ਯੋਏਲ 2
2
ਟਿੱਡੀਆਂ ਦੀ ਇੱਕ ਫੌਜ
1ਸੀਯੋਨ ਵਿੱਚ ਤੁਰ੍ਹੀ ਵਜਾਓ;
ਮੇਰੀ ਪਵਿੱਤਰ ਪਹਾੜੀ ਉੱਤੇ ਸਾਹ ਖਿੱਚ ਕੇ ਫੂਕੋ!
ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬਣ,
ਕਿਉਂਕਿ ਯਾਹਵੇਹ ਦੇ ਦਿਨ ਆ ਰਿਹਾ ਹੈ।
ਇਹ ਦਿਨ ਨੇੜੇ ਹੀ ਹੈ,
2ਹਨੇਰੇ ਅਤੇ ਦੁੱਖ ਦਾ ਦਿਨ,
ਬੱਦਲਾਂ ਅਤੇ ਅੰਧਕਾਰ ਦਾ ਦਿਨ।
ਜਿਵੇਂ ਪਹਾੜਾਂ ਵਿੱਚ ਸਵੇਰਾ ਫੈਲਦਾ ਹੈ
ਇੱਕ ਵੱਡੀ ਅਤੇ ਸ਼ਕਤੀਸ਼ਾਲੀ ਸੈਨਾ ਆਉਂਦੀ ਹੈ,
ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਕਦੇ ਨਹੀਂ ਸੀ
ਅਤੇ ਨਾ ਹੀ ਆਉਣ ਵਾਲੇ ਯੁੱਗਾਂ ਵਿੱਚ ਕਦੇ ਹੋਵੇਗਾ।
3ਉਹਨਾਂ ਦੇ ਅੱਗੇ ਅੱਗ ਭਸਮ ਕਰਦੀ ਹੈ,
ਉਹਨਾਂ ਦੇ ਪਿੱਛੇ ਇੱਕ ਲਾਟ ਬਲਦੀ ਹੈ।
ਉਨ੍ਹਾਂ ਦੇ ਅੱਗੇ ਧਰਤੀ ਅਦਨ ਦੇ ਬਾਗ਼ ਵਰਗੀ ਹੈ,
ਉਨ੍ਹਾਂ ਦੇ ਪਿੱਛੇ ਮਾਰੂਥਲ ਹੈ।
ਉਹਨਾਂ ਤੋਂ ਕੁਝ ਵੀ ਨਹੀਂ ਬਚਿਆ।
4ਉਹਨਾਂ ਦਾ ਰੂਪ ਘੋੜਿਆਂ ਵਰਗਾ ਹੈ;
ਉਹ ਘੋੜਸਵਾਰਾਂ ਵਾਂਗ ਦੌੜਦੇ ਹਨ।
5ਰਥਾਂ ਦੀ ਆਵਾਜ਼ ਨਾਲ
ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਛਾਲ ਮਾਰਦੇ ਹਨ,
ਤੂੜੀ ਨੂੰ ਭਸਮ ਕਰਨ ਵਾਲੀ ਅੱਗ ਵਾਂਗ,
ਯੁੱਧ ਲਈ ਤਿਆਰ ਕੀਤੀ ਬਲਵੰਤ ਫ਼ੌਜ ਵਾਂਗ।
6ਉਨ੍ਹਾਂ ਨੂੰ ਵੇਖ ਕੇ ਕੌਮਾਂ ਦੁਖੀ ਹਨ;
ਸਾਰੇ ਚਿਹਰੇ ਫਿੱਕੇ ਪੈ ਜਾਂਦੇ ਹਨ।
7ਸੂਰਮਿਆਂ ਵਾਂਗੂੰ ਦੌੜਦੇ ਹਨ,
ਉਹ ਯੋਧਿਆਂ ਵਾਂਗੂੰ ਸ਼ਹਿਰਪਨਾਹ ਉੱਤੇ ਚੜ੍ਹਦੇ ਹਨ।
ਉਹ ਆਪੋ-ਆਪਣੇ ਰਾਹ ਉੱਤੇ ਤੁਰਦੇ ਹਨ,
ਉਹਨਾਂ ਵਿੱਚੋਂ ਕੋਈ ਆਪਣੀ ਕਤਾਰ ਤੋਂ ਬਾਹਰ ਨਹੀਂ ਤੁਰਦਾ।
8ਉਹ ਇੱਕ-ਦੂਜੇ ਨੂੰ ਧੱਕਾ ਨਹੀਂ ਮਾਰਦੇ;
ਹਰ ਇੱਕ ਸਿੱਧੇ ਰਾਹ ਉੱਤੇ ਤੁਰਦਾ ਹੈ।
ਉਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ,
ਅਤੇ ਉਹਨਾਂ ਦੀ ਕਤਾਰ ਨਹੀਂ ਟੁੱਟਦੀ।
9ਉਹ ਸ਼ਹਿਰ ਉੱਤੇ ਦੌੜਦੇ ਹਨ।
ਉਹ ਕੰਧ ਦੇ ਨਾਲ-ਨਾਲ ਦੌੜਦੇ ਹਨ।
ਉਹ ਘਰਾਂ ਵਿੱਚ ਚੜ੍ਹਦੇ ਹਨ;
ਚੋਰਾਂ ਵਾਂਗ ਉਹ ਖਿੜਕੀਆਂ ਰਾਹੀਂ ਅੰਦਰ ਵੜਦੇ ਹਨ।
10ਉਨ੍ਹਾਂ ਦੇ ਅੱਗੇ ਧਰਤੀ ਹੱਲਦੀ ਹੈ,
ਅਕਾਸ਼ ਕੰਬਦੇ ਹਨ,
ਸੂਰਜ ਤੇ ਚੰਦ ਕਾਲੇ ਹੋ ਜਾਂਦੇ ਹਨ
ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ।
11ਯਾਹਵੇਹ ਆਪਣੀ ਸੈਨਾ ਦੇ ਸਿਰ ਉੱਤੇ ਗਰਜਦਾ ਹੈ;
ਉਸ ਦੀ ਫ਼ੌਜ ਗਿਣਤੀ ਤੋਂ ਪਰੇ ਹੈ,
ਅਤੇ ਬਲਵਾਨ ਫ਼ੌਜ ਹੈ ਜੋ ਉਸ ਦੇ ਹੁਕਮ ਨੂੰ ਮੰਨਦੀ ਹੈ।
ਯਾਹਵੇਹ ਦਾ ਦਿਨ ਮਹਾਨ ਹੈ;
ਇਹ ਭਿਆਨਕ ਹੈ।
ਕੌਣ ਇਸ ਨੂੰ ਸਹਿ ਸਕਦਾ ਹੈ?
ਆਪਣੇ ਦਿਲ ਨੂੰ ਤੋੜੋ
12ਫਿਰ ਵੀ ਹੁਣ, ਯਾਹਵੇਹ ਇਹ ਆਖਦਾ ਹੈ,
“ਵਰਤ ਰੱਖ ਕੇ ਰੋਂਦੇ ਹੋਏ ਅਤੇ ਛਾਤੀ ਪਿੱਟਦੇ ਹੋਏ
ਆਪਣੇ ਸਾਰੇ ਦਿਲ ਨਾਲ ਮੇਰੇ ਵੱਲ ਮੁੜੋ।”
13ਆਪਣੇ ਕੱਪੜਿਆ ਨੂੰ ਨਹੀਂ
ਸਗੋਂ ਦਿਲ ਨੂੰ ਪਾੜੋ।
ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ,
ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ,
ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ
ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।
14ਕੌਣ ਜਾਣਦਾ ਹੈ ਭਈ ਉਹ ਮੁੜੇ
ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ,
ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ
ਤੁਹਾਡੇ ਪਰਮੇਸ਼ਵਰ ਯਾਹਵੇਹ ਲਈ ਹੋਣ।
15ਸੀਯੋਨ ਵਿੱਚ ਤੁਰ੍ਹੀ ਵਜਾਓ,
ਪਵਿੱਤਰ ਵਰਤ ਦਾ ਐਲਾਨ ਕਰੋ,
ਇੱਕ ਪਵਿੱਤਰ ਸਭਾ ਬੁਲਾਓ।
16ਲੋਕਾਂ ਨੂੰ ਇਕੱਠਾ ਕਰੋ,
ਸਭਾ ਨੂੰ ਪਵਿੱਤਰ ਕਰੋ;
ਬਜ਼ੁਰਗਾਂ ਨੂੰ ਇਕੱਠਾ ਕਰੋ,
ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ,
ਲਾੜਾ ਆਪਣੀ ਕੋਠੜੀ ਵਿੱਚੋਂ,
ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ।
17ਜਾਜਕ ਜੋ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ,
ਦਰਬਾਨ ਅਤੇ ਜਗਵੇਦੀ ਦੇ ਵਿਚਕਾਰ ਰੋਣ।
ਉਹਨਾਂ ਨੂੰ ਆਖਣ ਦਿਓ, “ਹੇ ਯਾਹਵੇਹ, ਆਪਣੇ ਲੋਕਾਂ ਨੂੰ ਬਚਾਓ।
ਆਪਣੇ ਵਿਰਸੇ ਨੂੰ ਕੌਮਾਂ ਵਿੱਚ ਘਿਣਾਉਣੀ ਨਾ ਬਣਾਓ।
ਉਹ ਲੋਕਾਂ ਵਿੱਚ ਕਿਉਂ ਕਹਿਣ,
‘ਉਨ੍ਹਾਂ ਦਾ ਪਰਮੇਸ਼ਵਰ ਕਿੱਥੇ ਹੈ?’ ”
ਯਾਹਵੇਹ ਦਾ ਉੱਤਰ
18ਤਦ ਯਾਹਵੇਹ ਨੂੰ ਆਪਣੀ ਧਰਤੀ ਲਈ ਅਣਖੀ ਹੋਇਆ।
ਅਤੇ ਆਪਣੇ ਲੋਕਾਂ ਉੱਤੇ ਤਰਸ ਖਾਧਾ।
19ਯਾਹਵੇਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਆਖਿਆ,
“ਮੈਂ ਤੁਹਾਡੇ ਲਈ ਅਨਾਜ, ਨਵੀਂ ਦਾਖਰਸ ਅਤੇ ਜ਼ੈਤੂਨ ਦਾ ਤੇਲ ਭੇਜ ਰਿਹਾ ਹਾਂ,
ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਰੱਜ ਜਾਓਗੇ;
ਮੈਂ ਫ਼ੇਰ ਕਦੇ ਵੀ ਤੈਨੂੰ ਕੌਮਾਂ ਲਈ ਨਫ਼ਰਤ ਦਾ ਪਾਤਰ ਨਹੀਂ ਬਣਾਵਾਂਗਾ।
20“ਮੈਂ ਉੱਤਰੀ ਭੀੜ ਨੂੰ ਤੁਹਾਡੇ ਤੋਂ ਦੂਰ ਭਜਾ ਦਿਆਂਗਾ,
ਉਸਨੂੰ ਸੁੱਕੀ ਅਤੇ ਬੰਜਰ ਧਰਤੀ ਵਿੱਚ ਧੱਕ ਦਿਆਂਗਾ।
ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਸਮੁੰਦਰ ਵੱਲ
ਅਤੇ ਉਹ ਦਾ ਪਿੱਛਲਾ ਹਿੱਸਾ ਪੱਛਮ ਵੱਲ ਸਮੁੰਦਰ ਵਿੱਚ ਹੋਵੇਗਾ।
ਉਹ ਦੇ ਵਿੱਚੋਂ ਬਦਬੂ ਉੱਠੇਗੀ
ਅਤੇ ਸੜਿਆਂਧ ਆਵੇਗੀ।”
ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!
21ਹੇ ਯਹੂਦਾਹ ਦੀ ਧਰਤੀ, ਨਾ ਡਰ!
ਖੁਸ਼ ਹੋਵੋ ਅਤੇ ਅਨੰਦ ਕਰੋ।
ਯਕੀਨਨ ਯਾਹਵੇਹ ਨੇ ਮਹਾਨ ਕੰਮ ਕੀਤੇ ਹਨ!
22ਹੇ ਜੰਗਲੀ ਜਾਨਵਰੋ, ਨਾ ਡਰੋ,
ਕਿਉਂ ਜੋ ਉਜਾੜ ਵਿੱਚ ਚਰਾਗਾਹਾਂ ਹਰੀਆਂ ਹੋ ਰਹੀਆਂ ਹਨ।
ਰੁੱਖ ਆਪਣੇ ਫਲ ਦੇ ਰਹੇ ਹਨ;
ਹੰਜੀਰ ਦੇ ਰੁੱਖ ਅਤੇ ਅੰਗੂਰੀ ਵੇਲ ਆਪਣਾ ਧਨ ਦਿੰਦੇ ਹਨ।
23ਹੇ ਸੀਯੋਨ ਦੇ ਲੋਕੋ, ਖੁਸ਼ ਹੋਵੋ,
ਆਪਣੇ ਯਾਹਵੇਹ ਵਿੱਚ ਅਨੰਦ ਕਰੋ,
ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿਛਲੀ ਵਰਖਾ ਵਰ੍ਹਾਈ ਹੈ,
ਜਿਵੇਂ ਪਹਿਲਾਂ ਹੁੰਦਾ ਸੀ।
24ਪਿੜ ਅਨਾਜ ਨਾਲ ਭਰ ਜਾਣਗੇ;
ਚੁਬੱਚੇ ਨਵੀਂ ਦਾਖਰਸ ਅਤੇ ਤੇਲ ਨਾਲ ਭਰ ਜਾਣਗੇ।
25“ਜੋ ਫਸਲ ਨੂੰ ਟਿੱਡੀਆਂ ਨੇ ਖਾਧਾ ਹੈ ਉਸ ਨੂੰ ਮੈਂ ਵਾਪਸ ਕਰਾਂਗਾ,
ਵੱਡੀ ਟਿੱਡੀ ਅਤੇ ਛੋਟੀ ਟਿੱਡੀ,
ਹੂੰਝਾ ਫੇਰ ਅਤੇ ਟਪੂਸੀ ਮਾਰ ਟਿੱਡੀਆਂ ਨੇ
ਅਰਥਾਤ ਮੇਰੀ ਵੱਡੀ ਫੌਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ।
26ਤੁਹਾਡੇ ਕੋਲ ਖਾਣ ਲਈ ਬਹੁਤ ਕੁਝ ਹੋਵੇਗਾ, ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ,
ਅਤੇ ਤੁਸੀਂ ਆਪਣੇ ਯਾਹਵੇਹ ਦੇ ਨਾਮ ਦੀ ਉਸਤਤ ਕਰੋਗੇ,
ਜਿਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ।
ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।
27ਤਦ ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਵਿੱਚ ਹਾਂ,
ਕਿ ਮੈਂ ਹੀ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ,
ਅਤੇ ਕੋਈ ਹੋਰ ਨਹੀਂ ਹੈ।
ਫੇਰ ਕਦੇ ਮੇਰੇ ਲੋਕ ਸ਼ਰਮਿੰਦਾ ਨਹੀਂ ਹੋਣਗੇ।
ਯਾਹਵੇਹ ਦਾ ਦਿਨ
28“ਅਤੇ ਇਸ ਤੋਂ ਬਾਅਦ ਅਜਿਹਾ ਹੋਵੇਗਾ,
ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ।
ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ,
ਤੁਹਾਡੇ ਜੁਆਨ ਦਰਸ਼ਣ ਵੇਖਣਗੇ,
ਤੁਹਾਡੇ ਬਜ਼ੁਰਗ ਸੁਫ਼ਨੇ ਵੇਖਣਗੇ।
29ਇੱਥੋਂ ਤੱਕ ਕਿ ਮੇਰੇ ਸੇਵਕਾਂ ਉੱਤੇ, ਆਦਮੀ ਅਤੇ ਔਰਤ ਦੋਹਾਂ ਤੇ
ਮੈਂ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਉੱਤੇ ਆਪਣਾ ਆਤਮਾ ਵਹਾ ਦਿਆਂਗਾ।
30ਮੈਂ ਅਕਾਸ਼ ਵਿੱਚ
ਅਤੇ ਧਰਤੀ ਉੱਤੇ,
ਲਹੂ, ਅੱਗ ਅਤੇ ਧੂੰਏਂ ਦੇ ਚਮਤਕਾਰ ਵਿਖਾਵਾਂਗਾ।
31ਸੂਰਜ ਹਨ੍ਹੇਰੇ ਵਿੱਚ ਬਦਲ ਜਾਵੇਗਾ
ਅਤੇ ਚੰਨ ਲਹੂ ਵਿੱਚ
ਯਾਹਵੇਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ।
32ਅਤੇ ਹਰੇਕ ਜਿਹੜਾ ਵੀ
ਯਾਹਵੇਹ ਦਾ ਨਾਮ ਲੈ ਕੇ ਪੁਕਾਰਦਾ ਹੈ ਉਹ ਬਚਾਇਆ ਜਾਵੇਗਾ।
ਕਿਉਂਕਿ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ,
ਛੁਟਕਾਰਾ ਹੋਵੇਗਾ,
ਜਿਵੇਂ ਕਿ ਯਾਹਵੇਹ ਨੇ ਕਿਹਾ ਹੈ,
ਬਚੇ ਹੋਏ ਲੋਕਾਂ ਵਿੱਚੋਂ ਵੀ,
ਜਿਨ੍ਹਾਂ ਨੂੰ ਯਾਹਵੇਹ ਬੁਲਾਵੇਗਾ।
Právě zvoleno:
ਯੋਏਲ 2: PCB
Zvýraznění
Sdílet
Kopírovat

Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.