4
ਨਬੂਕਦਨੱਸਰ ਦਾ ਰੁੱਖ ਦਾ ਸੁਪਨਾ
1ਰਾਜਾ ਨਬੂਕਦਨੱਸਰ ਦੀ ਵੱਲੋਂ,
ਸਾਰੇ ਲੋਕਾਂ, ਕੌਮਾਂ ਤੇ ਭਾਖਿਆਂ ਨੂੰ ਜਿਹੜੀਆਂ ਕੁਲ ਧਰਤੀ ਵਿੱਚ ਵੱਸਦੀਆਂ ਹਨ:
ਤੁਹਾਨੂੰ ਸ਼ਾਂਤੀ ਅਤੇ ਬਹੁਤ ਤਰੱਕੀ ਮਿਲੇ!
2ਤੁਹਾਨੂੰ ਉਹਨਾਂ ਚਮਤਕਾਰਾ ਚਿੰਨ੍ਹਾਂ ਅਤੇ ਅਚੰਭਿਆਂ ਬਾਰੇ ਦੱਸਣਾ ਮੇਰੀ ਖੁਸ਼ੀ ਹੈ ਜੋ ਸਰਬਸ਼ਕਤੀਮਾਨ ਪਰਮੇਸ਼ਵਰ ਨੇ ਮੇਰੇ ਲਈ ਕੀਤੇ ਹਨ।
3ਉਸ ਦੀਆਂ ਨਿਸ਼ਾਨੀਆਂ ਕਿੰਨ੍ਹੀਆਂ ਮਹਾਨ ਹਨ,
ਉਸ ਦੇ ਅਚੰਭੇ ਕਿੰਨੇ ਸ਼ਕਤੀਸ਼ਾਲੀ ਹਨ!
ਉਸਦਾ ਰਾਜ ਇੱਕ ਸਦੀਵੀ ਰਾਜ ਹੈ;
ਉਸਦੀ ਪ੍ਰਭੂਤਾ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।
4ਮੈਂ, ਨਬੂਕਦਨੱਸਰ, ਆਪਣੇ ਘਰ ਮਹਿਲ ਵਿੱਚ, ਸੰਤੁਸ਼ਟ ਅਤੇ ਖੁਸ਼ਹਾਲ ਸੀ। 5ਮੈਨੂੰ ਇੱਕ ਸੁਪਨਾ ਆਇਆ ਜਿਸ ਨੇ ਮੈਨੂੰ ਡਰਾਇਆ। ਜਦੋਂ ਮੈਂ ਬਿਸਤਰੇ ਵਿੱਚ ਲੇਟਿਆ ਹੋਇਆ ਸੀ, ਮੇਰੇ ਦਿਮਾਗ ਵਿੱਚੋਂ ਲੰਘਣ ਵਾਲੀਆਂ ਤਸਵੀਰਾਂ ਅਤੇ ਦਰਸ਼ਨਾਂ ਨੇ ਮੈਨੂੰ ਡਰਾਇਆ। 6ਇਸ ਲਈ ਮੈਂ ਹੁਕਮ ਦਿੱਤਾ ਕਿ ਬਾਬੇਲ ਦੇ ਸਾਰੇ ਬੁੱਧਵਾਨਾਂ ਨੂੰ ਮੇਰੇ ਲਈ ਸੁਪਨੇ ਦਾ ਅਰਥ ਦੱਸਣ ਲਈ ਮੇਰੇ ਸਾਮ੍ਹਣੇ ਲਿਆਂਦਾ ਜਾਵੇ। 7ਜਦੋਂ ਜਾਦੂਗਰ, ਕਸਦੀ, ਜੋਤਸ਼ੀ ਅਤੇ ਚਮਤਕਾਰੀ ਆਏ, ਮੈਂ ਉਹਨਾਂ ਨੂੰ ਸੁਪਨਾ ਦੱਸਿਆ, ਪਰ ਉਹ ਮੇਰੇ ਲਈ ਇਸਦਾ ਅਰਥ ਨਾ ਦੱਸ ਸਕੇ। 8ਅੰਤ ਵਿੱਚ, ਦਾਨੀਏਲ ਮੇਰੇ ਸਾਹਮਣੇ ਆਇਆ ਅਤੇ ਮੈਂ ਉਸਨੂੰ ਆਪਣਾ ਸੁਪਨਾ ਦੱਸਿਆ। (ਉਸਦਾ ਨਾਮ ਬੇਲ-ਸ਼ਤਸਰ ਹੈ, ਮੇਰੇ ਦੇਵਤੇ ਦੇ ਨਾਮ ਤੇ, ਅਤੇ ਪਵਿੱਤਰ ਦੇਵਤਿਆਂ ਦੀ ਆਤਮਾ ਉਸ ਵਿੱਚ ਹੈ।)
9ਮੈਂ ਕਿਹਾ, “ਬੇਲਟਸ਼ੱਸਰ, ਜਾਦੂਗਰਾਂ ਦੇ ਮੁਖੀਏ, ਮੈਂ ਜਾਣਦਾ ਹਾਂ ਕਿ ਤੇਰੇ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ, ਅਤੇ ਕੋਈ ਵੀ ਭੇਤ ਤੇਰੇ ਲਈ ਔਖਾ ਨਹੀਂ ਹੈ। ਇੱਥੇ ਮੇਰਾ ਸੁਪਨਾ ਹੈ; ਮੇਰੇ ਲਈ ਇਸ ਦੀ ਵਿਆਖਿਆ ਕਰ। 10ਇਹ ਉਹ ਦਰਸ਼ਣ ਹਨ ਜੋ ਮੈਂ ਬਿਸਤਰੇ ਉੱਤੇ ਪਏ ਹੋਏ ਦੇਖਿਆ: ਇਸ ਤਰ੍ਹਾਂ ਹੈ, ਜਦ ਮੈਂ ਨਜ਼ਰ ਕੀਤੀ ਤਾਂ ਕੀ ਵੇਖਦਾ ਹਾਂ ਕਿ ਮੇਰੇ ਸਾਹਮਣੇ ਜ਼ਮੀਨ ਦੇ ਵਿਚਕਾਰ ਇੱਕ ਰੁੱਖ ਖੜ੍ਹਾ ਸੀ। ਇਸ ਦੀ ਉਚਾਈ ਬਹੁਤ ਜ਼ਿਆਦਾ ਸੀ। 11ਰੁੱਖ ਵੱਡਾ ਅਤੇ ਮਜ਼ਬੂਤ ਹੋਇਆ ਅਤੇ ਇਸ ਦੀ ਸਿਖਰ ਅਸਮਾਨ ਨੂੰ ਛੂਹ ਗਈ; ਇਹ ਧਰਤੀ ਦੇ ਸਿਰੇ ਤੱਕ ਦਿਖਾਈ ਦੇ ਰਿਹਾ ਸੀ। 12ਉਹ ਦੇ ਪੱਤੇ ਸੋਹਣੇ ਸਨ, ਉਹ ਦੇ ਫਲ ਬਹੁਤ ਸਨ, ਅਤੇ ਉਹ ਸਭਨਾਂ ਲਈ ਭੋਜਨ ਸੀ। ਇਸ ਦੇ ਹੇਠਾਂ ਜੰਗਲੀ ਜਾਨਵਰਾਂ ਨੂੰ ਪਨਾਹ ਮਿਲਦੀ ਸੀ ਅਤੇ ਪੰਛੀ ਇਸ ਦੀਆਂ ਟਾਹਣੀਆਂ ਵਿੱਚ ਰਹਿੰਦੇ ਸਨ; ਇਸ ਤੋਂ ਹਰ ਜੀਵ ਨੂੰ ਭੋਜਨ ਮਿਲਦਾ ਸੀ।
13“ਮੈਂ ਬਿਸਤਰੇ ਵਿੱਚ ਪਏ ਹੋਏ ਦਰਸ਼ਣਾਂ ਵਿੱਚ ਵੇਖਿਆ, ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਪਵਿੱਤਰ, ਦੂਤ, ਸਵਰਗ ਤੋਂ ਹੇਠਾਂ ਆ ਰਿਹਾ ਸੀ। 14ਉਸਨੇ ਉੱਚੀ ਆਵਾਜ਼ ਵਿੱਚ ਪੁਕਾਰਿਆ: ‘ਰੁੱਖ ਨੂੰ ਵੱਢੋ ਅਤੇ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ। ਇਸ ਦੇ ਪੱਤੇ ਲਾਹ ਦਿਓ ਅਤੇ ਇਸ ਦੇ ਫਲ ਖਿਲਾਰ ਦੋ। ਜਾਨਵਰ ਉਸ ਦੇ ਹੇਠੋਂ ਭੱਜ ਜਾਣ ਅਤੇ ਪੰਛੀ ਉਹ ਦੀਆਂ ਟਹਿਣੀਆਂ ਤੋਂ। 15ਪਰ ਉਹ ਦੀਆਂ ਜੜ੍ਹਾਂ ਦਾ ਮੁੱਢ ਜ਼ਮੀਨ ਵਿੱਚ ਛੱਡ ਦਿਓ ਸਗੋਂ ਲੋਹੇ ਤੇ ਪਿੱਤਲ ਦੇ ਸੰਮਾਂ ਨਾਲ ਬੰਨਿਆ ਹੋਇਆ ਜੰਗਲ ਦੇ ਹਰੇ ਘਾਹ ਵਿੱਚ ਰਹਿਣ ਦਿਓ
“ ‘ਅਤੇ ਉਹ ਅਕਾਸ਼ ਦੀ ਤ੍ਰੇਲ ਨਾਲ ਤਰ ਹੋਵੇ ਅਤੇ ਉਹ ਦਾ ਹਿੱਸਾ ਜ਼ਮੀਨ ਦੇ ਘਾਹ ਵਿੱਚ ਪਸ਼ੂਆਂ ਦੇ ਨਾਲ ਹੋਵੇ। 16ਉਹ ਦਾ ਮਨ ਬਦਲੇ ਅਤੇ ਮਨੁੱਖ ਜਿਹਾ ਨਾ ਰਹੇ ਸਗੋਂ ਉਹ ਪਸ਼ੂ ਜਿਹਾ ਹੋ ਜਾਵੇ ਅਤੇ ਉਸ ਉੱਤੇ ਸੱਤ ਸਾਲ ਬੀਤ ਜਾਣ।
17“ ‘ਇਹ ਹੁਕਮ ਰਾਖਿਆਂ ਦੇ ਫ਼ੈਸਲੇ ਤੋਂ ਹੈ ਅਤੇ ਪਵਿੱਤਰ ਜਨਾਂ ਦੇ ਬਚਨ ਤੋਂ ਹੈ ਤਾਂ ਜੋ ਸਾਰੇ ਜੀਵ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ ਅਤੇ ਜਿਸ ਕਿਸੇ ਨੂੰ ਚਾਹੁੰਦਾ, ਉਸ ਨੂੰ ਦਿੰਦਾ ਹੈ ਸਗੋਂ ਸਭਨਾਂ ਤੋਂ ਨੀਵੇਂ ਆਦਮੀ ਨੂੰ ਉਸ ਉੱਤੇ ਖੜਾ ਕਰਦਾ ਹੈ।’
18“ਇਹ ਉਹ ਸੁਪਨਾ ਹੈ ਜੋ ਮੈਂ, ਰਾਜਾ ਨਬੂਕਦਨੱਸਰ ਨੇ ਦੇਖਿਆ ਸੀ। ਹੁਣ, ਬੇਲਟਸ਼ੱਸਰ, ਮੈਨੂੰ ਦੱਸ ਇਸਦਾ ਕੀ ਅਰਥ ਹੈ, ਕਿਉਂਕਿ ਮੇਰੇ ਰਾਜ ਵਿੱਚ ਕੋਈ ਵੀ ਬੁੱਧੀਮਾਨ ਮੇਰੇ ਲਈ ਇਸਦਾ ਅਰਥ ਨਹੀਂ ਦਸ ਸਕਦਾ। ਪਰ ਤੂੰ ਦਸ ਸਕਦਾ ਹੈ, ਕਿਉਂਕਿ ਪਵਿੱਤਰ ਦੇਵਤਿਆਂ ਦੀ ਆਤਮਾ ਤੇਰੇ ਵਿੱਚ ਹੈ।”
ਦਾਨੀਏਲ ਸੁਪਨੇ ਦੀ ਵਿਆਖਿਆ ਕਰਦਾ ਹੈ
19ਤਦ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਕੁਝ ਸਮੇਂ ਲਈ ਬਹੁਤ ਉਲਝਣ ਵਿੱਚ ਸੀ ਅਤੇ ਉਸਦੇ ਵਿਚਾਰਾਂ ਨੇ ਉਸਨੂੰ ਡਰਾਇਆ। ਇਸ ਲਈ ਰਾਜੇ ਨੇ ਕਿਹਾ, “ਬੇਲਟਸ਼ੱਸਰ, ਸੁਪਨੇ ਜਾਂ ਇਸਦੇ ਅਰਥਾਂ ਤੋਂ ਤੂੰ ਨਾ ਘਬਰਾਨਾ।”
ਬੇਲਟਸ਼ੱਸਰ ਨੇ ਉੱਤਰ ਦਿੱਤਾ, “ਹੇ ਮੇਰੇ ਮਹਾਰਾਜ, ਜੇਕਰ ਇਹ ਸੁਫ਼ਨਾ ਤੇਰੇ ਨਾਲ ਵੈਰ ਰੱਖਣ ਵਾਲਿਆਂ ਦੇ ਲਈ ਤੇ ਉਹ ਦਾ ਅਰਥ ਤੇਰੇ ਵਿਰੋਧੀਆਂ ਲਈ ਹੋਵੇ! 20ਉਹ ਰੁੱਖ ਜੋ ਤੁਸੀਂ ਦੇਖਿਆ, ਉਹ ਵੱਡਾ ਅਤੇ ਮਜ਼ਬੂਤ ਸੀ, ਜਿਸ ਦੀ ਸਿਖਰ ਅਕਾਸ਼ ਨੂੰ ਛੂਹੰਦੀ ਸੀ, ਸਾਰੀ ਧਰਤੀ ਨੂੰ ਦਿਖਾਈ ਦਿੰਦੀ ਸੀ, 21ਸੁੰਦਰ ਪੱਤਿਆਂ ਅਤੇ ਭਰਪੂਰ ਫਲਾਂ ਨਾਲ, ਸਭਨਾਂ ਨੂੰ ਭੋਜਨ ਦਿੰਦਾ ਸੀ, ਜੰਗਲੀ ਜਾਨਵਰਾਂ ਨੂੰ ਪਨਾਹ ਦਿੰਦਾ ਸੀ ਅਤੇ ਜਿਹ ਦੀਆਂ ਟਹਿਣੀਆਂ ਵਿੱਚ ਅਕਾਸ਼ ਦੇ ਪੰਛੀ ਆਲ੍ਹਣੇ ਬਣਾਉਂਦੇ ਸਨ। 22ਹੇ ਮਹਾਰਾਜ, ਤੁਸੀਂ ਉਹ ਰੁੱਖ ਹੋ! ਤੁਸੀਂ ਮਹਾਨ ਅਤੇ ਤਕੜੇ ਹੋ ਗਏ ਹੋ; ਤੁਹਾਡੀ ਮਹਾਨਤਾ ਅਕਾਸ਼ ਤੱਕ ਵਧ ਗਈ ਹੈ ਅਤੇ ਤੁਹਾਡੀ ਹਕੂਮਤ ਧਰਤੀ ਦੇ ਦੂਰ-ਦੁਰਾਡੇ ਹਿੱਸਿਆਂ ਤੱਕ ਫੈਲ ਗਈ ਹੈ।
23“ਹੇ ਮਹਾਰਾਜ, ਤੁਸੀਂ ਜੋ ਇੱਕ ਪਵਿੱਤਰ ਪੁਰਖ, ਇੱਕ ਦੂਤ ਨੂੰ ਸਵਰਗ ਤੋਂ ਹੇਠਾਂ ਆਉਂਦਿਆਂ ਵੇਖਿਆ ਅਤੇ ਕਿਹਾ, ‘ਰੁੱਖ ਨੂੰ ਵੱਢੋ ਅਤੇ ਇਸ ਨੂੰ ਤਬਾਹ ਕਰ ਦਿਓ, ਪਰ ਟੁੰਡ ਨੂੰ ਲੋਹੇ ਅਤੇ ਪਿੱਤਲ ਨਾਲ ਬੰਨ੍ਹਿਆ ਹੋਇਆ, ਖੇਤ ਦੇ ਘਾਹ ਵਿੱਚ ਛੱਡ ਦਿਓ, ਜਦੋਂ ਤੱਕ ਕਿ ਇਸ ਦੀਆਂ ਜੜ੍ਹਾਂ ਜ਼ਮੀਨ ਅੰਦਰ ਰਹਿੰਦੀਆਂ ਹਨ। ਉਸਨੂੰ ਸਵਰਗ ਦੀ ਤ੍ਰੇਲ ਨਾਲ ਭਿੱਜ ਜਾਣ ਦਿਓ; ਉਸ ਨੂੰ ਜੰਗਲੀ ਜਾਨਵਰਾਂ ਦੇ ਨਾਲ ਰਹਿਣ ਦਿਓ, ਜਦੋਂ ਤੱਕ ਸੱਤ ਸਮੇਂ ਉਸ ਲਈ ਲੰਘ ਨਾ ਜਾਣ।’
24“ਹੇ ਮਹਾਰਾਜ, ਇਹ ਦਾ ਅਰਥ ਇਹ ਹੈ ਕਿ ਇੱਕ ਫ਼ਰਮਾਨ ਹੈ ਜੋ ਅੱਤ ਮਹਾਨ ਨੇ ਮੇਰੇ ਸੁਆਮੀ ਪਾਤਸ਼ਾਹ ਦੇ ਵਿਰੁੱਧ ਜਾਰੀ ਕੀਤਾ ਹੈ: 25ਤੁਸੀਂ ਲੋਕਾਂ ਤੋਂ ਦੂਰ ਚਲੇ ਜਾਵੋਂਗੇ ਅਤੇ ਜੰਗਲੀ ਜਾਨਵਰਾਂ ਨਾਲ ਰਹੋਗੇ; ਤੁਸੀਂ ਬਲਦ ਵਾਂਗ ਘਾਹ ਖਾਓਗੇ ਅਤੇ ਅਕਾਸ਼ ਦੀ ਤ੍ਰੇਲ ਨਾਲ ਭਿੱਜ ਜਾਵੋਂਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ। 26ਰੁੱਖ ਦੇ ਟੁੰਡ ਨੂੰ ਇਸ ਦੀਆਂ ਜੜ੍ਹਾਂ ਸਮੇਤ ਛੱਡਣ ਦੇ ਹੁਕਮ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਸਵਰਗ ਰਾਜ ਕਰਦਾ ਹੈ ਤਾਂ ਤੁਹਾਡਾ ਰਾਜ ਤੁਹਾਨੂੰ ਬਹਾਲ ਕੀਤਾ ਜਾਵੇਗਾ। 27ਇਸ ਲਈ, ਹੇ ਮਹਾਰਾਜ, ਮੇਰੀ ਸਲਾਹ ਨੂੰ ਪ੍ਰਸੰਨਤਾ ਨਾਲ ਸਵੀਕਾਰ ਕਰਨ ਕਰੋ: ਸਹੀ ਕੰਮ ਕਰਕੇ ਆਪਣੇ ਪਾਪਾਂ ਨੂੰ ਤਿਆਗ ਦਿਓ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣੀ ਦੁਸ਼ਟਤਾ ਨੂੰ ਤਿਆਗ ਦਿਓ। ਹੋ ਸਕਦਾ ਹੈ ਕਿ ਫਿਰ ਤੁਹਾਡੀ ਖੁਸ਼ਹਾਲੀ ਬਣੀ ਰਹੇ।”
ਇਹ ਸੁਪਨਾ ਸੱਚ ਹੋਇਆ
28ਇਹ ਸਾਰੀਆਂ ਗੱਲਾਂ ਰਾਜਾ ਨਬੂਕਦਨੱਸਰ ਨਾਲ ਵਾਪਰੀਆਂ। 29ਬਾਰਾਂ ਮਹੀਨਿਆਂ ਬਾਅਦ ਜਦੋਂ ਰਾਜਾ ਬਾਬੇਲ ਵਿੱਚ ਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ। 30ਤਦ ਉਸ ਨੇ ਆਖਿਆ, ਕੀ ਇਹ ਉਹ ਵੱਡਾ ਬਾਬੇਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ?
31ਇਸ ਤੋਂ ਪਹਿਲਾਂ ਕਿ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਦੇ, ਸਵਰਗ ਵਿੱਚੋਂ ਇੱਕ ਆਵਾਜ਼ ਆਈ, “ਹੇ ਰਾਜਾ ਨਬੂਕਦਨੱਸਰ, ਤੇਰੇ ਲਈ ਇਹ ਹੁਕਮ ਹੋਇਆ ਹੈ: ਤੇਰਾ ਸ਼ਾਹੀ ਅਧਿਕਾਰ ਤੇਰੇ ਕੋਲੋਂ ਖੋਹ ਲਿਆ ਗਿਆ ਹੈ। 32ਤੈਨੂੰ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਗਾ; ਤੂੰ ਬਲਦ ਵਾਂਗ ਘਾਹ ਖਾਏਗਾ। ਇਸ ਸਥਿਤੀ ਵਿੱਚ, ਤੇਰੇ ਲਈ ਸੱਤ ਸਮੇਂ ਬੀਤਣਗੇ ਅਤੇ ਫਿਰ ਤੂੰ ਸਵੀਕਾਰ ਕਰੇਗਾ ਕਿ ਪਰਮੇਸ਼ਵਰ ਧਰਤੀ ਦੀਆਂ ਸਾਰਿਆਂ ਰਾਜਿਆਂ ਦਾ ਪਰਮ ਪ੍ਰਭੂ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਉਸਨੂੰ ਰਾਜ ਪ੍ਰਦਾਨ ਕਰਦਾ ਹੈ।”
33ਜੋ ਕੁਝ ਨਬੂਕਦਨੱਸਰ ਬਾਰੇ ਕਿਹਾ ਗਿਆ ਸੀ ਉਹ ਉਸੇ ਵੇਲੇ ਪੂਰਾ ਹੋਇਆ। ਉਸ ਨੂੰ ਲੋਕਾਂ ਤੋਂ ਭਜਾ ਦਿੱਤਾ ਗਿਆ ਅਤੇ ਬਲਦ ਵਾਂਗ ਘਾਹ ਖਾਣ ਲੱਗ ਪਿਆ। ਉਸ ਦਾ ਸਰੀਰ ਅਸਮਾਨ ਦੀ ਤ੍ਰੇਲ ਨਾਲ ਇੰਨਾ ਭਿੱਜ ਗਿਆ ਕਿ ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਉੱਗ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੇ ਨੌਹਾਂ ਵਰਗੇ ਹੋ ਗਏ।
34ਨਿਸ਼ਚਿਤ ਸਮੇਂ ਦੇ ਅੰਤ ਵਿੱਚ, ਮੈਂ, ਨਬੂਕਦਨੱਸਰ, ਨੇ ਆਪਣੀ ਨਿਗਾਹ ਸਵਰਗ ਵੱਲ ਕੀਤੀ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ। ਤਦ ਮੈਂ ਅੱਤ ਮਹਾਨ ਪਰਮੇਸ਼ਵਰ ਦੀ ਵਡਿਆਈ ਕੀਤੀ; ਮੈਂ ਉਸ ਦਾ ਆਦਰ ਅਤੇ ਉਸਤਤ ਕੀਤੀ ਜੋ ਸਦਾ ਲਈ ਰਹਿੰਦਾ ਹੈ।
ਉਸਦਾ ਰਾਜ ਸਦੀਵੀ ਹੈ;
ਉਸਦਾ ਰਾਜ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।
35ਧਰਤੀ ਦੇ ਸਾਰੇ ਲੋਕਾਂ ਦੀ ਕੋਈ ਮਹੱਤਤਾ ਨਹੀਂ ਹੈ।
ਉਹ ਸਵਰਗ ਦੀਆਂ ਸ਼ਕਤੀਆਂ ਅਤੇ ਧਰਤੀ ਦੇ ਲੋਕਾਂ ਨਾਲ ਜਿਵੇਂ ਉਹ ਚਾਹੁੰਦਾ ਹੈ ਕਰਦਾ ਹੈ।
ਕੋਈ ਵੀ ਉਸਨੂੰ ਰੋਕ ਨਹੀਂ ਸਕਦਾ
ਜਾਂ ਕਹਿ ਸਕਦਾ ਹੈ: “ਤੂੰ ਕੀ ਕੀਤਾ ਹੈ?”
36ਜਿਸ ਪਲ ਮੇਰੀ ਮਾਨਸਿਕ ਸਥਿਤੀ ਪਹਿਲਾਂ ਵਰਗੀ ਹੋ ਗਈ, ਉਸੇ ਸਮੇਂ ਮੇਰੇ ਰਾਜ ਦੀ ਮਹਿਮਾ ਲਈ ਮੇਰੀ ਇੱਜ਼ਤ ਅਤੇ ਮਹਿਮਾ ਵੀ ਮੇਰੇ ਕੋਲ ਵਾਪਸ ਆ ਗਈ। ਮੇਰੇ ਸਲਾਹਕਾਰਾਂ ਅਤੇ ਅਹਿਲਕਾਰਾਂ ਨੇ ਮੈਨੂੰ ਲੱਭ ਲਿਆ ਅਤੇ ਮੈਂ ਆਪਣੀ ਗੱਦੀ ਉੱਤੇ ਦੁਬਾਰਾ ਕਾਇਮ ਹੋ ਗਿਆ ਅਤੇ ਪਹਿਲਾਂ ਨਾਲੋਂ ਵੀ ਵੱਡਾ ਹੋ ਗਿਆ। 37ਹੁਣ ਮੈਂ, ਨਬੂਕਦਨੱਸਰ, ਸਵਰਗ ਦੇ ਰਾਜੇ ਦੀ ਉਸਤਤ, ਵਡਿਆਈ ਅਤੇ ਪ੍ਰਸ਼ੰਸਾ ਕਰਦਾ ਹਾਂ, ਕਿਉਂਕਿ ਜੋ ਕੁਝ ਉਹ ਕਰਦਾ ਹੈ ਉਹ ਸਹੀ ਹੈ ਅਤੇ ਉਸ ਦੀਆਂ ਸਾਰੀਆਂ ਸਲਾਹਾਂ ਸਹੀ ਹਨ। ਅਤੇ ਉਹ ਹੰਕਾਰ ਨਾਲ ਚੱਲਣ ਵਾਲਿਆਂ ਨੂੰ ਨਿਮਰ ਬਣਾਉਣ ਦੀ ਸਮਰੱਥ ਰੱਖਦਾ ਹੈ।