5
ਬੈਤਲਹਮ ਤੋਂ ਇੱਕ ਵਾਅਦਾ ਕੀਤਾ ਹੋਇਆ ਹਾਕਮ
1ਹੇ ਸ਼ਹਿਰ ਦੀ ਫੌਜ ਆਪਣੇ ਆਪ ਨੂੰ ਤਕੜੇ ਕਰੋ,
ਕਿਉਂਕਿ ਸਾਡੇ ਵਿਰੁੱਧ ਘੇਰਾਬੰਦੀ ਕੀਤੀ ਗਈ ਹੈ।
ਉਹ ਇਸਰਾਏਲ ਦੇ ਹਾਕਮ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ।
2“ਪਰ ਤੂੰ, ਇਫ਼ਰਾਥ ਦੇ ਦੇਸ਼ ਬੈਤਲਹਮ,
ਭਾਵੇਂ ਤੂੰ ਯਹੂਦਾਹ ਦੇ ਘਰਾਣੇ ਵਿੱਚੋਂ ਸਭ ਤੋਂ ਛੋਟਾ ਹੈ,
ਤੇਰੇ ਵਿੱਚੋਂ ਹੀ ਮੇਰੇ ਲਈ ਇੱਕ ਨਿੱਕਲੇਗਾ
ਜੋ ਇਸਰਾਏਲ ਦਾ ਹਾਕਮ ਹੋਵੇਗਾ,
ਜਿਸ ਦਾ ਮੁੱਢ ਪੁਰਾਣੇ ਸਮੇਂ,
ਅਤੇ ਮੂਲ ਪ੍ਰਾਚੀਨ ਕਾਲ ਤੋਂ ਹੈ।”
3ਇਸ ਲਈ ਇਸਰਾਏਲ ਨੂੰ ਉਸ ਸਮੇਂ ਤੱਕ ਤਿਆਗ ਦਿੱਤਾ ਜਾਵੇਗਾ,
ਜਦ ਤੀਕ ਕਿ ਜਣੇਪੇ ਵਾਲੀ ਔਰਤ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ,
ਅਤੇ ਜਦ ਤੀਕ ਉਸ ਦੇ ਬਾਕੀ ਭਰਾ
ਇਸਰਾਏਲੀਆਂ ਨਾਲ ਰਲਣ ਲਈ ਵਾਪਸ ਆ ਜਾਂਦੇ ਹਨ।
4ਉਹ ਯਾਹਵੇਹ ਦੀ ਸ਼ਕਤੀ ਵਿੱਚ,
ਯਾਹਵੇਹ ਆਪਣੇ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਵਿੱਚ ਉੱਠੇਗਾ,
ਅਤੇ ਆਪਣੇ ਇੱਜੜ ਦੀ ਦੇਖਭਾਲ ਕਰੇਗਾ।
ਅਤੇ ਉਹ ਸੁਰੱਖਿਅਤ ਰਹਿਣਗੇ,
ਕਿਉਂਕਿ ਤਦ ਧਰਤੀ ਦੇ ਕੰਢੇ ਤੱਕ ਲੋਕ ਉਸਦੀ ਮਹਾਨਤਾ ਨੂੰ ਜਾਣ ਲੈਣਗੇ।
5ਅਤੇ ਉਹ ਸਾਡੀ ਸ਼ਾਂਤੀ ਹੋਵੇਗਾ
ਜਦੋਂ ਅੱਸ਼ੂਰੀ ਸਾਡੀ ਧਰਤੀ ਉੱਤੇ ਹਮਲਾ ਕਰਦੇ ਹਨ,
ਅਤੇ ਸਾਡੇ ਕਿਲ੍ਹਿਆਂ ਵਿੱਚੋਂ ਲੰਘਦੇ ਹਨ।
ਅਸੀਂ ਉਨ੍ਹਾਂ ਦੇ ਵਿਰੁੱਧ ਸੱਤ ਚਰਵਾਹੇ,
ਅਤੇ ਅੱਠ ਸੈਨਾਪਤੀ ਨੂੰ ਖੜ੍ਹਾ ਕਰਾਂਗੇ,
6ਜੋ ਅੱਸ਼ੂਰ ਦੇ ਦੇਸ਼ ਉੱਤੇ,
ਅਤੇ ਨਿਮਰੋਦ ਦੀ ਧਰਤੀ ਉੱਤੇ ਤਲਵਾਰ ਨਾਲ ਰਾਜ ਕਰਨਗੇ।
ਉਹ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ
ਜਦੋਂ ਉਹ ਸਾਡੇ ਦੇਸ਼ ਉੱਤੇ ਹਮਲਾ ਕਰਨਗੇ
ਅਤੇ ਸਾਡੀਆਂ ਸਰਹੱਦਾਂ ਨੂੰ ਪਾਰ ਕਰਨਗੇ।
7ਯਾਕੋਬ ਦਾ ਘਰਾਣਾ,
ਬਹੁਤ ਸਾਰੇ ਲੋਕਾਂ ਵਿੱਚ ਹੋਵੇਗਾ
ਉਹ ਯਾਹਵੇਹ ਦੁਆਰਾ ਭੇਜੀ ਗਈ ਤ੍ਰੇਲ ਵਰਗਾ,
ਘਾਹ ਉੱਤੇ ਡਿੱਗਣ ਵਾਲੇ ਮੀਂਹ ਵਰਗਾ ਹੋਵੇਗਾ,
ਜੋ ਕਿਸੇ ਦੀ ਉਡੀਕ ਨਹੀਂ ਕਰਦੇ।
ਨਾ ਹੀ ਇਹ ਕਿਸੇ ਮਨੁੱਖ ਉੱਤੇ ਨਿਰਭਰ ਕਰਦਾ ਹੈ।
8ਯਾਕੋਬ ਦਾ ਘਰਾਣਾ,
ਬਹੁਤ ਸਾਰੇ ਲੋਕਾਂ ਦੇ ਵਿਚਕਾਰ,
ਜੰਗਲ ਦੇ ਜਾਨਵਰਾਂ ਵਿੱਚ ਇੱਕ ਸ਼ੇਰ ਵਰਗਾ,
ਅਤੇ ਭੇਡਾਂ ਦੇ ਇੱਜੜਾਂ ਵਿੱਚ ਇੱਕ ਜਵਾਨ ਸ਼ੇਰ ਵਰਗਾ,
ਜੋ ਜਾਂਦੇ-ਜਾਂਦੇ ਮਾਰਦਾ ਅਤੇ ਪਾੜ ਦਿੰਦਾ ਹੈ,
ਅਤੇ ਉਸ ਤੋਂ ਕੋਈ ਵੀ ਨਹੀਂ ਬਚਾ ਸਕਦਾ।
9ਤੁਹਾਡਾ ਹੱਥ ਤੁਹਾਡੇ ਦੁਸ਼ਮਣਾਂ ਉੱਤੇ ਜਿੱਤ ਵਿੱਚ ਉੱਚਾ ਹੋਵੇਗਾ,
ਅਤੇ ਤੇਰੇ ਸਾਰੇ ਵੈਰੀ ਨਾਸ ਹੋ ਜਾਣਗੇ।
10ਯਾਹਵੇਹ ਦਾ ਵਾਕ ਹੈ, “ਉਸ ਦਿਨ,”
“ਮੈਂ ਤੁਹਾਡੇ ਵਿੱਚੋਂ ਤੁਹਾਡੇ ਘੋੜਿਆਂ ਨੂੰ ਤਬਾਹ ਕਰ ਦਿਆਂਗਾ
ਅਤੇ ਤੁਹਾਡੇ ਰਥਾਂ ਨੂੰ ਢਾਹ ਦਿਆਂਗਾ।
11ਮੈਂ ਤੁਹਾਡੀ ਧਰਤੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿਆਂਗਾ,
ਅਤੇ ਤੁਹਾਡੇ ਸਾਰੇ ਗੜ੍ਹਾਂ ਨੂੰ ਢਾਹ ਦਿਆਂਗਾ।
12ਮੈਂ ਤੇਰੇ ਜਾਦੂ-ਟੂਣਿਆਂ ਨੂੰ ਨਾਸ ਕਰ ਦਿਆਂਗਾ
ਅਤੇ ਤੁਸੀਂ ਕਦੇ ਵੀ ਜੋਤਿਸ਼ ਨਾਲ ਗੱਲ ਕਰਨ ਦੇ ਯੋਗ ਨਹੀਂ ਹੋਵੋਗੇ।
13ਮੈਂ ਤੁਹਾਡੀਆਂ ਮੂਰਤੀਆਂ ਨੂੰ
ਅਤੇ ਤੁਹਾਡੇ ਵਿੱਚੋਂ ਤੁਹਾਡੇ ਪਵਿੱਤਰ ਪੱਥਰਾਂ ਨੂੰ ਨਸ਼ਟ ਕਰ ਦਿਆਂਗਾ,
ਤੁਸੀਂ ਫ਼ੇਰ ਕਦੇ ਵੀ
ਆਪਣੇ ਹੱਥਾਂ ਨਾਲ ਬਣਾਈਆਂ ਚੀਜ਼ਾਂ ਦੀ ਪੂਜਾ ਨਹੀਂ ਕਰੋਗੇ।
14ਜਦੋਂ ਮੈਂ ਤੁਹਾਡੇ ਸ਼ਹਿਰਾਂ ਨੂੰ ਤਬਾਹ ਕਰਾਂਗਾ,
ਮੈਂ ਤੁਹਾਡੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਤੁਹਾਡੇ ਵਿੱਚੋਂ ਉਖਾੜ ਸੁੱਟਾਂਗਾ।
15ਮੈਂ ਗੁੱਸੇ ਅਤੇ ਕ੍ਰੋਧ ਵਿੱਚ ਉਨ੍ਹਾਂ ਕੌਮਾਂ ਤੋਂ ਬਦਲਾ ਲਵਾਂਗਾ,
ਜਿਨ੍ਹਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ।”