Logo aplikace Bible
Ikona vyhledávání

ਫ਼ਿਲਿੱਪੀਆਂ 4

4
ਪ੍ਰਭੂ ਵਿੱਚ ਦ੍ਰਿੜ੍ਹ ਰਹੋ
1ਇਸ ਲਈ, ਹੇ ਮੇਰੇ ਪਿਆਰੇ ਭਾਈਓ, ਤੁਸੀਂ ਜਿਨ੍ਹਾਂ ਨੂੰ ਮੈਂ ਲੋਚਦਾ ਹਾਂ ਮੇਰਾ ਅਨੰਦ ਅਤੇ ਮੇਰਾ ਤਾਜ ਹੋ; ਹੇ ਪਿਆਰਿਓ, ਪ੍ਰਭੂ ਵਿੱਚ ਇਸੇ ਤਰ੍ਹਾਂ ਦ੍ਰਿੜ੍ਹ ਰਹੋ।
2ਮੈਂ ਯੂਓਦੀਆ ਨੂੰ ਬੇਨਤੀ ਕਰਦਾ ਹਾਂ ਅਤੇ ਸੁੰਤੁਖੇ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਪ੍ਰਭੂ ਵਿੱਚ ਇੱਕ ਮਨ ਰਹਿਣ। 3ਹਾਂ, ਮੇਰੇ ਸੱਚੇ ਸਹਿਕਰਮੀ, ਮੈਂ ਤੈਨੂੰ ਵੀ ਕਹਿੰਦਾ ਹਾਂ ਕਿ ਤੂੰ ਉਨ੍ਹਾਂ ਔਰਤਾਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੈਮੰਸ ਅਤੇ ਮੇਰੇ ਬਾਕੀ ਸਹਿਕਰਮੀਆਂ ਦੇ ਨਾਲ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਨਾਲ ਮਿਹਨਤ ਕੀਤੀ; ਇਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ।
4ਪ੍ਰਭੂ ਵਿੱਚ ਸਦਾ ਅਨੰਦ ਰਹੋ, ਮੈਂ ਫਿਰ ਕਹਿੰਦਾ ਹਾਂ ਅਨੰਦ ਮਨਾਓ। 5ਤੁਹਾਡੀ ਨਰਮਾਈ ਸਭਨਾਂ ਉੱਤੇ ਪਰਗਟ ਹੋਵੇ। ਪ੍ਰਭੂ ਨੇੜੇ ਹੈ। 6ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ ਪ੍ਰਾਰਥਨਾ ਅਤੇ ਨਿਵੇਦਨ ਦੇ ਦੁਆਰਾ ਧੰਨਵਾਦ ਸਹਿਤ ਆਪਣੀਆਂ ਬੇਨਤੀਆਂ ਪਰਮੇਸ਼ਰ ਸਾਹਮਣੇ ਰੱਖੋ। 7ਤਦ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਦਿਲਾਂ ਅਤੇ ਤੁਹਾਡੀਆਂ ਸੋਚਾਂ ਦੀ ਰਾਖੀ ਕਰੇਗੀ।
8ਅੰਤ ਵਿੱਚ ਹੇ ਭਾਈਓ, ਜੋ ਗੱਲਾਂ ਸੱਚੀਆਂ ਹਨ, ਜੋ ਆਦਰਯੋਗ ਹਨ, ਜੋ ਉਚਿਤ ਹਨ, ਜੋ ਸ਼ੁੱਧ ਹਨ, ਜੋ ਚੰਗੀਆਂ ਹਨ, ਜੋ ਪ੍ਰਸ਼ੰਸਾ ਦੇ ਯੋਗ ਹਨ, ਜੇ ਕੋਈ ਗੁਣ ਅਤੇ ਜੇ ਕੋਈ ਵਡਿਆਈ ਦੀ ਗੱਲ ਹੈ, ਤਾਂ ਇਨ੍ਹਾਂ ਗੱਲਾਂ 'ਤੇ ਵਿਚਾਰ ਕਰੋ। 9ਜੋ ਗੱਲਾਂ ਤੁਸੀਂ ਮੇਰੇ ਤੋਂ ਸਿੱਖੀਆਂ, ਸਵੀਕਾਰ ਕੀਤੀਆਂ, ਸੁਣੀਆਂ ਅਤੇ ਮੇਰੇ ਵਿੱਚ ਵੇਖੀਆਂ, ਉਹੀ ਕਰੋ। ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਰਹੇਗਾ।
ਦਾਨ ਦੇ ਲਈ ਧੰਨਵਾਦ
10ਮੈਂ ਪ੍ਰਭੂ ਵਿੱਚ ਬਹੁਤ ਪ੍ਰਸੰਨ ਹੋਇਆ ਕਿ ਆਖਰਕਾਰ ਮੇਰੇ ਪ੍ਰਤੀ ਤੁਹਾਡੀ ਚਿੰਤਾ ਫੇਰ ਜਾਗੀ; ਤੁਸੀਂ ਚਿੰਤਾ ਤਾਂ ਕਰਦੇ ਸੀ, ਪਰ ਤੁਹਾਨੂੰ ਇਹ ਵਿਖਾਉਣ ਦਾ ਮੌਕਾ ਨਹੀਂ ਮਿਲਿਆ। 11ਇਹ ਨਹੀਂ ਕਿ ਮੈਂ ਆਪਣੀ ਥੁੜ੍ਹ ਦੇ ਕਾਰਨ ਇਹ ਕਹਿ ਰਿਹਾ ਹਾਂ; ਕਿਉਂਕਿ ਮੈਂ ਸਿੱਖ ਲਿਆ ਹੈ ਕਿ ਜਿਸ ਵੀ ਦਸ਼ਾ ਵਿੱਚ ਹਾਂ ਉਸੇ ਵਿੱਚ ਸੰਤੁਸ਼ਟ ਰਹਾਂ। 12ਮੈਂ ਥੁੜ੍ਹ ਵਿੱਚ ਵੀ ਰਹਿਣਾ ਜਾਣਦਾ ਹਾਂ ਅਤੇ ਭਰਪੂਰੀ ਵਿੱਚ ਵੀ। ਮੈਂ ਹਰੇਕ ਦਸ਼ਾ ਵਿੱਚ ਅਤੇ ਸਭਨਾਂ ਗੱਲਾਂ ਵਿੱਚ, ਭਾਵੇਂ ਤ੍ਰਿਪਤ ਹੋਣਾ ਜਾਂ ਭੁੱਖੇ ਰਹਿਣਾ, ਭਾਵੇਂ ਭਰਪੂਰੀ ਵਿੱਚ ਜਾਂ ਥੁੜ੍ਹ ਵਿੱਚ, ਸੰਤੁਸ਼ਟ ਰਹਿਣ ਦੇ ਭੇਤ ਨੂੰ ਜਾਣ ਲਿਆ ਹੈ। 13ਮੈਂ ਉਸ#4:13 ਕੁਝ ਹਸਤਲੇਖਾਂ ਵਿੱਚ “ਮਸੀਹ” ਲਿਖਿਆ ਹੈ। ਵਿੱਚ ਜਿਹੜਾ ਮੈਨੂੰ ਬਲ ਦਿੰਦਾ ਹੈ ਸਭ ਕੁਝ ਕਰ ਸਕਦਾ ਹਾਂ, 14ਫਿਰ ਵੀ ਤੁਸੀਂ ਮੇਰੇ ਕਸ਼ਟ ਵਿੱਚ ਮੇਰੇ ਸਾਂਝੀ ਹੋ ਕੇ ਚੰਗਾ ਕੀਤਾ।
15ਹੇ ਫ਼ਿਲਿੱਪੀਓ, ਤੁਸੀਂ ਵੀ ਜਾਣਦੇ ਹੋ ਕਿ ਖੁਸ਼ਖ਼ਬਰੀ ਦੇ ਪ੍ਰਚਾਰ ਦੇ ਅਰੰਭ ਵਿੱਚ ਜਦੋਂ ਮੈਂ ਮਕਦੂਨਿਯਾ ਤੋਂ ਨਿੱਕਲਿਆ ਤਾਂ ਤੁਹਾਡੇ ਤੋਂ ਇਲਾਵਾ ਕਿਸੇ ਵੀ ਕਲੀਸਿਯਾ ਨੇ ਆਰਥਿਕ ਸਹਾਇਤਾ ਦੁਆਰਾ ਮੇਰਾ ਸਾਥ ਨਾ ਦਿੱਤਾ, 16ਕਿਉਂਕਿ ਮੇਰੀ ਥੁੜ੍ਹ ਨੂੰ ਪੂਰਾ ਕਰਨ ਲਈ ਤੁਸੀਂ ਥੱਸਲੁਨੀਕੇ ਵਿੱਚ ਵੀ ਬਾਰ-ਬਾਰ ਸਹਾਇਤਾ ਭੇਜੀ। 17ਇਹ ਨਹੀਂ ਕਿ ਮੈਂ ਦਾਨ ਚਾਹੁੰਦਾ ਹਾਂ, ਸਗੋਂ ਮੈਂ ਚਾਹੁੰਦਾ ਹਾਂ ਕਿ ਉਹ ਫਲ ਤੁਹਾਡੇ ਲਾਭ ਲਈ ਵਧਦਾ ਜਾਵੇ। 18ਮੇਰੇ ਕੋਲ ਸਭ ਕੁਝ ਹੈ, ਸਗੋਂ ਭਰਪੂਰੀ ਨਾਲ ਹੈ। ਤੁਹਾਡੇ ਵੱਲੋਂ ਇਪਾਫ਼ਰੋਦੀਤੁਸ ਦੇ ਰਾਹੀਂ ਭੇਜੀਆਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਮੈਂ ਤ੍ਰਿਪਤ ਹੋ ਗਿਆ ਹਾਂ। ਉਹ ਚੀਜ਼ਾਂ ਇੱਕ ਮਧੁਰ ਸੁਗੰਧ ਅਤੇ ਇੱਕ ਪਰਵਾਨਯੋਗ ਬਲੀਦਾਨ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ। 19ਸੋ ਮੇਰਾ ਪਰਮੇਸ਼ਰ ਆਪਣੇ ਉਸ ਧਨ ਦੇ ਅਨੁਸਾਰ ਜੋ ਮਹਿਮਾ ਸਹਿਤ ਮਸੀਹ ਯਿਸੂ ਵਿੱਚ ਹੈ ਤੁਹਾਡੀ ਹਰੇਕ ਥੁੜ੍ਹ ਨੂੰ ਪੂਰਾ ਕਰੇਗਾ। 20ਸਾਡੇ ਪਰਮੇਸ਼ਰ ਅਤੇ ਪਿਤਾ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
ਆਖਰੀ ਸਲਾਮ
21ਮਸੀਹ ਯਿਸੂ ਵਿੱਚ ਹਰੇਕ ਪਵਿੱਤਰ ਜਨ ਨੂੰ ਸਲਾਮ ਕਹਿਣਾ। ਮੇਰੇ ਨਾਲ ਦੇ ਭਾਈ ਤੁਹਾਨੂੰ ਸਲਾਮ ਕਹਿੰਦੇ ਹਨ। 22ਸਭ ਸੰਤ#4:22 ਅਰਥਾਤ ਪਵਿੱਤਰ ਲੋਕ, ਖਾਸ ਕਰਕੇ ਉਹ ਜਿਹੜੇ ਕੈਸਰ ਦੇ ਘਰਾਣੇ ਦੇ ਹਨ, ਤੁਹਾਨੂੰ ਸਲਾਮ ਕਹਿੰਦੇ ਹਨ।
23ਪ੍ਰਭੂ#4:23 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪ੍ਰਭੂ” ਲਿਖਿਆ ਹੈ। ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ#4:23 ਕੁਝ ਹਸਤਲੇਖਾਂ ਵਿੱਚ “ਤੁਹਾਡੀ ਆਤਮਾ” ਦੇ ਸਥਾਨ 'ਤੇ “ਤੁਹਾਡੇ ਸਾਰਿਆਂ” ਲਿਖਿਆ ਹੈ। ਦੇ ਨਾਲ ਬਣੀ ਰਹੇ। ਆਮੀਨ।#4:23 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas