3
ਸੋਨੇ ਦੀ ਮੂਰਤੀ ਅਤੇ ਅੱਗ ਦੀ ਭੱਠੀ
1ਰਾਜਾ ਨਬੂਕਦਨੱਸਰ ਨੇ ਸੋਨੇ ਦੀ ਇੱਕ ਮੂਰਤ ਬਣਾਈ, ਜਿਸਦੀ ਉਚਾਈ ਸੱਠ ਹੱਥ ਅਤੇ ਚੌੜਾਈ ਛੇ ਹੱਥ ਸੀ,#3:1 ਅਰਥਾਤ ਨੱਬੇ ਫੁੱਟ ਉੱਚੀ ਅਤੇ ਨੌਂ ਫੁੱਟ ਚੌੜੀ ਅਤੇ ਇਸਨੂੰ ਬਾਬੇਲ ਦੇ ਪ੍ਰਾਂਤ ਵਿੱਚ ਦੂਰਾ ਦੇ ਮੈਦਾਨ ਵਿੱਚ ਸਥਾਪਿਤ ਕੀਤਾ। 2ਤਦ ਨਬੂਕਦਨੱਸਰ ਰਾਜਾ ਨੇ ਲੋਕਾਂ ਨੂੰ ਭੇਜਿਆ ਕਿ ਸ਼ਹਿਜ਼ਾਦਿਆਂ, ਦੀਵਾਨਾਂ, ਸਰਦਾਰਾਂ, ਨਿਆਂਕਾਰਾਂ, ਭੰਡਾਰੀਆਂ, ਸਲਾਹਕਾਰਾਂ, ਕਪਤਾਨਾਂ ਤੇ ਸੂਬਿਆਂ ਦੇ ਸਭਨਾਂ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਹ ਉਸ ਮੂਰਤੀ ਦੀ ਸਥਾਪਨਾ ਵਿੱਚ ਸ਼ਾਮਿਲ ਹੋਣ ਜਿਹੜੀ ਨਬੂਕਦਨੱਸਰ ਰਾਜਾ ਨੇ ਖੜੀ ਕੀਤੀ ਸੀ। 3ਤਦ ਸ਼ਹਿਜ਼ਾਦੇ, ਦੀਵਾਨ, ਸਰਦਾਰ, ਨਿਆਂਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਸਮਰਪਣ ਲਈ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ।
4ਤਦ ਇੱਕ ਢੰਡੋਰੀਏ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ, “ਕੌਮਾਂ ਅਤੇ ਹਰ ਭਾਸ਼ਾ ਦੇ ਲੋਕੋ, ਤੁਹਾਨੂੰ ਇਹ ਕਰਨ ਦਾ ਹੁਕਮ ਦਿੱਤਾ ਗਿਆ ਹੈ: 5ਜਿਵੇਂ ਹੀ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤੁਸੀਂ ਹੇਠਾਂ ਡਿੱਗ ਕੇ ਸੋਨੇ ਦੀ ਮੂਰਤ ਦੀ ਪੂਜਾ ਕਰਨੀ ਹੈ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਹੈ। 6ਜੋ ਕੋਈ ਡਿੱਗ ਕੇ ਉਪਾਸਨਾ ਨਹੀਂ ਕਰਦਾ, ਉਸੇ ਵੇਲੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ।”
7ਇਸ ਲਈ, ਜਿਵੇਂ ਹੀ ਉਹਨਾਂ ਨੇ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣੀ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਡਿੱਗ ਪਏ ਅਤੇ ਉਸ ਸੋਨੇ ਦੀ ਮੂਰਤ ਦੀ ਪੂਜਾ ਕੀਤੀ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਸੀ।
8ਇਸ ਸਮੇਂ ਕੁਝ ਜੋਤਸ਼ੀ ਅੱਗੇ ਆਏ ਅਤੇ ਯਹੂਦੀਆਂ ਦੀ ਨਿੰਦਾ ਕੀਤੀ। 9ਉਹਨਾਂ ਨੇ ਰਾਜਾ ਨਬੂਕਦਨੱਸਰ ਨੂੰ ਆਖਿਆ, “ਪਾਤਸ਼ਾਹ ਸਦਾ ਜੀਉਂਦਾ ਰਹੇ! 10ਮਹਾਰਾਜ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਜੋ ਕੋਈ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦਾ ਹੈ, ਉਹ ਡਿੱਗ ਕੇ ਸੋਨੇ ਦੀ ਮੂਰਤੀ ਦੀ ਪੂਜਾ ਕਰੇ, 11ਅਤੇ ਜੋ ਕੋਈ ਵੀ ਹੇਠਾਂ ਡਿੱਗ ਪੂਜਾ ਨਾ ਕਰੇ ਉਸ ਨੂੰ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ। 12ਪਰ ਕੁਝ ਯਹੂਦੀ ਹਨ ਜਿਨ੍ਹਾਂ ਨੂੰ ਤੁਸੀਂ ਬਾਬੇਲ ਦੇ ਪ੍ਰਾਂਤ ਦੇ ਮਾਮਲਿਆਂ ਉੱਤੇ ਨਿਯੁਕਤ ਕੀਤਾ ਹੈ ਸ਼ਦਰਕ, ਮੇਸ਼ਕ ਅਤੇ ਅਬੇਦਨਗੋ, ਇਹਨਾਂ ਮਨੁੱਖਾਂ ਨੇ, ਹੇ ਮਹਾਰਾਜ, ਤੁਹਾਡਾ ਆਦਰ ਨਹੀਂ ਕੀਤਾ। ਉਹ ਨਾ ਤਾਂ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਹਨ ਅਤੇ ਨਾ ਹੀ ਉਸ ਸੋਨੇ ਦੀ ਮੂਰਤ ਦੀ ਪੂਜਾ ਕਰਦੇ ਹਨ ਜੋ ਤੁਸੀਂ ਸਥਾਪਿਤ ਕੀਤੀ ਹੈ।”
13ਗੁੱਸੇ ਵਿੱਚ ਆ ਕੇ ਨਬੂਕਦਨੱਸਰ ਨੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬੁਲਾਇਆ। ਤਦ ਇਨ੍ਹਾਂ ਮਨੁੱਖਾਂ ਨੂੰ ਪਾਤਸ਼ਾਹ ਦੇ ਸਾਹਮਣੇ ਲਿਆਂਦਾ ਗਿਆ, 14ਅਤੇ ਨਬੂਕਦਨੱਸਰ ਨੇ ਉਹਨਾਂ ਨੂੰ ਆਖਿਆ, ਹੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ, “ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਦੇ ਜਾਂ ਉਸ ਸੋਨੇ ਦੀ ਮੂਰਤ ਦੀ ਉਪਾਸਨਾ ਨਹੀਂ ਕਰਦੇ ਜੋ ਮੈਂ ਸਥਾਪਿਤ ਕੀਤੀ ਹੈ? 15ਹੁਣ ਜਦੋਂ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤਾਂ ਤੁਸੀਂ ਝੁੱਕ ਕੇ ਮੂਰਤ ਨੂੰ ਜਿਸ ਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ, ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਘੜੀ ਤੁਸੀਂ ਅੱਗ ਦੀ ਬਲਦੀ ਹੋਈ ਭੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ?”
16ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੇ ਉਸਨੂੰ ਜਵਾਬ ਦਿੱਤਾ, “ਰਾਜਾ ਨਬੂਕਦਨੱਸਰ, ਸਾਨੂੰ ਇਸ ਮਾਮਲੇ ਵਿੱਚ ਤੁਹਾਡੇ ਸਾਮ੍ਹਣੇ ਆਪਣਾ ਬਚਾਅ ਕਰਨ ਦੀ ਲੋੜ ਨਹੀਂ ਹੈ। 17ਜੇਕਰ ਸਾਨੂੰ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਂਦਾ ਹੈ, ਤਾਂ ਜਿਸ ਪਰਮੇਸ਼ਵਰ ਦੀ ਅਸੀਂ ਸੇਵਾ ਕਰਦੇ ਹਾਂ, ਉਹ ਸਾਨੂੰ ਇਸ ਤੋਂ ਛੁਡਾਉਣ ਦੇ ਯੋਗ ਹੈ ਅਤੇ ਹੇ ਰਾਜਾ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। 18ਪਰ ਭਾਵੇਂ ਉਹ ਅਜਿਹਾ ਨਹੀਂ ਕਰਦਾ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਹੇ ਰਾਜਾ, ਅਸੀਂ ਤੇਰੇ ਦੇਵਤੇ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਸ ਨੂੰ ਤੁਸੀਂ ਖੜ੍ਹਾ ਕੀਤਾ ਹੈ, ਮੱਥਾ ਟੇਕਾਂਗੇ।”
19ਤਦ ਨਬੂਕਦਨੱਸਰ ਆਪਣੇ ਆਪ ਵਿੱਚ ਕ੍ਰੋਧ ਨਾਲ ਭਰ ਗਿਆ ਅਤੇ ਉਹ ਦੇ ਮੂੰਹ ਦਾ ਰੰਗ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਉੱਤੇ ਬਦਲ ਗਿਆ। ਉਸ ਨੇ ਭੱਠੀ ਨੂੰ ਆਮ ਨਾਲੋਂ ਸੱਤ ਗੁਣਾ ਜ਼ਿਆਦਾ ਹੋਰ ਗਰਮ ਕਰਨ ਦਾ ਹੁਕਮ ਦਿੱਤਾ। 20ਅਤੇ ਆਪਣੀ ਫ਼ੌਜ ਦੇ ਕੁਝ ਸਭ ਤੋਂ ਤਕੜੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬੰਨ੍ਹ ਕੇ ਬਲਦੀ ਭੱਠੀ ਵਿੱਚ ਸੁੱਟ ਦੇਣ। 21ਇਸ ਲਈ ਇਨ੍ਹਾਂ ਆਦਮੀਆਂ ਨੂੰ, ਉਹਨਾਂ ਦੇ ਕੁੜਤਿਆਂ, ਪਜਾਮਿਆਂ, ਪੱਗਾਂ ਅਤੇ ਹੋਰ ਕੱਪੜਿਆਂ ਸਮੇਤ, ਬੰਨ੍ਹ ਕੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਗਿਆ। 22ਕਿਉਂ ਜੋ ਰਾਜੇ ਦਾ ਹੁਕਮ ਸੀ ਇਸ ਕਾਰਨ ਭੱਠੀ ਦਾ ਤਾਇਆ ਜਾਣਾ ਅੱਤ ਵਧੀਕ ਸੀ, ਇਸੇ ਕਾਰਨ ਅੱਗ ਦੀ ਲੋ ਨੇ ਸ਼ਦਰਕ, ਮੇਸ਼ਕ, ਤੇ ਅਬੇਦਨਗੋ ਦੇ ਚੁੱਕਣ ਵਾਲਿਆਂ ਨੂੰ ਸਾੜ ਸੁੱਟਿਆ, 23ਅਤੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਮਜ਼ਬੂਤੀ ਨਾਲ ਬੰਨ੍ਹੇ ਕੇ, ਬਲਦੀ ਹੋਈ ਭੱਠੀ ਵਿੱਚ ਸੁੱਟ ਦਿੱਤੇ ਗਏ।
24ਤਦ ਰਾਜਾ ਨਬੂਕਦਨੱਸਰ ਹੈਰਾਨ ਹੋ ਕੇ ਆਪਣੇ ਪੈਰਾਂ ਉੱਤੇ ਚੜ੍ਹਿਆ ਅਤੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ, “ਕੀ ਇੱਥੇ ਤਿੰਨ ਆਦਮੀ ਨਹੀਂ ਸਨ ਜਿਨ੍ਹਾਂ ਨੂੰ ਅਸੀਂ ਬੰਨ੍ਹ ਕੇ ਅੱਗ ਵਿੱਚ ਸੁੱਟ ਦਿੱਤਾ ਸੀ?”
ਉਹਨਾਂ ਨੇ ਉੱਤਰ ਦਿੱਤਾ ਕਿ ਹਾਂ ਰਾਜਾ, “ਇਹ ਸੱਚ ਹੈ।”
25ਉਸ ਨੇ ਕਿਹਾ, “ਦੇਖੋ! ਮੈਂ ਚਾਰ ਆਦਮੀਆਂ ਨੂੰ ਅੱਗ ਵਿੱਚ ਘੁੰਮਦੇ ਵੇਖਦਾ ਹਾਂ, ਬਿਨਾਂ ਕਿਸੇ ਨੁਕਸਾਨ ਦੇ ਅਤੇ ਚੌਥੇ ਦਾ ਸਰੂਪ ਪਰਮੇਸ਼ਵਰ ਦੇ ਪੁੱਤਰ ਜਿਹਾ ਹੈ।”
26ਤਦ ਨਬੂਕਦਨੱਸਰ ਬਲਦੀ ਹੋਈ ਭੱਠੀ ਦੇ ਕੋਲ ਪਹੁੰਚਿਆ ਅਤੇ ਉੱਚੀ-ਉੱਚੀ ਬੋਲਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਤ ਮਹਾਨ ਪਰਮੇਸ਼ਵਰ ਦੇ ਸੇਵਕੋਂ, ਬਾਹਰ ਆ ਜਾਓ! ਐਧਰ ਆਓ!”
ਤਦ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਅੱਗ ਵਿੱਚੋਂ ਨਿੱਕਲ ਆਏ, 27ਅਤੇ ਰਾਜਪਾਲਾਂ, ਪ੍ਰਧਾਨਾਂ, ਸਰਦਾਰਾਂ ਅਤੇ ਸ਼ਾਹੀ ਸਲਾਹਕਾਰਾਂ ਨੇ ਉਹਨਾਂ ਦੇ ਦੁਆਲੇ ਇਕੱਠੇ ਹੋ ਕੇ ਵੇਖਿਆ। ਉਹਨਾਂ ਨੇ ਦੇਖਿਆ ਕਿ ਅੱਗ ਨੇ ਉਹਨਾਂ ਦੇ ਸਰੀਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ, ਨਾ ਹੀ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਵਿਗੜਿਆ ਸੀ; ਨਾ ਹੀ ਉਹਨਾਂ ਦੇ ਕੱਪੜੇ ਸੜੇ ਸਨ ਅਤੇ ਨਾ ਉਹਨਾਂ ਤੋਂ ਅੱਗ ਦੇ ਜਲਣ ਦੀ ਬੋ ਆਉਂਦੀ ਸੀ।
28ਤਦ ਨਬੂਕਦਨੱਸਰ ਨੇ ਆਖਿਆ, “ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੀ ਉਸਤਤ ਹੋਵੇ ਜਿਸ ਨੇ ਆਪਣਾ ਦੂਤ ਭੇਜਿਆ ਅਤੇ ਆਪਣੇ ਸੇਵਕਾਂ ਨੂੰ ਛੁਡਾਇਆ! ਉਹਨਾਂ ਨੇ ਉਸ ਉੱਤੇ ਭਰੋਸਾ ਕੀਤਾ ਅਤੇ ਰਾਜੇ ਦੇ ਹੁਕਮ ਦੀ ਉਲੰਘਣਾ ਕੀਤੀ ਅਤੇ ਆਪਣੇ ਖੁਦ ਦੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਵੀ ਦੇਵਤੇ ਦੀ ਸੇਵਾ ਜਾਂ ਉਪਾਸਨਾ ਕਰਨ ਦੀ ਬਜਾਏ ਆਪਣੇ ਪ੍ਰਾਣ ਦੇਣ ਲਈ ਤਿਆਰ ਸਨ। 29ਇਸ ਲਈ ਮੈਂ ਹੁਕਮ ਦਿੰਦਾ ਹਾਂ ਜੋ ਕਿਸੇ ਕੌਮ ਜਾਂ ਭਾਸ਼ਾ ਦੇ ਲੋਕ ਜੋ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਦੇ ਪਰਮੇਸ਼ਵਰ ਦੇ ਵਿਰੁੱਧ ਕੁਝ ਬੋਲਦੇ ਹਨ, ਉਹਨਾਂ ਦੇ ਟੁਕੜੇ ਕਰ ਦਿੱਤੇ ਜਾਣ ਅਤੇ ਉਹਨਾਂ ਦੇ ਘਰ ਮਲਬੇ ਦੇ ਢੇਰ ਬਣਾ ਦਿੱਤੇ ਜਾਣ ਕਿਉਂ ਜੋ ਕੋਈ ਹੋਰ ਦੇਵਤਾ ਇਸ ਤਰ੍ਹਾਂ ਬਚਾ ਨਹੀਂ ਸਕਦਾ।”
30ਫਿਰ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਨੂੰ ਬਾਬੇਲ ਦੇ ਸੂਬੇ ਵਿੱਚ ਤਰੱਕੀ ਦਿੱਤੀ।