7
ਇਸਰਾਏਲ ਦਾ ਦੁੱਖ
1ਮੇਰਾ ਕੀ ਦੁੱਖ ਹੈ!
ਮੈਂ ਉਸ ਵਰਗਾ ਹਾਂ ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ
ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ
ਖਾਣ ਲਈ ਅੰਗੂਰਾਂ ਦਾ ਕੋਈ ਗੁੱਛਾ ਨਹੀਂ ਹੈ,
ਹੰਜੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।
2ਵਫ਼ਾਦਾਰ ਧਰਤੀ ਤੋਂ ਉਜਾੜ ਦਿੱਤੇ ਗਏ ਹਨ;
ਇੱਕ ਵੀ ਧਰਮੀ ਨਹੀਂ ਰਹਿੰਦਾ।
ਹਰ ਕੋਈ ਲਹੂ ਵਹਾਉਣ ਦੀ ਉਡੀਕ ਵਿੱਚ ਹੈ;
ਉਹ ਜਾਲ ਨਾਲ ਇੱਕ-ਦੂਜੇ ਦਾ ਸ਼ਿਕਾਰ ਕਰਦੇ ਹਨ।
3ਦੋਵੇਂ ਹੱਥ ਬੁਰਿਆਈ ਕਰਨ ਵਿੱਚ ਮਾਹਰ ਹਨ;
ਹਾਕਮ ਤੋਹਫ਼ਿਆਂ ਦੀ ਮੰਗ ਕਰਦਾ ਹੈ,
ਜੱਜ ਰਿਸ਼ਵਤ ਲੈਂਦਾ ਹੈ,
ਤਾਕਤਵਰ ਆਪਣੀ ਇੱਛਾ ਅਨੁਸਾਰ ਹੁਕਮ ਦਿੰਦੇ ਹਨ
ਉਹ ਸਾਰੇ ਮਿਲ ਕੇ ਸਾਜ਼ਿਸ਼ ਕਰਦੇ ਹਨ।
4ਉਹਨਾਂ ਵਿੱਚੋਂ ਸਭ ਤੋਂ ਉੱਤਮ ਪੁਰਖ ਕੰਡਿਆਲੀ ਝਾੜੀ ਵਰਗਾ ਹੈ,
ਅਤੇ ਸਭ ਤੋਂ ਸਮਝਦਾਰ ਮਨੁੱਖ ਕੰਡੇਦਾਰ ਬਾੜੇ ਨਾਲੋਂ ਭੈੜਾ ਹੈ,
ਉਹ ਦਿਨ ਆ ਗਿਆ ਹੈ ਜਦੋਂ ਪਰਮੇਸ਼ਵਰ ਤੁਹਾਡੇ ਕੋਲ ਆਵੇਗਾ,
ਤੇਰੇ ਰਾਖਿਆਂ ਦਾ ਦਿਨ, ਸਗੋਂ ਤੇਰੀ ਖ਼ਬਰ ਲੈਣ ਦਾ ਦਿਨ ਆ ਗਿਆ ਹੈ,
ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ।
5ਗੁਆਂਢੀ ਤੇ ਭਰੋਸਾ ਨਾ ਕਰੋ;
ਕਿਸੇ ਦੋਸਤ ਤੇ ਭਰੋਸਾ ਨਾ ਕਰੋ।
ਇੱਥੋਂ ਤੱਕ ਉਸ ਔਰਤ ਤੇ ਵੀ ਭਰੋਸਾ ਨਾ ਕਰੋ ਜੋ ਤੇਰੀ ਬਾਹਾਂ ਵਿੱਚ ਲੇਟਦੀ ਹੈ,
ਆਪਣੇ ਬੁੱਲ੍ਹਾਂ ਦੇ ਬਚਨਾਂ ਦੀ ਰਾਖੀ ਕਰ।
6ਕਿਉਂਕਿ ਇੱਕ ਪੁੱਤਰ ਆਪਣੇ ਪਿਤਾ ਦਾ ਨਿਰਾਦਰ ਕਰਦਾ ਹੈ,
ਇੱਕ ਧੀ ਆਪਣੀ ਮਾਂ ਦੇ ਵਿਰੁੱਧ,
ਅਤੇ ਇੱਕ ਨੂੰਹ ਆਪਣੀ ਸੱਸ ਦੇ ਵਿਰੁੱਧ ਉੱਠਦੀ ਹੈ,
ਮਨੁੱਖ ਦੇ ਦੁਸ਼ਮਣ ਉਸਦੇ ਘਰ ਦੇ ਮੈਂਬਰ ਹਨ।
7ਪਰ ਮੇਰੇ ਲਈ, ਮੈਂ ਯਾਹਵੇਹ ਦੀ ਉਮੀਦ ਵਿੱਚ ਵੇਖਦਾ ਹਾਂ,
ਮੈਂ ਆਪਣੇ ਮੁਕਤੀਦਾਤਾ ਪਰਮੇਸ਼ਵਰ ਦੀ ਉਡੀਕ ਕਰਦਾ ਹਾਂ;
ਮੇਰਾ ਪਰਮੇਸ਼ਵਰ ਮੇਰੀ ਸੁਣੇਗਾ।
ਇਸਰਾਏਲ ਉੱਠੇਗਾ
8ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ!
ਭਾਵੇਂ ਮੈਂ ਡਿੱਗ ਪਿਆ ਹਾਂ, ਮੈਂ ਫਿਰ ਉੱਠਾਂਗਾ।
ਭਾਵੇਂ ਮੈਂ ਹਨੇਰੇ ਵਿੱਚ ਬੈਠਾ ਹਾਂ,
ਯਾਹਵੇਹ ਮੇਰਾ ਚਾਨਣ ਹੋਵੇਗਾ।
9ਕਿਉਂ ਜੋ ਮੈਂ ਉਹ ਦੇ ਵਿਰੁੱਧ ਪਾਪ ਕੀਤਾ ਹੈ,
ਮੈਂ ਯਾਹਵੇਹ ਦਾ ਕ੍ਰੋਧ ਝੱਲਾਂਗਾ,
ਜਦ ਤੱਕ ਕਿ ਉਹ ਮੇਰਾ ਮੁਕੱਦਮਾ ਨਾ ਲੜੇ,
ਅਤੇ ਮੇਰਾ ਪੱਖ ਨਹੀਂ ਰੱਖਦਾ।
ਉਹ ਮੈਨੂੰ ਚਾਨਣ ਵਿੱਚ ਬਾਹਰ ਲਿਆਵੇਗਾ;
ਮੈਂ ਉਸਦੀ ਧਾਰਮਿਕਤਾ ਨੂੰ ਵੇਖਾਂਗਾ।
10ਤਦ ਮੇਰਾ ਵੈਰੀ ਇਹ ਵੇਖੇਗਾ
ਅਤੇ ਸ਼ਰਮ ਨਾਲ ਢੱਕ ਜਾਵੇਗਾ,
ਜਿਸ ਨੇ ਮੈਨੂੰ ਆਖਿਆ,
“ਕਿੱਥੇ ਹੈ ਯਾਹਵੇਹ ਤੁਹਾਡਾ ਪਰਮੇਸ਼ਵਰ?”
ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ।
ਤਦ ਉਹ ਗਲੀਆਂ ਵਿੱਚ ਚਿੱਕੜ ਵਾਂਗੂੰ ਪੈਰਾਂ ਹੇਠ ਮਿੱਧੀ ਜਾਵੇਗੀ।
11ਤੇਰੀਆਂ ਕੰਧਾਂ ਬਣਾਉਣ ਦਾ ਦਿਨ ਆਵੇਗਾ,
ਤੇਰੀਆਂ ਹੱਦਾਂ ਵਧਾਉਣ ਦਾ ਦਿਨ ਆਵੇਗਾ।
12ਉਸ ਦਿਨ ਉਹ ਅੱਸ਼ੂਰ ਤੋਂ,
ਮਿਸਰ ਦੇ ਸ਼ਹਿਰਾਂ ਤੋਂ,
ਮਿਸਰ ਤੋਂ ਦਰਿਆ ਤੱਕ,
ਸਮੁੰਦਰ ਤੋਂ ਸਮੁੰਦਰ ਤੱਕ,
ਅਤੇ ਪਰਬਤ ਤੋਂ ਪਰਬਤ ਤੱਕ ਤੇਰੇ ਕੋਲ ਆਉਣਗੇ,
13ਧਰਤੀ ਆਪਣੇ ਵਾਸੀਆਂ ਦੇ ਕਾਰਨ ਅਤੇ ਉਹਨਾਂ ਦੇ ਕੰਮਾਂ ਦੇ ਨਤੀਜੇ ਵਜੋਂ
ਧਰਤੀ ਵਿਰਾਨ ਹੋ ਜਾਵੇਗੀ।
ਪ੍ਰਾਰਥਨਾ ਅਤੇ ਉਸਤਤ
14ਆਪਣੇ ਲੋਕਾਂ ਦੀ ਰਾਖੀ ਕਰੋ,
ਆਪਣੇ ਵਿਰਸੇ ਵਿੱਚ ਮਿਲੇ ਇੱਜੜ ਦੀ ਲਾਠੀ ਨਾਲ ਰਾਖੀ ਕਰੋ।
ਜਿਹੜੇ ਕਰਮਲ ਦੇ ਜੰਗਲ ਵਿੱਚ ਇਕੱਲੇ ਰਹਿੰਦੇ ਹਨ,
ਉਹ ਬਾਸ਼ਾਨ ਅਤੇ ਗਿਲਆਦ ਦੀਆਂ ਉਪਜਾਊ ਚਰਾਂਦਾਂ ਵਿੱਚ ਚਰਨ,
ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਦੇ ਸਨ।
15“ਜਿਵੇਂ ਕਿ ਤੁਸੀਂ ਮਿਸਰ ਵਿੱਚੋਂ ਨਿੱਕਲ ਆਏ ਸੀ,
ਮੈਂ ਉਨ੍ਹਾਂ ਨੂੰ ਆਪਣੇ ਚਮਤਕਾਰ ਦਿਖਾਵਾਂਗਾ।”
16ਕੌਮਾਂ ਵੇਖਣਗੀਆਂ
ਅਤੇ ਆਪਣੇ ਬਲ ਦੇ ਸਾਰੇ ਕੰਮਾਂ ਤੋਂ ਸ਼ਰਮਿੰਦਾ ਹੋਣਗੀਆਂ,
ਉਹ ਆਪਣੇ ਹੱਥ ਆਪਣੇ ਮੂੰਹਾਂ ਉੱਤੇ ਰੱਖਣਗੀਆਂ,
ਉਹਨਾਂ ਦੇ ਕੰਨ ਬੋਲੇ ਹੋ ਜਾਣਗੇ।
17ਉਹ ਸੱਪ ਵਾਂਗੂੰ ਧੂੜ ਚੱਟਣਗੀਆਂ,
ਧਰਤੀ ਦੇ ਘਿੱਸਰਨ ਵਾਲਿਆਂ ਵਾਂਗੂੰ
ਉਹ ਆਪਣੀਆਂ ਖੁੱਡਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲਣਗੀਆਂ,
ਉਹ ਭੈਅ ਨਾਲ ਯਾਹਵੇਹ ਸਾਡੇ ਪਰਮੇਸ਼ਵਰ ਕੋਲ ਆਉਣਗੀਆਂ,
ਅਤੇ ਤੇਰੇ ਕੋਲੋਂ ਡਰਨਗੀਆਂ।
18ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ਵਰ ਹੈ?
ਜੋ ਅਪਰਾਧ ਨੂੰ ਮਾਫ਼ ਕਰੇ,
ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ,
ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ,
ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ।
19ਤੁਸੀਂ ਫੇਰ ਸਾਡੇ ਉੱਤੇ ਰਹਿਮ ਕਰੋਗੇ।
ਤੁਸੀਂ ਸਾਡੇ ਪਾਪਾਂ ਨੂੰ ਪੈਰਾਂ ਹੇਠ ਮਿੱਧੋਗੇ,
ਅਤੇ ਸਾਡੀਆਂ ਸਾਰੀਆਂ ਬਦੀਆਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚ ਸੁੱਟੋਗੇ।
20ਤੁਸੀਂ ਯਾਕੋਬ ਦੇ ਪ੍ਰਤੀ ਵਫ਼ਾਦਾਰ ਰਹੋਗੇ,
ਅਤੇ ਅਬਰਾਹਾਮ ਨੂੰ ਪਿਆਰ ਦਿਖਾਓਗੇ,
ਜਿਵੇਂ ਤੁਸੀਂ ਬਹੁਤ ਦਿਨ ਪਹਿਲਾਂ,
ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।