ਹਿਜ਼ਕੀਏਲ 34
34
ਯਾਹਵੇਹ ਇਸਰਾਏਲ ਦਾ ਚਰਵਾਹਾ ਹੋਵੇਗਾ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ, ਇਸਰਾਏਲੀ ਆਜੜੀਆਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਉਹਨਾਂ ਨੂੰ ਆਖ, ਸਰਬਸ਼ਕਤੀਮਾਨ ਯਾਹਵੇਹ ਆਜੜੀਆਂ ਨੂੰ ਇਹ ਆਖਦਾ ਹੈ, ਇਸਰਾਏਲੀ ਆਜੜੀਆਂ ਤੇ ਹਾਏ! ਜਿਹੜੇ ਆਪਣੇ ਆਪ ਨੂੰ ਪਾਲਦੇ ਹਨ, ਕੀ ਆਜੜੀਆਂ ਨੂੰ ਨਹੀਂ ਚਾਹੀਦਾ ਕਿ ਭੇਡਾਂ ਚਾਰਨ? 3ਤੁਸੀਂ ਦਹੀਂ ਖਾਂਦੇ ਹੋ, ਉੱਨ ਨਾਲ ਕੱਪੜੇ ਪਾਉਂਦੇ ਹੋ ਅਤੇ ਮਨ ਪਸੰਦ ਦੇ ਜਾਨਵਰਾਂ ਨੂੰ ਕੱਟਦੇ ਹੋ, ਪਰ ਇੱਜੜ ਦੀ ਦੇਖਭਾਲ ਨਹੀਂ ਕਰਦੇ। 4ਤੁਸੀਂ ਕਮਜ਼ੋਰਾਂ ਨੂੰ ਤਕੜਾ ਨਹੀਂ ਕੀਤਾ, ਨਾ ਬਿਮਾਰਾਂ ਨੂੰ ਚੰਗਾ ਕੀਤਾ ਅਤੇ ਨਾ ਹੀ ਜ਼ਖਮੀਆਂ ਨੂੰ ਬੰਨ੍ਹਿਆ। ਨਾ ਤੁਸੀਂ ਭਟਕਿਆਂ ਨੂੰ ਵਾਪਸ ਲਿਆਏ ਅਤੇ ਨਾ ਹੀ ਗੁਆਚੀਆਂ ਨੂੰ ਲੱਭਿਆ ਹੈ। ਤੁਸੀਂ ਉਹਨਾਂ ਉੱਤੇ ਕਠੋਰਤਾ ਅਤੇ ਬੇਰਹਿਮੀ ਨਾਲ ਰਾਜ ਕੀਤਾ ਹੈ। 5ਇਸ ਲਈ ਉਹ ਖਿੱਲਰ ਗਏ ਕਿਉਂਕਿ ਉੱਥੇ ਕੋਈ ਆਜੜੀ ਨਹੀਂ ਸੀ, ਅਤੇ ਜਦੋਂ ਉਹ ਖਿੰਡੇ ਗਏ ਤਾਂ ਉਹ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਏ। 6ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਹਰ ਉੱਚੀ ਪਹਾੜੀ ਉੱਤੇ ਘੁੰਮਦੀਆਂ ਰਹੀਆਂ। ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਅਤੇ ਕਿਸੇ ਨੇ ਨਾ ਉਹਨਾਂ ਨੂੰ ਲੱਭਿਆ ਅਤੇ ਨਾ ਹੀ ਉਹਨਾਂ ਦੀ ਭਾਲ ਕੀਤੀ।
7“ ‘ਇਸ ਲਈ, ਹੇ ਚਰਵਾਹੇ, ਤੁਸੀਂ ਯਾਹਵੇਹ ਦਾ ਬਚਨ ਸੁਣੋ: 8ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ, ਕਿਉਂਕਿ ਮੇਰੇ ਇੱਜੜ ਵਿੱਚ ਚਰਵਾਹੇ ਦੀ ਘਾਟ ਹੈ, ਇਸ ਲਈ ਉਹ ਲੁੱਟੀਆ ਗਈਆ ਅਤੇ ਸਾਰੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਗਈਆ, ਅਤੇ ਕਿਉਂਕਿ ਮੇਰੇ ਚਰਵਾਹਿਆਂ ਨੇ ਮੇਰੇ ਇੱਜੜ ਦੀ ਭਾਲ ਨਹੀਂ ਕੀਤੀ, ਸਗੋਂ ਚਰਵਾਹਿਆ ਨੇ ਅਪਣਾ ਟਿੱਡ ਭਰਿਆ ਮੇਰੀਆਂ ਭੇਡਾਂ ਨੂੰ ਨਹੀਂ ਚਾਰਿਆ, 9ਇਸ ਲਈ, ਹੇ ਚਰਵਾਹਿਓ, ਯਾਹਵੇਹ ਦਾ ਬਚਨ ਸੁਣੋ: 10ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਚਰਵਾਹਿਆ ਦੇ ਵਿਰੁੱਧ ਹਾਂ ਅਤੇ ਉਹਨਾਂ ਨੂੰ ਆਪਣੇ ਇੱਜੜ ਲਈ ਜਵਾਬਦੇਹ ਠਹਿਰਾਵਾਂਗਾ। ਮੈਂ ਉਹਨਾਂ ਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਦਿਆਂਗਾ ਅਤੇ ਚਰਵਾਹੇ ਅੱਗੇ ਲਈ ਆਪਣਾ ਢਿੱਡ ਨਾ ਭਰ ਸਕਣਗੇ, ਕਿਉਂ ਜੋ ਮੈਂ ਆਪਣਾ ਇੱਜੜ ਉਹਨਾਂ ਦੇ ਮੂੰਹੋਂ ਛੁਡਾ ਲਵਾਂਗਾ, ਤਾਂ ਜੋ ਉਹ ਉਹਨਾਂ ਦਾ ਖਾਣਾ ਨਾ ਹੋਣ।
11“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਆਪ ਆਪਣੀਆਂ ਭੇਡਾਂ ਦੀ ਭਾਲ ਕਰਾਂਗਾ ਅਤੇ ਉਹਨਾਂ ਦੀ ਦੇਖ ਭਾਲ ਕਰਾਂਗਾ। 12ਜਿਵੇਂ ਇੱਕ ਚਰਵਾਹਾ ਆਪਣੇ ਖਿੱਲਰੇ ਹੋਏ ਇੱਜੜ ਦੀ ਦੇਖਭਾਲ ਕਰਦਾ ਹੈ ਜਦੋਂ ਉਹ ਉਹਨਾਂ ਦੇ ਨਾਲ ਹੁੰਦਾ ਹੈ, ਉਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ। ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਹ ਬੱਦਲਾਂ ਅਤੇ ਹਨੇਰੇ ਦੇ ਦਿਨ ਖਿੱਲਰੇ ਹੋਏ ਸਨ। 13ਮੈਂ ਉਹਨਾਂ ਨੂੰ ਕੌਮਾਂ ਵਿੱਚੋਂ ਬਾਹਰ ਲਿਆਵਾਂਗਾ ਅਤੇ ਦੇਸ਼ਾਂ ਵਿੱਚੋਂ ਇੱਕਠੇ ਕਰਾਂਗਾ, ਅਤੇ ਮੈਂ ਉਹਨਾਂ ਨੂੰ ਉਹਨਾਂ ਦੀ ਆਪਣੀ ਧਰਤੀ ਵਿੱਚ ਲਿਆਵਾਂਗਾ ਅਤੇ ਇਸਰਾਏਲ ਦੇ ਪਹਾੜਾਂ ਤੇ ਨਹਿਰਾਂ ਦੇ ਉੱਤੇ ਅਤੇ ਦੇਸ ਦੇ ਸਾਰੇ ਵੱਸਦੇ ਸਥਾਨਾਂ ਵਿੱਚ ਚਾਰਾਂਗਾ। 14ਮੈਂ ਉਹਨਾਂ ਦੀ ਚੰਗੀ ਚਰਾਗਾਹ ਵਿੱਚ ਦੇਖਭਾਲ ਕਰਾਂਗਾ, ਅਤੇ ਉਹਨਾਂ ਦੇ ਚਰਣ ਵਾਲੀ ਜਗ੍ਹਾਂ ਇਸਰਾਏਲ ਦੇ ਉੱਚੇ ਪਹਾੜਾਂ ਉੱਤੇ ਹੋਵੇਗੀ, ਉੱਥੇ ਉਹ ਚੰਗੀ ਚਰਾਉਣ ਵਾਲੀ ਜ਼ਮੀਨ ਵਿੱਚ ਲੇਟਣਗੇ, ਅਤੇ ਹਰੀ ਜੂਹ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਚਰਨਗੀਆਂ। 15ਮੈਂ ਆਪ ਆਪਣੀਆਂ ਭੇਡਾਂ ਦੀ ਦੇਖਭਾਲ ਕਰਾਂਗਾ ਅਤੇ ਉਹਨਾਂ ਨੂੰ ਲੇਟਵਾਂਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 16ਮੈਂ ਗੁਆਚੀਆਂ ਨੂੰ ਲੱਭਾਂਗਾ ਅਤੇ ਅਵਾਰਾ ਫੇਰਿਆਂ ਨੂੰ ਵਾਪਸ ਲਿਆਵਾਂਗਾ। ਮੈਂ ਜ਼ਖਮੀਆਂ ਨੂੰ ਬੰਨ੍ਹਾਂਗਾ ਅਤੇ ਕਮਜ਼ੋਰਾਂ ਨੂੰ ਮਜ਼ਬੂਤ ਕਰਾਂਗਾ, ਪਰ ਪਤਲੇ ਅਤੇ ਤਕੜੇ ਨੂੰ ਮੈਂ ਤਬਾਹ ਕਰ ਦਿਆਂਗਾ। ਮੈਂ ਨਿਆਂ ਨਾਲ ਇੱਜੜ ਦੀ ਚਰਵਾਹੀ ਕਰਾਂਗਾ।
17“ ‘ਜਿੱਥੋਂ ਤੱਕ ਤੇਰੇ ਲਈ, ਮੇਰੇ ਇੱਜੜ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਵੇਖੋ, ਮੈਂ ਭੇਡ ਅਤੇ ਭੇਡ ਵਿੱਚ, ਦੁੰਬਿਆਂ ਅਤੇ ਬੱਕਰਿਆਂ ਵਿੱਚ ਨਿਆਂ ਕਰਾਂਗਾ। 18ਕੀ ਇਹ ਗੱਲ ਤੁਹਾਨੂੰ ਨਿੱਕੀ ਜਿਹੀ ਲੱਗਦੀ ਕਿ ਤੁਸੀਂ ਚੰਗੀ ਚਰਾਂਦ ਚਰ ਲਓ ਅਤੇ ਬਾਕੀ ਚਰਾਂਦ ਪੈਰਾਂ ਹੇਠਾਂ ਮਿੱਧ ਦਿਓ? ਅਤੇ ਸਾਫ਼ ਪਾਣੀ ਪੀਵੋ ਅਤੇ ਬਾਕੀ ਦੇ ਪਾਣੀ ਨੂੰ ਪੈਰਾਂ ਨਾਲ ਘਚੋਲ ਦਿਓ? 19ਕੀ ਮੇਰਾ ਇੱਜੜ ਉਸ ਨੂੰ ਖਾਵੇਗਾ ਜੋ ਤੁਸੀਂ ਪੈਰਾਂ ਵਿੱਚ ਮਿੱਧਿਆ ਹੈ ਅਤੇ ਉਹ ਪਾਣੀ ਪੀਣਾ ਚਾਹੀਦਾ ਹੈ ਜੋ ਤੁਸੀਂ ਆਪਣੇ ਪੈਰਾਂ ਨਾਲ ਘਚੋਲਿਆ ਹੈ?
20“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਨੂੰ ਇਹ ਆਖਦਾ ਹੈ: ਵੇਖੋ, ਮੈਂ ਖੁਦ ਮੋਟੀਆਂ ਭੇਡਾਂ ਅਤੇ ਪਤਲੀਆਂ ਭੇਡਾਂ ਵਿਚਕਾਰ ਨਿਆਂ ਕਰਾਂਗਾ। 21ਕਿਉਂ ਜੋ ਤੁਸੀਂ ਉਹਨਾਂ ਨੂੰ ਪਾਸੇ ਉੱਤੇ ਮੋਢੇ ਮਾਰ ਕੇ ਧੱਕਿਆ ਹੈ ਅਤੇ ਸਾਰੀਆਂ ਲਿੱਸੀਆਂ ਨੂੰ ਆਪਣੇ ਸਿੰਗਾਂ ਨਾਲ ਧੱਕਿਆ ਹੈ, ਇੱਥੋਂ ਤੱਕ ਕਿ ਉਹ ਖਿੱਲਰ ਗਈਆਂ, 22ਮੈਂ ਆਪਣੇ ਇੱਜੜ ਨੂੰ ਬਚਾਵਾਂਗਾ, ਅਤੇ ਉਹ ਲੁੱਟਿਆ ਨਹੀਂ ਜਾਵੇਗਾ। ਮੈਂ ਇੱਕ ਭੇਡ ਅਤੇ ਦੂਜੀ ਵਿੱਚ ਨਿਆਂ ਕਰਾਂਗਾ। 23ਮੈਂ ਉਹਨਾਂ ਉੱਤੇ ਇੱਕ ਚਰਵਾਹਾਂ ਠਹਿਰਾਵਾਂਗਾ, ਮੇਰਾ ਸੇਵਕ ਦਾਵੀਦ, ਅਤੇ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹ ਉਹਨਾਂ ਦਾ ਚਰਵਾਹਾਂ ਹੋਵੇਗਾ। 24ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਮੇਰਾ ਸੇਵਕ ਦਾਵੀਦ ਉਹਨਾਂ ਵਿੱਚ ਰਾਜਕੁਮਾਰ ਹੋਵੇਗਾ। ਮੈਂ ਯਾਹਵੇਹ ਨੇ ਬੋਲਿਆ ਹੈ।
25“ ‘ਮੈਂ ਉਹਨਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ ਅਤੇ ਦੇਸ਼ ਨੂੰ ਵਹਿਸ਼ੀ ਦਰਿੰਦਿਆਂ ਤੋਂ ਮੁਕਤ ਕਰ ਦਿਆਂਗਾ ਤਾਂ ਜੋ ਉਹ ਉਜਾੜ ਵਿੱਚ ਰਹਿਣ ਅਤੇ ਜੰਗਲਾਂ ਵਿੱਚ ਸੁਰੱਖਿਆ ਨਾਲ ਸੌਂ ਸਕਣ। 26ਮੈਂ ਉਹਨਾਂ ਨੂੰ ਅਤੇ ਉਹਨਾਂ ਸਥਾਨਾਂ ਨੂੰ ਜੋ ਮੇਰੇ ਪਰਬਤ ਦੇ ਆਲੇ-ਦੁਆਲੇ ਹਨ, ਬਰਕਤ ਦਾ ਕਾਰਨ ਬਣਾਵਾਂਗਾ#34:26 ਉਤ 48:20 ਅਤੇ ਸਮੇਂ ਸਿਰ ਮੀਂਹ ਵਰ੍ਹਾਵਾਂਗਾ। ਬਰਕਤ ਦੀ ਵਰਖਾ ਵਰ੍ਹੇਗੀ। 27ਰੁੱਖ ਆਪਣੇ ਫਲ ਦੇਣਗੇ ਅਤੇ ਜ਼ਮੀਨ ਆਪਣੀਆਂ ਫਸਲਾਂ ਦੇਵੇਗੀ; ਲੋਕ ਆਪਣੀ ਧਰਤੀ ਉੱਤੇ ਸੁਰੱਖਿਅਤ ਹੋਣਗੇ। ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ, ਜਦੋਂ ਮੈਂ ਉਹਨਾਂ ਦੇ ਜੂਲੇ ਦੀਆਂ ਪੱਟੀਆਂ ਤੋੜਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਛੁਡਾਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਸੀ। 28ਉਹ ਹੁਣ ਕੌਮਾਂ ਦੁਆਰਾ ਲੁੱਟੇ ਨਹੀਂ ਜਾਣਗੇ, ਨਾ ਹੀ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਣਗੇ। ਉਹ ਸੁਰੱਖਿਆ ਵਿੱਚ ਰਹਿਣਗੇ, ਅਤੇ ਕੋਈ ਵੀ ਉਹਨਾਂ ਨੂੰ ਡਰਾਉਣ ਵਾਲਾ ਨਹੀਂ ਹੋਵੇਗਾ। 29ਮੈਂ ਉਹਨਾਂ ਲਈ ਇੱਕ ਅਜਿਹੀ ਧਰਤੀ ਪ੍ਰਦਾਨ ਕਰਾਂਗਾ ਜੋ ਉਹ ਦੀਆਂ ਫ਼ਸਲਾਂ ਲਈ ਮਸ਼ਹੂਰ ਹੈ, ਅਤੇ ਉਹ ਫਿਰ ਤੋਂ ਦੇਸ਼ ਵਿੱਚ ਕਾਲ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਕੌਮਾਂ ਦੀ ਬੇਇੱਜ਼ਤੀ ਨਹੀਂ ਕਰਨਗੇ। 30ਤਦ ਉਹ ਜਾਣ ਲੈਣਗੇ ਕਿ ਮੈਂ, ਯਾਹਵੇਹ ਉਹਨਾਂ ਦਾ ਪਰਮੇਸ਼ਵਰ, ਉਹਨਾਂ ਦੇ ਨਾਲ ਹਾਂ ਅਤੇ ਉਹ ਇਸਰਾਏਲੀ ਮੇਰੇ ਲੋਕ ਹਨ, ਯਾਹਵੇਹ ਦਾ ਵਾਕ ਹੈ। 31ਤੁਸੀਂ ਮੇਰੀਆਂ ਭੇਡਾਂ ਹੋ, ਮੇਰੀ ਚਰਾਗਾਹ ਦੀਆਂ ਭੇਡਾਂ ਹੋ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”
S'ha seleccionat:
ਹਿਜ਼ਕੀਏਲ 34: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.