Logoja YouVersion
Ikona e kërkimit

ਉਤਪਤ 15

15
ਅਬਰਾਮ ਨਾਲ ਪਰਮੇਸ਼ਵਰ ਦਾ ਨੇਮ
1ਇਸ ਤੋਂ ਬਾਅਦ, ਇੱਕ ਦਰਸ਼ਣ ਵਿੱਚ ਅਬਰਾਮ ਨੂੰ ਯਾਹਵੇਹ ਦਾ ਬਚਨ ਆਇਆ:
“ਅਬਰਾਮ, ਨਾ ਡਰ,
ਮੈਂ ਤੇਰੀ ਢਾਲ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ।”
2ਪਰ ਅਬਰਾਮ ਨੇ ਕਿਹਾ, “ਹੇ ਪ੍ਰਭੂ ਯਾਹਵੇਹ, ਤੂੰ ਮੈਨੂੰ ਕੀ ਦੇ ਸਕਦਾ ਹੈਂ ਕਿਉਂਕਿ ਮੈਂ ਤਾਂ ਬੇ-ਔਲਾਦ ਹਾਂ ਅਤੇ ਮੇਰੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ, ਕਿ ਦੰਮਿਸ਼ਕ ਦਾ ਅਲੀਅਜ਼ਰ ਹੋਵੇਗਾ?” 3ਅਤੇ ਅਬਰਾਮ ਨੇ ਇਹ ਵੀ ਆਖਿਆ, “ਤੂੰ ਮੈਨੂੰ ਕੋਈ ਔਲਾਦ ਨਹੀਂ ਦਿੱਤੀ, ਇਸ ਲਈ ਮੇਰੇ ਘਰ ਦਾ ਇੱਕ ਨੌਕਰ ਮੇਰਾ ਵਾਰਸ ਹੋਵੇਗਾ।”
4ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਇਹ ਮਨੁੱਖ ਤੇਰਾ ਵਾਰਿਸ ਨਹੀਂ ਹੋਵੇਗਾ, ਪਰ ਇੱਕ ਪੁੱਤਰ ਜੋ ਤੇਰਾ ਮਾਸ ਅਤੇ ਲਹੂ ਹੈ, ਤੇਰਾ ਵਾਰਸ ਹੋਵੇਗਾ” 5ਉਹ ਉਸ ਨੂੰ ਬਾਹਰ ਲੈ ਗਿਆ ਅਤੇ ਕਿਹਾ, “ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਜੇ ਤੂੰ ਉਹਨਾਂ ਨੂੰ ਗਿਣ ਸਕਦਾ ਹੈ।” ਤਦ ਉਸ ਨੇ ਉਸਨੂੰ ਕਿਹਾ, “ਇਸੇ ਤਰ੍ਹਾਂ ਤੂੰ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ।”
6ਅਬਰਾਮ ਨੇ ਯਾਹਵੇਹ ਉੱਤੇ ਵਿਸ਼ਵਾਸ ਕੀਤਾ, ਅਤੇ ਉਸ ਦੇ ਲਈ ਇਹ ਗੱਲ ਧਾਰਮਿਕਤਾ ਗਿਣੀ ਗਈ।
7ਉਸ ਨੇ ਉਸ ਨੂੰ ਇਹ ਵੀ ਕਿਹਾ, “ਮੈਂ ਉਹ ਯਾਹਵੇਹ ਹਾਂ, ਜੋ ਤੁਹਾਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਇਆ ਤਾਂ ਜੋ ਤੈਨੂੰ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਦੇਵੇ।”
8ਪਰ ਅਬਰਾਮ ਨੇ ਕਿਹਾ, “ਹੇ ਪ੍ਰਭੂ ਯਾਹਵੇਹ, ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੈਂ ਇਸ ਉੱਤੇ ਕਬਜ਼ਾ ਕਰ ਲਵਾਂਗਾ?”
9ਤਾਂ ਯਾਹਵੇਹ ਨੇ ਉਸ ਨੂੰ ਕਿਹਾ, “ਮੇਰੇ ਕੋਲ ਇੱਕ ਵੱਛੀ, ਇੱਕ ਬੱਕਰੀ ਅਤੇ ਇੱਕ ਤਿੰਨ ਸਾਲ ਦਾ ਲੇਲਾ ਲਿਆਓ, ਇੱਕ ਘੁੱਗੀ ਅਤੇ ਇੱਕ ਕਬੂਤਰ ਦਾ ਬੱਚਾ ਵੀ ਲੈ ਆਓ।”
10ਅਬਰਾਮ ਇਨ੍ਹਾਂ ਸਭਨਾਂ ਨੂੰ ਆਪਣੇ ਕੋਲ ਲਿਆਇਆ ਅਤੇ ਉਹਨਾਂ ਦੇ ਦੋ-ਦੋ ਟੁਕੜੇ ਕੀਤੇ ਅਤੇ ਇੱਕ-ਦੂਜੇ ਦੇ ਸਾਹਮਣੇ ਅੱਧੇ ਹਿੱਸੇ ਕੀਤੇ, ਪਰ ਉਸਨੇ ਪੰਛੀਆਂ ਦੇ ਟੁਕੜੇ ਨਾ ਕੀਤੇ। 11ਤਦ ਸ਼ਿਕਾਰੀ ਪੰਛੀਆਂ ਦੀਆਂ ਲੋਥਾਂ ਉੱਤੇ ਉਤਰੇ, ਪਰ ਅਬਰਾਮ ਨੇ ਉਹਨਾਂ ਨੂੰ ਭਜਾ ਦਿੱਤਾ।
12ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜ੍ਹੀ ਨੀਂਦ ਵਿੱਚ ਸੋ ਗਿਆ ਤਦ ਇੱਕ ਸੰਘਣਾ ਅਤੇ ਭਿਆਨਕ ਹਨੇਰਾ ਉਸ ਉੱਤੇ ਛਾ ਗਿਆ। 13ਤਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਨਿਸ਼ਚਤ ਤੌਰ ਉੱਤੇ ਜਾਣ ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਉੱਥੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ। 14ਪਰ ਮੈਂ ਉਸ ਕੌਮ ਨੂੰ ਵੀ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ ਅਤੇ ਉਸ ਤੋਂ ਬਾਅਦ ਉਹ ਵੱਡੀਆਂ ਚੀਜ਼ਾਂ ਲੈ ਕੇ ਨਿੱਕਲਣਗੇ। 15ਪਰ ਤੂੰ ਸ਼ਾਂਤੀ ਨਾਲ ਆਪਣੇ ਪੁਰਖਿਆਂ ਕੋਲ ਜਾਵੇਗਾ ਅਤੇ ਪੂਰੇ ਬੁਢਾਪੇ ਵਿੱਚ ਦਫ਼ਨਾਇਆ ਜਾਵੇਗਾ। 16ਚੌਥੀ ਪੀੜ੍ਹੀ ਵਿੱਚ ਉਹ ਇੱਥੇ ਮੁੜ ਆਉਣਗੇ ਕਿਉਂ ਜੋ ਅਮੋਰੀਆਂ ਦਾ ਪਾਪ ਅਜੇ ਪੂਰਾ ਨਹੀਂ ਹੋਇਆ।”
17ਜਦੋਂ ਸੂਰਜ ਡੁੱਬ ਗਿਆ ਅਤੇ ਹਨੇਰਾ ਛਾ ਗਿਆ, ਤਾਂ ਇੱਕ ਬਲਦੀ ਮਸ਼ਾਲ ਵਾਲਾ ਧੂੰਏਂ ਦਾ ਭਾਂਡਾ ਪ੍ਰਗਟ ਹੋਇਆ ਅਤੇ ਟੁਕੜਿਆਂ ਦੇ ਵਿਚਕਾਰੋਂ ਲੰਘ ਗਿਆ। 18ਉਸ ਦਿਨ ਯਾਹਵੇਹ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਅਤੇ ਆਖਿਆ, “ਮੈਂ ਇਹ ਧਰਤੀ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੀ ਨਦੀ ਫ਼ਰਾਤ ਤੱਕ ਦੀ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ। 19ਅਰਥਾਤ ਕੇਨੀ, ਕਨਿਜ਼ੀ, ਅਤੇ ਕਦਮੋਨੀ, 20ਹਿੱਤੀ, ਪਰਿੱਜ਼ੀਆਂ, ਰਫ਼ਾਈਮ, 21ਅਮੋਰੀ, ਕਨਾਨੀ, ਗਿਰਗਾਸ਼ੀ ਅਤੇ ਯਬੂਸੀ ਇਹ ਵੀ ਦਿੱਤੇ ਹਨ।”

Aktualisht i përzgjedhur:

ਉਤਪਤ 15: OPCV

Thekso

Ndaje

Kopjo

None

A doni që theksimet tuaja të jenë të ruajtura në të gjitha pajisjet që keni? Regjistrohu ose hyr