ਪ੍ਰਕਾਸ਼ ਪੱਤਰ 5
5
ਪੋਥੀ ਅਤੇ ਲੇਲਾ
1ਤਦ ਮੈਂ ਸਿੰਘਾਸਣ ਉੱਤੇ ਬੈਠਣ ਵਾਲੇ ਦੇ ਸੱਜੇ ਹੱਥ ਵਿੱਚ ਇੱਕ ਪੋਥੀ ਦੇਖੀ ਜਿਸ ਦੇ ਦੋਵੇਂ ਪਾਸੇ ਲਿਖਿਆ ਹੋਇਆ ਸੀ ਅਤੇ ਉਹ ਸੱਤ ਮੋਹਰਾਂ ਨਾਲ ਬੰਦ ਕੀਤੀ ਹੋਈ ਸੀ।#5:1 ਹਿਜ਼ 2:9-10 2ਅਤੇ ਮੈਂ ਇੱਕ ਸ਼ਕਤੀਸ਼ਾਲੀ ਦੂਤ ਨੂੰ ਉੱਚੀ ਆਵਾਜ਼ ਵਿੱਚ ਇਹ ਐਲਾਨ ਕਰਦਿਆਂ ਵੇਖਿਆ, “ਮੋਹਰਾਂ ਤੋੜਨ ਅਤੇ ਪੋਥੀ ਖੋਲ੍ਹਣ ਦੇ ਯੋਗ ਕੌਣ ਹੈ?” 3ਪਰ ਸਵਰਗ ਵਿੱਚ ਜਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਕੋਈ ਵੀ ਇਸ ਕਿਤਾਬ ਨੂੰ ਖੋਲ੍ਹਣ ਜਾਂ ਉਸ ਨੂੰ ਵੇਖਣ ਦੇ ਯੋਗ ਕੋਈ ਨਹੀਂ ਸੀ। 4ਮੈਂ ਬਹੁਤ ਰੋਇਆ ਕਿਉਂਕਿ ਕੋਈ ਵੀ ਅਜਿਹਾ ਨਹੀਂ ਮਿਲਿਆ ਜੋ ਪੋਥੀ ਖੋਲ੍ਹਣ ਜਾਂ ਅੰਦਰ ਵੇਖਣ ਦੇ ਯੋਗ ਹੋਵੇ। 5ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਆਖਿਆ, “ਨਾ ਰੋ! ਦੇਖੋ, ਉਹ ਬੱਬਰ ਸ਼ੇਰ ਜਿਹੜਾ ਯਹੂਦਾਹ ਦੇ ਗੋਤ ਵਿੱਚੋਂ ਹੈ, ਦਾਵੀਦ ਦੀ ਅੰਸ ਵਿਚੋਂ ਹੈ ਅਤੇ ਜਿਸ ਨੇ ਜਿੱਤ ਪ੍ਰਾਪਤ ਕੀਤੀ ਹੈ। ਉਹ ਪੋਥੀ ਅਤੇ ਇਸ ਦੀਆਂ ਸੱਤ ਮੋਹਰਾਂ ਖੋਲ੍ਹਣ ਦੇ ਯੋਗ ਹੈ।”#5:5 ਉਤ 49:9; ਯਸ਼ਾ 11:1; 10
6ਤਦ ਮੈਂ ਇੱਕ ਲੇਲੇ ਨੂੰ ਵੇਖਿਆ, ਜਿਵੇਂ ਕਿ ਇਹ ਮਾਰਿਆ ਗਿਆ ਹੋਵੇ, ਉਹ ਸਿੰਘਾਸਣ ਦੇ ਵਿਚਕਾਰ ਖੜ੍ਹਾ, ਚਾਰ ਜੀਵਾਂ ਅਤੇ ਬਜ਼ੁਰਗਾਂ ਦੁਆਰਾ ਘਿਰਿਆ ਹੋਇਆ ਹੈ। ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ, ਜੋ ਕਿ ਪਰਮੇਸ਼ਵਰ ਦੀਆਂ ਸੱਤ ਆਤਮਾ ਹਨ ਜੋ ਸਾਰੀ ਧਰਤੀ ਵਿੱਚ ਭੇਜੀਆਂ ਗਈਆਂ ਹਨ।#5:6 ਜ਼ਕ 4:10 7ਉਹ ਗਿਆ ਅਤੇ ਜੋ ਸਿੰਘਾਸਣ ਉੱਤੇ ਬੈਠੇ ਸੀ ਉਹਨਾਂ ਦੇ ਸੱਜੇ ਹੱਥ ਤੋਂ ਪੋਥੀ ਲੈ ਲਈ। 8ਅਤੇ ਜਦੋਂ ਉਸ ਨੇ ਪੋਥੀ ਨੂੰ ਲੈ ਲਿਆ, ਤਾਂ ਚਾਰੇ ਜੀਵ ਅਤੇ ਚੌਵੀਂ ਬਜ਼ੁਰਗ ਲੇਲੇ ਦੇ ਸਾਹਮਣੇ ਡਿੱਗ ਕੇ ਅਰਾਧਨਾ ਕਰਨ ਲੱਗੇ। ਹਰ ਇੱਕ ਕੋਲ ਇੱਕ ਸਿਤਾਰ ਵਰਗਾ ਸਾਜ਼ ਅਤੇ ਉਹਨਾਂ ਕੋਲ ਧੂਪ ਨਾਲ ਭਰੇ ਸੋਨੇ ਦੇ ਕਟੋਰੇ ਸਨ, ਜੋ ਕਿ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ। 9ਅਤੇ ਉਹਨਾਂ ਨੇ ਇਹ ਕਹਿੰਦੇ ਹੋਏ ਇੱਕ ਨਵਾਂ ਗੀਤ ਗਾਇਆ:
“ਤੁਸੀਂ ਪੋਥੀ ਲੈਣ
ਅਤੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੋ,
ਕਿਉਂਕਿ ਤੁਸੀਂ ਬਲੀਦਾਨ ਕੀਤੇ ਗਏ ਸੀ,
ਅਤੇ ਆਪਣੇ ਖੂਨ ਨਾਲ ਪਰਮੇਸ਼ਵਰ ਲਈ
ਹਰ ਕਬੀਲੇ ਅਤੇ ਭਾਸ਼ਾ ਅਤੇ ਲੋਕਾਂ ਅਤੇ ਕੌਮ ਨੂੰ ਖਰੀਦਿਆ ਹੈ।
10ਤੁਸੀਂ ਉਹਨਾਂ ਨੂੰ ਸਾਡੇ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਰਾਜ ਅਤੇ ਜਾਜਕ ਬਣਾਇਆ ਹੈ,
ਅਤੇ ਉਹ ਧਰਤੀ ਉੱਤੇ ਰਾਜ ਕਰਨਗੇ।”
11ਫਿਰ ਮੈਂ ਵੇਖਿਆ ਅਤੇ ਬਹੁਤ ਸਾਰੇ ਦੂਤਾਂ ਦੀ ਆਵਾਜ਼ ਸੁਣੀ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਤੇ ਹਜ਼ਾਰਾਂ ਅਤੇ ਦਸ ਹਜ਼ਾਰ ਦੇ ਦਸ ਹਜ਼ਾਰ ਗੁਣਾ ਸੀ। ਉਹਨਾਂ ਨੇ ਸਿੰਘਾਸਣ ਅਤੇ ਜੀਵਤ ਪ੍ਰਾਣੀਆਂ ਅਤੇ ਬਜ਼ੁਰਗਾਂ ਨੂੰ ਘੇਰ ਲਿਆ।#5:11 ਦਾਨੀ 7:10 12ਇੱਕ ਉੱਚੀ ਆਵਾਜ਼ ਵਿੱਚ ਉਹ ਇਹ ਗੀਤ ਗਾ ਰਹੇ ਸਨ:
“ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ,
ਸਮਰੱਥ ਅਤੇ ਦੌਲਤ, ਬੁੱਧੀ ਅਤੇ ਤਾਕਤ
ਅਤੇ ਸਨਮਾਨ ਅਤੇ ਮਹਿਮਾ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਯੋਗ ਹੈ।”
13ਫਿਰ ਮੈਂ ਸਵਰਗ, ਧਰਤੀ ਅਤੇ ਧਰਤੀ ਦੇ ਹੇਠਾਂ ਅਤੇ ਸਮੁੰਦਰ ਦੇ ਵਿੱਚ ਅਤੇ ਉਹਨਾਂ ਵਿੱਚ ਜੋ ਕੁਝ ਵੀ ਹੈ, ਹਰ ਪ੍ਰਾਣੀ ਨੂੰ ਇਹ ਕਹਿੰਦੇ ਹੋਏ ਸੁਣਿਆ:
“ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੀ
ਉਸਤਤ ਅਤੇ ਸਨਮਾਨ ਅਤੇ ਮਹਿਮਾ ਅਤੇ ਸ਼ਕਤੀ,
ਸਦਾ ਅਤੇ ਸਦਾ ਲਈ ਹੋਵੇ।”
14ਚਾਰਾਂ ਜੀਵਾਂ ਨੇ, “ਆਮੀਨ,” ਕਿਹਾ, ਅਤੇ ਬਜ਼ੁਰਗਾਂ ਨੇ ਹੇਠਾਂ ਡਿੱਗ ਕੇ ਅਰਾਧਨਾ ਕੀਤੀ।
S'ha seleccionat:
ਪ੍ਰਕਾਸ਼ ਪੱਤਰ 5: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.