Logo YouVersion
Ikona vyhledávání

ਹਿਜ਼ਕੀਏਲ 29

29
ਮਿਸਰ ਦੇ ਵਿਰੁੱਧ ਇੱਕ ਭਵਿੱਖਬਾਣੀ
ਫ਼ਿਰਾਊਨ ਦਾ ਨਿਆਂ
1ਦਸਵੇਂ ਸਾਲ ਦੇ ਦਸਵੇਂ ਮਹੀਨੇ ਦੇ ਬਾਰ੍ਹਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਦੇ ਵਿਰੁੱਧ ਆਪਣਾ ਮੂੰਹ ਕਰ ਅਤੇ ਉਸਦੇ ਅਤੇ ਸਾਰੇ ਮਿਸਰ ਵਿਰੁੱਧ ਅਗੰਮਵਾਕ ਕਰ। 3ਉਸ ਨਾਲ ਗੱਲ ਕਰ ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਮਿਸਰ ਦੇ ਰਾਜੇ ਫ਼ਿਰਾਊਨ, ਮੈਂ ਤੇਰੇ ਵਿਰੁੱਧ ਹਾਂ,
ਤੂੰ ਆਪਣੀਆਂ ਨਦੀਆਂ ਵਿੱਚ ਪਿਆ ਹੋਇਆ ਮਹਾਨ ਜੰਤੂ ਹੈ।
ਤੂੰ ਕਹਿੰਦਾ ਹੈ, “ਨੀਲ ਨਦੀ ਮੇਰੀ ਹੈ;
ਮੈਂ ਇਸਨੂੰ ਆਪਣੇ ਲਈ ਬਣਾਇਆ ਹੈ।”
4ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ
ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ,
ਮੈਂ ਤੈਨੂੰ ਤੇਰੀਆਂ ਨਦੀਆਂ ਵਿੱਚੋਂ ਬਾਹਰ ਕੱਢ ਲਿਆਵਾਂਗਾ,
ਅਤੇ ਤੇਰੀਆਂ ਸਾਰੀਆਂ ਮੱਛੀਆਂ ਨੂੰ ਵੀ।
5ਮੈਂ ਤੈਨੂੰ ਉਜਾੜ ਵਿੱਚ ਛੱਡ ਦਿਆਂਗਾ,
ਤੈਨੂੰ ਅਤੇ ਤੇਰੀ ਨਦੀਆਂ ਦੀਆਂ ਸਾਰੀਆਂ ਮੱਛੀਆਂ ਨੂੰ।
ਤੂੰ ਖੁੱਲ੍ਹੇ ਮੈਦਾਨ ਵਿੱਚ ਡਿੱਗ ਜਾਏਗਾ
ਅਤੇ ਨਾ ਇਕੱਠਾ ਕੀਤਾ ਜਾਵੇਗਾ ਅਤੇ ਨਾ ਹੀ ਚੁੱਕਿਆ ਜਾਵੇਗਾ।
ਮੈਂ ਤੁਹਾਨੂੰ ਧਰਤੀ ਦੇ ਦਰਿੰਦਿਆਂ
ਅਤੇ ਅਕਾਸ਼ ਦੇ ਪੰਛੀਆਂ ਨੂੰ ਭੋਜਨ ਵਜੋਂ ਦਿਆਂਗਾ।
6ਫਿਰ ਮਿਸਰ ਵਿੱਚ ਰਹਿਣ ਵਾਲੇ ਸਾਰੇ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।
“ ‘ਤੁਸੀਂ ਇਸਰਾਏਲ ਦੇ ਲੋਕਾਂ ਲਈ ਕਾਨੇ ਦਾ ਸਹਾਰਾ ਸੀ। 7ਜਦੋਂ ਉਹਨਾਂ ਨੇ ਤੈਨੂੰ ਆਪਣੇ ਹੱਥਾਂ ਨਾਲ ਫੜਿਆ, ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਦੇ ਮੋਢੇ ਫੱਟੜ ਕਰ ਦਿੱਤੇ। ਜਦੋਂ ਉਹਨਾਂ ਤੇਰਾ ਸਹਾਰਾ ਲਿਆ, ਤੂੰ ਟੁੱਟ ਗਿਆ ਅਤੇ ਉਹਨਾਂ ਦੀਆਂ ਪਿੱਠਾਂ ਵੱਢੀਆਂ ਗਈਆ।
8“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੇਰੇ ਵਿਰੁੱਧ ਤਲਵਾਰ ਲਿਆਵਾਂਗਾ ਅਤੇ ਮਨੁੱਖ ਅਤੇ ਜਾਨਵਰ ਦੋਵਾਂ ਨੂੰ ਮਾਰ ਦਿਆਂਗਾ। 9ਮਿਸਰ ਵਿਰਾਨ ਹੋ ਜਾਵੇਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।
“ ‘ਕਿਉਂਕਿ ਤੂੰ ਕਿਹਾ ਸੀ, “ਨੀਲ ਨਦੀ ਮੇਰੀ ਹੈ; ਮੈਂ ਇਸਨੂੰ ਬਣਾਇਆ,” 10ਇਸ ਲਈ ਮੈਂ ਤੇਰੇ ਅਤੇ ਤੇਰੀਆਂ ਨਦੀਆਂ ਦੇ ਵਿਰੁੱਧ ਹਾਂ, ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼#29:10 ਕੂਸ਼ ਅਰਥਾਤ ਨੀਲ ਨਦੀ ਦਾ ਉੱਪਰਲਾ ਖੇਤਰ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ। 11ਨਾ ਤਾਂ ਮਨੁੱਖ ਅਤੇ ਨਾ ਹੀ ਜਾਨਵਰ ਦਾ ਪੈਰ ਇਸ ਵਿੱਚੋਂ ਦੀ ਲੰਘੇਗਾ; ਉੱਥੇ ਚਾਲੀ ਸਾਲਾਂ ਤੱਕ ਕੋਈ ਨਹੀਂ ਰਹੇਗਾ। 12ਮੈਂ ਮਿਸਰ ਦੀ ਧਰਤੀ ਨੂੰ ਬਰਬਾਦ ਹੋਏ ਦੇਸ਼ਾਂ ਵਿੱਚ ਵਿਰਾਨ ਕਰ ਦਿਆਂਗਾ, ਅਤੇ ਉਸ ਦੇ ਸ਼ਹਿਰ ਬਰਬਾਦ ਹੋਏ ਸ਼ਹਿਰਾਂ ਵਿੱਚ ਚਾਲੀ ਸਾਲ ਤੱਕ ਵਿਰਾਨ ਪਏ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ।
13“ ‘ਫਿਰ ਵੀ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਚਾਲੀ ਸਾਲਾਂ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਉਹ ਖਿੱਲਰ ਗਏ ਸਨ। 14ਮੈਂ ਉਹਨਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੀ ਧਰਤੀ ਉੱਤੇ ਮਿਸਰ ਵਿੱਚ ਵਾਪਸ ਲਿਆਵਾਂਗਾ। ਉੱਥੇ ਉਹਨਾਂ ਦਾ ਇੱਕ ਨਿੱਕਾ ਜਿਹਾ ਰਾਜ ਹੋਵੇਗਾ। 15ਇਹ ਰਾਜਾਂ ਵਿੱਚੋਂ ਸਭ ਤੋਂ ਨੀਵਾਂ ਹੋਵੇਗਾ ਅਤੇ ਕਦੇ ਵੀ ਆਪਣੇ ਆਪ ਨੂੰ ਦੂਜੀਆਂ ਕੌਮਾਂ ਨਾਲੋਂ ਉੱਚਾ ਨਹੀਂ ਕਰੇਗਾ। ਮੈਂ ਇਸਨੂੰ ਇੰਨਾ ਕਮਜ਼ੋਰ ਬਣਾ ਦਿਆਂਗਾ ਕਿ ਇਹ ਕੌਮਾਂ ਉੱਤੇ ਫਿਰ ਕਦੇ ਰਾਜ ਨਹੀਂ ਕਰੇਗਾ। 16ਮਿਸਰ ਹੁਣ ਇਸਰਾਏਲ ਦੇ ਲੋਕਾਂ ਲਈ ਭਰੋਸੇ ਦਾ ਸਰੋਤ ਨਹੀਂ ਰਹੇਗਾ ਪਰ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।’ ”
ਨਬੂਕਦਨੇਸੇਰ ਦਾ ਇਨਾਮ
17ਸਤਾਈਵੇਂ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 18“ਹੇ ਮਨੁੱਖ ਦੇ ਪੁੱਤਰ, ਬਾਬੇਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਹਨਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ, ਸੂਰ ਤੋਂ ਕੁਝ ਫਲ ਪ੍ਰਾਪਤ ਕੀਤਾ। 19ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਮਿਸਰ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਦੇਵਾਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ। 20ਮੈਂ ਉਸਨੂੰ ਉਸਦੇ ਯਤਨਾਂ ਦੇ ਇਨਾਮ ਵਜੋਂ ਮਿਸਰ ਦਿੱਤਾ ਹੈ ਕਿਉਂਕਿ ਉਸਨੇ ਅਤੇ ਉਸਦੀ ਸੈਨਾ ਨੇ ਮੇਰੇ ਲਈ ਇਹ ਕੀਤਾ ਸੀ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
21“ਉਸ ਦਿਨ ਮੈਂ ਇਸਰਾਏਲੀਆਂ ਲਈ ਇੱਕ ਸਿੰਗ#29:21 ਸਿੰਗ ਅਰਥਾਤ ਤਾਕਤ ਨੂੰ ਦਰਸਾਉਂਦਾ ਹੈ ਵਧਾਵਾਂਗਾ, ਅਤੇ ਮੈਂ ਉਹਨਾਂ ਵਿੱਚ ਤੇਰਾ ਮੂੰਹ ਖੋਲ੍ਹਾਂਗਾ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas