ਹਿਜ਼ਕੀਏਲ 36
36
ਇਸਰਾਏਲ ਦੇ ਪਹਾੜ ਲਈ ਉਮੀਦ
1“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਨੂੰ ਭਵਿੱਖਬਾਣੀ ਕਰ ਅਤੇ ਆਖ, ‘ਇਸਰਾਏਲ ਦੇ ਪਹਾੜੋ, ਯਾਹਵੇਹ ਦਾ ਬਚਨ ਸੁਣੋ। 2ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: ਦੁਸ਼ਮਣ ਨੇ ਤੇਰੇ ਬਾਰੇ ਆਖਿਆ, “ਆਹਾ! ਪ੍ਰਾਚੀਨ ਉਚਾਈਆਂ ਸਾਡੀ ਮਲਕੀਅਤ ਬਣ ਗਈਆਂ ਹਨ।” ’ 3ਇਸ ਲਈ ਭਵਿੱਖਬਾਣੀ ਕਰ ਅਤੇ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਉਹਨਾਂ ਨੇ ਤੁਹਾਨੂੰ ਹਰ ਪਾਸਿਓਂ ਉਜਾੜਿਆ ਅਤੇ ਕੁਚਲਿਆ ਤਾਂ ਜੋ ਤੁਸੀਂ ਬਾਕੀ ਕੌਮਾਂ ਦੇ ਅਧੀਨ ਹੋ ਜਾਓ ਅਤੇ ਲੋਕਾਂ ਦੀਆਂ ਭੈੜੀਆਂ ਗੱਲਾਂ ਅਤੇ ਨਿੰਦਿਆ ਦਾ ਪਾਤਰ ਬਣ ਜਾਓ। 4ਇਸ ਲਈ, ਇਸਰਾਏਲ ਦੇ ਪਹਾੜੋ, ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਸੁਣੋ: ਸਰਬਸ਼ਕਤੀਮਾਨ ਯਾਹਵੇਹ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ, ਉਜਾੜਾਂ ਅਤੇ ਵਿਰਾਨਿਆਂ ਨੂੰ ਇਹ ਆਖਦਾ ਹੈ। ਉਹ ਕਸਬੇ ਜਿਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੁਆਰਾ ਲੁੱਟਿਆ ਅਤੇ ਮਖੌਲ ਕੀਤਾ ਗਿਆ ਹੈ, 5ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੇ ਬਲਦੇ ਜੋਸ਼ ਵਿੱਚ ਬਾਕੀ ਕੌਮਾਂ ਦੇ ਵਿਰੁੱਧ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹੈ, ਕਿਉਂ ਜੋ ਉਹਨਾਂ ਨੇ ਖੁਸ਼ੀ ਅਤੇ ਆਪਣੇ ਮਨਾਂ ਵਿੱਚ ਵੈਰ ਨਾਲ ਮੇਰੀ ਧਰਤੀ ਨੂੰ ਆਪਣੀ ਮਲਕੀਅਤ ਬਣਾ ਲਿਆ ਹੈ। ਹੋ ਸਕਦਾ ਹੈ ਕਿ ਉਹ ਇਸ ਦੀ ਚਰਾਗਾਹ ਨੂੰ ਲੁੱਟ ਲੈਣ’ 6ਇਸ ਲਈ ਇਸਰਾਏਲ ਦੀ ਧਰਤੀ ਬਾਰੇ ਭਵਿੱਖਬਾਣੀ ਕਰ ਅਤੇ ਪਹਾੜਾਂ ਅਤੇ ਪਹਾੜੀਆਂ ਨੂੰ, ਘਾਟੀਆਂ ਅਤੇ ਵਾਦੀਆਂ ਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬੋਲਦਾ ਹਾਂ ਕਿਉਂਕਿ ਤੁਸੀਂ ਕੌਮਾਂ ਦਾ ਅਪਮਾਨ ਝੱਲਿਆ ਹੈ। 7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਉੱਚੇ ਹੱਥਾਂ ਨਾਲ ਸਹੁੰ ਖਾਂਦਾ ਹਾਂ ਕਿ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵੀ ਨਫ਼ਰਤ ਦਾ ਸ਼ਿਕਾਰ ਹੋਣਗੀਆਂ।
8“ ‘ਪਰ ਤੁਸੀਂ, ਇਸਰਾਏਲ ਦੇ ਪਹਾੜੋ, ਮੇਰੇ ਲੋਕ ਇਸਰਾਏਲ ਲਈ ਟਹਿਣੀਆਂ ਅਤੇ ਫਲ ਪੈਦਾ ਕਰੋਗੇ, ਕਿਉਂਕਿ ਉਹ ਛੇਤੀ ਹੀ ਘਰ ਆ ਜਾਣਗੇ। 9ਮੈਂ ਤੁਹਾਡੇ ਲਈ ਚਿੰਤਤ ਹਾਂ ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ, 10ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ। ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ। 11ਮੈਂ ਤੇਰੇ ਉੱਤੇ ਰਹਿਣ ਵਾਲੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਵਧਾਵਾਂਗਾ, ਅਤੇ ਉਹ ਫਲਦਾਰ ਹੋਣਗੇ ਅਤੇ ਬਹੁਤ ਸਾਰੇ ਹੋਣਗੇ। ਮੈਂ ਤੁਹਾਡੇ ਉੱਤੇ ਪਹਿਲਾਂ ਵਾਂਗ ਲੋਕਾਂ ਨੂੰ ਵਸਾਵਾਂਗਾ ਅਤੇ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਖੁਸ਼ਹਾਲ ਬਣਾਵਾਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ। 12ਮੈਂ ਲੋਕਾਂ ਨੂੰ, ਮੇਰੇ ਲੋਕ ਇਸਰਾਏਲ ਨੂੰ ਤੁਹਾਡੇ ਉੱਤੇ ਰਹਿਣ ਦਾ ਕਾਰਨ ਦਿਆਂਗਾ। ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ, ਅਤੇ ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ; ਤੁਸੀਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਕਦੇ ਵੀ ਵਾਂਝਾ ਨਹੀਂ ਕਰੋਗੇ।
13“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਕੁਝ ਲੋਕ ਤੁਹਾਨੂੰ ਆਖਦੇ ਹਨ, “ਤੁਸੀਂ ਲੋਕਾਂ ਨੂੰ ਖਾ ਜਾਂਦੇ ਹੋ ਅਤੇ ਆਪਣੀ ਕੌਮ ਨੂੰ ਉਸ ਦੇ ਬੱਚਿਆਂ ਤੋਂ ਵਾਂਝੇ ਰੱਖਦੇ ਹੋ,” 14ਇਸ ਲਈ ਤੁਸੀਂ ਹੁਣ ਲੋਕਾਂ ਨੂੰ ਨਹੀਂ ਖਾਓਗੇ ਅਤੇ ਨਾ ਹੀ ਆਪਣੀ ਕੌਮ ਨੂੰ ਬੇ-ਔਲਾਦ ਬਣਾਉਗੇ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 15ਮੈਂ ਤੁਹਾਨੂੰ ਹੁਣ ਕੌਮਾਂ ਦੇ ਤਾਅਨੇ ਨਹੀਂ ਸੁਣਾਵਾਂਗਾ, ਅਤੇ ਹੁਣ ਤੋਂ ਤੁਸੀਂ ਲੋਕਾਂ ਦੀ ਨਿੰਦਿਆ ਨਹੀਂ ਕਰੋਗੇ ਅਤੇ ਨਾ ਹੀ ਆਪਣੀ ਕੌਮ ਨੂੰ ਤਬਾਹ ਕਰੋਗੇ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
ਇਸਰਾਏਲ ਦੀ ਬਹਾਲੀ ਦਾ ਭਰੋਸਾ
16ਫਿਰ ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 17“ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦੇ ਲੋਕ ਆਪਣੀ ਧਰਤੀ ਉੱਤੇ ਰਹਿ ਰਹੇ ਸਨ, ਤਾਂ ਉਹਨਾਂ ਨੇ ਆਪਣੇ ਚਾਲ-ਚਲਣ ਅਤੇ ਆਪਣੇ ਕੰਮਾਂ ਦੁਆਰਾ ਇਸ ਨੂੰ ਪਲੀਤ ਕੀਤਾ। ਉਹਨਾਂ ਦਾ ਚਾਲ-ਚਲਣ ਮੇਰੀ ਨਜ਼ਰ ਵਿੱਚ ਇੱਕ ਔਰਤ ਦੀ ਮਾਸਿਕ ਅਸ਼ੁੱਧਤਾ ਵਰਗਾ ਸੀ। 18ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹਿਆ ਕਿਉਂਕਿ ਉਹਨਾਂ ਨੇ ਦੇਸ਼ ਵਿੱਚ ਲਹੂ ਵਹਾਇਆ ਸੀ ਅਤੇ ਉਹਨਾਂ ਨੇ ਆਪਣੇ ਬੁੱਤਾਂ ਨਾਲ ਇਸ ਨੂੰ ਭ੍ਰਿਸ਼ਟ ਕੀਤਾ ਸੀ। 19ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿੰਡਾ ਦਿੱਤਾ, ਅਤੇ ਉਹ ਦੇਸ਼ਾਂ ਵਿੱਚ ਖਿੱਲਰ ਗਏ। ਮੈਂ ਉਹਨਾਂ ਦੇ ਚਾਲ-ਚਲਣ ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਉਹਨਾਂ ਦਾ ਨਿਰਣਾ ਕੀਤਾ। 20ਅਤੇ ਜਿੱਥੇ ਵੀ ਉਹ ਕੌਮਾਂ ਵਿੱਚ ਗਏ ਉਹਨਾਂ ਨੇ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ, ਕਿਉਂਕਿ ਉਹਨਾਂ ਬਾਰੇ ਕਿਹਾ ਗਿਆ ਸੀ, ‘ਇਹ ਯਾਹਵੇਹ ਦੇ ਲੋਕ ਹਨ, ਅਤੇ ਫਿਰ ਵੀ ਉਹਨਾਂ ਨੂੰ ਉਸਦੀ ਧਰਤੀ ਛੱਡਣੀ ਪਈ।’ 21ਮੈਨੂੰ ਆਪਣੇ ਪਵਿੱਤਰ ਨਾਮ ਦੀ ਚਿੰਤਾ ਸੀ, ਜਿਸ ਨੂੰ ਇਸਰਾਏਲ ਦੇ ਲੋਕਾਂ ਨੇ ਉਹਨਾਂ ਕੌਮਾਂ ਵਿੱਚ ਜਿੱਥੇ ਉਹ ਗਏ ਸਨ, ਅਪਵਿੱਤਰ ਕੀਤਾ ਸੀ।
22“ਇਸ ਲਈ ਇਸਰਾਏਲੀਆਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਇਹ ਜੋ ਗੱਲਾਂ ਮੈਂ ਕਰਨ ਜਾ ਰਿਹਾ ਹਾਂ, ਤੁਹਾਡੇ ਲਈ ਨਹੀਂ ਹੈ ਕਿ ਇਹ ਸਗੋਂ ਆਪਣੇ ਪਵਿੱਤਰ ਨਾਮ ਦੀ ਖ਼ਾਤਰ, ਜਿਸਨੂੰ ਤੁਸੀਂ ਉਹਨਾਂ ਕੌਮਾਂ ਵਿੱਚ ਅਪਵਿੱਤਰ ਕੀਤਾ ਹੈ ਜਿੱਥੇ ਤੁਸੀਂ ਗਏ ਹੋ। 23ਮੈਂ ਆਪਣੇ ਮਹਾਨ ਨਾਮ ਦੀ ਪਵਿੱਤਰਤਾ ਦਿਖਾਵਾਂਗਾ, ਜੋ ਕੌਮਾਂ ਵਿੱਚ ਅਪਵਿੱਤਰ ਹੋਇਆ ਹੈ, ਜਿਸ ਨਾਮ ਨੂੰ ਤੂੰ ਉਹਨਾਂ ਵਿੱਚ ਅਪਵਿੱਤਰ ਕੀਤਾ ਹੈ। ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਤੁਹਾਡੇ ਦੁਆਰਾ ਪਵਿੱਤਰ ਸਾਬਤ ਹੋਵਾਂਗਾ।
24“ ‘ਕਿਉਂਕਿ ਮੈਂ ਤੁਹਾਨੂੰ ਕੌਮਾਂ ਵਿੱਚੋਂ ਕੱਢ ਲਵਾਂਗਾ; ਮੈਂ ਤੁਹਾਨੂੰ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ। 25ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ, ਅਤੇ ਤੁਸੀਂ ਸ਼ੁੱਧ ਹੋ ਜਾਵੋਗੇ; ਮੈਂ ਤੁਹਾਨੂੰ ਤੁਹਾਡੀਆਂ ਸਾਰੀਆਂ ਅਸ਼ੁੱਧੀਆਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਸ਼ੁੱਧ ਕਰਾਂਗਾ। 26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਤੁਹਾਡੇ ਵਿੱਚ ਇੱਕ ਨਵਾਂ ਆਤਮਾ ਪਾਵਾਂਗਾ; ਮੈਂ ਤੇਰੇ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਮਾਸ ਦਾ ਦਿਲ ਦਿਆਂਗਾ। 27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ। 28ਫਿਰ ਤੁਸੀਂ ਉਸ ਧਰਤੀ ਉੱਤੇ ਰਹੋਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। 29ਮੈਂ ਤੁਹਾਨੂੰ ਤੁਹਾਡੀ ਸਾਰੀ ਗੰਦਗੀ ਤੋਂ ਬਚਾਵਾਂਗਾ। ਮੈਂ ਅਨਾਜ ਮੰਗਾਂਗਾ ਅਤੇ ਇਸ ਨੂੰ ਬਹੁਤ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਹੀਂ ਲਿਆਵਾਂਗਾ। 30ਮੈਂ ਰੁੱਖਾਂ ਦੇ ਫਲ ਅਤੇ ਖੇਤ ਦੀਆਂ ਫ਼ਸਲਾਂ ਨੂੰ ਵਧਾਵਾਂਗਾ, ਤਾਂ ਜੋ ਤੁਸੀਂ ਕਾਲ ਦੇ ਕਾਰਨ ਕੌਮਾਂ ਵਿੱਚ ਬਦਨਾਮੀ ਦਾ ਸ਼ਿਕਾਰ ਨਾ ਹੋਵੋਂਗੇ। 31ਫਿਰ ਤੁਸੀਂ ਆਪਣੇ ਬੁਰੇ ਕੰਮਾਂ ਅਤੇ ਮੰਦੇ ਕੰਮਾਂ ਨੂੰ ਚੇਤੇ ਕਰੋਗੇ, ਅਤੇ ਤੁਸੀਂ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਲਈ ਆਪਣੇ ਆਪ ਨੂੰ ਨਫ਼ਰਤ ਕਰੋਗੇ। 32ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਇਹ ਤੁਹਾਡੇ ਲਈ ਨਹੀਂ ਕਰ ਰਿਹਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਸਰਾਏਲ ਦੇ ਲੋਕੋ, ਆਪਣੇ ਚਾਲ-ਚਲਣ ਲਈ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋ!
33“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਮੈਂ ਤੁਹਾਡੇ ਸ਼ਹਿਰਾਂ ਨੂੰ ਮੁੜ ਵਸਾਵਾਂਗਾ ਅਤੇ ਖੰਡਰ ਮੁੜ ਉਸਾਰੇ ਜਾਣਗੇ। 34ਉਜਾੜ ਜ਼ਮੀਨ ਨੂੰ ਉਜਾੜਨ ਦੀ ਬਜਾਏ ਉਜਾੜ ਦਿੱਤਾ ਜਾਵੇਗਾ ਜੋ ਉਸ ਵਿੱਚੋਂ ਲੰਘਣ ਵਾਲੇ ਸਾਰਿਆਂ ਦੀ ਨਜ਼ਰ ਵਿੱਚ ਹਨ। 35ਉਹ ਆਖਣਗੇ, “ਇਹ ਧਰਤੀ ਜਿਹੜੀ ਉਜਾੜ ਦਿੱਤੀ ਗਈ ਸੀ ਅਦਨ ਦੇ ਬਾਗ਼ ਵਰਗੀ ਹੋ ਗਈ ਹੈ। ਉਹ ਸ਼ਹਿਰ ਜੋ ਖੰਡਰ, ਵਿਰਾਨ ਅਤੇ ਤਬਾਹ ਹੋ ਗਏ ਸਨ, ਹੁਣ ਉਹ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ।” 36ਫਿਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਜੋ ਬਾਕੀ ਰਹਿੰਦੀਆਂ ਹਨ, ਜਾਣ ਲੈਣਗੀਆਂ ਕਿ ਮੈਂ ਜੋ ਤਬਾਹ ਹੋ ਗਿਆ ਸੀ ਉਸ ਨੂੰ ਦੁਬਾਰਾ ਬਣਾਇਆ ਹੈ ਅਤੇ ਜੋ ਵਿਰਾਨ ਸੀ, ਉਸ ਨੂੰ ਦੁਬਾਰਾ ਬਣਾਇਆ ਹੈ। ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’
37“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇੱਕ ਵਾਰ ਫਿਰ ਇਸਰਾਏਲ ਦੀ ਬੇਨਤੀ ਨੂੰ ਮੰਨਾਂਗਾ ਅਤੇ ਉਹਨਾਂ ਲਈ ਇਹ ਕਰਾਂਗਾ: ਮੈਂ ਉਹਨਾਂ ਦੇ ਲੋਕਾਂ ਨੂੰ ਭੇਡਾਂ ਵਾਂਗ ਅਣਗਿਣਤ ਕਰ ਦਿਆਂਗਾ 38ਅਤੇ ਯੇਰੂਸ਼ਲੇਮ ਵਿੱਚ ਚੜ੍ਹਾਵੇ ਲਈ ਉਸਦੇ ਨਿਯੁਕਤ ਤਿਉਹਾਰਾਂ ਦੌਰਾਨ ਇੱਜੜਾਂ ਵਾਂਗ ਅਣਗਿਣਤ ਕਰ ਦਿਆਂਗਾ। ਇਸੇ ਤਰ੍ਹਾਂ ਬਰਬਾਦ ਹੋਏ ਸ਼ਹਿਰ ਲੋਕਾਂ ਦੇ ਝੁੰਡਾਂ ਨਾਲ ਭਰ ਜਾਣਗੇ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”
Právě zvoleno:
ਹਿਜ਼ਕੀਏਲ 36: PCB
Zvýraznění
Sdílet
Kopírovat
Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.