ਹਿਜ਼ਕੀਏਲ 22
22
ਯੇਰੂਸ਼ਲੇਮ ਦੇ ਪਾਪਾਂ ਦਾ ਨਿਆਂ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
2“ਹੇ ਮਨੁੱਖ ਦੇ ਪੁੱਤਰ, ਕੀ ਤੂੰ ਉਸਦਾ ਨਿਆਂ ਕਰੇਗਾ? ਕੀ ਤੂੰ ਇਸ ਖੂਨੀ ਸ਼ਹਿਰ ਦਾ ਨਿਆਂ ਕਰੇਂਗਾ? ਫਿਰ ਉਸ ਦੇ ਸਾਰੇ ਘਿਣਾਉਣੇ ਕੰਮ ਉਸ ਉੱਤੇ ਪਰਗਟ ਕਰ। 3ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇੱਕ ਸ਼ਹਿਰ ਜੋ ਆਪਣੇ ਵਿਚਕਾਰ ਖੂਨ ਵਹਾ ਕੇ ਆਪਣੇ ਆਪ ਨੂੰ ਤਬਾਹ ਕਰ ਲੈਂਦਾ ਹੈ ਅਤੇ ਮੂਰਤੀਆਂ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰਦਾ ਹੈ। 4ਜੋ ਲਹੂ ਤੂੰ ਵਹਾਇਆ ਹੈ ਉਸ ਦੇ ਕਾਰਨ ਤੂੰ ਦੋਸ਼ੀ ਹੋ ਗਿਆ ਅਤੇ ਜਿਹੜੀਆਂ ਮੂਰਤੀਆਂ ਤੂੰ ਬਣਾਈਆਂ ਹਨ, ਉਹਨਾਂ ਤੋਂ ਤੂੰ ਅਸ਼ੁੱਧ ਹੋ ਗਿਆ। ਇਸ ਲਈ ਮੈਂ ਤੈਨੂੰ ਕੌਮਾਂ ਲਈ ਮਜ਼ਾਕ ਦਾ ਪਾਤਰ ਅਤੇ ਸਾਰੇ ਦੇਸ਼ਾਂ ਲਈ ਹਾਸੇ ਦਾ ਪਾਤਰ ਬਣਾਵਾਂਗਾ। 5ਜੋ ਨੇੜੇ ਹਨ ਅਤੇ ਜੋ ਦੂਰ ਹਨ, ਉਹ ਤੇਰਾ ਮਜ਼ਾਕ ਉਡਾਉਣਗੇ, ਹੇ ਬਦਨਾਮ ਸ਼ਹਿਰ, ਗੜਬੜ ਨਾਲ ਭਰੇ ਹੋਏ।
6“ ‘ਵੇਖ, ਇਸਰਾਏਲ ਦਾ ਹਰ ਰਾਜਕੁਮਾਰ ਜੋ ਤੇਰੇ ਵਿੱਚ ਹੈ, ਖੂਨ ਵਹਾਉਣ ਲਈ ਆਪਣੀ ਸ਼ਕਤੀ ਦੀ ਵਰਤੋਂ ਕਿਵੇਂ ਕਰਦਾ ਹੈ। 7ਤੇਰੇ ਵਿੱਚ ਉਹਨਾਂ ਨੇ ਪਿਤਾ ਅਤੇ ਮਾਤਾ ਨਾਲ ਨਿਰਾਦਰ ਕੀਤਾ ਹੈ; ਤੇਰੇ ਵਿੱਚ ਉਹਨਾਂ ਨੇ ਪਰਦੇਸੀਆਂ ਉੱਤੇ ਜ਼ੁਲਮ ਕੀਤਾ ਅਤੇ ਯਤੀਮਾਂ ਅਤੇ ਵਿਧਵਾਵਾਂ ਨਾਲ ਬੁਰਾ ਸਲੂਕ ਕੀਤਾ। 8ਤੁਸੀਂ ਮੇਰੀਆਂ ਪਵਿੱਤਰ ਵਸਤੂਆਂ ਨੂੰ ਤੁੱਛ ਜਾਣਿਆ ਹੈ ਅਤੇ ਮੇਰੇ ਸਬਤਾਂ ਦੀ ਬੇਅਦਬੀ ਕੀਤੀ ਹੈ। 9ਤੇਰੇ ਵਿੱਚ ਨਿੰਦਾ ਕਰਨ ਵਾਲੇ ਲੋਕ ਹਨ ਜੋ ਲਹੂ ਵਹਾਉਣ ਉੱਤੇ ਤੁਲੇ ਹੋਏ ਹਨ। ਤੇਰੇ ਵਿੱਚ ਉਹ ਹਨ ਜੋ ਪਹਾੜੀ ਅਸਥਾਨਾਂ ਤੇ ਖਾਂਦੇ ਹਨ ਅਤੇ ਗੰਦੀਆਂ ਹਰਕਤਾਂ ਕਰਦੇ ਹਨ। 10ਤੁਹਾਡੇ ਵਿੱਚ ਉਹ ਲੋਕ ਹਨ ਜੋ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦੇ ਹਨ; ਤੇਰੇ ਵਿੱਚ ਉਹ ਲੋਕ ਹਨ ਜੋ ਔਰਤਾਂ ਦੀ ਉਹਨਾਂ ਦੇ ਮਾਹਵਾਰੀ ਦੇ ਦੌਰਾਨ ਸਰੀਰਕ ਸੰਬੰਧ ਬਣਾਉਂਦੇ ਹਨ, ਅਤੇ ਜਦੋਂ ਉਹ ਰਸਮੀ ਤੌਰ ਤੇ ਅਸ਼ੁੱਧ ਹੁੰਦੀਆਂ ਹਨ। 11ਤੁਹਾਡੇ ਵਿੱਚ ਇੱਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਅਪਰਾਧ ਕਰਦਾ ਹੈ, ਦੂਜਾ ਆਪਣੀ ਨੂੰਹ ਨੂੰ ਬੇਇੱਜ਼ਤ ਕਰਦਾ ਹੈ, ਅਤੇ ਦੂਜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਦੀ ਉਲੰਘਣਾ ਕਰਦਾ ਹੈ। 12ਤੇਰੇ ਵਿੱਚ ਉਹ ਲੋਕ ਹਨ ਜੋ ਖੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ; ਤੁਸੀਂ ਵਿਆਜ ਲੈਂਦੇ ਹੋ ਅਤੇ ਗਰੀਬਾਂ ਤੋਂ ਲਾਭ ਕਮਾਉਂਦੇ ਹੋ। ਤੁਸੀਂ ਆਪਣੇ ਗੁਆਂਢੀਆਂ ਤੋਂ ਨਾਜਾਇਜ਼ ਲਾਭ ਉਠਾਉਂਦੇ ਹੋ ਅਤੇ ਤੁਸੀਂ ਮੈਨੂੰ ਭੁੱਲ ਗਏ ਹੋ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
13“ ‘ਮੈਂ ਤੁਹਾਡੇ ਦੁਆਰਾ ਕੀਤੇ ਗਏ ਬੇਇਨਸਾਫ਼ੀ ਦੇ ਲਾਭ ਅਤੇ ਤੁਹਾਡੇ ਵਿਚਕਾਰ ਤੁਹਾਡੇ ਦੁਆਰਾ ਵਹਾਏ ਗਏ ਖੂਨ ਤੇ ਜ਼ਰੂਰ ਆਪਣੇ ਹੱਥ ਇਕੱਠੇ ਕਰਾਂਗਾ। 14ਕੀ ਤੇਰੀ ਹਿੰਮਤ ਰਹੇਗੀ ਜਾਂ ਤੇਰੇ ਹੱਥ ਵਿੱਚ ਬਲ ਹੋਵੇਗਾ ਜਦੋਂ ਮੈਂ ਤੇਰਾ ਨਿਆਂ ਕਰਾਂਗਾ? ਮੈਂ ਯਾਹਵੇਹ ਬੋਲਦਾ ਹਾਂ, ਅਤੇ ਮੈਂ ਇਹ ਕਰਾਂਗਾ। 15ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾ ਦਿਆਂਗਾ ਅਤੇ ਦੇਸ਼ਾਂ ਵਿੱਚ ਖਿੰਡਾ ਦਿਆਂਗਾ। ਅਤੇ ਮੈਂ ਤੁਹਾਡੀ ਗੰਦਗੀ ਨੂੰ ਖਤਮ ਕਰ ਦਿਆਂਗਾ। 16ਜਦੋਂ ਤੁਸੀਂ ਕੌਮਾਂ ਦੀਆਂ ਨਜ਼ਰਾਂ ਵਿੱਚ ਭ੍ਰਿਸ਼ਟ ਹੋ ਜਾਵੋਂਗੇ ਤਾਂ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਹਾਂ।’ ”
17ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 18“ਹੇ ਮਨੁੱਖ ਦੇ ਪੁੱਤਰ, ਇਸਰਾਏਲ ਦਾ ਘਰਾਣਾ ਮੇਰੇ ਲਈ ਮੈਲ਼ ਹੋ ਗਿਆ ਹੈ, ਉਹ ਸਾਰੇ ਦਾ ਸਾਰਾ ਪਿੱਤਲ, ਟੀਨ, ਲੋਹਾ ਅਤੇ ਸਿੱਕਾ ਹੈ, ਜੋ ਭੱਠੀ ਵਿੱਚ ਹਨ। ਉਹ ਚਾਂਦੀ ਦੀ ਮੈਲ਼ ਹਨ। 19ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿਉਂਕਿ ਤੁਸੀਂ ਸਾਰੇ ਮੈਲ਼ ਬਣ ਹੋ ਗਏ ਹੋ, ਮੈਂ ਤੁਹਾਨੂੰ ਯੇਰੂਸ਼ਲੇਮ ਵਿੱਚ ਇਕੱਠਾ ਕਰਾਂਗਾ। 20ਜਿਵੇਂ ਉਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਹਨਾਂ ਨੂੰ ਅੱਗ ਨਾਲ ਤਾਉਂਦੇ ਹਨ, ਤਾਂ ਜੋ ਉਹਨਾਂ ਨੂੰ ਪਿਘਲਾ ਦੇਣ, ਓਵੇਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਿਘਲਾਵਾਂਗਾ। 21ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ, ਅਤੇ ਤੁਸੀਂ ਉਸ ਦੇ ਅੰਦਰ ਪਿਘਲ ਜਾਵੋਂਗੇ। 22ਜਿਵੇਂ ਚਾਂਦੀ ਭੱਠੀ ਵਿੱਚ ਪਿਘਲਾਈ ਜਾਂਦੀ ਹੈ, ਓਵੇਂ ਤੁਸੀਂ ਉਸ ਵਿੱਚ ਪਿਘਲਾਏ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਾਹਵੇਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ।’ ”
23ਫੇਰ ਮੇਰੇ ਕੋਲ ਯਾਹਵੇਹ ਦਾ ਬਚਨ ਆਇਆ: 24“ਹੇ ਮਨੁੱਖ ਦੇ ਪੁੱਤਰ, ਉਹ ਨੂੰ ਆਖ, ‘ਤੂੰ ਉਹ ਧਰਤੀ ਹੈ, ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਹ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ।’ 25ਉਸਦੇ ਅੰਦਰ ਉਸਦੇ ਨਬੀਆਂ ਦੀ ਸਾਜਿਸ਼ ਹੈ ਜਿਵੇਂ ਇੱਕ ਗਰਜਦਾ ਸ਼ੇਰ ਆਪਣੇ ਸ਼ਿਕਾਰ ਨੂੰ ਪਾੜਦਾ ਹੈ; ਉਹ ਲੋਕਾਂ ਨੂੰ ਖਾ ਜਾਂਦੇ ਹਨ, ਖਜ਼ਾਨੇ ਅਤੇ ਕੀਮਤੀ ਚੀਜ਼ਾਂ ਲੈ ਜਾਂਦੇ ਹਨ ਅਤੇ ਉਸਦੇ ਅੰਦਰ ਬਹੁਤ ਸਾਰੀਆਂ ਵਿਧਵਾਵਾਂ ਬਣਾਉਂਦੇ ਹਨ। 26ਉਸ ਦੇ ਜਾਜਕਾਂ ਮੇਰੀ ਬਿਵਸਥਾ ਦੀ ਉਲੰਘਣਾ ਕੀਤੀ; ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਅਪਵਿੱਤਰ ਕਰਦੇ ਹਨ। ਉਹ ਪਵਿੱਤਰ ਅਤੇ ਆਮ ਵਿੱਚ ਫ਼ਰਕ ਨਹੀਂ ਕਰਦੇ; ਉਹ ਸਿਖਾਉਂਦੇ ਹਨ ਕਿ ਅਸ਼ੁੱਧ ਅਤੇ ਸ਼ੁੱਧ ਵਿੱਚ ਕੋਈ ਅੰਤਰ ਨਹੀਂ ਹੈ; ਅਤੇ ਉਹਨਾਂ ਨੇ ਮੇਰੇ ਸਬਤ ਦੀ ਪਾਲਣਾ ਕਰਨ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ, ਇਸ ਲਈ ਮੈਂ ਉਹਨਾਂ ਵਿੱਚ ਅਪਵਿੱਤਰ ਹੋ ਗਿਆ ਹਾਂ। 27ਉਸ ਦੇ ਅੰਦਰ ਉਸ ਦੇ ਅਧਿਕਾਰੀ ਆਪਣੇ ਸ਼ਿਕਾਰ ਨੂੰ ਪਾੜਨ ਵਾਲੇ ਬਘਿਆੜਾਂ ਵਾਂਗ ਹਨ; ਉਹ ਖ਼ੂਨ ਵਹਾਉਂਦੇ ਹਨ ਅਤੇ ਨਾਜਾਇਜ਼ ਲਾਭ ਲੈਣ ਲਈ ਲੋਕਾਂ ਨੂੰ ਮਾਰਦੇ ਹਨ। 28ਉਸਦੇ ਨਬੀ ਝੂਠੇ ਦਰਸ਼ਨਾਂ ਅਤੇ ਝੂਠੇ ਭਵਿੱਖਬਾਣੀਆਂ ਦੁਆਰਾ ਉਹਨਾਂ ਲਈ ਇਹਨਾਂ ਕੰਮਾਂ ਨੂੰ ਚਿੱਟਾ ਕਰਦੇ ਹਨ। ਉਹ ਕਹਿੰਦੇ ਹਨ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ’ ਜਦੋਂ ਯਾਹਵੇਹ ਨਹੀਂ ਬੋਲਿਆ ਹੈ। 29ਇਸ ਦੇਸ ਦੇ ਲੋਕਾਂ ਨੇ ਅੱਤਿਆਚਾਰ ਅਤੇ ਲੁੱਟ-ਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਉੱਤੇ ਨਾਹੱਕ ਜ਼ਬਰਦਸਤੀ ਕੀਤੀ ਹੈ।
30“ਮੈਂ ਉਹਨਾਂ ਵਿੱਚੋਂ ਕਿਸੇ ਨੂੰ ਲੱਭਿਆ ਜੋ ਕੰਧ ਨੂੰ ਬਣਾਵੇ ਅਤੇ ਜ਼ਮੀਨ ਦੀ ਤਰਫ਼ੋਂ ਮੇਰੇ ਸਾਹਮਣੇ ਖਲੋਵੇ ਤਾਂ ਜੋ ਮੈਨੂੰ ਇਸ ਨੂੰ ਤਬਾਹ ਨਾ ਕਰਨਾ ਪਵੇ, ਪਰ ਮੈਨੂੰ ਕੋਈ ਨਹੀਂ ਮਿਲਿਆ। 31ਇਸ ਲਈ ਮੈਂ ਆਪਣਾ ਕ੍ਰੋਧ ਉਹਨਾਂ ਉੱਤੇ ਡੋਲ੍ਹ ਦਿਆਂਗਾ ਅਤੇ ਆਪਣੇ ਅੱਗ ਦੇ ਕ੍ਰੋਧ ਨਾਲ ਉਹਨਾਂ ਨੂੰ ਭਸਮ ਕਰ ਦਿਆਂਗਾ, ਉਹ ਸਭ ਕੁਝ ਉਹਨਾਂ ਦੇ ਆਪਣੇ ਸਿਰਾਂ ਉੱਤੇ ਲਿਆਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”
Právě zvoleno:
ਹਿਜ਼ਕੀਏਲ 22: PCB
Zvýraznění
Sdílet
Kopírovat
Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.