Logo aplikace Bible
Ikona vyhledávání

ਫ਼ਿਲਿੱਪੀਆਂ 3

3
ਮਸੀਹ ਨੂੰ ਜਾਣਨਾ
1ਅੰਤ ਵਿੱਚ ਹੇ ਮੇਰੇ ਭਾਈਓ, ਪ੍ਰਭੂ ਵਿੱਚ ਅਨੰਦ ਮਨਾਓ। ਤੁਹਾਨੂੰ ਬਾਰ-ਬਾਰ ਉਹੀ ਗੱਲਾਂ ਲਿਖਣ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ, ਬਲਕਿ ਇਹ ਤੁਹਾਡੇ ਭਲੇ ਲਈ ਹਨ।
2“ਕੁੱਤਿਆਂ” ਤੋਂ ਸਾਵਧਾਨ ਰਹੋ, ਕੁਕਰਮੀਆਂ ਤੋਂ ਸਾਵਧਾਨ ਰਹੋ, ਸੁੰਨਤ 'ਤੇ ਜ਼ੋਰ ਦੇਣ ਵਾਲਿਆਂ ਤੋਂ ਸਾਵਧਾਨ ਰਹੋ। 3ਕਿਉਂਕਿ ਅਸਲੀ ਸੁੰਨਤੀ ਅਸੀਂ ਹਾਂ ਜਿਹੜੇ ਪਰਮੇਸ਼ਰ ਦੇ ਆਤਮਾ ਦੁਆਰਾ ਉਸਤਤ ਕਰਦੇ ਹਾਂ ਅਤੇ ਮਸੀਹ ਯਿਸੂ ਵਿੱਚ ਅਭਿਮਾਨ ਕਰਦੇ ਹਾਂ ਤੇ ਸਰੀਰ ਉੱਤੇ ਭਰੋਸਾ ਨਹੀਂ ਰੱਖਦੇ, 4ਜਦਕਿ ਮੈਂ ਸਰੀਰ ਉੱਤੇ ਭਰੋਸਾ ਰੱਖ ਵੀ ਸਕਦਾ ਹਾਂ। ਜੇ ਕੋਈ ਸੋਚਦਾ ਹੈ ਕਿ ਉਸ ਕੋਲ ਸਰੀਰ ਉੱਤੇ ਭਰੋਸਾ ਰੱਖਣ ਦਾ ਕਾਰਨ ਹੈ ਤਾਂ ਮੇਰੇ ਕੋਲ ਵਧਕੇ ਹੈ; 5ਅੱਠਵੇਂ ਦਿਨ ਮੇਰੀ ਸੁੰਨਤ ਹੋਈ, ਮੈਂ ਇਸਰਾਏਲ ਕੌਮ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਦਾ ਹਾਂ, ਇਬਰਾਨੀਆਂ ਦਾ ਇਬਰਾਨੀ, ਬਿਵਸਥਾ ਦੀ ਗੱਲ ਕਰੋ ਤਾਂ ਇੱਕ ਫ਼ਰੀਸੀ, 6ਉਤਸ਼ਾਹ ਦੀ ਗੱਲ ਕਰੋ ਤਾਂ ਕਲੀਸਿਯਾ ਦਾ ਸਤਾਉਣ ਵਾਲਾ, ਬਿਵਸਥਾ 'ਤੇ ਅਧਾਰਤ ਧਾਰਮਿਕਤਾ ਦੀ ਗੱਲ ਕਰੋ ਤਾਂ ਦੋਸ਼-ਰਹਿਤ।
7ਪਰ ਜੋ ਗੱਲਾਂ ਮੇਰੇ ਲਾਭ ਦੀਆਂ ਸਨ ਉਨ੍ਹਾਂ ਨੂੰ ਮੈਂ ਮਸੀਹ ਦੀ ਖਾਤਰ ਹਾਨੀ ਦੀਆਂ ਸਮਝਿਆ। 8ਬਲਕਿ ਇਸ ਤੋਂ ਵੀ ਵਧਕੇ, ਮੈਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾ ਦੇ ਕਾਰਨ ਸਭ ਗੱਲਾਂ ਨੂੰ ਹਾਨੀ ਦੀਆਂ ਸਮਝਦਾ ਹਾਂ ਜਿਸ ਦੀ ਖਾਤਰ ਮੈਂ ਸਭਨਾਂ ਗੱਲਾਂ ਦੀ ਹਾਨੀ ਝੱਲੀ; ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਤਾਂਕਿ ਮੈਂ ਮਸੀਹ ਨੂੰ ਪਾ ਲਵਾਂ 9ਅਤੇ ਆਪ ਵੀ ਉਸੇ ਵਿੱਚ ਪਾਇਆ ਜਾਵਾਂ। ਇਹ ਮੇਰੀ ਉਸ ਧਾਰਮਿਕਤਾ ਦੇ ਕਾਰਨ ਨਹੀਂ ਹੈ ਜੋ ਬਿਵਸਥਾ ਤੋਂ ਹੈ, ਸਗੋਂ ਉਸ ਧਾਰਮਿਕਤਾ ਦੇ ਕਾਰਨ ਹੈ ਜੋ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ ਅਰਥਾਤ ਉਹ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਪਰਮੇਸ਼ਰ ਤੋਂ ਪ੍ਰਾਪਤ ਹੁੰਦੀ ਹੈ। 10ਮੈਂ ਚਾਹੁੰਦਾ ਹਾਂ ਕਿ ਮੈਂ ਮਸੀਹ ਨੂੰ, ਉਸ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਅਤੇ ਉਸ ਦੇ ਦੁੱਖਾਂ ਵਿੱਚ ਸਾਂਝੀ ਹੋਣ ਨੂੰ ਜਾਣਾਂ ਅਤੇ ਉਸ ਦੀ ਮੌਤ ਦੀ ਸਮਾਨਤਾ ਵਿੱਚ ਬਦਲਦਾ ਜਾਵਾਂ 11ਤਾਂਕਿ ਮੈਂ ਕਿਸੇ ਤਰ੍ਹਾਂ ਮੁਰਦਿਆਂ ਦੇ ਪੁਨਰ-ਉਥਾਨ ਨੂੰ ਪ੍ਰਾਪਤ ਕਰ ਸਕਾਂ।
ਨਿਸ਼ਾਨੇ ਵੱਲ ਵਧਣਾ
12ਇਹ ਨਹੀਂ ਕਿ ਮੈਂ ਪ੍ਰਾਪਤ ਕਰ ਚੁੱਕਾ ਹਾਂ ਜਾਂ ਸਿੱਧ ਹੋ ਚੁੱਕਾ ਹਾਂ, ਸਗੋਂ ਮੈਂ ਇਸ ਦੇ ਪਿੱਛੇ ਲੱਗਾ ਰਹਿੰਦਾ ਹਾਂ ਕਿ ਇਸ ਨੂੰ ਪ੍ਰਾਪਤ ਕਰ ਲਵਾਂ, ਕਿਉਂਕਿ ਇਸੇ ਦੇ ਲਈ ਮਸੀਹ ਯਿਸੂ ਨੇ ਮੈਨੂੰ ਫੜਿਆ ਸੀ। 13ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ। 14ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।
15ਇਸ ਲਈ ਸਾਡੇ ਵਿੱਚੋਂ ਜਿੰਨੇ ਵੀ ਸਿਆਣੇ ਹਨ, ਇਸੇ ਤਰ੍ਹਾਂ ਦੀ ਸੋਚ ਰੱਖੀਏ; ਜੇ ਤੁਸੀਂ ਕੁਝ ਅਲੱਗ ਸੋਚਦੇ ਹੋ ਤਾਂ ਪਰਮੇਸ਼ਰ ਉਸ ਨੂੰ ਵੀ ਤੁਹਾਡੇ ਉੱਤੇ ਪਰਗਟ ਕਰੇਗਾ। 16ਪਰ ਫਿਰ ਵੀ, ਜੋ ਅਸੀਂ ਪ੍ਰਾਪਤ ਕਰ ਲਿਆ ਹੈ ਉਸੇ ਦੇ ਅਨੁਸਾਰ ਚੱਲੀਏ#3:16 ਕੁਝ ਹਸਤਲੇਖਾਂ ਵਿੱਚ “ਉਸੇ ਦੇ ਅਨੁਸਾਰ ਚੱਲੀਏ” ਦੇ ਸਥਾਨ 'ਤੇ “ਉਸੇ ਨਿਯਮ ਦੇ ਅਨੁਸਾਰ ਚੱਲੀਏ ਅਤੇ ਇੱਕੋ ਜਿਹੀ ਸੋਚ ਰੱਖੀਏ” ਲਿਖਿਆ ਹੈ।
17ਹੇ ਭਾਈਓ, ਸਭ ਮਿਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਦਿਓ ਜਿਹੜੇ ਉਸ ਨਮੂਨੇ ਦੇ ਅਨੁਸਾਰ ਚੱਲਦੇ ਹਨ ਜੋ ਅਸੀਂ ਤੁਹਾਡੇ ਲਈ ਪੇਸ਼ ਕੀਤਾ ਹੈ। 18ਕਿਉਂਕਿ ਬਹੁਤ ਹਨ ਜਿਨ੍ਹਾਂ ਬਾਰੇ ਮੈਂ ਅਕਸਰ ਤੁਹਾਨੂੰ ਦੱਸਿਆ ਹੈ ਅਤੇ ਹੁਣ ਵੀ ਰੋਂਦੇ ਹੋਏ ਦੱਸਦਾ ਹਾਂ ਕਿ ਉਹ ਆਪਣੇ ਚਾਲ-ਚਲਣ ਤੋਂ ਮਸੀਹ ਦੀ ਸਲੀਬ ਦੇ ਵੈਰੀ ਹਨ। 19ਉਨ੍ਹਾਂ ਦਾ ਅੰਤ ਨਾਸ ਹੈ ਅਤੇ ਉਨ੍ਹਾਂ ਦਾ ਪੇਟ ਹੀ ਉਨ੍ਹਾਂ ਦਾ ਈਸ਼ਵਰ ਹੈ। ਉਨ੍ਹਾਂ ਨੂੰ ਆਪਣੀ ਬੇਸ਼ਰਮੀ 'ਤੇ ਘਮੰਡ ਹੈ ਅਤੇ ਅਜਿਹੇ ਕੇਵਲ ਧਰਤੀ ਦੀਆਂ ਚੀਜ਼ਾਂ ਬਾਰੇ ਸੋਚਦੇ ਹਨ। 20ਪਰ ਸਾਡੀ ਨਾਗਰਿਕਤਾ ਸਵਰਗ ਦੀ ਹੈ ਜਿੱਥੋਂ ਅਸੀਂ ਉਤਸੁਕਤਾ ਨਾਲ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰ ਰਹੇ ਹਾਂ। 21ਉਹ ਆਪਣੀ ਉਸ ਸਮਰੱਥਾ ਅਨੁਸਾਰ ਜਿਸ ਨਾਲ ਉਹ ਸਭ ਵਸਤਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ, ਸਾਡੀ ਨਿਰਬਲ ਦੇਹ ਨੂੰ ਆਪਣੀ ਮਹਿਮਾਮਈ ਦੇਹ ਦੇ ਸਰੂਪ ਵਿੱਚ ਬਦਲ ਦੇਵੇਗਾ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas