30
ਮਿਸਰ ਉੱਤੇ ਵਿਰਲਾਪ
1ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 2“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਵਿਰਲਾਪ ਕਰ ਅਤੇ ਆਖ,
“ਹਾਏ ਉਸ ਦਿਨ ਲਈ!”
3ਕਿਉਂਕਿ ਦਿਨ ਨੇੜੇ ਹੈ,
ਯਾਹਵੇਹ ਦਾ ਦਿਨ ਨੇੜੇ ਹੈ
ਬੱਦਲਾਂ ਦਾ ਦਿਨ,
ਕੌਮਾਂ ਲਈ ਤਬਾਹੀ ਦਾ ਸਮਾਂ ਹੈ।
4ਮਿਸਰ ਉੱਤੇ ਇੱਕ ਤਲਵਾਰ ਆਵੇਗੀ,
ਅਤੇ ਕਸ਼ਟ ਕੂਸ਼#30:4 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਉੱਤੇ ਆਵੇਗਾ,
ਜਦੋਂ ਮਿਸਰ ਵਿੱਚ ਮਾਰੇ ਗਏ,
ਉਸ ਦੀ ਦੌਲਤ ਲੈ ਲਈ ਜਾਏਗੀ
ਅਤੇ ਉਸ ਦੀਆਂ ਨੀਹਾਂ ਪੁੱਟ ਦਿੱਤੀਆਂ ਜਾਣਗੀਆਂ।
5ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਲਿਬਿਆ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।
6“ ‘ਯਾਹਵੇਹ ਇਹ ਆਖਦਾ ਹੈ:
“ ‘ਮਿਸਰ ਦੇ ਸਹਿਯੋਗੀ ਡਿੱਗ ਜਾਣਗੇ
ਅਤੇ ਉਸ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ।
ਮਿਗਦੋਲ ਸਵੇਨੇਹ ਤੋਂ,
ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ,
ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
7ਉਹ ਉਜਾੜ ਦੇਸ਼ਾਂ ਵਿੱਚ
ਵਿਰਾਨ ਹੋ ਜਾਣਗੇ,
ਅਤੇ ਉਹਨਾਂ ਦੇ ਸ਼ਹਿਰ
ਉਜੜੇ ਹੋਏ ਸ਼ਹਿਰਾਂ ਵਿੱਚ ਪਏ ਹੋਣਗੇ।
8ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ,
ਜਦੋਂ ਮੈਂ ਮਿਸਰ ਨੂੰ ਅੱਗ ਲਾ ਦਿੱਤੀ ਹੈ
ਅਤੇ ਉਸਦੇ ਸਾਰੇ ਸਹਾਇਕ ਕੁਚਲੇ ਜਾਣਗੇ।
9“ ‘ਉਸ ਦਿਨ ਬਹੁਤ ਸਾਰੇ ਸੰਦੇਸ਼ਵਾਹਕ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਸਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ! ਉਹ ਆਉਂਦਾ ਹੈ।
10“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਮੈਂ ਬਾਬੇਲ ਦੇ ਰਾਜੇ ਨਬੂਕਦਨੱਸਰ ਦੇ ਹੱਥੋਂ
ਮਿਸਰ ਦੀ ਭੀੜ ਦਾ ਅੰਤ ਕਰ ਦਿਆਂਗਾ।
11ਉਹ ਅਤੇ ਉਸਦੀ ਸੈਨਾ ਕੌਮਾਂ ਵਿੱਚੋਂ ਸਭ ਤੋਂ ਬੇਰਹਿਮ ਹਨ
ਜਿਸ ਨੂੰ ਧਰਤੀ ਤਬਾਹ ਕਰਨ ਲਈ ਲਿਆਂਦਾ ਜਾਵੇਗਾ।
ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਕੱਢਣਗੇ
ਅਤੇ ਦੇਸ ਨੂੰ ਵੱਢੇ ਹੋਏ ਲੋਕਾਂ ਨਾਲ ਭਰ ਦੇਣਗੇ।
12ਮੈਂ ਨੀਲ ਨਦੀ ਦੇ ਪਾਣੀਆਂ ਨੂੰ ਸੁਕਾ ਦਿਆਂਗਾ
ਅਤੇ ਧਰਤੀ ਨੂੰ ਇੱਕ ਦੁਸ਼ਟ ਕੌਮ ਨੂੰ ਵੇਚ ਦਿਆਂਗਾ।
ਪਰਦੇਸੀਆਂ ਦੇ ਹੱਥੋਂ
ਮੈਂ ਧਰਤੀ ਅਤੇ ਉਸ ਵਿੱਚ ਸਭ ਕੁਝ ਉਜਾੜ ਦਿਆਂਗਾ।
ਮੈਂ ਯਾਹਵੇਹ ਨੇ ਆਖਿਆ ਹੈ।
13“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਮੈਂ ਮੂਰਤੀਆਂ ਨੂੰ ਨਸ਼ਟ ਕਰ ਦਿਆਂਗਾ
ਅਤੇ ਨੋਫ਼ ਵਿੱਚ ਮੂਰਤੀਆਂ ਨੂੰ ਖਤਮ ਕਰ ਦਿਆਂਗਾ।
ਮਿਸਰ ਵਿੱਚ ਹੁਣ ਕੋਈ ਰਾਜਕੁਮਾਰ ਨਹੀਂ ਰਹੇਗਾ,
ਅਤੇ ਮੈਂ ਸਾਰੇ ਦੇਸ਼ ਵਿੱਚ ਡਰ ਫੈਲਾਵਾਂਗਾ।
14ਮੈਂ ਉੱਪਰਲੇ ਮਿਸਰ ਨੂੰ ਬਰਬਾਦ ਕਰ ਦਿਆਂਗਾ,
ਸੋਆਨ ਨੂੰ ਅੱਗ ਲਾ ਦਿਆਂਗਾ
ਅਤੇ ਥੀਬਸ ਨੂੰ ਸਜ਼ਾ ਦੇਵਾਂਗਾ।
15ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ
ਆਪਣਾ ਕ੍ਰੋਧ ਭੇਜਾਂਗਾ
ਅਤੇ ਥੀਬਸ ਦੀ ਭੀੜ ਨੂੰ ਮਿਟਾ ਦਿਆਂਗਾ।
16ਮੈਂ ਮਿਸਰ ਨੂੰ ਅੱਗ ਲਾ ਦਿਆਂਗਾ;
ਸੀਨ ਨੂੰ ਕਰੜਾ ਦੁੱਖ ਹੋਵੇਗਾ।
ਥੀਬਸ ਤੂਫਾਨ ਦੁਆਰਾ ਲਿਆ ਜਾਵੇਗਾ;
ਨੋਫ਼ ਲਗਾਤਾਰ ਮੁਸੀਬਤ ਵਿੱਚ ਰਹੇਗਾ।
17ਊਨ ਸ਼ਹਿਰ ਅਤੇ ਪੀ-ਬਸਥ ਜਵਾਨ
ਤਲਵਾਰ ਨਾਲ ਡਿੱਗਣਗੇ,
ਅਤੇ ਸ਼ਹਿਰ ਆਪਣੇ ਆਪ ਗ਼ੁਲਾਮ ਹੋ ਜਾਣਗੇ।
18ਤਾਹਪਨਹੇਸ ਵਿੱਚ ਹਨੇਰਾ ਦਿਨ ਹੋਵੇਗਾ
ਜਦੋਂ ਮੈਂ ਮਿਸਰ ਦਾ ਜੂਲਾ ਤੋੜਾਂਗਾ;
ਉੱਥੇ ਉਸਦੀ ਹੰਕਾਰੀ ਤਾਕਤ ਖਤਮ ਹੋ ਜਾਵੇਗੀ।
ਉਹ ਬੱਦਲਾਂ ਨਾਲ ਢੱਕੀ ਜਾਵੇਗੀ,
ਅਤੇ ਉਹ ਦੇ ਪਿੰਡ ਗ਼ੁਲਾਮੀ ਵਿੱਚ ਚਲੇ ਜਾਣਗੇ।
19ਇਸ ਲਈ ਮੈਂ ਮਿਸਰ ਨੂੰ ਸਜ਼ਾ ਦੇਵਾਂਗਾ,
ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’ ”
ਫ਼ਿਰਾਊਨ ਦੀਆਂ ਬਾਹਾਂ ਟੁੱਟ ਗਈਆਂ
20ਗਿਆਰਵੇਂ ਸਾਲ ਦੇ ਪਹਿਲੇ ਮਹੀਨੇ ਦੇ ਸੱਤਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 21“ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜਾ ਫ਼ਿਰਾਊਨ ਦੀ ਬਾਂਹ ਭੰਨ ਦਿੱਤੀ ਹੈ ਅਤੇ ਵੇਖ, ਉਹ ਬੰਨ੍ਹੀ ਨਹੀਂ ਗਈ। ਦਵਾਈ ਲਾ ਕੇ ਉਸ ਤੇ ਪੱਟੀਆਂ ਨਹੀਂ ਕੀਤੀਆਂ ਗਈਆਂ, ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ। 22ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਮਿਸਰ ਦੇ ਰਾਜੇ ਫ਼ਿਰਾਊਨ ਦੇ ਵਿਰੁੱਧ ਹਾਂ। ਮੈਂ ਉਸ ਦੀਆਂ ਦੋਵੇਂ ਬਾਹਾਂ, ਚੰਗੀ ਬਾਂਹ ਅਤੇ ਟੁੱਟੀ ਹੋਈ ਬਾਂਹ ਨੂੰ ਤੋੜ ਦਿਆਂਗਾ, ਅਤੇ ਤਲਵਾਰ ਉਸ ਦੇ ਹੱਥੋਂ ਡਿੱਗਾ ਦਿਆਂਗਾ। 23ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। 24ਮੈਂ ਬਾਬੇਲ ਦੇ ਰਾਜੇ ਦੀਆਂ ਬਾਹਾਂ ਨੂੰ ਮਜ਼ਬੂਤ ਕਰਾਂਗਾ ਅਤੇ ਆਪਣੀ ਤਲਵਾਰ ਉਹ ਦੇ ਹੱਥ ਵਿੱਚ ਰੱਖਾਂਗਾ, ਪਰ ਫ਼ਿਰਾਊਨ ਦੀਆਂ ਬਾਂਹਾਂ ਨੂੰ ਭੰਨਾਂਗਾ ਅਤੇ ਉਹ ਉਸ ਦੇ ਅੱਗੇ ਉਸ ਫੱਟੜ ਵਾਂਗੂੰ ਜੋ ਮਰਨ ਵਾਲਾ ਹੋਵੇ, ਆਹਾਂ ਭਰੇਗਾ। 25ਮੈਂ ਬਾਬੇਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਦਿਆਂਗਾ ਅਤੇ ਫ਼ਿਰਾਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਜਦੋਂ ਮੈਂ ਆਪਣੀ ਤਲਵਾਰ ਬਾਬੇਲ ਦੇ ਰਾਜਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ ਤੇ ਖਿੱਚੇਗਾ, ਤਾਂ ਉਹ ਜਾਣਨਗੇ ਕਿ ਮੈਂ ਯਾਹਵੇਹ ਹਾਂ। 26ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”