31
ਫ਼ਿਰਾਊਨ ਲਬਨਾਨ ਦੇ ਇੱਕ ਡਿੱਗੇ ਹੋਏ ਦਿਆਰ ਦੇ ਰੂਪ ਵਿੱਚ
1ਗਿਆਰਵੇਂ ਸਾਲ ਦੇ ਤੀਜੇ ਮਹੀਨੇ ਦੇ ਪਹਿਲੇ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜੇ ਫ਼ਿਰਾਊਨ ਅਤੇ ਉਸਦੀ ਲੋਕਾਂ ਨੂੰ ਆਖ:
“ ‘ਤੇਰੀ ਸ਼ਾਨ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?
3ਅੱਸ਼ੂਰ ਤੇ ਗੌਰ ਕਰੋ, ਕਦੇ ਲਬਾਨੋਨ ਵਿੱਚ ਦਿਆਰ ਸੀ,
ਜਿਸ ਦੀਆਂ ਟਹਿਣੀਆਂ ਸੁੰਦਰ ਸਨ ਅਤੇ ਸੰਘਣੀ ਛਾਂ ਵਾਲਾ ਸੀ;
ਇਹ ਉੱਚੇ ਪਾਸੇ ਸੀ,
ਅਤੇ ਉਸ ਦੀ ਟੀਸੀ ਸੰਘਣੀਆਂ ਟਹਿਣੀਆਂ ਵਿਚਕਾਰ ਸਭ ਤੋਂ ਉੱਪਰ ਸੀ।
4ਪਾਣੀਆਂ ਨੇ ਉਹ ਨੂੰ ਪਾਲਿਆ,
ਡੂੰਘੇ ਚਸ਼ਮੇ ਨੇ ਉਹ ਨੂੰ ਉੱਚਾ ਕੀਤਾ;
ਉਹਨਾਂ ਦੀਆਂ ਨਦੀਆਂ
ਉਸਦੇ ਅਧਾਰ ਦੇ ਦੁਆਲੇ ਵਗਦੀਆਂ ਸਨ
ਅਤੇ ਉਹਨਾਂ ਦੀਆਂ ਨਦੀਆਂ
ਖੇਤ ਦੇ ਸਾਰੇ ਰੁੱਖਾਂ ਵੱਲ ਪਹੁੰਚਦੀਆਂ ਸਨ।
5ਇਸ ਲਈ ਇਹ ਖੇਤ ਦੇ ਸਾਰੇ ਰੁੱਖਾਂ
ਨਾਲੋਂ ਉੱਚਾ ਸੀ।
ਉਹ ਦੀਆਂ ਟਾਹਣੀਆਂ ਵਧੀਆ
ਕਿਉਂਕਿ ਬਹੁਤੇ ਪਾਣੀ ਹੋਣ ਦੇ ਕਾਰਨ ਉਸ ਦੀਆਂ ਟਾਹਣੀਆਂ ਲੰਬੀਆਂ ਹੋ ਗਈਆਂ,
ਉਸ ਦੀਆਂ ਟਾਹਣੀਆਂ ਬਹੁਤ ਲੰਬੀਆਂ ਹੋ ਗਈਆਂ।
6ਅਕਾਸ਼ ਦੇ ਸਾਰੇ ਪੰਛੀਆਂ ਨੇ
ਉਹ ਦੀਆਂ ਟਾਹਣੀਆਂ ਵਿੱਚ ਆਲ੍ਹਣਾ ਪਾਇਆ,
ਜੰਗਲੀ ਜਾਨਵਰਾਂ ਨੇ
ਉਹ ਦੀਆਂ ਟਹਿਣੀਆਂ ਹੇਠ ਜਨਮ ਦਿੱਤਾ।
ਸਾਰੀਆਂ ਮਹਾਨ ਕੌਮਾਂ
ਇਸ ਦੀ ਛਾਂ ਵਿੱਚ ਰਹਿੰਦੀਆਂ ਸਨ।
7ਇਹ ਸੁੰਦਰਤਾ ਵਿੱਚ ਸ਼ਾਨਦਾਰ ਸੀ,
ਇਸ ਦੀਆਂ ਫੈਲੀਆਂ ਟਾਹਣੀਆਂ ਨਾਲ,
ਇਸ ਦੀਆਂ ਜੜ੍ਹਾਂ ਬਹੁਤ ਸਾਰੇ ਪਾਣੀਆਂ ਵਿੱਚ
ਡਿੱਗ ਗਈਆਂ ਸਨ।
8ਪਰਮੇਸ਼ਵਰ ਦੇ ਬਾਗ਼ ਦੇ ਦਿਆਰ
ਉਸ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ,
ਨਾ ਸਰੂ ਦੀਆਂ ਟਾਹਣੀਆਂ
ਇਸ ਦੇ ਬਰਾਬਰ ਹੋ ਸਕਦੇ ਸਨ,
ਨਾ ਹੀ ਸਫੇਦੇ ਦੇ ਰੁੱਖ
ਇਸ ਦੀਆਂ ਟਾਹਣੀਆਂ ਨਾਲ ਤੁਲਨਾ ਕਰ ਸਕਦੇ ਸਨ
ਪਰਮੇਸ਼ਵਰ ਦੇ ਬਾਗ਼ ਵਿੱਚੋਂ ਵੀ ਕੋਈ ਰੁੱਖ ਨਹੀਂ ਹੈ
ਜੋ ਇਸਦੀ ਸੁੰਦਰਤਾ ਨਾਲ ਮੇਲ ਖਾਂਦਾ ਹੈ।
9ਮੈਂ ਇਸਨੂੰ ਬਹੁਤ ਸਾਰੀਆਂ ਟਹਿਣੀਆਂ ਨਾਲ
ਸੁੰਦਰ ਬਣਾਇਆ,
ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ
ਜੋ ਪਰਮੇਸ਼ਵਰ ਦੇ ਬਾਗ਼ ਵਿੱਚ ਸਨ, ਉਸ ਨਾਲ ਈਰਖਾ ਰੱਖਦੇ ਸਨ।
10“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿਉਂਕਿ ਵੱਡਾ ਦਿਆਰ ਸੰਘਣੇ ਪੱਤਿਆਂ ਉੱਤੇ ਉੱਚਾ ਸੀ, ਅਤੇ ਇਸ ਲਈ ਕਿ ਉਹ ਆਪਣੀ ਉਚਾਈ ਦਾ ਹੰਕਾਰ ਕਰਦਾ ਸੀ, 11ਮੈਂ ਇਸਨੂੰ ਕੌਮਾਂ ਦੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ, ਉਸ ਲਈ ਇਸਦੀ ਦੁਸ਼ਟਤਾ ਦੇ ਅਨੁਸਾਰ ਨਜਿੱਠਣ ਲਈ। ਮੈਂ ਇਸਨੂੰ ਇੱਕ ਪਾਸੇ ਸੁੱਟ ਦਿੱਤਾ, 12ਅਤੇ ਪਰਦੇਸੀਆਂ ਦੇ ਸਭ ਤੋਂ ਬੇਰਹਿਮ ਲੋਕਾਂ ਨੇ ਇਸਨੂੰ ਕੱਟ ਦਿੱਤਾ ਅਤੇ ਇਸਨੂੰ ਛੱਡ ਦਿੱਤਾ। ਇਸ ਦੀਆਂ ਟਾਹਣੀਆਂ ਪਹਾੜਾਂ ਅਤੇ ਸਾਰੀਆਂ ਵਾਦੀਆਂ ਵਿੱਚ ਡਿੱਗ ਪਈਆਂ; ਇਸ ਦੀਆਂ ਟਹਿਣੀਆਂ ਧਰਤੀ ਦੀਆਂ ਸਾਰੀਆਂ ਖੱਡਾਂ ਵਿੱਚ ਟੁੱਟ ਗਈਆਂ। ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਪਰਛਾਵੇਂ ਹੇਠੋਂ ਬਾਹਰ ਆਈਆਂ ਅਤੇ ਉਸ ਨੂੰ ਛੱਡ ਦਿੱਤਾ। 13ਅਕਾਸ਼ ਦੇ ਸਾਰੇ ਪੰਛੀ ਉਸ ਟੁੱਟੇ ਹੋਏ ਉੱਤੇ ਵੱਸਣਗੇ ਅਤੇ ਸਾਰੇ ਖੇਤ ਦੇ ਸਾਰੇ ਦਰਿੰਦੇ ਉਹ ਦੀਆਂ ਟਹਿਣੀਆਂ ਉੱਤੇ ਹੋਣਗੇ। 14ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਉੱਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ। ਉਹਨਾਂ ਵਿੱਚੋਂ ਵੱਡੇ-ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ, ਕਿਉਂ ਜੋ ਉਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸ਼ੀਆਂ ਦੇ ਵਿਚਕਾਰ ਕਬਰ ਵਿੱਚ ਉਤਰਨਗੇ।
15“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਇਹ ਮੁਰਦਿਆਂ ਦੇ ਰਾਜ ਪਤਾਲ ਵਿੱਚ ਉੱਤਰਨਗੇ, ਮੈਂ ਉਸ ਦੇ ਲਈ ਡੂੰਘਿਆਈ ਨੂੰ ਲੁਕਾ ਦਿਆਂਗਾ ਅਤੇ ਉਹ ਦੀਆਂ ਨਹਿਰਾਂ ਨੂੰ ਰੋਕ ਦਿਆਂਗਾ ਅਤੇ ਬਹੁਤੇ ਪਾਣੀ ਰੁਕ ਜਾਣਗੇ, ਹਾਂ, ਮੈਂ ਲਬਾਨੋਨ ਤੋਂ ਉਹ ਦੇ ਲਈ ਵਿਰਲਾਪ ਕਰਾਵਾਂਗਾ ਅਤੇ ਉਹ ਦੇ ਲਈ ਖੇਤ ਦੇ ਸਾਰੇ ਰੁੱਖ ਗ਼ਸ਼ੀਆਂ ਖਾਣਗੇ। 16ਜਿਸ ਵੇਲੇ ਮੈਂ ਉਹ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਕਬਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਤਾਂ ਉਹ ਦੇ ਡਿੱਗਣ ਦੇ ਰੌਲ਼ੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ। 17ਉਹ ਵੀ ਉਹ ਦੇ ਨਾਲ ਉਹਨਾਂ ਤੱਕ ਜੋ ਤਲਵਾਰ ਨਾਲ ਵੱਢੇ ਗਏ, ਲੋਕਾਂ ਨਾਲ ਮੁਰਦਿਆਂ ਦੇ ਰਾਜ ਪਤਾਲ ਵਿੱਚ ਉਤਰ ਜਾਣਗੇ ਅਤੇ ਉਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂ ਹੇਠਾਂ ਵੱਸਦੇ ਸਨ।
18“ ‘ਤੂੰ ਮਹਿਮਾ ਤੇ ਡੂੰਘਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਸ ਦੇ ਵਰਗਾ ਹੈ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਸੁੱਟਿਆ ਜਾਵੇਂਗਾ, ਤੂੰ ਉਨਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਅਸੁੰਨਤੀਆਂ ਵਿੱਚ ਪਿਆ ਰਹੇਂਗਾ।
“ ‘ਇਹ ਫ਼ਿਰਾਊਨ ਅਤੇ ਉਸਦੀ ਸਾਰੀ ਭੀੜ ਹੈ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।’ ”