2
ਨਬੂਕਦਨੇਜ਼ਰ ਦਾ ਸੁਪਨਾ
1ਨਬੂਕਦਨੇਜ਼ਰ ਨੇ ਆਪਣੇ ਰਾਜ ਦੇ ਦੂਜੇ ਸਾਲ ਵਿੱਚ ਅਜਿਹੇ ਸੁਪਨੇ ਵੇਖੇ, ਜਿਸ ਕਾਰਨ ਉਸ ਦਾ ਮਨ ਘਬਰਾ ਗਿਆ ਅਤੇ ਉਹ ਦੀ ਨੀਂਦ ਜਾਂਦੀ ਰਹੀ। 2ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ ਜੋ ਉਹ ਰਾਜੇ ਦਾ ਸੁਪਨਾ ਉਸ ਨੂੰ ਦੱਸਣ, ਇਸ ਲਈ ਉਹ ਆਏ ਅਤੇ ਰਾਜੇ ਦੇ ਦਰਬਾਰ ਪੇਸ਼ ਹੋਏ, 3ਰਾਜੇ ਨੇ ਉਹਨਾਂ ਨੂੰ ਕਿਹਾ, “ਮੈਨੂੰ ਇੱਕ ਸੁਪਨਾ ਆਇਆ ਹੈ ਜਿਹਦੇ ਕਾਰਨ ਮੈਂ ਪਰੇਸ਼ਾਨ ਹਾਂ ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਸਦਾ ਕੀ ਅਰਥ ਹੈ।”
4ਤਦ ਜੋਤਸ਼ੀਆਂ ਨੇ ਰਾਜੇ ਨੂੰ ਉੱਤਰ ਦਿੱਤਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਆਪਣੇ ਸੇਵਕਾਂ ਨੂੰ ਸੁਪਨਾ ਦੱਸੋ, ਅਸੀਂ ਇਸਦਾ ਅਰਥ ਦੱਸਾਂਗੇ।”
5ਰਾਜੇ ਨੇ ਜੋਤਸ਼ੀਆਂ ਨੂੰ ਜਵਾਬ ਦਿੱਤਾ, “ਇਹ ਉਹ ਹੈ ਜੋ ਮੈਂ ਦ੍ਰਿੜਤਾ ਨਾਲ ਫੈਸਲਾ ਕੀਤਾ ਹੈ: ਜੇ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਕਿ ਮੇਰਾ ਸੁਪਨਾ ਕੀ ਸੀ ਅਤੇ ਇਸ ਦੀ ਵਿਆਖਿਆ ਨਹੀਂ ਕੀਤੀ, ਤਾਂ ਮੈਂ ਤੁਹਾਡੇ ਟੁਕੜੇ ਕਰ ਦਿਆਂਗਾ ਅਤੇ ਤੁਹਾਡੇ ਘਰ ਮਲਬੇ ਦੇ ਢੇਰਾਂ ਵਿੱਚ ਬਦਲ ਦਿਆਂਗਾ। 6ਪਰ ਜੇ ਤੁਸੀਂ ਮੈਨੂੰ ਸੁਪਨਾ ਦੱਸੋ ਅਤੇ ਉਸ ਦੀ ਵਿਆਖਿਆ ਕਰੋ, ਤਾਂ ਤੁਹਾਨੂੰ ਮੇਰੇ ਵੱਲੋਂ ਤੋਹਫ਼ੇ ਅਤੇ ਇਨਾਮ ਅਤੇ ਮਹਾਨ ਸਨਮਾਨ ਮਿਲੇਗਾ। ਇਸ ਲਈ ਮੈਨੂੰ ਸੁਪਨਾ ਦੱਸੋ ਅਤੇ ਮੇਰੇ ਲਈ ਇਸਦਾ ਅਰਥ ਦੱਸੋ।”
7ਇੱਕ ਵਾਰ ਫਿਰ ਉਹਨਾਂ ਨੇ ਉੱਤਰ ਦਿੱਤਾ, “ਰਾਜੇ ਨੂੰ ਆਪਣੇ ਸੇਵਕਾਂ ਨੂੰ ਸੁਪਨਾ ਦੱਸਣ ਦਿਓ, ਅਸੀਂ ਇਸਦਾ ਅਰਥ ਦੱਸਾਂਗੇ।”
8ਤਦ ਰਾਜੇ ਨੇ ਉੱਤਰ ਦਿੱਤਾ, “ਮੈਨੂੰ ਯਕੀਨ ਹੈ ਕਿ ਤੁਸੀਂ ਸਮਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਉਹੀ ਹੈ ਜਿਸਦਾ ਮੈਂ ਪੱਕਾ ਫੈਸਲਾ ਕੀਤਾ ਹੈ: 9ਪਰ ਜੇ ਤੁਸੀਂ ਮੈਨੂੰ ਸੁਪਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਸਮਾਂ ਟਲ ਜਾਵੇ। ਸੋ ਸੁਪਨਾ ਸੁਣਾਓ ਤਦ ਮੈਂ ਜਾਣ ਲਵਾਂਗਾ ਜੋ ਤੁਸੀਂ ਉਹ ਦਾ ਅਰਥ ਵੀ ਦੱਸ ਸਕਦੇ ਹੋ।”
10ਜੋਤਸ਼ੀਆਂ ਨੇ ਰਾਜੇ ਨੂੰ ਉੱਤਰ ਦਿੱਤਾ, “ਇਸ ਧਰਤੀ ਉੱਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸ ਸਕੇ! ਨਾ ਕੋਈ ਅਜਿਹਾ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਸ ਨੇ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ। 11ਰਾਜਾ ਜੋ ਪੁੱਛਦਾ ਹੈ ਉਹ ਬਹੁਤ ਔਖਾ ਹੈ। ਦੇਵਤਿਆਂ ਤੋਂ ਇਲਾਵਾ ਕੋਈ ਵੀ ਇਸ ਨੂੰ ਰਾਜੇ ਅੱਗੇ ਪ੍ਰਗਟ ਨਹੀਂ ਕਰ ਸਕਦਾ ਅਤੇ ਉਹ ਮਨੁੱਖਾਂ ਵਿੱਚ ਨਹੀਂ ਰਹਿੰਦੇ ਹਨ।”
12ਇਸ ਨਾਲ ਰਾਜਾ ਗੁੱਸੇ ਵਿੱਚ ਆ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਉਸਨੇ ਬਾਬੇਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ। 13ਇਸ ਲਈ ਬੁੱਧੀਮਾਨ ਆਦਮੀਆਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਆਦਮੀਆਂ ਨੂੰ ਦਾਨੀਏਲ ਅਤੇ ਉਸ ਦੇ ਦੋਸਤਾਂ ਨੂੰ ਮਾਰਨ ਲਈ ਭਾਲਿਆ ਗਿਆ।
14ਜਦੋਂ ਰਾਜੇ ਦੇ ਪਹਿਰੇਦਾਰਾਂ ਦਾ ਸਰਦਾਰ ਮੁਖੀ ਅਰਯੋਕ, ਬਾਬੇਲ ਦੇ ਬੁੱਧੀਮਾਨਾਂ ਨੂੰ ਮਾਰਨ ਲਈ ਬਾਹਰ ਗਿਆ ਸੀ, ਤਾਂ ਦਾਨੀਏਲ ਨੇ ਉਸ ਨਾਲ ਬੁੱਧੀ ਅਤੇ ਸਮਝਦਾਰੀ ਨਾਲ ਗੱਲ ਕੀਤੀ। 15ਉਸਨੇ ਰਾਜੇ ਦੇ ਅਧਿਕਾਰੀ ਨੂੰ ਪੁੱਛਿਆ, “ਰਾਜੇ ਨੇ ਅਜਿਹਾ ਕਠੋਰ ਫ਼ਰਮਾਨ ਕਿਉਂ ਜਾਰੀ ਕੀਤਾ?” ਅਰਯੋਕ ਨੇ ਫਿਰ ਦਾਨੀਏਲ ਨੂੰ ਗੱਲ ਸਮਝਾਈ। 16ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।
17ਫਿਰ ਦਾਨੀਏਲ ਆਪਣੇ ਘਰ ਵਾਪਸ ਆਇਆ ਅਤੇ ਆਪਣੇ ਦੋਸਤਾਂ ਹਨਨਿਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਨੂੰ ਗੱਲ ਸਮਝਾਈ। 18ਉਸ ਨੇ ਇਸ ਭੇਤ ਦੇ ਵਿਖੇ ਸਵਰਗ ਦੇ ਪਰਮੇਸ਼ਵਰ ਤੋਂ ਦਯਾ ਮੰਗੀ ਕਿ ਦਾਨੀਏਲ ਤੇ ਉਸ ਦੇ ਸਾਥੀ ਬਾਬੇਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ ਨਾ ਹੋਣ। 19ਰਾਤ ਦੇ ਦੌਰਾਨ ਦਾਨੀਏਲ ਨੂੰ ਇੱਕ ਦਰਸ਼ਣ ਵਿੱਚ ਭੇਤ ਪ੍ਰਗਟ ਹੋਇਆ। ਤਦ ਦਾਨੀਏਲ ਨੇ ਸਵਰਗ ਦੇ ਪਰਮੇਸ਼ਵਰ ਦੀ ਉਸਤਤ ਕੀਤੀ 20ਅਤੇ ਕਿਹਾ:
“ਪਰਮੇਸ਼ਵਰ ਦੇ ਨਾਮ ਦੀ ਸਦਾ ਲਈ ਉਸਤਤ ਹੋਵੇ;
ਬੁੱਧ ਅਤੇ ਸ਼ਕਤੀ ਉਸ ਦੀ ਹੈ।
21ਉਹ ਸਮੇਂ ਅਤੇ ਰੁੱਤਾਂ ਨੂੰ ਬਦਲਦਾ ਹੈ;
ਉਹੀ ਰਾਜਿਆਂ ਨੂੰ ਹਟਾਉਂਦਾ
ਅਤੇ ਨਿਯੁਕਤ ਕਰਦਾ ਹੈ,
ਉਹ ਬੁੱਧਵਾਨਾਂ ਨੂੰ ਬੁੱਧ ਅਤੇ ਸਮਝਦਾਰ ਨੂੰ ਗਿਆਨ ਦਿੰਦਾ ਹੈ।
22ਉਹ ਡੂੰਘੀਆਂ ਅਤੇ ਲੁਕੀਆਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ;
ਉਹ ਜਾਣਦਾ ਹੈ ਕਿ ਹਨੇਰੇ ਵਿੱਚ ਕੀ ਹੈ,
ਅਤੇ ਚਾਨਣ ਉਸਦੇ ਨਾਲ ਰਹਿੰਦਾ ਹੈ।
23ਮੇਰੇ ਪੁਰਖਿਆਂ ਦੇ ਪਰਮੇਸ਼ਵਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅਤੇ ਉਸਤਤ ਕਰਦਾ ਹਾਂ:
ਤੂੰ ਮੈਨੂੰ ਬੁੱਧ ਅਤੇ ਸ਼ਕਤੀ ਦਿੱਤੀ ਹੈ,
ਤੂੰ ਮੈਨੂੰ ਦੱਸ ਦਿੱਤਾ ਹੈ ਜੋ ਅਸੀਂ ਤੁਹਾਡੇ ਤੋਂ ਮੰਗਿਆ ਹੈ,
ਤੂੰ ਸਾਨੂੰ ਰਾਜੇ ਦੇ ਸੁਪਨੇ ਬਾਰੇ ਦੱਸਿਆ ਹੈ।”
ਦਾਨੀਏਲ ਦੁਆਰਾ ਸੁਪਨੇ ਦੀ ਵਿਆਖਿਆ
24ਤਦ ਦਾਨੀਏਲ ਅਰਯੋਕ ਕੋਲ ਗਿਆ, ਜਿਸ ਨੂੰ ਰਾਜੇ ਨੇ ਬਾਬੇਲ ਦੇ ਬੁੱਧਵਾਨਾਂ ਨੂੰ ਮਾਰਨ ਲਈ ਨਿਯੁਕਤ ਕੀਤਾ ਸੀ ਅਤੇ ਉਸ ਨੂੰ ਕਿਹਾ, “ਬਾਬੇਲ ਦੇ ਬੁੱਧਵਾਨਾਂ ਨੂੰ ਨਾ ਮਾਰ। ਮੈਨੂੰ ਰਾਜੇ ਕੋਲ ਲੈ ਜਾਓ, ਮੈਂ ਉਸਦੇ ਸੁਪਨੇ ਦਾ ਅਰਥ ਉਸਦੇ ਲਈ ਦੱਸਾਂਗਾ।”
25ਅਰਯੋਕ ਦਾਨੀਏਲ ਨੂੰ ਉਸੇ ਵੇਲੇ ਰਾਜੇ ਕੋਲ ਲੈ ਗਿਆ ਅਤੇ ਕਿਹਾ, “ਮੈਨੂੰ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇੱਕ ਆਦਮੀ ਮਿਲਿਆ ਹੈ ਜੋ ਰਾਜੇ ਨੂੰ ਦੱਸ ਸਕਦਾ ਹੈ ਕਿ ਉਸਦੇ ਸੁਪਨੇ ਦਾ ਕੀ ਅਰਥ ਹੈ।”
26ਰਾਜੇ ਨੇ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਨੂੰ ਪੁੱਛਿਆ, “ਕੀ ਤੂੰ ਮੈਨੂੰ ਇਹ ਦੱਸ ਸਕਦਾ ਹੈ ਕਿ ਮੈਂ ਆਪਣੇ ਸੁਪਨੇ ਵਿੱਚ ਕੀ ਦੇਖਿਆ ਹੈ ਅਤੇ ਇਸਦਾ ਅਰਥ ਕੀ ਹੈ?”
27ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ, 28ਪਰ ਸਵਰਗ ਵਿੱਚ ਇੱਕ ਪਰਮੇਸ਼ਵਰ ਹੈ ਜੋ ਭੇਤ ਪ੍ਰਗਟ ਕਰਦਾ ਹੈ। ਉਸ ਨੇ ਰਾਜਾ ਨਬੂਕਦਨੱਸਰ ਨੂੰ ਦਿਖਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਤੁਹਾਡਾ ਸੁਪਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਬਿਸਤਰੇ ਉੱਤੇ ਵੇਖੇ ਇਹ ਹਨ:
29“ਹੇ ਰਾਜਾ, ਤੁਸੀਂ ਆਪਣੇ ਬਿਸਤਰੇ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ? ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ ਉਹ ਤੁਹਾਡੇ ਉੱਤੇ ਪਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ। 30ਜਿੱਥੋਂ ਤੱਕ ਮੇਰਾ ਸਵਾਲ ਹੈ, ਤਾਂ ਇਹ ਭੇਤ ਮੇਰੇ ਉੱਤੇ ਇਸ ਲਈ ਨਹੀਂ ਪ੍ਰਗਟ ਹੋਇਆ, ਕਿ ਮੇਰੇ ਕੋਲ ਕਿਸੇ ਵੀ ਜੀਵਤ ਨਾਲੋਂ ਵੱਧ ਬੁੱਧੀ ਹੈ, ਪਰ ਇਸ ਲਈ ਕਿ ਮਹਾਰਾਜ ਵਿਆਖਿਆ ਨੂੰ ਜਾਣ ਸਕੇ ਅਤੇ ਤੁਸੀਂ ਸਮਝ ਸਕੋ ਕਿ ਤੁਹਾਡੇ ਮਨ ਵਿੱਚ ਕੀ ਆਇਆ ਸੀ।
31“ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ। ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ। 32ਮੂਰਤੀ ਦਾ ਸਿਰ ਸ਼ੁਧ ਸੋਨੇ ਦਾ, ਉਹ ਦੀ ਛਾਤੀ ਅਤੇ ਬਾਹਾਂ ਚਾਂਦੀ ਦੀਆਂ, ਉਹ ਦਾ ਢਿੱਡ ਅਤੇ ਪੱਟ ਪਿੱਤਲ ਦੇ, 33ਉਸ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। 34ਜਦੋਂ ਤੁਸੀਂ ਦੇਖ ਰਹੇ ਸੀ, ਇੱਕ ਚੱਟਾਨ ਕੱਟਿਆ ਗਿਆ ਸੀ, ਇੱਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ। 35ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਹੀ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।
36“ਇਹ ਸੁਪਨਾ ਸੀ ਅਤੇ ਹੁਣ ਅਸੀਂ ਰਾਜੇ ਨੂੰ ਇਸਦਾ ਅਰਥ ਦੱਸਾਂਗੇ। 37ਮਹਾਰਾਜ, ਤੁਸੀਂ ਰਾਜਿਆਂ ਉੱਤੇ ਰਾਜਾ ਹੋ। ਸਵਰਗ ਦੇ ਪਰਮੇਸ਼ਵਰ ਨੇ ਤੁਹਾਨੂੰ ਰਾਜ ਅਤੇ ਬਲ ਅਤੇ ਸ਼ਕਤੀ ਅਤੇ ਮਹਿਮਾ ਦਿੱਤੀ ਹੈ; 38ਉਸ ਨੇ ਸਾਰੀ ਮਨੁੱਖਜਾਤੀ ਅਤੇ ਖੇਤ ਦੇ ਜਾਨਵਰਾਂ ਅਤੇ ਅਕਾਸ਼ ਵਿੱਚ ਪੰਛੀਆਂ ਨੂੰ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਸ ਨੇ ਤੁਹਾਨੂੰ ਉਹਨਾਂ ਸਾਰਿਆਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸੋਨੇ ਦਾ ਉਹ ਸਿਰ ਹੋ।
39“ਤੁਹਾਡੇ ਤੋਂ ਬਾਅਦ, ਇੱਕ ਹੋਰ ਰਾਜ ਪੈਦਾ ਹੋਵੇਗਾ, ਜੋ ਤੁਹਾਡੇ ਨਾਲੋਂ ਘਟੀਆ ਹੋਵੇਗਾ। ਅੱਗੇ, ਇੱਕ ਤੀਜਾ ਰਾਜ, ਕਾਂਸੇ ਦਾ ਇੱਕ, ਸਾਰੀ ਧਰਤੀ ਉੱਤੇ ਰਾਜ ਕਰੇਗਾ। 40ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ। 41ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ। 42ਜਿਵੇਂ ਕਿ ਪੈਰਾਂ ਦੀਆਂ ਉਂਗਲਾਂ ਕੁਝ ਹੱਦ ਤੱਕ ਲੋਹੇ ਦੀਆਂ ਅਤੇ ਕੁਝ ਮਿੱਟੀ ਦੀਆਂ ਸਨ, ਇਸ ਤਰ੍ਹਾਂ ਇਹ ਰਾਜ ਕੁਝ ਹੱਦ ਤੱਕ ਮਜ਼ਬੂਤ ਅਤੇ ਕੁਝ ਹੱਦ ਤੱਕ ਕਮਜ਼ੋਰ ਹੋਵੇਗਾ। 43ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।
44“ਉਹਨਾਂ ਰਾਜਿਆਂ ਦੇ ਸਮੇਂ ਵਿੱਚ, ਸਵਰਗ ਦਾ ਪਰਮੇਸ਼ਵਰ ਇੱਕ ਰਾਜ ਸਥਾਪਤ ਕਰੇਗਾ ਜੋ ਕਦੇ ਵੀ ਤਬਾਹ ਨਹੀਂ ਹੋਵੇਗਾ, ਨਾ ਹੀ ਇਸਨੂੰ ਕਿਸੇ ਹੋਰ ਲੋਕਾਂ ਲਈ ਛੱਡਿਆ ਜਾਵੇਗਾ। ਇਹ ਉਹਨਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ ਅਤੇ ਉਹਨਾਂ ਦਾ ਅੰਤ ਕਰ ਦੇਵੇਗਾ, ਪਰ ਇਹ ਆਪਣੇ ਆਪ ਸਦਾ ਲਈ ਕਾਇਮ ਰਹੇਗਾ। 45ਇਹ ਇੱਕ ਪਹਾੜ ਤੋਂ ਕੱਟੀ ਗਈ ਚੱਟਾਨ ਦੇ ਦਰਸ਼ਣ ਦਾ ਅਰਥ ਹੈ, ਪਰ ਮਨੁੱਖੀ ਹੱਥਾਂ ਦੁਆਰਾ ਨਹੀਂ ਇੱਕ ਚੱਟਾਨ ਜਿਸ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਅਤੇ ਸੋਨੇ ਦੇ ਟੁਕੜੇ ਕਰ ਦਿੱਤੇ ਸਨ।
“ਮਹਾਨ ਪਰਮੇਸ਼ਵਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਸੁਪਨਾ ਸੱਚਾ ਹੈ ਅਤੇ ਇਸਦੀ ਵਿਆਖਿਆ ਭਰੋਸੇਯੋਗ ਹੈ।”
46ਤਦ ਰਾਜਾ ਨਬੂਕਦਨੱਸਰ ਨੇ ਦਾਨੀਏਲ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਆਦਰ ਕੀਤਾ ਅਤੇ ਹੁਕਮ ਦਿੱਤਾ ਕਿ ਉਸ ਨੂੰ ਭੇਟ ਅਤੇ ਧੂਪ ਭੇਟ ਕੀਤੀ ਜਾਵੇ। 47ਰਾਜੇ ਨੇ ਦਾਨੀਏਲ ਨੂੰ ਕਿਹਾ, “ਯਕੀਨਨ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਰਾਜਿਆਂ ਦਾ ਯਾਹਵੇਹ ਅਤੇ ਭੇਤਾਂ ਦਾ ਪਰਗਟ ਕਰਨ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਪਰਗਟ ਕਰਨ ਦੇ ਯੋਗ ਸੀ।”
48ਤਦ ਰਾਜੇ ਨੇ ਦਾਨੀਏਲ ਨੂੰ ਉੱਚੇ ਅਹੁਦੇ ਉੱਤੇ ਬਿਠਾਇਆ ਅਤੇ ਉਸ ਉੱਤੇ ਬਹੁਤ ਸਾਰੇ ਤੋਹਫ਼ੇ ਰੱਖੇ। ਉਸ ਨੇ ਉਸ ਨੂੰ ਬਾਬੇਲ ਦੇ ਸਾਰੇ ਸੂਬੇ ਦਾ ਹਾਕਮ ਬਣਾਇਆ ਅਤੇ ਉਸ ਨੂੰ ਇਸ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾਇਆ। 49ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬੇਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।