਅਤੇ ਇਹ ਵੀ ਨਹੀਂ ਕਿਹਾ, ‘ਉਹ ਮੇਰਾ ਭਰਾ ਹੈ’? ਮੈਂ ਸਾਫ਼ ਜ਼ਮੀਰ ਅਤੇ ਸਾਫ਼ ਹੱਥਾਂ ਨਾਲ ਇਹ ਕੀਤਾ ਹੈ।”
6ਤਦ ਪਰਮੇਸ਼ਵਰ ਨੇ ਸੁਪਨੇ ਵਿੱਚ ਉਸ ਨੂੰ ਕਿਹਾ, “ਹਾਂ, ਮੈਂ ਜਾਣਦਾ ਹਾਂ ਕਿ ਤੂੰ ਇਹ ਗੱਲ ਸਾਫ਼ ਜ਼ਮੀਰ ਨਾਲ ਕੀਤੀ ਹੈ, ਇਸ ਲਈ ਮੈਂ ਤੈਨੂੰ ਮੇਰੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ। ਇਸੇ ਲਈ ਮੈਂ ਤੈਨੂੰ ਉਸ ਨੂੰ ਛੂਹਣ ਨਹੀਂ ਦਿੱਤਾ। 7ਹੁਣ ਆਦਮੀ ਦੀ ਪਤਨੀ ਨੂੰ ਮੋੜ ਦੇ ਕਿਉਂ ਜੋ ਉਹ ਇੱਕ ਨਬੀ ਹੈ ਅਤੇ ਉਹ ਤੇਰੇ ਲਈ ਪ੍ਰਾਰਥਨਾ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ। ਪਰ ਜੇ ਤੂੰ ਉਸ ਨੂੰ ਵਾਪਸ ਨਹੀਂ ਕਰੇ, ਤਾਂ ਤੂੰ ਜਾਣ ਲੈ ਕੇ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ।”
8ਅਗਲੀ ਸਵੇਰ ਅਬੀਮੇਲੇਕ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਜਦੋਂ ਉਸ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਬਹੁਤ ਡਰ ਗਏ। 9ਤਦ ਅਬੀਮੇਲੇਕ ਨੇ ਅਬਰਾਹਾਮ ਨੂੰ ਅੰਦਰ ਬੁਲਾਇਆ ਅਤੇ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਮੈਂ ਤੇਰਾ ਕੀ ਗਲਤ ਕੀਤਾ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇੰਨਾ ਵੱਡਾ ਦੋਸ਼ ਲਿਆਇਆ ਹੈ? ਤੂੰ ਮੇਰੇ ਨਾਲ ਉਹ ਕੰਮ ਕੀਤਾ ਜੋ ਤੈਨੂੰ ਨਹੀਂ ਕਰਨਾ ਚਹੀਦਾ ਸੀ।” 10ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਤੇਰਾ ਅਜਿਹਾ ਕਰਨ ਦਾ ਕੀ ਕਾਰਨ ਸੀ?”
11ਅਬਰਾਹਾਮ ਨੇ ਉੱਤਰ ਦਿੱਤਾ, “ਮੈਂ ਆਪਣੇ ਮਨ ਵਿੱਚ ਕਿਹਾ, ‘ਇਸ ਥਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਉਹ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਦੇਣਗੇ।’ 12ਇਸ ਤੋਂ ਇਲਾਵਾ, ਉਹ ਸੱਚ-ਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਂ ਦੀ ਧੀ ਨਹੀਂ ਹੈ ਅਤੇ ਫਿਰ ਉਹ ਮੇਰੀ ਪਤਨੀ ਬਣ ਗਈ। 13ਅਤੇ ਜਦੋਂ ਪਰਮੇਸ਼ਵਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਲਈ ਕਿਹਾ, ਤਦ ਮੈਂ ਉਸ ਨੂੰ ਕਿਹਾ, ‘ਤੂੰ ਇਸ ਤਰ੍ਹਾਂ ਮੈਨੂੰ ਆਪਣਾ ਪਿਆਰ ਦਿਖਾ ਸਕਦੀ ਹੈ: ਜਿੱਥੇ ਵੀ ਅਸੀਂ ਜਾਈਏ, ਮੇਰੇ ਬਾਰੇ ਕਹਿਣਾ, ਉਹ ਮੇਰਾ ਭਰਾ ਹੈ।’ ”
14ਤਦ ਅਬੀਮੇਲੇਕ ਨੇ ਭੇਡਾਂ, ਡੰਗਰ ਅਤੇ ਨਰ ਅਤੇ ਦਾਸੀਆਂ ਲੈ ਕੇ ਅਬਰਾਹਾਮ ਨੂੰ ਦੇ ਦਿੱਤੀਆਂ ਅਤੇ ਉਸ ਨੇ ਉਸ ਦੀ ਪਤਨੀ ਸਾਰਾਹ ਨੂੰ ਵਾਪਸ ਕਰ ਦਿੱਤਾ। 15ਅਤੇ ਅਬੀਮੇਲੇਕ ਨੇ ਆਖਿਆ, “ਮੇਰੀ ਧਰਤੀ ਤੇਰੇ ਅੱਗੇ ਹੈ। ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ।”
16ਉਸ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਨੂੰ ਚਾਂਦੀ ਦੇ ਇੱਕ ਹਜ਼ਾਰ ਸਿੱਕੇ#20:16 ਇੱਕ ਹਜ਼ਾਰ ਸਿੱਕੇ ਲਗਭਗ 12 ਕਿੱਲੋਗ੍ਰਾਮ ਦੇ ਰਿਹਾ ਹਾਂ। ਇਹ ਤੁਹਾਡੇ ਵਿਰੁੱਧ ਜੁਰਮ ਨੂੰ ਉਹਨਾਂ ਸਾਰਿਆਂ ਸਾਹਮਣੇ ਪਰਦਾ ਕਰਨ ਲਈ ਹੈ ਜੋ ਤੁਹਾਡੇ ਨਾਲ ਹਨ, ਤੁਸੀਂ ਪੂਰੀ ਤਰ੍ਹਾਂ ਨਾਲ ਸਾਬਤ ਹੋ ਗਏ ਹੋ।”
17ਤਦ ਅਬਰਾਹਾਮ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਅਬੀਮੇਲੇਕ, ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕੀਤਾ ਤਾਂ ਜੋ ਉਹ ਦੁਬਾਰਾ ਬੱਚੇ ਪੈਦਾ ਕਰ ਸਕਣ, 18ਕਿਉਂਕਿ ਯਾਹਵੇਹ ਨੇ ਅਬੀਮੇਲੇਕ ਦੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਗਰਭਵਤੀ ਹੋਣ ਤੋਂ ਰੋਕ ਦਿੱਤਾ ਸੀ।

Iliyochaguliwa sasa

ਉਤਪਤ 20: OPCV

Kuonyesha

Shirikisha

Nakili

None

Je, ungependa vivutio vyako vihifadhiwe kwenye vifaa vyako vyote? Jisajili au ingia