1 ਤਿਮੋਥਿਉਸ 1
1
1ਪਰਮੇਸ਼ਵਰ ਸਾਡੇ ਮੁਕਤੀਦਾਤਾ ਅਤੇ ਮਸੀਹ ਯਿਸ਼ੂ ਸਾਡੀ ਆਸ ਦੀ ਆਗਿਆ ਅਨੁਸਾਰ ਮਸੀਹ ਯਿਸ਼ੂ ਦੇ ਰਸੂਲ ਪੌਲੁਸ ਵਲੋਂ,
2ਵਿਸ਼ਵਾਸ ਵਿੱਚ ਮੇਰੇ ਸੱਚੇ ਪੁੱਤਰ ਤਿਮੋਥਿਉਸ ਨੂੰ:
ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਮਸੀਹ ਯਿਸ਼ੂ ਦੇ ਵੱਲੋਂ ਤੁਹਾਨੂੰ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
ਝੂਠੀ ਸਿੱਖਿਆ ਤੋਂ ਸੁਚੇਤ ਰਹਿਣਾ
3ਜਿਵੇਂ ਮੈਂ ਤੈਨੂੰ ਮਕਦੂਨਿਯਾ ਪ੍ਰਦੇਸ਼ ਜਾਣ ਵੇਲੇ ਅਫ਼ਸੁਸ ਸ਼ਹਿਰ ਵਿੱਚ ਰੁਕਣ ਲਈ ਹੁਕਮ ਦਿੱਤਾ ਸੀ, ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਆਗਿਆ ਦੇ ਸਕੇ ਕੀ ਉਹ ਹੋਰ ਝੂਠੀਆਂ ਸਿੱਖਿਆਵਾਂ ਨੂੰ ਨਾ ਸਿਖਾਉਣ 4ਜਾਂ ਆਪਣੇ ਆਪ ਨੂੰ ਕਲਪਿਤ ਕਥਾ ਅਤੇ ਅਨੰਤ ਵੰਸ਼ਾਵਲੀਆਂ ਉੱਤੇ ਮਨ ਨਾ ਲਾਉਣ। ਇਹ ਚੀਜ਼ਾਂ ਪਰਮੇਸ਼ਵਰ ਦੇ ਪ੍ਰਬੰਧ ਦੀ ਬਜਾਏ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਸਵਾਲਾਂ ਨੂੰ ਵਧਾਉਂਦੀਆਂ ਹਨ। 5ਇਸ ਆਗਿਆ ਦਾ ਉਦੇਸ਼ ਪ੍ਰੇਮ ਹੈ, ਜਿਹੜਾ ਸ਼ੁੱਧ ਮਨ ਅਤੇ ਸਾਫ਼ ਜ਼ਮੀਰ ਅਤੇ ਇੱਕ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ। 6ਕੁਝ ਝੂਠੇ ਸਿੱਖਿਅਕ ਇਹਨਾਂ ਸਿੱਖਿਆ ਤੋਂ ਹਟ ਗਏ ਹਨ ਅਤੇ ਅਰਥਹੀਣ ਗੱਲਾਂ ਵੱਲ ਮੁੜ ਗਏ ਹਨ। 7ਉਹ ਕਾਨੂੰਨ ਦੇ ਸਿੱਖਿਅਕ ਬਣਨਾ ਚਾਹੁੰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ ਜਾਂ ਕਿਸ ਬਾਰੇ ਉਹ ਪੂਰੇ ਭਰੋਸੇ ਨਾਲ ਪੁਸ਼ਟੀ ਕਰਦੇ ਹਨ।
8ਅਸੀਂ ਜਾਣਦੇ ਹਾਂ ਕਿ ਬਿਵਸਥਾ ਚੰਗੀ ਹੈ ਜੇ ਕੋਈ ਇਸਦੀ ਵਰਤੋਂ ਸਹੀ ਢੰਗ ਨਾਲ ਕਰਦਾ ਹੈ। 9ਅਸੀਂ ਇਹ ਵੀ ਜਾਣਦੇ ਹਾਂ ਕਿ ਬਿਵਸਥਾ ਧਰਮੀ ਦੇ ਲਈ ਨਹੀਂ ਬਣਾਈ ਗਈ ਹੈ, ਬਲਕਿ ਕਾਨੂੰਨ ਤੋੜਣ ਵਾਲੇ ਅਤੇ ਵਿਦਰੋਹੀਆਂ, ਵਿਭਚਾਰੀਆਂ ਅਤੇ ਪਾਪੀਆਂ, ਅਸ਼ੁੱਧਾਂ ਅਤੇ ਅਧਰਮੀਆਂ ਲਈ, ਉਹਨਾਂ ਲਈ ਜੋ ਆਪਣੇ ਪਿਤਾ ਜਾਂ ਮਾਂਵਾਂ ਨੂੰ ਮਾਰਦੇ ਹਨ, ਕਾਤਲਾਂ, 10ਹਰਾਮਕਾਰਾਂ, ਸਮਲਿੰਗੀ ਸੰਬੰਧਾਂ ਦਾ ਪਾਲਣ ਕਰਨ ਵਾਲਿਆਂ ਲਈ, ਗੁਲਾਮ ਵਪਾਰੀਆਂ ਅਤੇ ਝੂਠ ਬੋਲਣ ਵਾਲਿਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਅਤੇ ਹੋਰ ਕਿਸੇ ਵੀ ਚੀਜ਼ ਲਈ ਜੋ ਕਿ ਸਹੀ ਸਿਧਾਂਤ ਦੇ ਵਿਰੁੱਧ ਹੈ 11ਇਹ ਉਸ ਖੁਸ਼ਖ਼ਬਰੀ ਨੂੰ ਜੋ ਧੰਨ ਪਰਮੇਸ਼ਵਰ ਦੀ ਮਹਿਮਾ ਬਾਰੇ ਦੱਸਦੀ ਹੈ ਜਿਹੜੀ ਉਹਨਾਂ ਨੇ ਮੈਨੂੰ ਸੌਂਪੀ ਹੈ।
ਪੌਲੁਸ ਤੇ ਪ੍ਰਭੂ ਦੀ ਕਿਰਪਾ
12ਮੈਂ ਸਾਡੇ ਪ੍ਰਭੂ ਮਸੀਹ ਯਿਸ਼ੂ ਦਾ ਧੰਨਵਾਦ ਕਰਦਾ ਹਾਂ, ਜਿਸਨੇ ਮੈਨੂੰ ਤਾਕਤ ਦਿੱਤੀ, ਉਸਨੇ ਮੈਨੂੰ ਭਰੋਸੇਯੋਗ ਸਮਝਿਆ ਅਤੇ ਮੈਨੂੰ ਆਪਣੀ ਸੇਵਾ ਵਿੱਚ ਨਿਯੁਕਤ ਕੀਤਾ। 13ਭਾਵੇਂ ਇੱਕ ਸਮਾਂ ਸੀ ਜਦੋਂ ਮੈਂ ਮਸੀਹ ਦੀ ਨਿੰਦਾ ਕਰਨ ਵਾਲਾ ਅਤੇ ਉਸਦੇ ਲੋਕਾਂ ਨੂੰ ਸਤਾਉਣ ਵਾਲਾ ਅਤੇ ਹਿੰਸਕ ਆਦਮੀ ਸੀ, ਪਰ ਮੇਰੇ ਉੱਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਅਗਿਆਨਤਾ ਅਤੇ ਅਵਿਸ਼ਵਾਸ ਵਿੱਚ ਕੰਮ ਕੀਤਾ ਸੀ। 14ਮਸੀਹ ਯਿਸ਼ੂ ਵਿੱਚ ਸਾਡੇ ਪ੍ਰਭੂ ਦੀ ਵੱਡੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਮੇਰੇ ਉੱਤੇ ਹੋਈ।
15ਇਹ ਗੱਲ ਸੱਚ ਹੈ, ਜੋ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸ਼ੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ ਸੀ ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਵੱਡਾ ਪਾਪੀ ਮੈਂ ਹਾਂ। 16ਪਰ ਇਸ ਲਈ ਮੇਰੇ ਉੱਤੇ ਪਰਮੇਸ਼ਵਰ ਦੀ ਦਯਾ ਹੋਈ ਤਾਂ ਜੋ ਮੇਰੇ ਵਿੱਚ ਜੋ ਕਿ ਸਭ ਤੋਂ ਵੱਡਾ ਪਾਪੀ ਹਾਂ, ਮਸੀਹ ਯਿਸ਼ੂ ਉਹਨਾਂ ਦੇ ਲਈ ਇੱਕ ਬੇਮਿਸਾਲ ਧੀਰਜ ਪ੍ਰਗਟ ਕਰ ਸਕਣ ਜੋ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਉਹ ਅਨੰਤ ਜੀਵਨ ਪ੍ਰਾਪਤ ਕਰਨਗੇ। 17ਹੁਣ ਸਦੀਵੀ ਰਾਜਾ, ਅਵਿਨਾਸ਼ੀ, ਅਦਿੱਖ, ਇੱਕੋ ਪਰਮੇਸ਼ਵਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ।
ਤਿਮੋਥਿਉਸ ਦੀ ਜ਼ਿੰਮੇਵਾਰੀ
18ਹੇ ਮੇਰੇ ਪੁੱਤਰ ਤਿਮੋਥਿਉਸ, ਮੈਂ ਉਹਨਾਂ ਭਵਿੱਖਬਾਣੀਆਂ ਦੇ ਅਨੁਸਾਰ ਜਿਹੜੀਆਂ ਪਹਿਲਾਂ ਤੋਂ ਹੀ ਤੇਰੇ ਬਾਰੇ ਕੀਤੀਆਂ ਗਈਆਂ ਸਨ ਹੁਕਮ ਦਿੰਦਾ ਹਾਂ, ਤਾਂ ਜੋ ਉਹਨਾਂ ਨੂੰ ਯਾਦ ਕਰਕੇ ਤੂੰ ਚੰਗੀ ਤਰ੍ਹਾਂ ਝੂਠੀ ਸਿੱਖਿਆ ਦੇ ਵਿਰੁੱਧ ਇੱਕ ਲੜਾਈ ਨੂੰ ਲੜ ਸਕੇ, 19ਵਿਸ਼ਵਾਸ ਅਤੇ ਚੰਗੇ ਜ਼ਮੀਰ ਨੂੰ ਫੜੀ ਰੱਖੀਂ, ਜਿਸ ਨੂੰ ਕਈਆਂ ਨੇ ਛੱਡ ਕੇ ਆਪਣੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ ਹੈ। 20ਉਹਨਾਂ ਵਿਚੋਂ ਹਿਮੇਨੇਆਸ ਅਤੇ ਅਲੇਕਜ਼ੈਂਡਰ ਹਨ, ਜਿਹਨਾਂ ਨੂੰ ਮੈਂ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ਵਰ ਦੀ ਨਿੰਦਾ ਦੀ ਸਿੱਖਿਆ ਨਾ ਦੇਣ।
S'ha seleccionat:
1 ਤਿਮੋਥਿਉਸ 1: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.