ਮੱਤੀਯਾਹ 28

28
ਮਸੀਹ ਯਿਸ਼ੂ ਦਾ ਜੀ ਉੱਠਣਾ
1ਸਬਤ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ,#28:1 ਹਫ਼ਤੇ ਦੇ ਪਹਿਲੇ ਦਿਨ ਅਰਥਾਤ ਐਤਵਾਰ ਦਾ ਦਿਨ ਸਵੇਰ ਵੇਲੇ ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਨੂੰ ਵੇਖਣ ਲਈ ਗਈਆ।
2ਉਸੇ ਸਮੇਂ ਇੱਕ ਬਹੁਤ ਵੱਡਾ ਭੂਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ ਅਤੇ ਕਬਰ ਦੇ ਕੋਲ ਆ ਕੇ, ਉਸ ਪੱਥਰ ਨੂੰ ਰੇੜ੍ਹ ਕੇ ਇੱਕ ਪਾਸੇ ਕਰ ਦਿੱਤਾ ਅਤੇ ਉਸ ਉੱਤੇ ਬੈਠ ਗਿਆ। 3ਉਸਦਾ ਰੂਪ ਰੋਸ਼ਨੀ ਵਰਗਾ ਅਤੇ ਉਸਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ। 4ਰਖਵਾਲੇ ਡਰ ਦੇ ਕਾਰਨ ਕੰਬ ਉੱਠੇ ਅਤੇ ਮੁਰਦਿਆਂ ਦੇ ਵਾਂਗ ਹੋ ਗਏ।
5ਸਵਰਗਦੂਤ ਨੇ ਔਰਤਾਂ ਨੂੰ ਆਖਿਆ, “ਡਰੋ ਨਾ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਯਿਸ਼ੂ ਨੂੰ ਲੱਭ ਰਹੀਆਂ ਹੋ, ਜਿਸਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। 6ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਜਿਵੇਂ ਉਸਨੇ ਕਿਹਾ ਸੀ, ਆਓ ਇਸ ਜਗ੍ਹਾ ਨੂੰ ਵੇਖੋ ਜਿੱਥੇ ਯਿਸ਼ੂ ਨੂੰ ਰੱਖਿਆ ਹੋਇਆ ਸੀ। 7ਹੁਣ ਜਲਦੀ ਜਾਓ ਅਤੇ ਉਸਦੇ ਚੇਲਿਆਂ ਨੂੰ ਦੱਸੋ ਕਿ ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈ। ਤੁਸੀਂ ਉਸ ਨੂੰ ਉੱਥੇ ਵੇਖੋਗੇ’ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਹੈ।”
8ਤਾਂ ਉਹ ਔਰਤਾਂ ਡਰ ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਜਲਦੀ ਚੱਲ ਕੇ ਉਸਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜ ਗਈਆਂ। 9ਅਚਾਨਕ ਯਿਸ਼ੂ ਉਹਨਾਂ ਨੂੰ ਮਿਲੇ ਅਤੇ ਬੋਲੇ, “ਸੁਖੀ ਰਹੋ,” ਉਹਨਾਂ ਨੇ ਕੋਲ ਆ ਕੇ ਯਿਸ਼ੂ ਦੇ ਚਰਨ ਫੜੇ ਅਤੇ ਉਸਦੀ ਮਹਿਮਾ ਕੀਤੀ। 10ਯਿਸ਼ੂ ਨੇ ਉਹਨਾਂ ਨੂੰ ਕਿਹਾ, “ਨਾ ਡਰੋ ਅਤੇ ਜਾ ਕੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲ ਪ੍ਰਦੇਸ਼ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।”
ਪਹਿਰੇਦਾਰਾਂ ਦੀ ਸੂਚਨਾ
11ਜਿਸ ਵਕਤ ਔਰਤਾਂ ਰਸਤੇ ਵਿੱਚ ਹੀ ਸਨ ਤਾਂ ਕੁਝ ਪਹਿਰੇਦਾਰਾਂ ਨੇ ਸ਼ਹਿਰ ਵਿੱਚ ਜਾ ਕੇ ਸਾਰੀ ਘਟਨਾ ਮੁੱਖ ਜਾਜਕਾਂ ਨੂੰ ਦੱਸ ਦਿੱਤੀ। 12ਜਦੋਂ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਇਕੱਠੇ ਹੋ ਕੇ ਅਤੇ ਉਹਨਾਂ ਗੱਲਬਾਤ ਕਰਕੇ ਯੋਜਨਾ ਬਣਾਈ ਅਤੇ ਸਿਪਾਹੀਆਂ ਨੂੰ ਵੱਡੀ ਰਕਮ ਦਿੱਤੀ। 13ਉਹਨਾਂ ਕਿਹਾ, “ਤੁਸੀਂ ਇਹ ਕਹਿਣਾ, ‘ਜਦ ਅਸੀਂ ਸੁੱਤੇ ਹੋਏ ਸੀ, ਉਸਦੇ ਚੇਲੇ ਰਾਤ ਨੂੰ ਆ ਕੇ ਉਸਨੂੰ ਚੁਰਾ ਕੇ ਲੈ ਗਏ।’ 14ਅਗਰ ਇਹ ਗੱਲ ਰਾਜਪਾਲ ਦੇ ਕੋਲ ਪਹੁੰਚੇ, ਤਾਂ ਅਸੀਂ ਉਸਨੂੰ ਸਮਝਾ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਬਚਾ ਲਵਾਂਗੇ।” 15ਸੋ ਸਿਪਾਹੀਆਂ ਨੇ ਪੈਸੇ ਲੈ ਲਏ ਉਸੇ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਆਖਿਆ ਸੀ ਅਤੇ ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਫੈਲੀ ਹੋਈ ਹੈ।
ਮਹਾਨ ਆਗਿਆ
16ਫਿਰ ਉਹ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸ਼ੂ ਨੇ ਉਹਨਾਂ ਨੂੰ ਜਾਣ ਲਈ ਕਿਹਾ ਸੀ। 17ਜਦੋਂ ਉਹਨਾਂ ਨੇ ਯਿਸ਼ੂ ਨੂੰ ਵੇਖਿਆ, ਤਾਂ ਉਹਨਾਂ ਉਸਦੀ ਮਹਿਮਾ ਕੀਤੀ; ਪਰ ਕਈਆਂ ਨੇ ਸ਼ੱਕ ਕੀਤਾ। 18ਤਦ ਯਿਸ਼ੂ ਉਹਨਾਂ ਦੇ ਕੋਲ ਆਏ ਅਤੇ ਬੋਲੇ, “ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। 19ਇਸ ਲਈ ਜਾਓ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 20ਅਤੇ ਉਹਨਾਂ ਨੂੰ ਸਿਖਾਓ ਕਿ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ, ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਸੰਸਾਰ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ।”

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió