28
ਸੋਰ ਦੇ ਰਾਜੇ ਦੇ ਵਿਰੁੱਧ ਇੱਕ ਭਵਿੱਖਬਾਣੀ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਆਪਣੇ ਦਿਲ ਦੇ ਹੰਕਾਰ ਨਾਲ
ਤੂੰ ਕਹਿੰਦਾ ਹੈ, “ਮੈਂ ਇੱਕ ਦੇਵਤਾ ਹਾਂ;
ਮੈਂ ਸਮੁੰਦਰਾਂ ਦੇ ਵਿੱਚਕਾਰ
ਇੱਕ ਦੇਵਤੇ ਦੇ ਸਿੰਘਾਸਣ ਉੱਤੇ ਬੈਠਾ ਹਾਂ।”
ਪਰ ਤੂੰ ਇੱਕ ਮਰਨਹਾਰ ਪ੍ਰਾਣੀ ਹੈ, ਦੇਵਤਾ ਨਹੀਂ,
ਭਾਵੇਂ ਤੂੰ ਸਮਝਦਾ ਕਿ ਤੂੰ ਇੱਕ ਦੇਵਤੇ ਵਾਂਗ ਸਿਆਣੇ ਹੈ।
3ਕੀ ਤੂੰ ਦਾਨੀਏਲ ਨਾਲੋਂ ਸਿਆਣਾ ਹੈ?
ਕੀ ਤੇਰੇ ਤੋਂ ਕੋਈ ਭੇਤ ਲੁਕਿਆ ਨਹੀਂ ਹੈ?
4ਆਪਣੀ ਸਿਆਣਪ ਅਤੇ ਸਮਝ ਨਾਲ
ਤੂੰ ਆਪਣੇ ਲਈ ਧਨ ਕਮਾਇਆ ਹੈ
ਅਤੇ ਆਪਣੇ ਖ਼ਜ਼ਾਨਿਆਂ ਵਿੱਚ ਸੋਨਾ
ਅਤੇ ਚਾਂਦੀ ਇਕੱਠਾ ਕੀਤਾ ਹੈ।
5ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲ
ਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ।
ਅਤੇ ਤੇਰੀ ਦੌਲਤ ਦੇ ਕਾਰਨ
ਤੇਰਾ ਦਿਲ ਹੰਕਾਰੀ ਹੋ ਗਿਆ ਹੈ।
6“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਕਿਉਂਕਿ ਤੂੰ ਸਮਝਦਾ ਹੈ ਕਿ ਤੂੰ ਬੁੱਧਵਾਨ ਹੈ,
ਬੁੱਧਵਾਨ ਜਿਵੇਂ ਪਰਮੇਸ਼ਵਰ,
7ਮੈਂ ਤੇਰੇ ਵਿਰੁੱਧ ਪਰਦੇਸੀਆਂ ਨੂੰ ਲਿਆਉਣ ਜਾ ਰਿਹਾ ਹਾਂ।
ਕੌਮਾਂ ਵਿੱਚੋਂ ਸਭ ਤੋਂ ਵੱਡੀ ਬੇਰਹਿਮ ਕੌਮ;
ਉਹ ਤੇਰੀ ਸੁੰਦਰਤਾ ਅਤੇ ਬੁੱਧੀ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ
ਅਤੇ ਤੇਰੀ ਚਮਕਦਾਰ ਸ਼ਾਨ ਨੂੰ ਭਰਿਸ਼ਟ ਕਰਨਗੇ।
8ਉਹ ਤੈਨੂੰ ਪਤਾਲ ਵਿੱਚ ਲੈ ਜਾਣਗੇ,
ਅਤੇ ਤੂੰ ਉਹਨਾਂ ਦੀ ਮੌਤ ਮਰੇਗਾ
ਜਿਹੜੇ ਸਮੁੰਦਰ ਵਿੱਚ ਹਨ।
9ਕੀ ਤੂੰ ਉਹਨਾਂ ਲੋਕਾਂ ਦੀ ਮੌਜੂਦਗੀ ਵਿੱਚ ਜਿਹੜੇ ਤੈਨੂੰ ਮਾਰਦੇ ਹਨ।
ਇਸ ਤਰ੍ਹਾਂ ਆਖੇਗਾ, “ਕਿ ਮੈਂ ਦੇਵਤਾ ਹਾਂ?”
ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ,
ਸਗੋਂ ਮਨੁੱਖ ਹੈ।
10ਤੂੰ ਪਰਦੇਸੀਆਂ ਦੇ ਹੱਥੋਂ ਬੇਸੁੰਨਤ ਦੀ ਮੌਤ ਮਰੇਂਗਾ।
ਕਿਉਂ ਜੋ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
11ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 12“ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਲਈ ਇੱਕ ਵਿਰਲਾਪ ਕਰ ਅਤੇ ਉਸਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਤੁਸੀਂ ਸੰਪੂਰਨਤਾ ਦੀ ਮੋਹਰ ਸੀ,
ਬੁੱਧੀ ਨਾਲ ਭਰਪੂਰ ਅਤੇ ਸੁੰਦਰਤਾ ਵਿੱਚ ਸੰਪੂਰਨ ਸੀ।
13ਤੂੰ ਅਦਨ ਵਿੱਚ
ਪਰਮੇਸ਼ਵਰ ਦੇ ਬਾਗ਼ ਵਿੱਚ ਸੀ,
ਹਰੇਕ ਕੀਮਤੀ ਪੱਥਰ ਤੇਰੇ ਢੱਕਣ ਲਈ ਸੀ,
ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਬਿਲੌਰ, ਪੁਖਰਾਜ,
ਬੈਰੂਜ਼, ਸੁਲੇਮਾਨੀ ਅਤੇ ਯਸ਼ਬ,
ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ।
ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ,
ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।
14ਤੂੰ ਇੱਕ ਮਸਹ ਕੀਤੇ ਹੋਏ ਕਰੂਬੀ ਵਰਗਾ ਸੀ,
ਕਿਉਂ ਜੋ ਮੈਂ ਤੈਨੂੰ ਨਿਯੁਕਤ ਕੀਤਾ ਸੀ।
ਤੂੰ ਪਰਮੇਸ਼ਵਰ ਦੇ ਪਵਿੱਤਰ ਪਹਾੜ ਉੱਤੇ ਸੀ;
ਤੂੰ ਅੱਗ ਦੇ ਪੱਥਰਾਂ ਦੇ ਵਿਚਕਾਰ ਚੱਲਿਆ।
15ਤੂੰ ਆਪਣੇ ਚਾਲ-ਚਲਣ ਵਿੱਚ ਨਿਰਦੋਸ਼ ਸੀ
ਜਿਸ ਦਿਨ ਤੋਂ ਤੈਨੂੰ ਬਣਾਇਆ ਗਿਆ ਸੀ।
ਇੱਥੋ ਤੱਕ ਤੇਰੇ ਵਿੱਚ ਬੁਰਾਈ ਨਾ ਪਾਈ ਗਈ।
16ਤੇਰੇ ਵਪਾਰ ਦੇ ਵਾਧੇ ਦੇ ਕਾਰਨ
ਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾ
ਅਤੇ ਤੂੰ ਪਾਪ ਕੀਤਾ।
ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾ
ਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰ
ਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।
17ਤੇਰੀ ਸੁੰਦਰਤਾ ਦੇ ਕਾਰਨ
ਤੇਰਾ ਮਨ ਹੰਕਾਰੀ ਹੋ ਗਿਆ,
ਅਤੇ ਤੂੰ ਆਪਣੀ ਸ਼ਾਨ ਦੇ ਕਾਰਨ
ਆਪਣੀ ਬੁੱਧੀ ਨੂੰ ਭ੍ਰਿਸ਼ਟ ਕਰ ਲਿਆ।
ਇਸ ਲਈ ਮੈਂ ਤੁਹਾਨੂੰ ਧਰਤੀ ਉੱਤੇ ਸੁੱਟ ਦਿੱਤਾ;
ਮੈਂ ਰਾਜਿਆਂ ਦੇ ਸਾਮ੍ਹਣੇ ਤੇਰਾ ਤਮਾਸ਼ਾ ਬਣਾਇਆ।
18ਆਪਣੇ ਬਹੁਤ ਸਾਰੇ ਪਾਪਾਂ ਅਤੇ ਬੇਈਮਾਨ ਵਪਾਰ ਨਾਲ
ਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ।
ਇਸ ਲਈ ਮੈਂ ਤੇਰੇ ਵਿੱਚੋਂ ਇੱਕ ਅੱਗ ਕੱਢੀ,
ਅਤੇ ਉਸ ਨੇ ਤੈਨੂੰ ਭਸਮ ਕਰ ਦਿੱਤਾ,
ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ,
ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।
19ਸਾਰੀਆਂ ਕੌਮਾਂ ਜੋ ਤੈਨੂੰ ਜਾਣਦੀਆਂ ਸਨ
ਤੇਰੇ ਤੋਂ ਹੈਰਾਨ ਹੋ ਗਈਆਂ ਹਨ;
ਤੇਰਾ ਭਿਆਨਕ ਅੰਤ ਹੋ ਗਿਆ ਹੈ
ਅਤੇ ਹੁਣ ਨਹੀਂ ਰਹੇਗਾ।’ ”
ਸੈਦਾ ਦੇ ਵਿਰੁੱਧ ਇੱਕ ਭਵਿੱਖਬਾਣੀ
20ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 21“ਹੇ ਮਨੁੱਖ ਦੇ ਪੁੱਤਰ, ਸੀਦੋਨ ਦੇ ਵਿਰੁੱਧ ਆਪਣਾ ਮੂੰਹ ਕਰ; ਉਸ ਦੇ ਵਿਰੁੱਧ ਭਵਿੱਖਬਾਣੀ ਕਰ 22ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਹੇ ਸੀਦੋਨ, ਮੈਂ ਤੇਰੇ ਵਿਰੁੱਧ ਹਾਂ,
ਅਤੇ ਮੈਂ ਤੇਰੇ ਵਿੱਚ ਆਪਣੀ ਮਹਿਮਾ ਵਿਖਾਵਾਂਗਾ।
ਜਦੋਂ ਮੈਂ ਤੈਨੂੰ ਸਜ਼ਾ ਦੇਵਾਂਗਾ
ਤਾਂ ਤੂੰ ਜਾਣੇਗਾ ਕਿ ਮੈਂ ਯਾਹਵੇਹ ਹਾਂ,
ਅਤੇ ਤੇਰੇ ਅੰਦਰ ਪਵਿੱਤਰ ਸਾਬਤ ਹੋਵਾਂਗਾ।
23ਮੈਂ ਤੁਹਾਡੇ ਉੱਤੇ ਬਵਾ ਭੇਜਾਂਗਾ
ਅਤੇ ਤੇਰੀਆਂ ਗਲੀਆਂ ਵਿੱਚ ਲਹੂ ਵਹਾਵਾਂਗਾ।
ਵੱਢੇ ਹੋਏ ਉਸ ਦੇ ਅੰਦਰ ਡਿੱਗਣਗੇ,
ਹਰ ਪਾਸਿਓਂ ਤੇਰੇ ਵਿਰੁੱਧ ਤਲਵਾਰ ਚੱਲੇਗੀ।
ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।
24“ ‘ਇਸਰਾਏਲ ਦੇ ਲੋਕਾਂ ਕੋਲ ਹੁਣ ਕੋਈ ਵੀ ਭੈੜੇ ਗੁਆਂਢੀ ਨਹੀਂ ਹੋਣਗੇ ਜੋ ਦਰਦਨਾਕ ਝਾੜੀਆਂ ਅਤੇ ਤਿੱਖੇ ਕੰਡੇ ਹਨ। ਤਦ ਉਹ ਜਾਣ ਲੈਣਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।
25“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੋਬ ਨੂੰ ਦਿੱਤੀ ਸੀ, ਵੱਸਣਗੇ। 26ਉਹ ਉੱਥੇ ਸੁਰੱਖਿਆ ਨਾਲ ਰਹਿਣਗੇ ਅਤੇ ਘਰ ਬਣਾਉਣਗੇ ਅਤੇ ਅੰਗੂਰੀ ਬਾਗ ਲਾਉਣਗੇ। ਉਹ ਸੁਰੱਖਿਆ ਵਿੱਚ ਰਹਿਣਗੇ ਜਦੋਂ ਮੈਂ ਉਹਨਾਂ ਦੇ ਸਾਰੇ ਗੁਆਂਢੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਬਦਨਾਮ ਕੀਤਾ ਹੈ। ਫਿਰ ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਯਾਹਵੇਹ ਪਰਮੇਸ਼ਵਰ ਹਾਂ।’ ”