Logo YouVersion
Ikona vyhledávání

ਹਿਜ਼ਕੀਏਲ 44

44
ਪੁਜਾਰੀਵਾਦ ਬਹਾਲ ਕੀਤਾ ਗਿਆ
1ਤਦ ਉਹ ਆਦਮੀ ਮੈਨੂੰ ਪਵਿੱਤਰ ਅਸਥਾਨ ਦੇ ਬਾਹਰਲੇ ਦਰਵਾਜ਼ੇ ਕੋਲ ਵਾਪਸ ਲਿਆਇਆ, ਜਿਸ ਦਾ ਮੂੰਹ ਪੂਰਬ ਵੱਲ ਸੀ, ਅਤੇ ਉਹ ਬੰਦ ਹੋ ਗਿਆ ਸੀ। 2ਯਾਹਵੇਹ ਨੇ ਮੈਨੂੰ ਕਿਹਾ, “ਇਹ ਦਰਵਾਜ਼ਾ ਬੰਦ ਰਹਿਣਾ ਹੈ। ਇਸ ਨੂੰ ਖੋਲ੍ਹਿਆ ਨਹੀਂ ਜਾਣਾ ਚਾਹੀਦਾ; ਕੋਈ ਵੀ ਇਸ ਵਿੱਚ ਦਾਖਲ ਨਹੀਂ ਹੋ ਸਕਦਾ। ਇਹ ਬੰਦ ਰਹਿਣਾ ਹੈ ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਵਿੱਚ ਦਾਖਲ ਹੋਇਆ ਹੈ। 3ਪਰ ਰਾਜਕੁਮਾਰ ਇਸ ਲਈ ਕਿ ਉਹ ਰਾਜਕੁਮਾਰ ਹੈ ਯਾਹਵੇਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਹ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ।”
4ਫਿਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਮੰਦਰ ਦੇ ਸਾਮ੍ਹਣੇ ਲੈ ਆਇਆ। ਮੈਂ ਦੇਖਿਆ ਅਤੇ ਯਾਹਵੇਹ ਦੀ ਮਹਿਮਾ ਨੂੰ ਯਾਹਵੇਹ ਦੇ ਮੰਦਰ ਨੂੰ ਭਰਦਾ ਦੇਖਿਆ, ਅਤੇ ਮੈਂ ਝੁਕ ਗਿਆ।
5ਯਾਹਵੇਹ ਨੇ ਮੈਨੂੰ ਕਿਹਾ, “ਹੇ ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦਿਓ ਜੋ ਮੈਂ ਤੁਹਾਨੂੰ ਯਾਹਵੇਹ ਦੇ ਮੰਦਰ ਦੇ ਸਾਰੇ ਨਿਯਮਾਂ ਅਤੇ ਹਦਾਇਤਾਂ ਬਾਰੇ ਦੱਸਦਾ ਹਾਂ। ਮੰਦਰ ਦੇ ਪ੍ਰਵੇਸ਼ ਦੁਆਰ ਅਤੇ ਪਾਵਨ ਅਸਥਾਨ ਦੇ ਸਾਰੇ ਨਿਕਾਸ ਵੱਲ ਧਿਆਨ ਲਾ। 6ਵਿਦਰੋਹੀ ਇਸਰਾਏਲ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਤੁਹਾਡੇ ਘਿਣਾਉਣੇ ਕੰਮਾਂ ਲਈ ਕਾਫ਼ੀ ਹੈ! 7ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਤੋਂ ਇਲਾਵਾ, ਤੁਸੀਂ ਪਰਦੇਸੀਆਂ ਨੂੰ ਮੇਰੇ ਪਵਿੱਤਰ ਅਸਥਾਨ ਵਿੱਚ ਦਿਲ ਅਤੇ ਮਾਸ ਵਿੱਚ ਸੁੰਨਤ ਕੀਤੇ ਹੋਏ ਲਿਆਏ, ਮੇਰੇ ਮੰਦਰ ਦੀ ਬੇਅਦਬੀ ਕੀਤੀ ਜਦੋਂ ਤੁਸੀਂ ਮੈਨੂੰ ਭੋਜਨ, ਚਰਬੀ ਅਤੇ ਲਹੂ ਦੀ ਪੇਸ਼ਕਸ਼ ਕੀਤੀ, ਅਤੇ ਤੁਸੀਂ ਮੇਰੇ ਨੇਮ ਨੂੰ ਤੋੜ ਦਿੱਤਾ। 8ਮੇਰੀਆਂ ਪਵਿੱਤਰ ਵਸਤੂਆਂ ਦੇ ਸੰਬੰਧ ਵਿੱਚ ਆਪਣਾ ਫਰਜ਼ ਨਿਭਾਉਣ ਦੀ ਬਜਾਏ, ਤੁਸੀਂ ਦੂਜਿਆਂ ਨੂੰ ਮੇਰੇ ਪਵਿੱਤਰ ਅਸਥਾਨ ਦਾ ਰਾਖ਼ਾ ਥਾਪ ਦਿੱਤਾ। 9ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੋਈ ਵੀ ਪਰਦੇਸੀ ਜੋ ਦਿਲ ਅਤੇ ਸਰੀਰ ਵਿੱਚ ਸੁੰਨਤ ਨਹੀਂ ਹੈ, ਮੇਰੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਵੇਗਾ, ਇੱਥੋਂ ਤੱਕ ਕਿ ਇਸਰਾਏਲੀਆਂ ਵਿੱਚ ਰਹਿਣ ਵਾਲੇ ਵਿਦੇਸ਼ੀ ਵੀ ਨਹੀਂ।
10“ ‘ਉਹ ਲੇਵੀ ਜਿਹੜੇ ਮੇਰੇ ਤੋਂ ਦੂਰ ਚਲੇ ਗਏ ਸਨ ਜਦੋਂ ਇਸਰਾਏਲ ਦੇ ਭਟਕ ਗਏ ਸਨ ਅਤੇ ਜਿਹੜੇ ਆਪਣੇ ਬੁੱਤਾਂ ਦੇ ਮਗਰ ਮੇਰੇ ਤੋਂ ਭਟਕ ਗਏ ਸਨ, ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ। 11ਉਹ ਮੇਰੇ ਪਵਿੱਤਰ ਅਸਥਾਨ ਵਿੱਚ ਸੇਵਾ ਕਰ ਸਕਦੇ ਹਨ, ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਦੇ ਹਨ ਅਤੇ ਇਸ ਵਿੱਚ ਸੇਵਾ ਕਰਦੇ ਹਨ; ਉਹ ਲੋਕਾਂ ਲਈ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਵੱਢ ਸਕਦੇ ਹਨ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ। 12ਪਰ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਲੋਕਾਂ ਨੂੰ ਪਾਪ ਵਿੱਚ ਪਾ ਦਿੱਤਾ, ਇਸ ਲਈ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਹੈ ਕਿ ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ। 13ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨ ਜਾਂ ਮੇਰੀਆਂ ਪਵਿੱਤਰ ਵਸਤਾਂ ਜਾਂ ਮੇਰੀਆਂ ਸਭ ਤੋਂ ਪਵਿੱਤਰ ਭੇਟਾਂ ਦੇ ਨੇੜੇ ਨਾ ਆਉਣ। ਉਹਨਾਂ ਨੂੰ ਆਪਣੇ ਘਿਣਾਉਣੇ ਕੰਮਾਂ ਦੀ ਸ਼ਰਮਿੰਦਗੀ ਝੱਲਣੀ ਪਵੇਗੀ। 14ਅਤੇ ਮੈਂ ਉਹਨਾਂ ਨੂੰ ਮੰਦਰ ਦੀ ਰਾਖੀ ਕਰਨ ਲਈ ਉਸ ਸਾਰੇ ਕੰਮ ਲਈ ਨਿਯੁਕਤ ਕਰਾਂਗਾ ਜੋ ਉਸ ਵਿੱਚ ਕੀਤੇ ਜਾਣੇ ਹਨ।
15“ ‘ਪਰ ਲੇਵੀ ਜਾਜਕ, ਜੋ ਸਾਦੋਕ ਦੇ ਉੱਤਰਾਧਿਕਾਰੀ ਹਨ ਅਤੇ ਜਿਨ੍ਹਾਂ ਨੇ ਮੇਰੇ ਪਵਿੱਤਰ ਸਥਾਨ ਦੀ ਰਾਖੀ ਕੀਤੀ ਜਦੋਂ ਇਸਰਾਏਲੀ ਮੇਰੇ ਤੋਂ ਭਟਕ ਗਏ ਸਨ, ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ; ਉਹ ਮੇਰੇ ਸਾਮ੍ਹਣੇ ਚਰਬੀ ਅਤੇ ਲਹੂ ਦੀਆਂ ਬਲੀਆਂ ਚੜ੍ਹਾਉਣ ਲਈ ਖੜ੍ਹੇ ਹੋਣਗੇ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ। 16ਕੇਵਲ ਉਹ ਹੀ ਮੇਰੇ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕਰਨਗੇ; ਉਹ ਇਕੱਲੇ ਮੇਰੇ ਮੇਜ਼ ਦੇ ਨੇੜੇ ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ ਅਤੇ ਪਹਿਰੇਦਾਰ ਵਜੋਂ ਮੇਰੀ ਸੇਵਾ ਕਰਨਗੇ।
17“ ‘ਜਦੋਂ ਉਹ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਵਿੱਚ ਵੜਨ, ਤਾਂ ਉਹਨਾਂ ਨੂੰ ਲਿਨਨ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਜਾਂ ਮੰਦਰ ਦੇ ਅੰਦਰ ਸੇਵਾ ਕਰਦੇ ਸਮੇਂ ਉਹਨਾਂ ਨੂੰ ਉੱਨੀ ਕੱਪੜੇ ਨਹੀਂ ਪਹਿਨਣੇ ਚਾਹੀਦੇ। 18ਉਹਨਾਂ ਨੂੰ ਆਪਣੇ ਸਿਰਾਂ ਤੇ ਲਿਨਨ ਦੀਆਂ ਪੱਗਾਂ ਅਤੇ ਲੱਕ ਦੇ ਦੁਆਲੇ ਸੂਤੀ ਪਜਾਮੇ ਪਹਿਨਣਗੇ। ਉਹਨਾਂ ਨੂੰ ਅਜਿਹਾ ਕੁਝ ਨਹੀਂ ਪਹਿਨਣਾ ਚਾਹੀਦਾ ਜਿਸ ਨਾਲ ਉਹਨਾਂ ਨੂੰ ਪਸੀਨਾ ਆਉਂਦਾ ਹੋਵੇ। 19ਜਦੋਂ ਬਾਹਰਲੇ ਵੇਹੜੇ ਅਰਥਾਤ ਲੋਕਾਂ ਦੇ ਬਾਹਰਲੇ ਵੇਹੜੇ ਵਿੱਚ ਨਿੱਕਲ ਆਉਣ, ਤਾਂ ਆਪਣੇ ਸੇਵਾ ਸਮੇਂ ਦੇ ਲੀੜੇ ਲਾਹ ਕੇ ਪਵਿੱਤਰ ਕੋਠੜੀਆਂ ਵਿੱਚ ਰੱਖਣਗੇ ਅਤੇ ਦੂਜੇ ਲੀੜੇ ਪਾ ਲੈਣਗੇ, ਤਾਂ ਜੋ ਆਪਣੇ ਬਸਤਰਾਂ ਕਰਕੇ ਆਮ ਲੋਕਾਂ ਨੂੰ ਪਵਿੱਤਰ ਨਾ ਕਰਨ।
20“ ‘ਉਹਨਾਂ ਨੂੰ ਆਪਣੇ ਸਿਰ ਮੁਨਾਉਣ ਜਾਂ ਆਪਣੇ ਵਾਲ ਲੰਬੇ ਨਾ ਹੋਣ ਦੇਣ, ਪਰ ਉਹ ਆਪਣੇ ਸਿਰ ਦੇ ਵਾਲਾਂ ਨੂੰ ਕੱਟ ਕੇ ਰੱਖਣ। 21ਜਦੋਂ ਕੋਈ ਵੀ ਪੁਜਾਰੀ ਅੰਦਰਲੇ ਵੇਹੜੇ ਵਿੱਚ ਦਾਖਲ ਹੁੰਦਾ ਹੈ ਤਾਂ ਉਸਨੂੰ ਮੈ ਨਹੀਂ ਪੀਣਾ ਚਾਹੀਦੀ। 22ਉਹਨਾਂ ਨੂੰ ਵਿਧਵਾਵਾਂ ਜਾਂ ਤਲਾਕਸ਼ੁਦਾ ਔਰਤਾਂ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਉਹ ਸਿਰਫ ਇਸਰਾਏਲੀ ਮੂਲ ਦੀਆਂ ਕੁਆਰੀਆਂ ਜਾਂ ਜਾਜਕਾਂ ਦੀਆਂ ਵਿਧਵਾਵਾਂ ਨਾਲ ਵਿਆਹ ਕਰ ਸਕਦੇ ਹਨ। 23ਉਹ ਮੇਰੇ ਲੋਕਾਂ ਨੂੰ ਪਵਿੱਤਰ ਅਤੇ ਆਮ ਵਿੱਚ ਫ਼ਰਕ ਸਿਖਾਉਣਗੇ ਅਤੇ ਉਹਨਾਂ ਨੂੰ ਦਿਖਾਉਣਾ ਹੈ ਕਿ ਅਸ਼ੁੱਧ ਅਤੇ ਸ਼ੁੱਧ ਵਿੱਚ ਫ਼ਰਕ ਕਿਵੇਂ ਕਰਨਾ ਹੈ।
24“ ‘ਉਹ ਝਗੜਿਆਂ ਦੇ ਨਿਆਂ ਕਰਨ ਲਈ ਖਲੋਣਗੇ ਅਤੇ ਮੇਰੇ ਨਿਆਂਵਾਂ ਦੇ ਅਨੁਸਾਰ ਨਿਆਂ ਕਰਨਗੇ। ਉਹ ਮੇਰੀ ਬਿਵਸਥਾ ਦੀ ਤੇ ਮੇਰੀਆਂ ਬਿਧੀਆਂ ਦੀ ਅਤੇ ਮੇਰੇ ਸਾਰੇ ਠਹਿਰਾਏ ਹੋਏ ਪਰਬਾਂ ਦੀ ਤੇ ਮੇਰੇ ਪਵਿੱਤਰ ਸਬਤਾਂ ਦੀ ਪਾਲਣਾ ਕਰਨਗੇ।
25“ ‘ਜਾਜਕ ਨੂੰ ਮਰੇ ਹੋਏ ਵਿਅਕਤੀ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ। ਹਾਲਾਂਕਿ, ਜੇਕਰ ਮਰਿਆ ਹੋਇਆ ਵਿਅਕਤੀ ਉਸਦਾ ਪਿਤਾ ਜਾਂ ਮਾਤਾ, ਪੁੱਤਰ ਜਾਂ ਧੀ, ਭਰਾ ਜਾਂ ਅਣਵਿਆਹੀ ਭੈਣ ਹੋਵੇ, ਤਾਂ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ। 26ਉਸ ਦੇ ਸ਼ੁੱਧ ਹੋਣ ਤੋਂ ਬਾਅਦ, ਉਸਨੂੰ ਸੱਤ ਦਿਨ ਉਡੀਕ ਕਰਨੀ ਚਾਹੀਦੀ ਹੈ। 27ਜਿਸ ਦਿਨ ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਾਵਨ ਅਸਥਾਨ ਦੇ ਅੰਦਰਲੇ ਵੇਹੜੇ ਵਿੱਚ ਜਾਂਦਾ ਹੈ, ਤਾਂ ਆਪਣੇ ਲਈ ਪਾਪ ਬਲੀ#44:27 ਪਾਪ ਬਲੀ ਅਰਥਾਤ ਸ਼ੁੱਧੀਕਰਨ ਦੀ ਭੇਟ ਚੜ੍ਹਾਵੇਗਾ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
28“ ‘ਮੈਂ ਸਿਰਫ ਪੁਜਾਰੀਆਂ ਦੀ ਵਿਰਾਸਤ ਬਣਾਗਾ। ਤੁਸੀਂ ਉਹਨਾਂ ਨੂੰ ਇਸਰਾਏਲ ਵਿੱਚ ਕੋਈ ਕਬਜ਼ਾ ਨਹੀਂ ਦੇਣਾ। ਮੈਂ ਉਹਨਾਂ ਦਾ ਕਬਜ਼ਾ ਹੋਵਾਂਗਾ। 29ਉਹ ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਖਾਣਗੇ ਅਤੇ ਇਸਰਾਏਲ ਵਿੱਚ ਜੋ ਕੁਝ ਵੀ ਯਾਹਵੇਹ ਨੂੰ ਸਮਰਪਿਤ ਹੈ ਉਹ ਉਹਨਾਂ ਦਾ ਹੋਵੇਗਾ। 30ਸਾਰੇ ਪਹਿਲੇ ਫਲਾਂ ਵਿੱਚੋਂ ਸਭ ਤੋਂ ਉੱਤਮ ਅਤੇ ਤੁਹਾਡੀਆਂ ਸਾਰੀਆਂ ਖਾਸ ਸੁਗਾਤਾਂ ਵਿੱਚੋਂ, ਜਾਜਕਾਂ ਦੀ ਹੋਵੇਗੀ। ਤੁਸੀਂ ਉਹਨਾਂ ਨੂੰ ਆਪਣੇ ਜ਼ਮੀਨੀ ਭੋਜਨ ਦਾ ਪਹਿਲਾ ਹਿੱਸਾ ਦੇਣਾ ਹੈ ਤਾਂ ਜੋ ਤੁਹਾਡੇ ਪਰਿਵਾਰ ਨੂੰ ਬਰਕਤ ਮਿਲੇ। 31ਜਾਜਕਾਂ ਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ, ਭਾਵੇਂ ਉਹ ਪੰਛੀ ਜਾਂ ਜਾਨਵਰ, ਮਰਿਆ ਹੋਇਆ ਪਾਇਆ ਗਿਆ ਹੋਵੇ ਜਾਂ ਜੰਗਲੀ ਜਾਨਵਰਾਂ ਦੁਆਰਾ ਫਟਿਆ ਹੋਇਆ ਹੋਵੇ।

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas