ਦਾਨੀਏਲ 5
5
ਕੰਧ ਤੇ ਲਿਖਤ
1ਰਾਜਾ ਬੇਲਸ਼ੱਸਰ ਨੇ ਆਪਣੇ ਇੱਕ ਹਜ਼ਾਰ ਅਹਿਲਕਾਰਾਂ ਲਈ ਇੱਕ ਵੱਡੀ ਦਾਅਵਤ ਦਿੱਤੀ ਅਤੇ ਉਹਨਾਂ ਨਾਲ ਸ਼ਰਾਬ ਪੀਤੀ। 2ਜਦੋਂ ਬੇਲਸ਼ੱਸਰ ਆਪਣੀ ਦਾਖਰਸ ਪੀ ਰਿਹਾ ਸੀ, ਉਸਨੇ ਹੁਕਮ ਦਿੱਤਾ ਕਿ ਉਹ ਸੋਨੇ ਅਤੇ ਚਾਂਦੀ ਦੇ ਭਾਂਡੇ ਲਿਆਉਣ ਜੋ ਉਸਦੇ ਪਿਤਾ ਨਬੂਕਦਨੱਸਰ ਨੇ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਲਿਆਏ ਸਨ, ਤਾਂ ਜੋ ਰਾਜਾ ਅਤੇ ਉਸ ਦੇ ਅਹਿਲਕਾਰ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਉਹਨਾਂ ਵਿੱਚੋਂ ਪੀਣ। 3ਇਸ ਲਈ ਉਹਨਾਂ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਮੰਦਰ ਵਿੱਚੋਂ ਸੋਨੇ ਦੇ ਭਾਂਡੇ ਲਿਆਂਦੇ ਗਏ ਅਤੇ ਰਾਜਾ ਅਤੇ ਉਸ ਦੇ ਅਹਿਲਕਾਰਾਂ, ਉਸ ਦੀਆਂ ਪਤਨੀਆਂ ਅਤੇ ਉਸ ਦੀਆਂ ਰਖੇਲਾਂ ਨੇ ਉਹਨਾਂ ਵਿੱਚੋਂ ਪੀਤਾ। 4ਜਦੋਂ ਉਹ ਸ਼ਰਾਬ ਪੀਂਦੇ ਸਨ, ਉਹਨਾਂ ਨੇ ਸੋਨੇ ਅਤੇ ਚਾਂਦੀ, ਪਿੱਤਲ, ਲੋਹੇ, ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਉਸਤਤ ਕੀਤੀ।
5ਅਚਾਨਕ ਇੱਕ ਮਨੁੱਖ ਦੇ ਹੱਥ ਦੀਆਂ ਉਂਗਲਾਂ ਪਰਗਟ ਹੋਈਆਂ ਅਤੇ ਸ਼ਾਹੀ ਮਹਿਲ ਵਿੱਚ ਸ਼ਮਾਦਾਨ ਦੇ ਕੋਲ ਕੰਧ ਉੱਤੇ ਲਿਖਿਆ ਹੋਇਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ। 6ਤਦ ਰਾਜਾ ਘਬਰਾ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਪਰੇਸ਼ਾਨ ਕੀਤਾ ਐਥੋਂ ਤੱਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ-ਦੂਜੇ ਨਾਲ ਟਕਰਾਉਣ ਲੱਗ ਪਏ।
7ਰਾਜੇ ਨੇ ਉੱਚੀ ਆਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਵਿਦਵਾਨਾਂ ਨੂੰ ਲਿਆਓ! ਰਾਜੇ ਨੇ ਬਾਬੇਲ ਦੇ ਵਿਦਵਾਨਾਂ ਨੂੰ ਆਖਿਆ, “ਕਿ ਜੋ ਕੋਈ ਇਸ ਲਿਖਤ ਨੂੰ ਪੜ੍ਹੇ ਅਤੇ ਇਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ, ਉਹ ਦੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਹਿੱਸੇ ਦਾ ਹਾਕਮ ਬਣੇਗਾ।”
8ਤਦ ਰਾਜੇ ਦੇ ਸਾਰੇ ਬੁੱਧੀਮਾਨ ਲੋਕ ਅੰਦਰ ਆਏ, ਪਰ ਉਹ ਲਿਖਤ ਨੂੰ ਨਾ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਦੱਸ ਸਕੇ ਕਿ ਇਸਦਾ ਕੀ ਅਰਥ ਹੈ। 9ਤਾਂ ਰਾਜਾ ਬੇਲਸ਼ੱਸਰ ਹੋਰ ਵੀ ਘਬਰਾ ਗਿਆ ਅਤੇ ਉਸ ਦਾ ਚਿਹਰਾ ਹੋਰ ਵੀ ਪੀਲਾ ਹੋ ਗਿਆ। ਉਸ ਦੇ ਪ੍ਰਧਾਨ ਵੀ ਹੋਰ ਹੈਰਾਨ ਸਨ।
10ਰਾਣੀ, ਰਾਜੇ ਅਤੇ ਉਸਦੇ ਪ੍ਰਧਾਨਾਂ ਦੀਆਂ ਆਵਾਜ਼ਾਂ ਸੁਣ ਕੇ, ਰਾਣੀ ਦਾਅਵਤ ਘਰ ਵਿੱਚ ਆਈ। ਉਸਨੇ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਚਿੰਤਾ ਨਾ ਕਰ! ਨਾ ਤੇਰਾ ਚਿਹਰਾ ਇੰਨਾ ਫਿੱਕਾ ਪਵੇ! 11ਤੇਰੇ ਰਾਜ ਵਿੱਚ ਇੱਕ ਆਦਮੀ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦੀ ਆਤਮਾ ਹੈ। ਤੇਰੇ ਪਿਤਾ ਜੀ ਦੇ ਸਮੇਂ ਉਸ ਵਿੱਚ ਦੇਵਤਿਆਂ ਵਰਗੀ ਸਮਝ, ਗਿਆਨ ਅਤੇ ਬੁੱਧ ਪਾਈ ਗਈ ਸੀ। ਤੇਰੇ ਪਿਤਾ, ਰਾਜਾ ਨਬੂਕਦਨੱਸਰ ਨੇ ਉਸਨੂੰ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਅਤੇ ਅਗੰਮ ਵਿਦਵਾਨਾਂ ਦਾ ਮੁਖੀ ਨਿਯੁਕਤ ਕੀਤਾ ਸੀ। 12ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ।”
13ਤਦ ਦਾਨੀਏਲ ਰਾਜੇ ਦੇ ਅੱਗੇ ਲਿਆਂਦਾ ਗਿਆ। ਤਦ ਰਾਜੇ ਨੇ ਦਾਨੀਏਲ ਨੂੰ ਇਸ ਤਰ੍ਹਾਂ ਆਖਿਆ, “ਕੀ ਤੂੰ ਉਹੀ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਹਨਾਂ ਨੂੰ ਮੇਰਾ ਪਿਤਾ ਯਹੂਦਾਹ ਤੋਂ ਲਿਆਇਆ ਸੀ? 14ਮੈਂ ਸੁਣਿਆ ਹੈ ਕਿ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ ਅਤੇ ਤੇਰੇ ਕੋਲ ਚਾਨਣ, ਸਮਝ ਅਤੇ ਚੰਗੀ ਬੁੱਧ ਹੈ। 15ਇਸ ਲਿਖਤ ਨੂੰ ਪੜ੍ਹਨ ਅਤੇ ਇਸ ਦਾ ਅਰਥ ਦੱਸਣ ਲਈ ਮੇਰੇ ਅੱਗੇ ਸਿਆਣੇ ਬੰਦਿਆਂ ਅਤੇ ਜਾਦੂਗਰਾਂ ਨੂੰ ਲਿਆਂਦਾ ਗਿਆ, ਪਰ ਉਹ ਇਸ ਦੀ ਵਿਆਖਿਆ ਨਹੀਂ ਕਰ ਸਕੇ। 16ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ। ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇ ਅਤੇ ਉਹ ਦਾ ਅਰਥ ਮੈਨੂੰ ਦੱਸੇ ਤਾਂ ਤੈਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਤੇਰੇ ਗਲ਼ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਗਾ।”
17ਤਦ ਦਾਨੀਏਲ ਨੇ ਰਾਜੇ ਨੂੰ ਉੱਤਰ ਦਿੱਤਾ, “ਤੁਸੀਂ ਆਪਣੇ ਤੋਹਫ਼ੇ ਆਪਣੇ ਲਈ ਰੱਖ ਸਕਦੇ ਹੋ ਅਤੇ ਆਪਣਾ ਇਨਾਮ ਕਿਸੇ ਹੋਰ ਨੂੰ ਦੇ ਸਕਦੇ ਹੋ। ਫਿਰ ਵੀ, ਮੈਂ ਰਾਜੇ ਲਈ ਲਿਖਤ ਪੜ੍ਹਾਂਗਾ ਅਤੇ ਉਸਨੂੰ ਦੱਸਾਂਗਾ ਕਿ ਇਸਦਾ ਕੀ ਅਰਥ ਹੈ।
18“ਹੇ ਮਹਾਰਾਜ, ਅੱਤ ਮਹਾਨ ਪਰਮੇਸ਼ਵਰ ਨੇ ਤੇਰੇ ਪਿਤਾ ਨਬੂਕਦਨੱਸਰ ਨੂੰ ਪ੍ਰਭੂਤਾ ਅਤੇ ਮਹਾਨਤਾ ਅਤੇ ਮਹਿਮਾ ਅਤੇ ਸ਼ਾਨ ਦਿੱਤੀ ਹੈ। 19ਉਸ ਨੇ ਉਸ ਨੂੰ ਦਿੱਤੀ ਉੱਚ ਪਦਵੀ ਦੇ ਕਾਰਨ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਉਸ ਤੋਂ ਕੰਬਦੇ ਅਤੇ ਡਰਦੇ ਸਨ। ਜਿਨ੍ਹਾਂ ਨੂੰ ਰਾਜਾ ਮਾਰਨਾ ਚਾਹੁੰਦਾ ਸੀ, ਉਸ ਨੇ ਮਾਰ ਦਿੱਤਾ; ਜਿਨ੍ਹਾਂ ਨੂੰ ਉਹ ਬਖਸ਼ਣਾ ਚਾਹੁੰਦਾ ਸੀ, ਉਸ ਨੇ ਬਖਸ਼ਿਆ; ਜਿਨ੍ਹਾਂ ਨੂੰ ਉਹ ਅੱਗੇ ਵਧਾਉਣਾ ਚਾਹੁੰਦਾ ਸੀ, ਉਹਨਾਂ ਵਧਾਇਆ; ਅਤੇ ਜਿਨ੍ਹਾਂ ਨੂੰ ਉਹ ਨਿਮਰ ਕਰਨਾ ਚਾਹੁੰਦਾ ਸੀ, ਉਸਨੇ ਨਿਮਰ ਕੀਤਾ। 20ਪਰ ਜਦੋਂ ਉਸ ਦਾ ਸੁਭਾਅ ਹੰਕਾਰੀ ਹੋ ਗਿਆ ਅਤੇ ਉਸ ਦਾ ਆਤਮਾ ਕਠੋਰ ਹੋਇਆ ਐਥੋਂ ਤੱਕ ਕਿ ਉਹ ਘਮੰਡ ਕਰਨ ਲੱਗਾ ਤਦ ਉਹ ਆਪਣੇ ਰਾਜ ਸਿੰਘਾਸਣ ਤੋਂ ਹਟਾਇਆ ਗਿਆ ਅਤੇ ਉਹ ਦੀ ਮਹਿਮਾ ਉਸ ਤੋਂ ਲੈ ਲਈ ਗਈ। 21ਉਹ ਮਨੁੱਖ ਲੋਕਾਂ ਵਿੱਚੋਂ ਛੇਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਗਧਿਆਂ ਨਾਲ ਵੱਸਦਾ ਸੀ ਅਤੇ ਉਹ ਨੂੰ ਬਲਦਾਂ ਵਾਂਗੂੰ ਘਾਹ ਚਰਾਉਂਦੇ ਸਨ ਅਤੇ ਉਹ ਦਾ ਸਰੀਰ ਅਕਾਸ਼ ਦੀ ਤ੍ਰੇਲ ਨਾਲ ਗਿੱਲਾ ਹੋਇਆ ਐਥੋਂ ਤੱਕ ਜੋ ਉਹ ਨੇ ਨਹੀਂ ਜਾਣਿਆ ਜੋ ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਰਾਜ ਉੱਤੇ ਪ੍ਰਭੂਤਾ ਕਰਦਾ ਹੈ ਅਤੇ ਜਿਸ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅਟੱਲ ਕਰਦਾ ਹੈ।
22“ਪਰ ਤੁਸੀਂ, ਬੇਲਸ਼ੱਸਰ, ਉਸਦੇ ਪੁੱਤਰ, ਨੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ, ਭਾਵੇਂ ਤੁਸੀਂ ਇਹ ਸਭ ਜਾਣਦੇ ਹੋ। 23ਸਗੋਂ ਅਕਾਸ਼ਾਂ ਦੇ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਓਹ ਤੇਰੇ ਅੱਗੇ ਲਿਆਏ ਅਤੇ ਤੂੰ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਤੇ ਆਪਣੀਆਂ ਰਖੇਲਾਂ ਦੇ ਨਾਲ ਉਹਨਾਂ ਵਿੱਚ ਨਸ਼ਾ ਪੀਤਾ ਅਤੇ ਤੂੰ ਚਾਂਦੀ ਅਤੇ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਤੇ ਪੱਥਰ ਦੇ ਦੇਵਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਜਾਣਦੇ ਹਨ ਉਹਨਾਂ ਦੀ ਵਡਿਆਈ ਕੀਤੀ ਅਤੇ ਉਸ ਪਰਮੇਸ਼ਵਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ। 24ਇਸ ਲਈ ਉਸਨੇ ਉਹ ਹੱਥ ਭੇਜਿਆ ਅਤੇ ਇਹ ਲਿਖਤ ਲਿਖੀ ਗਈ।
25“ਇਹ ਉਹ ਲਿਖਤ ਹੈ ਜੋ ਲਿਖਿਆ ਗਿਆ ਸੀ:
ਮਨੇ, ਮਨੇ, ਤਕੇਲ, ਊਫਰਸੀਨ
26“ਇੱਥੇ ਇਹਨਾਂ ਸ਼ਬਦਾਂ ਦਾ ਅਰਥ ਹੈ:
“ਮਨੇ#5:26 ਮਨੇ ਅਰਥ ਗਿਣਤੀ: ਪਰਮੇਸ਼ਵਰ ਨੇ ਤੇਰੇ ਰਾਜ ਦੇ ਦਿਨਾਂ ਦੀ ਗਿਣਤੀ ਕੀਤੀ ਹੈ ਅਤੇ ਇਸ ਨੂੰ ਖਤਮ ਕਰ ਦਿੱਤਾ।
27“ਤਕੇਲ#5:27 ਤਕੇਲ ਅਰਥ ਤੋਲਿਆ: ਤੂੰ ਤੱਕੜੀ ਵਿੱਚ ਤੋਲਿਆ ਗਿਆ ਹੈ ਅਤੇ ਘੱਟ ਨਿੱਕਲਿਆ ਹੈ।
28“ਪੇਰੇਸ#5:28 ਪੇਰੇਸ ਅਰਥ ਵੰਡਿਆ: ਤੇਰਾ ਰਾਜ ਵੰਡਿਆ ਗਿਆ ਹੈ ਅਤੇ ਮਾਦੀਆਂ ਅਤੇ ਫ਼ਾਰਸੀਆਂ ਨੂੰ ਦਿੱਤਾ ਗਿਆ ਹੈ।”
29ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਹਨਾਂ ਨੇ ਦਾਨੀਏਲ ਨੂੰ ਕਿਰਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸ ਦੇ ਗਲ਼ ਵਿੱਚ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਕਿ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ।
30ਉਸੇ ਰਾਤ ਨੂੰ ਬੇਲਸ਼ੱਸਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ, 31ਅਤੇ ਦਾਰਾ ਮਾਦੀ ਨੇ ਬਾਹਠ ਸਾਲ ਦੀ ਉਮਰ ਵਿੱਚ ਰਾਜ ਲੈ ਲਿਆ।
Právě zvoleno:
ਦਾਨੀਏਲ 5: PCB
Zvýraznění
Sdílet
Kopírovat
Chceš mít své zvýrazněné verše uložené na všech zařízeních? Zaregistruj se nebo se přihlas
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.