ਮੱਤੀਯਾਹ 19
19
ਤਲਾਕ ਬਾਰੇ ਸਿੱਖਿਆ
1ਜਦੋਂ ਯਿਸ਼ੂ ਇਹ ਗੱਲਾਂ ਕਰ ਹਟੇ, ਤਾਂ ਉਹ ਗਲੀਲ ਪ੍ਰਦੇਸ਼ ਨੂੰ ਛੱਡ ਯਰਦਨ ਨਦੀ ਦੇ ਪਾਰ ਯਹੂਦਿਯਾ ਪ੍ਰਦੇਸ਼ ਵਿੱਚ ਆਏ। 2ਤਾਂ ਬਹੁਤ ਵੱਡੀ ਭੀੜ ਉਹਨਾਂ ਦੇ ਪਿੱਛੇ ਆਈ ਅਤੇ ਉਸਨੇ ਉੱਥੇ ਉਹਨਾਂ ਦੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।
3ਕੁਝ ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਸਦੇ ਕੋਲ ਆਏ ਅਤੇ ਬੋਲੇ, “ਕੀ ਮਨੁੱਖ ਲਈ ਬਿਵਸਥਾ ਅਨੁਸਾਰ ਇਹ ਸਹੀ ਹੈ ਜੋ ਉਹ ਕਿਸੇ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ?”
4ਯਿਸ਼ੂ ਨੇ ਉੱਤਰ ਦਿੱਤਾ, “ਕੀ ਤੁਸੀਂ ਇਹ ਨਹੀਂ ਪੜ੍ਹਿਆ? ਕਿ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ ਕਰਕੇ ਬਣਾਇਆ,’#19:4 ਉਤ 1:27 5ਅਤੇ ਕਿਹਾ, ‘ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।’#19:5 ਉਤ 2:24 6ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ। ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।”
7ਉਹਨਾਂ ਨੇ ਪੁੱਛਿਆ, “ਤਾਂ ਫਿਰ ਕਿਉਂ ਮੋਸ਼ੇਹ ਨੇ ਹੁਕਮ ਦਿੱਤਾ ਸੀ, ਕਿ ਆਦਮੀ ਆਪਣੀ ਪਤਨੀ ਨੂੰ ਤਲਾਕ-ਨਾਮਾ ਲਿਖ ਕੇ ਉਸਨੂੰ ਤਿਆਗ ਦੇਵੇ?”
8ਯਿਸ਼ੂ ਨੇ ਜਵਾਬ ਦਿੱਤਾ, “ਤੁਹਾਡੇ ਦਿਲ ਕਠੋਰ ਹੋਣ ਕਾਰਨ ਮੋਸ਼ੇਹ ਨੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੱਤੀ। ਪਰ ਸ਼ੁਰੂਆਤ ਤੋਂ ਅਜਿਹਾ ਨਹੀਂ ਸੀ। 9ਮੈਂ ਤੁਹਾਨੂੰ ਆਖਦਾ ਹਾਂ, ਕਿ ਜੇ ਕੋਈ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਇਲਾਵਾ ਕਿਸੇ ਹੋਰ ਕਾਰਨ ਤਲਾਕ ਦੇਵੇ ਅਤੇ ਦੂਸਰੀ ਔਰਤ ਨਾਲ ਵਿਆਹ ਕਰਵਾਉਂਦਾ ਹੈ, ਤਾਂ ਉਹ ਵਿਭਚਾਰ ਕਰਦਾ ਹੈ।”
10ਚੇਲਿਆਂ ਨੇ ਉਸਨੂੰ ਕਿਹਾ, “ਜੇ ਪਤੀ-ਪਤਨੀ ਦੇ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਨਾ ਕਰਨਾ ਚੰਗਾ ਹੈ।”
11ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹ ਗੱਲ ਸਾਰਿਆਂ ਲਈ ਨਹੀਂ, ਸਿਰਫ ਉਹਨਾਂ ਲਈ ਜਿੰਨ੍ਹਿਆਂ ਨੂੰ ਬਖ਼ਸੀ ਗਈ ਹੈ। 12ਕਿਉਂਕਿ ਇੱਥੇ ਕੁਝ ਖੁਸਰੇ ਹਨ ਜਿਹੜੇ ਜਨਮ ਤੋਂ ਇਸ ਪ੍ਰਕਾਰ ਜਨਮੇ ਹਨ ਅਤੇ ਕੁਝ ਖੁਸਰੇ ਅਜਿਹੇ ਹਨ ਜੋ ਦੂਸਰਿਆ ਦੁਆਰਾ ਖੁਸਰੇ ਬਣਾਏ ਗਏ ਹਨ ਅਤੇ ਕੁਝ ਲੋਕਾਂ ਨੇ ਆਪਣੇ ਆਪ ਨੂੰ ਸਵਰਗ ਦੇ ਰਾਜ ਲਈ ਖੁਸਰਿਆਂ ਵਾਂਗ ਰਹਿਣ ਦੀ ਚੋਣ ਕੀਤੀ। ਜਿਹੜਾ ਵੀ ਇਸ ਨੂੰ ਸਵੀਕਾਰ ਕਰ ਸਕਦਾ ਹੈ ਉਹ ਸਵੀਕਾਰ ਕਰੇ।”
ਛੋਟੇ ਬੱਚੇ ਅਤੇ ਮਸੀਹ ਯਿਸ਼ੂ
13ਤਦ ਲੋਕ ਆਪਣੇ ਬੱਚਿਆਂ ਨੂੰ ਯਿਸ਼ੂ ਕੋਲ ਲਿਆਏ ਤਾਂ ਜੋ ਉਹ ਉਹਨਾਂ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ।
14ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਨਾ ਰੋਕੋ ਕਿਉਂ ਜੋ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।” 15ਜਦੋਂ ਉਸ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ, ਤਾਂ ਉਸ ਤੋਂ ਬਾਅਦ ਉਹ ਉੱਥੋਂ ਚਲੇ ਗਏ।
ਧਨੀ ਮਨੁੱਖ ਅਤੇ ਸਦੀਪਕ ਜੀਵਨ
16ਤਾਂ ਇੱਕ ਆਦਮੀ ਯਿਸ਼ੂ ਕੋਲ ਆਇਆ ਅਤੇ ਕਿਹਾ, “ਗੁਰੂ ਜੀ, ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ?”
17ਯਿਸ਼ੂ ਨੇ ਉੱਤਰ ਦਿੱਤਾ, “ਤੂੰ ਮੈਨੂੰ ਭਲਾਈ ਦੇ ਬਾਰੇ ਕਿਉਂ ਪੁੱਛਦਾ ਹੈ? ਭਲਾ ਤਾਂ ਸਿਰਫ ਇੱਕ ਪਰਮੇਸ਼ਵਰ ਹੀ ਹੈ। ਅਗਰ ਤੂੰ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈ, ਤਾਂ ਹੁਕਮਾਂ ਨੂੰ ਮੰਨ।”
18ਉਸਨੇ ਆਖਿਆ, “ਕਿਹੜਾ ਹੁਕਮ?”
ਤਾਂ ਯਿਸ਼ੂ ਨੇ ਜਵਾਬ ਦਿੱਤਾ, “ ‘ਤੁਸੀਂ ਕਤਲ ਨਾ ਕਰਨਾ, ਵਿਭਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, 19ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ,’#19:19 ਕੂਚ 20:12-16; ਬਿਵ 5:16-20 ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ।’ ”#19:19 ਲੇਵਿ 19:18
20ਉਸ ਜਵਾਨ ਨੇ ਆਖਿਆ, “ਮੈਂ ਤਾਂ ਇਹ ਸਾਰਿਆਂ ਹੁਕਮਾਂਂ ਦੀ ਪਾਲਣਾ ਕਰਦਾ ਰਿਹਾ ਹਾਂ, ਫਿਰ ਹੁਣ ਮੇਰੇ ਵਿੱਚ ਕਿਸ ਚੀਜ਼ ਦੀ ਘਾਟ ਹੈ?”
21ਯਿਸ਼ੂ ਨੇ ਉਸ ਨੂੰ ਕਿਹਾ, “ਅਗਰ ਤੂੰ ਸਪੂੰਰਨ ਬਣਨਾ ਚਾਹੁੰਦਾ ਹੈ, ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।”
22ਜਦ ਉਸ ਜਵਾਨ ਨੇ ਇਹ ਗੱਲ ਸੁਣੀ ਤਾਂ ਉਹ ਉਦਾਸ ਹੋ ਕੇ ਚੱਲਿਆ ਗਿਆ, ਕਿਉਂਕਿ ਉਹ ਇੱਕ ਵੱਡਾ ਧਨਵਾਨ ਸੀ।
23ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨੀ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ। 24ਫਿਰ ਮੈਂ ਤੁਹਾਨੂੰ ਆਖਦਾ ਹਾਂ, ਧਨੀ ਵਿਅਕਤੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੌਖਾ ਹੈ।”
25ਜਦੋਂ ਚੇਲਿਆਂ ਨੇ ਇਹ ਸੁਣਿਆ ਤਾਂ ਬਹੁਤ ਹੈਰਾਨ ਹੋਏ ਅਤੇ ਪੁੱਛਿਆ, “ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?”
26ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, “ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।”
27ਤਦ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਅਸੀਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਹੋ ਤੁਰੇ ਹਾਂ! ਫਿਰ ਸਾਨੂੰ ਕੀ ਮਿਲੇਗਾ?”
28ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ, ਤਦ ਤੁਸੀਂ ਵੀ ਮੇਰੇ ਨਾਲ ਬਾਰ੍ਹਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰ੍ਹਾਂ ਗੋਤਾਂ ਦਾ ਨਿਆਂ ਕਰੋਗੇ। 29ਅਤੇ ਹਰ ਕੋਈ ਜਿਸਨੇ ਆਪਣੇ ਘਰ ਭਰਾਵਾਂ ਭੈਣਾਂ ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫ਼ਲ ਪ੍ਰਪਾਤ ਕਰੇਂਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ। 30ਪਰ ਬਹੁਤ ਸਾਰੇ ਜੋ ਪਹਿਲੇ ਹਨ, ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ।”
Právě zvoleno:
ਮੱਤੀਯਾਹ 19: PCB
Zvýraznění
Sdílet
Kopírovat

Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.