1 ਯੋਹਨ 2
2
1ਹੇ ਮੇਰੇ ਪਿਆਰੇ ਬੱਚਿਓ, ਮੈਂ ਤੁਹਾਨੂੰ ਇਹ ਇਸ ਲਈ ਲਿਖ ਰਿਹਾ ਹਾਂ ਤਾਂ ਜੋ ਤੁਸੀਂ ਪਾਪ ਨਾ ਕਰੋ। ਪਰ ਜੇ ਕੋਈ ਪਾਪ ਕਰਦਾ ਹੈ, ਤਾਂ ਪਿਤਾ ਦੇ ਕੋਲ ਸਾਡੇ ਲਈ ਇੱਕ ਵਕੀਲ ਹੈ ਯਿਸ਼ੂ ਮਸੀਹ, ਜੋ ਧਰਮੀ ਹੈ। 2ਉਹ ਸਾਡੇ ਪਾਪਾਂ ਲਈ ਪ੍ਰਾਸਚਿਤ ਬਲੀਦਾਨ ਹੈ ਅਤੇ ਨਾ ਸਿਰਫ ਸਾਡੇ ਲਈ ਬਲਕਿ ਸਾਰੇ ਸੰਸਾਰ ਦੇ ਪਾਪਾਂ ਲਈ ਵੀ।
ਸਾਥੀ ਵਿਸ਼ਵਾਸੀਆਂ ਲਈ ਪਿਆਰ ਅਤੇ ਨਫ਼ਰਤ
3ਅਤੇ ਜੇਕਰ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰੀਏ ਤਾਂ ਇਸ ਤੋਂ ਜਾਣਦੇ ਹਾਂ ਜੋ ਅਸੀਂ ਉਸ ਨੂੰ ਜਾਣਿਆ ਹੈ। 4ਜੋ ਕੋਈ ਕਹਿੰਦਾ ਹੈ, “ਮੈਂ ਉਸ ਨੂੰ ਜਾਣਦਾ ਹਾਂ,” ਪਰ ਉਹ ਦੇ ਆਦੇਸ਼ਾਂ ਨੂੰ ਨਹੀਂ ਮੰਨਦਾ ਉਹ ਝੂਠਾ ਹੈ ਅਤੇ ਸੱਚਾਈ ਉਸ ਵਿਅਕਤੀ ਵਿੱਚ ਨਹੀਂ ਹੈ। 5ਪਰ ਜੇ ਕੋਈ ਉਸ ਦੇ ਬਚਨ ਦੀ ਪਾਲਨਾ ਕਰਦਾ ਹੈ, ਤਾਂ ਉਸ ਵਿੱਚ ਪਰਮੇਸ਼ਵਰ ਦਾ ਪਿਆਰ ਸੱਚ-ਮੁੱਚ ਸੰਪੂਰਨ ਹੋਇਆ ਹੈ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਸ ਦੇ ਵਿੱਚ ਹਾਂ: 6ਜਿਹੜਾ ਵੀ ਉਸ ਵਿੱਚ ਰਹਿਣ ਦਾ ਦਾਅਵਾ ਕਰਦਾ ਹੈ ਉਸ ਨੂੰ ਯਿਸ਼ੂ ਵਾਂਗ ਜੀਉਣਾ ਚਾਹੀਦਾ ਹੈ।
7ਹੇ ਪਿਆਰੇ ਦੋਸਤੋ, ਮੈਂ ਤੁਹਾਨੂੰ ਕੋਈ ਨਵਾਂ ਆਦੇਸ਼ ਨਹੀਂ ਲਿਖ ਰਿਹਾ ਸਗੋਂ ਇੱਕ ਪੁਰਾਣੀ ਆਗਿਆ ਲਿਖ ਰਿਹਾ ਹਾਂ, ਜੋ ਤੁਹਾਨੂੰ ਸ਼ੁਰੂ ਤੋਂ ਹੀ ਮਿਲਿਆ ਸੀ। ਇਹ ਪੁਰਾਣੀ ਆਗਿਆ ਉਹੀ ਸੁਨੇਹਾ ਹੈ ਜੋ ਤੁਸੀਂ ਸੁਣਿਆ। 8ਫਿਰ ਵੀ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਲਿਖ ਰਿਹਾ ਹਾਂ; ਇਸ ਦੀ ਸੱਚਾਈ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਦਿਖਾਈ ਦਿੰਦੀ ਹੈ, ਕਿਉਂਕਿ ਹਨੇਰਾ ਲੰਘ ਰਿਹਾ ਹੈ ਅਤੇ ਸੱਚੀ ਰੌਸ਼ਨੀ ਪਹਿਲਾਂ ਹੀ ਚਮਕ ਰਹੀ ਹੈ।
9ਕੋਈ ਵੀ ਜੋ ਰੌਸ਼ਨੀ ਵਿੱਚ ਹੋਣ ਦਾ ਦਾਅਵਾ ਕਰਦਾ ਹੈ ਪਰ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਅਜੇ ਵੀ ਹਨ੍ਹੇਰੇ ਵਿੱਚ ਹੈ। 10ਕੋਈ ਵੀ ਜੋ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਕਰਦਾ ਹੈ ਉਹ ਰੌਸ਼ਨੀ ਵਿੱਚ ਰਹਿੰਦਾ ਹੈ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਜਿਸ ਨਾਲ ਉਹ ਠੋਕਰ ਖਾਣ। 11ਪਰ ਜਿਹੜਾ ਵੀ ਕਿਸੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ ਉਹ ਹਨ੍ਹੇਰੇ ਵਿੱਚ ਹੈ ਅਤੇ ਹਨ੍ਹੇਰੇ ਵਿੱਚ ਚੱਲਦਾ ਹੈ। ਉਹ ਨਹੀਂ ਜਾਣਦੇ ਕਿ ਉਹ ਕਿੱਥੇ ਜਾ ਰਹੇ ਹਨ, ਕਿਉਂਕਿ ਹਨ੍ਹੇਰੇ ਨੇ ਉਹਨਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੱਤਾ ਹੈ।
ਲਿਖਣ ਦੇ ਕਾਰਨ
12ਹੇ ਪਿਆਰੇ ਬੱਚਿਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਮਸੀਹ ਯਿਸ਼ੂ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਕੀਤੇ ਗਏ ਹਨ।#2:12 ਜ਼ਬੂ 25:11
13ਹੇ ਪਿਤਾਓ, ਮੈਂ ਤੁਹਾਨੂੰ ਲਿਖ ਰਿਹਾ ਹਾਂ
ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
14ਹੇ ਪਿਆਰੇ ਬੱਚਿਓ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਪਿਤਾ ਨੂੰ ਜਾਣਦੇ ਹੋ।
ਹੇ ਪਿਤਾਓ,
ਮੈਂ ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣਦੇ ਹੋ ਜੋ ਸ਼ੁਰੂ ਤੋਂ ਹੈ।
ਹੇ ਨੌਜਵਾਨੋ,
ਮੈਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿਉਂਕਿ ਤੁਸੀਂ ਤਾਕਤਵਰ ਹੋ,
ਅਤੇ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚ ਰਹਿੰਦਾ ਹੈ,
ਅਤੇ ਤੁਸੀਂ ਦੁਸ਼ਟ ਨੂੰ ਹਰਾ ਦਿੱਤਾ ਹੈ।
ਸੰਸਾਰ ਨਾਲ ਪ੍ਰੇਮ ਨਾ ਕਰੋ
15ਸੰਸਾਰ ਨਾਲ ਪਿਆਰ ਨਾ ਰੱਖੋ ਨਾ ਉਹਨਾਂ ਵਸਤਾ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਪਿਆਰ ਰੱਖਦਾ ਹੋਵੇ, ਤਾਂ ਉਸ ਦੇ ਵਿੱਚ ਪਿਤਾ ਦਾ ਪਿਆਰ ਨਹੀਂ ਹੈ। 16ਕਿਉਂਕਿ ਸਭ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਕਾਮਨਾ, ਅਤੇ ਜੀਵਨ ਦਾ ਹੰਕਾਰ, ਪਿਤਾ ਤੋਂ ਨਹੀਂ ਬਲਕਿ ਸੰਸਾਰ ਤੋਂ ਆਉਂਦਾ ਹੈ।#2:16 ਰੋਮਿ 13:14; ਕਹਾ 27:20 17ਸੰਸਾਰ ਅਤੇ ਇਸ ਦੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹਨ, ਪਰ ਜੋ ਵੀ ਪਰਮੇਸ਼ਵਰ ਦੀ ਇੱਛਾ ਅਨੁਸਾਰ ਚੱਲਦਾ ਹੈ ਉਹ ਸਦਾ ਲਈ ਜੀਉਂਦਾ ਹੈ।
ਪੁੱਤਰ ਦਾ ਇਨਕਾਰ ਕਰਨ ਦੇ ਵਿਰੁੱਧ ਚੇਤਾਵਨੀ
18ਹੇ ਪਿਆਰੇ ਬੱਚਿਓ, ਇਹ ਆਖਰੀ ਸਮਾਂ ਹੈ; ਅਤੇ ਜਿਵੇਂ ਕਿ ਤੁਸੀਂ ਸੁਣਿਆ ਹੈ ਕਿ ਮਸੀਹ ਵਿਰੋਧੀ ਆ ਰਿਹਾ ਹੈ, ਸੋ ਹੁਣ ਵੀ ਬਹੁਤ ਸਾਰੇ ਮਸੀਹ ਵਿਰੋਧੀ ਆ ਗਏ ਹਨ। ਜਿਸ ਤੋਂ ਅਸੀਂ ਜਾਣਦੇ ਹਾਂ ਕਿ ਇਹ ਆਖਰੀ ਸਮਾਂ ਹੈ। 19ਉਹ ਸਾਡੇ ਵਿੱਚੋਂ ਬਾਹਰ ਚਲੇ ਗਏ, ਪਰ ਉਹ ਅਸਲ ਵਿੱਚ ਸਾਡੇ ਨਹੀਂ ਸਨ। ਕਿਉਂਕਿ ਜੇ ਉਹ ਸਾਡੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ; ਪਰ ਉਹ ਨਿੱਕਲ ਗਏ ਤਾਂ ਜੋ ਪ੍ਰਗਟ ਹੋਣ ਕਿ ਉਹਨਾਂ ਵਿੱਚੋਂ ਕੋਈ ਵੀ ਸਾਡਾ ਨਹੀਂ ਸੀ।
20ਪਰ ਤੁਸੀਂ ਉਸ ਦੀ ਵੱਲੋਂ ਜਿਹੜਾ ਪਵਿੱਤਰ ਹੈ, ਮਸਹ ਕੀਤੇ ਹੋਏ ਹੋ ਅਤੇ ਤੁਸੀਂ ਸਾਰੇ ਸੱਚ ਨੂੰ ਜਾਣਦੇ ਹੋ। 21ਮੈਂ ਤੁਹਾਨੂੰ ਇਸ ਲਈ ਨਹੀਂ ਲਿਖ ਰਿਹਾ ਕਿਉਂਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਪਰ ਕਿਉਂਕਿ ਤੁਸੀਂ ਇਸ ਨੂੰ ਜਾਣਦੇ ਹੋ ਅਤੇ ਕਿਉਂਕਿ ਕੋਈ ਝੂਠ ਸੱਚ ਤੋਂ ਨਹੀਂ ਆਉਂਦਾ। 22ਝੂਠਾ ਕੌਣ ਹੈ? ਇਹ ਉਹ ਹੈ ਜੋ ਇਨਕਾਰ ਕਰਦਾ ਹੈ ਕਿ ਯਿਸ਼ੂ ਹੀ ਮਸੀਹ ਹੈ। ਅਜਿਹਾ ਵਿਅਕਤੀ ਮਸੀਹ ਵਿਰੋਧੀ ਹੈ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ। 23ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਸ ਦੇ ਕੋਲ ਨਹੀਂ ਹੈ; ਜਿਹੜਾ ਵੀ ਪੁੱਤਰ ਨੂੰ ਮੰਨ ਲੈਂਦਾ ਹੈ ਪਿਤਾ ਉਸ ਦੇ ਕੋਲ ਹੈ।
24ਜਿਵੇਂ ਤੁਹਾਡੇ ਲਈ, ਵੇਖੋ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਤੁਹਾਡੇ ਵਿੱਚ ਰਹਿੰਦਾ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਸੀਂ ਪੁੱਤਰ ਅਤੇ ਪਿਤਾ ਵਿੱਚ ਵੀ ਰਹੋਗੇ। 25ਅਤੇ ਇਹ ਉਹ ਵਾਅਦਾ ਹੈ ਜੋ ਮਸੀਹ ਨੇ ਸਾਡੇ ਨਾਲ ਕੀਤਾ ਸੀ ਅਰਥਾਤ ਸਦੀਪਕ ਜੀਵਨ।
26ਮੈਂ ਤੁਹਾਨੂੰ ਇਹ ਗੱਲਾਂ ਉਹਨਾਂ ਲੋਕਾਂ ਬਾਰੇ ਲਿਖ ਰਿਹਾ ਹਾਂ ਜੋ ਤੁਹਾਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 27ਜਿਵੇਂ ਕਿ ਤੁਹਾਡੇ ਲਈ, ਉਹ ਮਸਹ ਜਿਹੜਾ ਤੁਸੀਂ ਉਸ ਕੋਲੋ ਪਾਇਆ ਤੁਹਾਡੇ ਵਿੱਚ ਰਹਿੰਦਾ ਹੈ, ਅਤੇ ਤੁਹਾਨੂੰ ਸਿਖਾਉਣ ਲਈ ਕਿਸੇ ਦੀ ਜ਼ਰੂਰਤ ਨਹੀਂ ਹੈ। ਪਰ ਜਿਵੇਂ ਕਿ ਉਸ ਦਾ ਮਸਹ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਸਿਖਾਉਂਦਾ ਹੈ ਅਤੇ ਜਿਵੇਂ ਕਿ ਇਹ ਮਸਹ ਅਸਲੀ ਹੈ, ਨਕਲੀ ਨਹੀਂ। ਜਿਵੇਂ ਕਿ ਇਸ ਨੇ ਤੁਹਾਨੂੰ ਸਿਖਾਇਆ ਹੈ, ਉਸੇ ਵਿੱਚ ਰਹੋ।#2:27 ਯੋਹ 14:26
ਪਰਮੇਸ਼ਵਰ ਦੇ ਬੱਚੇ ਅਤੇ ਪਾਪ
28ਅਤੇ ਹੁਣ, ਹੇ ਪਿਆਰੇ ਬੱਚਿਓ, ਉਸ ਵਿੱਚ ਬਣੇ ਰਹੋ, ਤਾਂ ਜਦੋਂ ਉਹ ਪ੍ਰਗਟ ਹੋਵੇ ਤਾਂ ਤੁਸੀਂ ਦਿਲੇਰੀ ਨਾਲ ਅਤੇ ਬਿਨ੍ਹਾਂ ਨਿਰਾਸ਼ ਹੋਏ ਉਸ ਦੇ ਅੱਗੇ ਖਲੋ ਸਕੋ।
29ਜੇ ਤੁਸੀਂ ਜਾਣਦੇ ਹੋ ਕਿ ਉਹ ਧਰਮੀ ਹੈ, ਤਾਂ ਤੁਸੀਂ ਜਾਣਦੇ ਹੋ ਕਿ ਹਰ ਕੋਈ ਜੋ ਸਹੀ ਕੰਮ ਕਰਦਾ ਹੈ ਉਸ ਤੋਂ ਪੈਦਾ ਹੋਇਆ ਹੈ।
S'ha seleccionat:
1 ਯੋਹਨ 2: PCB
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.