Logo YouVersion
Ikona vyhledávání

ਮੱਤੀਯਾਹ 7

7
ਦੂਸਰਿਆਂ ਉੱਤੇ ਦੋਸ਼ ਨਾ ਲਗਾਓ
1“ਕਿਸੇ ਉੱਤੇ ਵੀ ਦੋਸ਼ ਨਾ ਲਗਾਓ, ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਵੇ। 2ਕਿਉਂਕਿ ਜਿਵੇਂ ਤੁਸੀਂ ਦੂਸਰਿਆਂ ਉੱਤੇ ਦੋਸ਼ ਲਗਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।
3“ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕੱਖ ਵੱਲ ਤਾਂ ਵੇਖਦਾ ਹੈ ਪਰ ਉਹ ਸ਼ਤੀਰ ਜੋ ਤੇਰੀ ਆਪਣੀ ਅੱਖ ਵਿੱਚ ਹੈ, ਉਸ ਵੱਲ ਧਿਆਨ ਨਹੀਂ ਦਿੰਦਾ? 4ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਹਰ ਸਮੇਂ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ? 5ਹੇ ਪਖੰਡੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਫਿਰ ਤੂੰ ਸਾਫ਼ ਤਰੀਕੇ ਨਾਲ ਦੇਖ ਕੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ।
6“ਪਵਿੱਤਰ ਵਸਤੂ#7:6 ਪਵਿੱਤਰ ਵਸਤੂ ਅਰਥਾਤ ਜਿਹੜੀਆਂ ਚੀਜ਼ਾਂ ਪਰਮੇਸ਼ਵਰ ਦੀਆਂ ਹਨ ਕੁੱਤਿਆਂ ਨੂੰ ਨਾ ਪਾਓ; ਅਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ। ਕਿਤੇ ਅਜਿਹਾ ਨਾ ਹੋਵੇ ਜੋ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧਣ ਅਤੇ ਮੁੜ ਆਣ ਕੇ ਤੁਹਾਨੂੰ ਹੀ ਪਾੜ ਖਾਣ।
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ
7“ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ। 8ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
9“ਤੁਹਾਡੇ ਵਿੱਚੋਂ ਕੌਣ ਅਜਿਹਾ ਮਨੁੱਖ ਹੈ ਜਿਸਦਾ ਪੁੱਤਰ ਉਸ ਤੋਂ ਰੋਟੀ ਮੰਗੇ, ਤਾਂ ਉਹ ਉਸ ਨੂੰ ਪੱਥਰ ਦੇਵੇ? 10ਅਤੇ ਜਦ ਉਹ ਮੱਛੀ ਮੰਗੇ, ਤਾਂ ਉਹ ਉਸ ਨੂੰ ਸੱਪ ਦੇਵੇ? 11ਜਦੋਂ ਤੁਸੀਂ ਬੁਰੇ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਚੰਗੀਆਂ ਚੀਜ਼ਾਂ ਨਹੀਂ ਦੇਵੇਗਾ? 12ਇਸ ਲਈ ਜਿਵੇਂ ਤੁਸੀਂ ਚਾਹੁੰਦੇ ਹੋ, ਕਿ ਦੂਸਰੇ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੋ, ਇਹ ਉਹਨਾਂ ਸਭਨਾਂ ਗੱਲਾਂ ਦਾ ਨਿਚੋੜ ਹੈ ਜੋ ਬਿਵਸਥਾ ਅਤੇ ਨਬੀਆਂ ਦੀਆਂਂ ਸਿੱਖਿਆਵਾਂ ਦੁਆਰਾ ਸਿਖਾਇਆ ਗਿਆ ਹੈ।
ਤੰਗ ਅਤੇ ਖੁੱਲ੍ਹਾ ਰਸਤਾ
13“ਤੁਸੀਂ ਤੰਗ ਦਰਵਾਜ਼ੇ ਰਾਹੀਂ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋ ਸਕਦੇ ਹੋ। ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਸਤਾ, ਜਿਹੜਾ ਨਾਸ਼ ਨੂੰ ਜਾਂਦਾ ਹੈ ਪਰ ਬਹੁਤੇ ਹਨ ਉਹ ਲੋਕ ਜਿਹੜੇ ਉਸ ਰਸਤੇ ਨੂੰ ਚੁਣਦੇ ਹਨ। 14ਪਰ ਉਹ ਰਾਹ ਤੰਗ ਹੈ ਅਤੇ ਉਹ ਰਾਸਤਾ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੌੜੇ ਹਨ ਜੋ ਉਸ ਨੂੰ ਲੱਭਦੇ ਹਨ।
ਸੱਚੇ ਅਤੇ ਝੂਠੇ ਨਬੀ
15“ਝੂਠੇ ਨਬੀਆਂ ਤੋਂ ਸਾਵਧਾਨ ਰਹੋ। ਕਿਉਂਕਿ ਉਹ ਤੁਹਾਡੇ ਕੋਲ ਭੇਡਾਂ ਦੇ ਕੱਪੜਿਆ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਦੀ ਤਰ੍ਹਾਂ ਹੁੰਦੇ ਹਨ। 16ਤੁਸੀਂ ਉਹਨਾਂ ਨੂੰ ਉਹਨਾਂ ਦੇ ਫ਼ਲਾਂ ਦੁਆਰਾ ਪਛਾਣ ਲਵੋਂਗੇ, ਕੀ ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਕਰ ਸਕਦੇ ਹਨ? 17ਜਿਸ ਤਰ੍ਹਾਂ, ਹਰ ਇੱਕ ਚੰਗੇ ਰੁੱਖ ਨੂੰ ਚੰਗਾ ਫ਼ਲ ਲੱਗਦਾ ਹੈ ਉਸੇ ਪ੍ਰਕਾਰ ਹਰ ਬੁਰੇ ਰੁੱਖ ਨੂੰ ਮਾੜਾ ਫ਼ਲ ਲੱਗਦਾ ਹੈ। 18ਚੰਗਾ ਰੁੱਖ ਮਾੜਾ ਫ਼ਲ ਨਹੀਂ ਦੇ ਸਕਦਾ ਅਤੇ ਨਾ ਹੀ ਬੁਰਾ ਰੁੱਖ ਚੰਗਾ ਦੇ ਸਕਦਾ ਹੈ। 19ਹਰ ਇੱਕ ਰੁੱਖ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20ਇਸ ਲਈ ਤੁਸੀਂ ਉਹਨਾਂ ਨੂੰ ਉਹਨਾਂ ਦੇ ਫ਼ਲਾਂ ਦੁਆਰਾ ਪਛਾਣ ਲਵੋਂਗੇ।
ਸੱਚੇ ਅਤੇ ਝੂਠੇ ਚੇਲੇ
21“ਹਰ ਕੋਈ ਮੈਨੂੰ, ‘ਪ੍ਰਭੂ, ਪ੍ਰਭੂ,’ ਕਹਿਣ ਵਾਲਾ ਸਵਰਗ ਰਾਜ ਵਿੱਚ ਨਹੀਂ ਵੜੇਗਾ, ਪਰ ਉਹ ਮਨੁੱਖ ਹੀ ਸਵਰਗ ਰਾਜ ਵਿੱਚ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਨੂੰ ਪੂਰਿਆ ਕਰਦਾ ਹੈ। 22ਬਹੁਤ ਸਾਰੇ ਉਸ ਦਿਨ ਮੈਨੂੰ ਆਖਣਗੇ, ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਮ ਲੈ ਕੇ ਭਵਿੱਖਬਾਣੀ ਨਹੀਂ ਕੀਤੀ? ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ?’ 23ਉਸ ਵਕਤ ਮੈਂ ਉਹਨਾਂ ਨੂੰ ਖੁੱਲ ਕੇ ਆਖ ਦੇਵਾਂਗਾ, ‘ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਸਭ ਕੁਧਰਮੀਓ, ਮੇਰੇ ਕੋਲੋਂ ਦੂਰ ਹੋ ਜਾਓ।’
ਬੁੱਧਵਾਨ ਅਤੇ ਮੂਰਖ ਮਨੁੱਖ
24“ਇਸ ਲਈ ਹਰ ਕੋਈ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਿਅਕਤੀ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਹੈ। 25ਤਾਂ ਮੀਂਹ ਵਰ੍ਹਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ; ਪਰ ਉਹ ਘਰ ਨਾ ਡਿੱਗਿਆ, ਕਿਉਂਕਿ ਉਹ ਘਰ ਦੀ ਨੀਂਹ ਪੱਥਰ ਉੱਤੇ ਰੱਖੀ ਹੋਈ ਸੀ। 26ਪਰ ਹਰ ਮਨੁੱਖ ਜਿਹੜਾ ਮੇਰੇ ਬਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਿਅਕਤੀ ਵਰਗਾ ਹੈ ਜਿਸਨੇ ਆਪਣਾ ਘਰ ਰੇਤ ਉੱਪਰ ਬਣਾਇਆ ਹੈ। 27ਤਾਂ ਮੀਂਹ ਵਰਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆ ਅਤੇ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਘਰ ਡਿੱਗ ਗਿਆ ਅਤੇ ਬੁਰੀ ਤਰ੍ਹਾਂ ਨਾਸ਼ ਹੋ ਗਿਆ।”
28ਜਦੋਂ ਯਿਸ਼ੂ ਇਹ ਗੱਲਾਂ ਕਰ ਹਟੇ, ਤਾਂ ਲੋਕ ਉਹਨਾਂ ਦੀ ਸਿੱਖਿਆ ਤੋਂ ਹੈਰਾਨ ਹੋਏ, 29ਕਿਉਂਕਿ ਯਿਸ਼ੂ ਨੇ ਉਹਨਾਂ ਨੂੰ ਉਪਦੇਸ਼ਕਾਂ ਵਾਂਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas