6
ਯਾਹਵੇਹ ਦਾ ਇਸਰਾਏਲੀਆਂ ਦੇ ਵਿਰੁੱਧ ਮੁਕੱਦਮਾ
1ਸੁਣੋ ਕਿ ਯਾਹਵੇਹ ਕੀ ਕਹਿੰਦਾ ਹੈ:
“ਉੱਠ, ਅਤੇ ਪਹਾੜਾਂ ਅੱਗੇ ਮੇਰਾ ਪੱਖ ਪੇਸ਼ ਕਰੋ;
ਪਹਾੜੀਆਂ ਨੂੰ ਸੁਣਨ ਦਿਓ ਕਿ ਤੁਸੀਂ ਕੀ ਕਹਿਣਾ ਹੈ।
2“ਹੇ ਪਹਾੜੋ, ਯਾਹਵੇਹ ਦੇ ਦੋਸ਼ਾਂ ਵੱਲ ਧਿਆਨ ਦਿਓ;
ਅਤੇ ਹੇ ਧਰਤੀ ਦੀਆਂ ਸਦੀਪਕ ਨੀਹਾਂ ਸੁਣੋ।
ਕਿਉਂ ਜੋ ਯਾਹਵੇਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ;
ਉਹ ਇਸਰਾਏਲ ਵਿਰੁੱਧ ਲੜੇਗਾ।
3“ਹੇ ਮੇਰੇ ਲੋਕੋ, ਮੈਂ ਤੁਹਾਡੇ ਨਾਲ ਕੀ ਕੀਤਾ ਹੈ?
ਮੈਂ ਤੁਹਾਡੇ ਉੱਤੇ ਕਿਵੇਂ ਬੋਝ ਪਾਇਆ ਹੈ? ਮੈਨੂੰ ਜਵਾਬ ਦਿਉ।
4ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ
ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ।
ਮੈਂ ਮੋਸ਼ੇਹ ਹਾਰੋਨ ਅਤੇ ਮਰਿਯਮ ਨੂੰ
ਤੁਹਾਡੀ ਅਗਵਾਈ ਕਰਨ ਲਈ ਭੇਜਿਆ।
5ਹੇ ਮੇਰੇ ਲੋਕੋ, ਯਾਦ ਰੱਖੋ,
ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਿਸ਼ ਬਣਾਈ ਸੀ,
ਅਤੇ ਬਓਰ ਦੇ ਪੁੱਤਰ ਬਿਲਆਮ ਨੇ ਕੀ ਜਵਾਬ ਦਿੱਤਾ ਸੀ।
ਸ਼ਿੱਟੀਮ ਤੋਂ ਗਿਲਗਾਲ ਤੱਕ ਦੇ ਆਪਣੇ ਸਫ਼ਰ ਨੂੰ ਚੇਤੇ ਰੱਖੋ,
ਤਾਂ ਜੋ ਤੁਸੀਂ ਯਾਹਵੇਹ ਦੇ ਧਰਮੀ ਕੰਮਾਂ ਨੂੰ ਜਾਣ ਸਕੋ।”
6ਮੈਂ ਕਿਸ ਚੀਜ਼ ਨਾਲ ਯਾਹਵੇਹ ਦੇ ਅੱਗੇ ਆਵਾਂ,
ਅਤੇ ਉੱਚੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ?
ਕੀ ਮੈਂ ਹੋਮ ਦੀਆਂ ਭੇਟਾਂ ਲੈ ਕੇ, ਇੱਕ ਸਾਲ ਦੇ ਵੱਛਿਆਂ ਨਾਲ ਉਹ ਦੇ ਅੱਗੇ ਆਵਾਂ?
7ਕੀ ਯਾਹਵੇਹ ਹਜ਼ਾਰਾਂ ਭੇਡੂਆਂ ਨਾਲ ਪ੍ਰਸੰਨ ਹੁੰਦਾ ਹੈ,
ਜਾਂ ਉਹ ਜ਼ੈਤੂਨ ਦੇ ਤੇਲ ਦੀਆਂ ਦਸ ਹਜ਼ਾਰ ਨਦੀਆਂ ਨਾਲ ਪ੍ਰਸੰਨ ਹੋਵੇਗਾ?
ਕੀ ਮੈਂ ਆਪਣੇ ਅਪਰਾਧ ਲਈ ਆਪਣੇ ਪਹਿਲੌਠੇ ਨੂੰ ਬਲੀ ਦੇਵਾਂ,
ਜਾਂ ਕੀ ਮੈਂ ਆਪਣੀ ਆਤਮਾ ਦੇ ਪਾਪ ਦੇ ਲਈ ਆਪਣੇ ਬੱਚੇ ਨੂੰ ਕੁਰਬਾਨ ਕਰਾਂ?
8ਹੇ ਆਦਮੀ, ਉਸ ਨੇ ਤੈਨੂੰ ਦਿਖਾਇਆ ਹੈ ਕਿ ਭਲਾ ਕੀ ਹੈ।
ਅਤੇ ਯਾਹਵੇਹ ਤੁਹਾਡੇ ਤੋਂ ਕੀ ਮੰਗਦਾ ਹੈ?
ਨਿਆਂ ਨਾਲ ਕੰਮ ਕਰਨਾ ਅਤੇ ਦਇਆ ਨੂੰ ਪਿਆਰ ਕਰਨਾ
ਅਤੇ ਆਪਣੇ ਪਰਮੇਸ਼ਵਰ ਦੇ ਨਾਲ ਨਿਮਰਤਾ ਨਾਲ ਚੱਲਣਾ।
ਇਸਰਾਏਲ ਦਾ ਦੋਸ਼ ਅਤੇ ਸਜ਼ਾ
9ਸੁਣੋ! ਯਾਹਵੇਹ ਸ਼ਹਿਰ ਨੂੰ ਬੁਲਾ ਰਿਹਾ ਹੈ
ਅਤੇ ਤੇਰੇ ਨਾਮ ਤੋਂ ਡਰਨਾ ਹੀ ਬੁੱਧ ਹੈ
“ਲਾਠੀ ਅਤੇ ਉਸ ਨੂੰ ਜਿਸ ਨੇ ਇਸਨੂੰ ਨਿਯੁਕਤ ਕੀਤਾ ਹੈ, ਸੁਣੋ।
10ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ?
ਨਾਲੇ ਏਫ਼ਾਹ#6:10 ਏਫ਼ਾਹ ਇੱਕ ਸੁੱਕਾ ਮਾਪ ਸੀ। ਦੇ ਘੱਟ ਨਾਪ ਜੋ ਸਰਾਪ ਹੈ?
11ਭਲਾ, ਮੈਂ ਪਵਿੱਤਰ ਠਹਿਰ ਸਕਦਾ ਹਾਂ, ਜਦ ਮੇਰੇ ਕੋਲ ਕਾਣੀ ਤਕੜੀ,
ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ?
12ਤੁਹਾਡੇ ਅਮੀਰ ਲੋਕ ਹਿੰਸਕ ਹਨ;
ਤੁਹਾਡੇ ਵਾਸੀ ਝੂਠੇ ਹਨ,
ਅਤੇ ਉਨ੍ਹਾਂ ਦੀਆਂ ਜੀਭਾਂ ਧੋਖੇ ਨਾਲ ਬੋਲਦੀਆਂ ਹਨ।
13ਇਸ ਲਈ, ਮੈਂ ਤੁਹਾਡੇ ਪਾਪਾਂ ਦੇ ਕਾਰਨ,
ਤੁਹਾਨੂੰ ਤਬਾਹ#6:13 ਤਬਾਹ ਅਰਥਾਤ ਮੈਂ ਤੈਨੂੰ ਬਿਮਾਰ ਕਰ ਦਿਆਂਗਾ ਅਤੇ ਤਬਾਹ ਕਰ ਦਿਆਂਗਾ ਕਰਨ ਸ਼ੁਰੂ ਕੀਤਾ ਹੈ।
14ਤੂੰ ਖਾਵੇਂਗਾ ਪਰ ਰੱਜੇਂਗਾ ਨਹੀਂ,
ਅਤੇ ਤੇਰੇ ਅੰਦਰ ਭੁੱਖ ਰਹੇਗੀ,
ਤੂੰ ਜਮਾਂ ਤਾਂ ਕਰੇਂਗਾ ਪਰ ਬਚਾਵੇਂਗਾ ਨਹੀਂ,
ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦੇ ਦਿਆਂਗਾ।
15ਤੂੰ ਬੀਜੇਂਗਾ ਪਰ ਵੱਢੇਂਗਾ ਨਹੀਂ,
ਤੂੰ ਜ਼ੈਤੂਨ ਦਾ ਤੇਲ ਕੱਢੇਂਗਾ
ਪਰ ਉਸ ਨੂੰ ਮਲੇਂਗਾ ਨਹੀਂ,
ਤੂੰ ਅੰਗੂਰ ਮਿੱਧੇਂਗਾ ਪਰ ਦਾਖਰਸ ਨਾ ਪੀਵੇਂਗਾ।
16ਕਿਉਂ ਜੋ ਆਮਰੀ#6:16 ਆਮਰੀ ਇਸਰਾਏਲ ਦਾ ਰਾਜਾ ਦੀਆਂ ਬਿਧੀਆਂ ਮਨਾਈਆਂ ਜਾਂਦੀਆਂ ਹਨ,
ਨਾਲੇ ਅਹਾਬ#6:16 ਅਹਾਬ ਇਸਰਾਏਲ ਦਾ ਰਾਜਾ ਜਿਸਨੇ ਬਆਲ ਦੀ ਪੂਜਾ ਨੂੰ ਉਤਸ਼ਾਹਿਤ ਕੀਤਾ ਅਤੇ ਈਜ਼ੇਬੇਲ ਨਾਲ ਵਿਆਹ ਕਰਵਾਇਆ ਦੇ ਘਰਾਣੇ ਦੇ ਸਾਰੇ ਕੰਮ,
ਅਤੇ ਤੁਸੀਂ ਉਨ੍ਹਾਂ ਦੀਆਂ ਮੱਤਾਂ ਅਨੁਸਾਰ ਚੱਲਦੇ ਹੋ,
ਇਸ ਲਈ ਮੈਂ ਤੈਨੂੰ ਵਿਰਾਨ ਕਰ ਦਿਆਂਗਾ,
ਅਤੇ ਉਸ ਦੇ ਵਾਸੀਆਂ ਨੂੰ ਮਖ਼ੌਲ ਦਾ ਕਾਰਨ ਬਣਾਵਾਂਗਾ,
ਅਤੇ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ।”