1
1ਨੀਨਵਾਹ ਬਾਰੇ ਇੱਕ ਭਵਿੱਖਬਾਣੀ। ਨਹੂਮ ਅਲਕੋਸ਼ੀ ਦੇ ਦਰਸ਼ਣ ਦੀ ਪੋਥੀ।
ਨੀਨਵਾਹ ਉੱਤੇ ਯਾਹਵੇਹ ਦਾ ਗੁੱਸਾ
2ਯਾਹਵੇਹ ਇੱਕ ਈਰਖਾਲੂ ਅਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ;
ਯਾਹਵੇਹ ਬਦਲਾ ਲੈਂਦਾ ਹੈ ਅਤੇ ਕ੍ਰੋਧ ਨਾਲ ਭਰਿਆ ਹੋਇਆ ਹੈ।
ਯਾਹਵੇਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੈ,
ਅਤੇ ਆਪਣੇ ਦੁਸ਼ਮਣਾਂ ਉੱਤੇ ਆਪਣਾ ਗੁੱਸਾ ਕੱਢਦਾ ਹੈ।
3ਯਾਹਵੇਹ ਕ੍ਰੋਧ ਵਿੱਚ ਧੀਰਜਵਾਨ ਅਤੇ ਸ਼ਕਤੀ ਵਿੱਚ ਮਹਾਨ ਹੈ;
ਯਾਹਵੇਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡੇਗਾ।
ਉਹ ਦਾ ਰਾਹ ਹਨੇਰੀ ਅਤੇ ਤੂਫ਼ਾਨ ਵਿੱਚ ਹੈ,
ਅਤੇ ਬੱਦਲ ਉਸ ਦੇ ਪੈਰਾਂ ਦੀ ਧੂੜ ਹਨ।
4ਉਹ ਸਮੁੰਦਰ ਨੂੰ ਝਿੜਕ ਕੇ ਸੁਕਾ ਦਿੰਦਾ ਹੈ।
ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ।
ਬਾਸ਼ਾਨ ਅਤੇ ਕਰਮਲ ਸੁੱਕ ਜਾਂਦੇ ਹਨ ਅਤੇ ਲਬਾਨੋਨ ਦੇ ਫੁੱਲ ਮੁਰਝਾ ਜਾਂਦੇ ਹਨ।
5ਉਹ ਦੇ ਅੱਗੇ ਪਹਾੜ ਕੰਬਦੇ ਹਨ
ਅਤੇ ਪਹਾੜ ਪਿਘਲ ਜਾਂਦੇ ਹਨ।
ਉਸ ਦੀ ਹਜ਼ੂਰੀ ਨਾਲ ਧਰਤੀ
ਅਤੇ ਸੰਸਾਰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬ ਉੱਠਦੇ ਹਨ।
6ਉਹ ਦੇ ਕ੍ਰੋਧ ਨੂੰ ਕੌਣ ਸਹਿ ਸਕਦਾ ਹੈ?
ਉਹ ਦੇ ਭਿਆਨਕ ਕ੍ਰੋਧ ਨੂੰ ਕੌਣ ਸਹਾਰ ਸਕਦਾ ਹੈ?
ਉਹ ਦਾ ਕ੍ਰੋਧ ਅੱਗ ਵਾਂਗ ਵਹਾਇਆ ਜਾਂਦਾ ਹੈ।
ਉਹ ਦੇ ਅੱਗੇ ਚੱਟਾਨਾਂ ਚਕਨਾਚੂਰ ਹੋ ਗਈਆਂ ਹਨ।
7ਯਾਹਵੇਹ ਚੰਗਾ ਹੈ,
ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ।
ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,
8ਪਰ ਇੱਕ ਭਾਰੀ ਹੜ੍ਹ ਨਾਲ ਉਹ
ਨੀਨਵਾਹ ਦਾ ਅੰਤ ਕਰੇਗਾ।
ਉਹ ਆਪਣੇ ਦੁਸ਼ਮਣਾਂ ਦਾ ਹਨੇਰੇ ਦੇ ਖੇਤਰ ਵਿੱਚ ਪਿੱਛਾ ਕਰੇਗਾ।
9ਉਹ ਯਾਹਵੇਹ ਦੇ ਵਿਰੁੱਧ ਜੋ ਵੀ ਸਾਜ਼ਿਸ਼ ਰਚਦੇ ਹਨ,
ਉਹ ਉਸ ਦਾ ਅੰਤ ਕਰ ਦੇਵੇਗਾ।
ਮੁਸੀਬਤ ਦੂਜੀ ਵਾਰ ਨਹੀਂ ਆਵੇਗੀ।
10ਉਹ ਕੰਡਿਆਂ ਵਿੱਚ ਉਲਝੇ ਹੋਏ ਹੋਣਗੇ
ਅਤੇ ਆਪਣੀ ਦਾਖਰਸ ਵਿੱਚ ਮਸਤ ਹੋਣਗੇ।
ਉਹ ਸੁੱਕੀ ਪਰਾਲੀ ਵਾਂਗ ਖਾ ਜਾਣਗੇ।
11ਹੇ ਨੀਨਵਾਹ, ਤੇਰੇ ਵਿੱਚੋਂ ਇੱਕ ਨਿੱਕਲਿਆ ਹੈ
ਜੋ ਯਾਹਵੇਹ ਦੇ ਵਿਰੁੱਧ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ ਅਤੇ ਬੁਰੀਆਂ ਯੋਜਨਾਵਾਂ ਸੋਚਦਾ ਹੈ।
12ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਭਾਵੇਂ ਕਿ ਉਨ੍ਹਾਂ ਦੇ ਸਹਿਯੋਗੀ ਹਨ ਅਤੇ ਬਹੁਤ ਸਾਰੇ ਹਨ,
ਉਹ ਤਬਾਹ ਹੋ ਜਾਣਗੇ ਅਤੇ ਖਤਮ ਹੋ ਜਾਣਗੇ।
ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਹੈ, ਯਹੂਦਾਹ,
ਮੈਂ ਤੈਨੂੰ ਹੋਰ ਦੁਖੀ ਨਹੀਂ ਕਰਾਂਗਾ।
13ਹੁਣ ਮੈਂ ਉਨ੍ਹਾਂ ਦਾ ਜੂਲਾ ਤੇਰੀ ਧੌਣ ਤੋਂ ਤੋੜ ਦਿਆਂਗਾ
ਅਤੇ ਤੇਰੀਆਂ ਬੇੜੀਆਂ ਨੂੰ ਪਾੜ ਦਿਆਂਗਾ।”
14ਯਾਹਵੇਹ ਨੇ ਨੀਨਵਾਹ, ਬਾਰੇ ਇੱਕ ਹੁਕਮ ਦਿੱਤਾ ਹੈ:
“ਤੇਰਾ ਨਾਮ ਰੱਖਣ ਲਈ ਕੋਈ ਔਲਾਦ ਨਹੀਂ ਹੋਵੇਗੀ।
ਮੈਂ ਮੂਰਤੀਆਂ ਅਤੇ ਬਣਾਏ ਹੋਏ ਬੁੱਤਾਂ ਨੂੰ ਤਬਾਹ ਕਰ ਦਿਆਂਗਾ
ਜੋ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਹਨ।
ਮੈਂ ਤੇਰੀ ਕਬਰ ਤਿਆਰ ਕਰਾਂਗਾ,
ਕਿਉਂ ਜੋ ਤੂੰ ਘਿਣਾਉਣਾ ਹੈਂ।”
15ਪਹਾੜਾਂ ਦੀ ਵੱਲ ਵੇਖੋ, ਉਸ ਦੇ ਪੈਰਾਂ ਵੱਲ ਦੇਖੋ ਜੋ ਖੁਸ਼ਖਬਰੀ ਲਿਆਉਂਦਾ ਹੈ,
ਜਿਹੜਾ ਸ਼ਾਂਤੀ ਦਾ ਪਰਚਾਰ ਕਰਦਾ ਹੈ!
ਹੇ ਯਹੂਦਾਹ, ਆਪਣੇ ਤਿਉਹਾਰ ਮਨਾਓ,
ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ।
ਫੇਰ ਦੁਸ਼ਟ ਤੇਰੇ ਉੱਤੇ ਹਮਲਾ ਨਹੀਂ ਕਰਨਗੇ।
ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।