ਮਾਰਕਸ 15
15
ਯਿਸ਼ੂ ਪਿਲਾਤੁਸ ਦੇ ਸਾਹਮਣੇ
1ਤੜਕੇ ਸਵੇਰੇ, ਮੁੱਖ ਜਾਜਕਾਂ, ਬਜ਼ੁਰਗਾਂ, ਨੇਮ ਦੇ ਉਪਦੇਸ਼ਕਾਂ ਅਤੇ ਪੂਰੀ ਮਹਾਂ ਸਭਾ ਨੇ ਆਪਣੀ ਯੋਜਨਾ ਬਣਾਈ। ਇਸ ਲਈ ਉਹਨਾਂ ਨੇ ਯਿਸ਼ੂ ਨੂੰ ਬੰਨ੍ਹਿਆ ਅਤੇ ਉਹਨਾਂ ਨੂੰ ਲੈ ਗਏ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ।
2ਪਿਲਾਤੁਸ ਨੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?”
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”
3ਮੁੱਖ ਜਾਜਕਾਂ ਨੇ ਯਿਸ਼ੂ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਦੋਸ਼ ਲਗਾਇਆ। 4ਤਾਂ ਪਿਲਾਤੁਸ ਨੇ ਯਿਸ਼ੂ ਤੋਂ ਫਿਰ ਪੁੱਛਿਆ, “ਤੂੰ ਕੁਝ ਜਵਾਬ ਨਹੀਂ ਦਿੰਦਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।”
5ਪਰ ਯਿਸ਼ੂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਹੈਰਾਨ ਹੋ ਗਿਆ।
6ਉਸ ਤਿਉਹਾਰ ਦਾ ਰਿਵਾਜ ਸੀ ਕਿ ਲੋਕਾਂ ਦੀ ਬੇਨਤੀ ਤੇ ਇੱਕ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ। 7ਬਾਰ-ਅੱਬਾਸ ਨਾਮ ਦਾ ਇੱਕ ਆਦਮੀ ਉਸ ਬਗਾਵਤ ਕਰਨ ਵਾਲਿਆਂ ਨਾਲ ਜੇਲ੍ਹ ਵਿੱਚ ਸੀ ਜਿਸ ਨੇ ਵਿਦਰੋਹ ਵਿੱਚ ਕਤਲ ਕੀਤਾ ਸੀ। 8ਭੀੜ ਨੇ ਆ ਕੇ ਪਿਲਾਤੁਸ ਨੂੰ ਪੁੱਛਿਆ ਕਿ ਉਹ ਉਹਨਾਂ ਲਈ ਓਹੀ ਕਰੇ ਜੋ ਉਹ ਆਮ ਤੌਰ ਤੇ ਕਰਦਾ ਸੀ।
9ਪਿਲਾਤੁਸ ਨੇ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?” 10ਇਹ ਜਾਣਦਿਆਂ ਹੋਇਆ ਕਿ ਮੁੱਖ ਜਾਜਕਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ। 11ਪਰ ਮੁੱਖ ਜਾਜਕਾਂ ਨੇ ਭੀੜ ਨੂੰ ਭੜਕਾਇਆ ਕਿ ਪਿਲਾਤੁਸ ਨੂੰ ਬੇਨਤੀ ਕਰਨ ਕੀ ਓਹ ਯਿਸ਼ੂ ਦੀ ਜਗ੍ਹਾ ਤੇ ਬਾਰ-ਅੱਬਾਸ ਨੂੰ ਰਿਹਾ ਕਰ ਦੇਣ।
12ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਮੈਂ ਉਸ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”
13ਉਹ ਚੀਖ ਕੇ ਬੋਲੇ, “ਉਸ ਨੂੰ ਸਲੀਬ ਦਿਓ!”
14ਪਿਲਾਤੁਸ ਨੇ ਪੁੱਛਿਆ, “ਕਿਉਂ? ਉਸ ਨੇ ਕਿਹੜਾ ਜੁਰਮ ਕੀਤਾ ਹੈ?”
ਪਰ ਉਹਨਾਂ ਨੇ ਹੋਰ ਵੀ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਸਲੀਬ ਤੇ ਚੜ੍ਹਾ ਦਿਓ!”
15ਭੀੜ ਨੂੰ ਸੰਤੁਸ਼ਟ ਕਰਨ ਲਈ, ਪਿਲਾਤੁਸ ਨੇ ਬਾਰ-ਅੱਬਾਸ ਨੂੰ ਛੱਡ ਦਿੱਤਾ। ਅਤੇ ਯਿਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।
ਸਿਪਾਹੀਆਂ ਨੇ ਯਿਸ਼ੂ ਦਾ ਮਖੌਲ ਉਡਾਇਆ
16ਸਿਪਾਹੀ ਯਿਸ਼ੂ ਨੂੰ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠੀਆਂ ਕੀਤਾ। 17ਉਹਨਾਂ ਨੇ ਉਸ ਨੂੰ ਬੈਂਗਣੀ ਚੋਲਾ ਪਹਿਨਾਇਆ, ਫਿਰ ਕੰਡਿਆਂ ਦਾ ਤਾਜ ਬਣਾਇਆ ਅਤੇ ਉਸ ਨੂੰ ਪਾਇਆ। 18ਅਤੇ ਉਹ ਉਸ ਨੂੰ ਪੁਕਾਰਣ ਲੱਗੇ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!” 19ਫੇਰ ਉਹਨਾਂ ਨੇ ਇੱਕ ਲਾਠੀ ਨਾਲ ਉਸ ਦੇ ਸਿਰ ਤੇ ਵਾਰ ਕੀਤਾ ਅਤੇ ਉਸ ਉੱਤੇ ਥੁੱਕਿਆ। ਆਪਣੇ ਗੋਡਿਆਂ ਤੇ ਡਿੱਗ ਕੇ ਉਹਨਾਂ ਨੇ ਯਿਸ਼ੂ ਨੂੰ ਸ਼ਰਧਾ ਦਿੱਤੀ। 20ਅਤੇ ਜਦੋਂ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਜਾਮਨੀ ਚੋਗਾ ਉਤਾਰ ਲਿਆ ਅਤੇ ਉਸਦੇ ਕੱਪੜੇ ਉਸਨੂੰ ਪਹਿਨਾ ਦਿੱਤੇ। ਤਦ ਉਹ ਯਿਸ਼ੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ।
ਯਿਸ਼ੂ ਦੀ ਸਲੀਬ
21ਕੁਰੇਨੀਆਂ, ਸ਼ਿਮਓਨ, ਸਿਕੰਦਰ ਅਤੇ ਰੂਫ਼ੁਸ ਦਾ ਪਿਤਾ, ਦੇਸ਼ ਤੋਂ ਆਪਣੇ ਰਾਹ ਤੁਰ ਰਿਹਾ ਸੀ, ਅਤੇ ਉਹਨਾਂ ਨੇ ਉਸ ਨੂੰ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ। 22ਉਹ ਯਿਸ਼ੂ ਨੂੰ ਉਸ ਜਗ੍ਹਾ ਤੇ ਜਿਸ ਨੂੰ ਗੋਲਗੋਥਾ ਕਿਹਾ ਜਾਂਦਾ ਸੀ, ਜਿਸ ਦਾ ਅਰਥ ਹੈ, “ਖੋਪੜੀ ਦਾ ਸਥਾਨ,” 23ਤਦ ਉਹਨਾਂ ਨੇ ਯਿਸ਼ੂ ਨੂੰ ਦਾਖਰਸ ਨਾਲ ਗੰਧਰਸ ਮਿਲਾ ਕੇ ਦਿੱਤੀ, ਪਰ ਯਿਸ਼ੂ ਨੇ ਉਸ ਨੂੰ ਨਹੀਂ ਪੀਤਾ। 24ਤਦ ਉਹਨਾਂ ਨੇ ਉਸ ਨੂੰ ਸਲੀਬ ਦਿੱਤੀ। ਉਸ ਦੇ ਕੱਪੜੇ ਆਪਸ ਵਿੱਚ ਵੰਡਣ ਲਈ, ਉਹਨਾਂ ਨੇ ਪਰਚੀਆਂ ਪਾਈਆਂ ਕਿ ਹਰੇਕ ਨੂੰ ਕੀ ਮਿਲੇਗਾ।
25ਸਵੇਰੇ ਨੌਂ ਵਜੇ ਸਨ ਜਦੋਂ ਉਹਨਾਂ ਨੇ ਉਸ ਨੂੰ ਸਲੀਬ ਦਿੱਤੀ। 26ਉਸ ਦੇ ਖਿਲਾਫ ਦੋਸ਼ ਪੱਤਰੀ ਵਿੱਚ ਲਿਖ ਕੇ ਲਾਇਆ ਗਿਆ ਕਿ:
ਯਹੂਦੀਆਂ ਦਾ ਰਾਜਾ।
27ਉਹਨਾਂ ਨੇ ਯਿਸ਼ੂ ਦੇ ਨਾਲ ਦੋ ਡਾਕੂਆਂ ਨੂੰ ਵੀ ਸਲੀਬ ਦਿੱਤੀ, ਇੱਕ ਉਸ ਦੇ ਸੱਜੇ ਅਤੇ ਦੂਸਰਾ ਉਸ ਦੇ ਖੱਬੇ ਪਾਸੇ ਸੀ। 28ਜਦੋਂ ਇਹ ਹੋਇਆ, ਪਵਿੱਤਰ ਲਿਖਤਾਂ ਦਾ ਇਹ ਲੇਖ ਪੂਰਾ ਹੋ ਗਿਆ: ਇਹ ਅਪਰਾਧੀਆਂ ਨਾਲ ਗਿਣਿਆ ਜਾਂਦਾ ਸੀ।#15:28 ਕੁਝ ਲਿਖਤਾਂ ਵਿੱਚ ਇਹ ਸ਼ਬਦ ਸ਼ਾਮਲ ਨਹੀਂ ਹਨ। 29ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸ ਦਾ ਅਪਮਾਨ ਕਰਕੇ ਕਹਿੰਦੇ ਸਨ, “ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, 30ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!” 31ਇਸੇ ਤਰ੍ਹਾਂ ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਆਪਸ ਵਿੱਚ ਉਸ ਦਾ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ, “ਉਸ ਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! 32ਇਹ ਮਸੀਹ, ਇਸਰਾਏਲ ਦਾ ਰਾਜਾ, ਹੁਣ ਸਲੀਬ ਤੋਂ ਹੇਠਾਂ ਆਵੇ ਤਾਂ ਜੋ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ।” ਉਸ ਦੇ ਨਾਲ ਜਿਹੜੇ ਸਲੀਬ ਦਿੱਤੇ ਗਏ ਉਹਨਾਂ ਨੇ ਵੀ ਉਸਨੂੰ ਤਾਅਨੇ ਮਾਰੇ ਅਤੇ ਅਪਮਾਨ ਕੀਤਾ।
ਯਿਸ਼ੂ ਦੀ ਮੌਤ
33ਦੁਪਹਿਰ ਤਿੰਨ ਵਜੇ ਤੱਕ ਸਾਰੇ ਦੇਸ਼ ਤੇ ਹਨੇਰਾ ਛਾਇਆ ਰਿਹਾ। 34ਅਤੇ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਨੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੋਈ, ਏਲੋਈ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?#15:34 ਜ਼ਬੂ 22:1”
35ਜਦੋਂ ਨੇੜੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ, ਤੇ ਉਹ ਬੋਲੇ, “ਸੁਣੋ, ਉਹ ਏਲੀਯਾਹ ਨੂੰ ਬੁਲਾ ਰਿਹਾ ਹੈ।”
36ਕਿਸੇ ਨੇ ਦੌੜ ਕੇ ਸਪੰਜ ਨੂੰ ਦਾਖ ਦੇ ਸਿਰਕੇ ਨਾਲ ਭਰਿਆ, ਇਸ ਨੂੰ ਇੱਕ ਸੋਟੀ ਨਾਲ ਬੰਨ੍ਹ ਕੇ ਅਤੇ ਯਿਸ਼ੂ ਨੂੰ ਚੂਸਣ ਲਈ ਦਿੱਤਾ ਅਤੇ ਆਖਿਆ, “ਹੁਣ ਉਸ ਨੂੰ ਇਕੱਲਾ ਛੱਡ ਦਿਓ। ਆਓ ਵੇਖੀਏ ਕਿ ਏਲੀਯਾਹ ਉਸ ਨੂੰ ਹੇਠਾਂ ਉਤਾਰਨ ਨੂੰ ਆਉਂਦਾ ਹੈ।”
37ਉੱਚੀ ਅਵਾਜ਼ ਨਾਲ ਯਿਸ਼ੂ ਨੇ ਆਖਰੀ ਸਾਹ ਲਿਆ।
38ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ ਸੀ। 39ਅਤੇ ਜਦੋਂ ਸੈਨਾਂ ਦੇ ਅਧਿਕਾਰੀ ਨੇ ਜਿਹੜਾ ਉੱਥੇ ਯਿਸ਼ੂ ਦੇ ਸਾਹਮਣੇ ਖੜ੍ਹਾ ਸੀ, ਉਹ ਨੇ ਵੇਖਿਆ ਕਿ ਉਹ ਕਿਵੇਂ ਮਰਿਆ, ਤਾਂ ਉਸ ਨੇ ਕਿਹਾ, “ਯਕੀਨਨ ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ!”
40ਕੁਝ ਔਰਤਾਂ ਦੂਰੋਂ ਦੇਖ ਰਹੀਆਂ ਸਨ। ਉਹਨਾਂ ਵਿੱਚੋਂ ਮਗਦਲਾ ਵਾਸੀ ਮਰਿਯਮ, ਛੋਟੇ ਯਾਕੋਬ ਦੀ ਮਾਂ ਮਰਿਯਮ ਅਤੇ ਯੋਸੇਸ ਦੀ ਮਾਂ ਅਤੇ ਸਲੋਮੀ ਸਨ। 41ਗਲੀਲ ਵਿੱਚ ਇਹ ਔਰਤਾਂ ਉਸ ਦੇ ਮਗਰ ਆਈਆਂ ਸਨ ਅਤੇ ਉਸ ਦੀ ਚਿੰਤਾ ਕਰਦੀਆਂ ਸਨ। ਹੋਰ ਬਹੁਤ ਸਾਰੀਆਂ ਔਰਤਾਂ ਜੋ ਉਸਦੇ ਨਾਲ ਯੇਰੂਸ਼ਲੇਮ ਆਈਆਂ ਸਨ, ਉਹ ਵੀ ਉੱਥੇ ਸਨ।
ਯਿਸ਼ੂ ਦਾ ਦਫਨਾਇਆ ਜਾਣਾ
42ਇਹ ਤਿਆਰੀ ਦਾ ਦਿਨ#15:42 ਤਿਆਰੀ ਦਾ ਦਿਨ ਇਹ ਸ਼ੁਕਰਵਾਰ ਦਾ ਦਿਨ ਸੀ ਸੀ (ਭਾਵ, ਸਬਤ ਤੋਂ ਪਿਹਲੇ ਦਾ ਦਿਨ)। ਜਿਵੇਂ ਹੀ ਸ਼ਾਮ ਨੇੜੇ ਆ ਰਹੀ ਸੀ, 43ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗ ਕੀਤੀ। 44ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸ ਨੇ ਸੈਨਾਂ ਦੇ ਅਧਿਕਾਰੀ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਯਿਸ਼ੂ ਨੂੰ ਮਰੇ ਕੁਝ ਚਿਰ ਹੋ ਗਿਆ ਹੈ?” 45ਜਦੋਂ ਉਸ ਨੇ ਸੈਨਾਂ ਦੇ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸ ਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ। 46ਯੋਸੇਫ਼ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸ ਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ। 47ਮਗਦਲਾ ਵਾਸੀ ਮਰਿਯਮ ਅਤੇ ਯੋਸੇਸ ਦੀ ਮਾਂ ਮਰਿਯਮ ਨੇ ਵੇਖਿਆ ਕਿ ਯਿਸ਼ੂ ਕਿੱਥੇ ਰੱਖਿਆ ਗਿਆ ਸੀ।
Právě zvoleno:
ਮਾਰਕਸ 15: PCB
Zvýraznění
Sdílet
Kopírovat

Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.