ਰਸੂਲਾਂ ਦੇ ਕਰਤੱਬ 22

22
1ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ ਮੈਂ ਤੁਹਾਡੇ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਦਾ ਹਾਂ।
2ਉਨ੍ਹਾਂ ਨੇ ਜਦੋਂ ਸੁਣਿਆ ਜੋ ਉਹ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ, ਤਾਂ ਹੋਰ ਵੀ ਸ਼ਾਂਤ ਹੋ ਗਏ। ਤਦ ਉਹ ਬੋਲਿਆ, 3ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਿਲਕਿਯਾ ਤੇ ਤਰਸੁਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ-ਦਾਦਿਆਂ ਦੀ ਬਿਵਸਥਾ ਪੂਰੇ ਧਿਆਨ ਨਾਲ ਸਿੱਖੀ ਅਤੇ ਜਿਵੇਂ ਤੁਸੀਂ ਸਭ ਅੱਜ ਦੇ ਦਿਨ ਪਰਮੇਸ਼ੁਰ ਦੇ ਲਈ ਅਣਖੀ ਹੋ, ਮੈਂ ਵੀ ਅਜਿਹਾ ਹੀ ਅਣਖੀ ਸੀ। 4ਅਤੇ ਮੈਂ ਆਦਮੀ ਅਤੇ ਔਰਤਾਂ ਨੂੰ ਬੰਨ੍ਹ-ਬੰਨ੍ਹ ਕੇ ਅਤੇ ਕੈਦ ਵਿੱਚ ਪੁਆ ਕੇ, ਇਸ ਪੰਥ ਦੇ ਲੋਕਾਂ ਨੂੰ ਮੌਤ ਤੱਕ ਸਤਾਇਆ। 5ਜਿਵੇਂ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਦੀ ਪੰਚਾਇਤ ਮੇਰੇ ਲਈ ਗਵਾਹੀ ਦਿੰਦੀ ਹੈ ਕਿਉਂਕਿ ਉਹਨਾਂ ਕੋਲੋਂ ਮੈਂ ਭਰਾਵਾਂ ਦੇ ਨਾਮ ਚਿੱਠੀਆਂ ਲੈ ਕੇ ਦੰਮਿਸ਼ਕ ਨੂੰ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਬੰਨ ਕੇ ਯਰੂਸ਼ਲਮ ਵਿੱਚ ਲਿਆਵਾਂ।
ਆਪਣੇ ਮਨ ਪਰਿਵਰਤਨ ਦਾ ਕਾਰਨ ਦੱਸਣਾ
ਰਸੂਲਾਂ ਦੇ ਕਰਤੱਬ 9:1-19; 26:12-18
6ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਤੁਰਦੇ-ਤੁਰਦੇ ਦੰਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਦੇ ਵੇਲੇ ਚੁਫ਼ੇਰੇ ਅਚਾਨਕ ਅਕਾਸ਼ ਤੋਂ ਵੱਡੀ ਜੋਤ ਚਮਕੀ। 7ਅਤੇ ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? 8ਤਦ ਮੈਂ ਉੱਤਰ ਦਿੱਤਾ ਕੀ ਪ੍ਰਭੂ ਜੀ ਤੁਸੀਂ ਕੌਣ ਹੋ? ਉਸ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ। 9ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ, ਪਰ ਉਹ ਦੀ ਅਵਾਜ਼ ਨਾ ਸੁਣੀ ਜੋ ਮੇਰੇ ਨਾਲ ਬੋਲਦਾ ਸੀ। 10ਫੇਰ ਮੈਂ ਕਿਹਾ, ਹੇ ਪ੍ਰਭੂ ਮੈਂ ਕੀ ਕਰਾਂ? ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸ਼ਕ ਵਿੱਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ, ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ। 11ਜਦੋਂ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜ੍ਹ ਕੇ ਦੰਮਿਸ਼ਕ ਵਿੱਚ ਆਇਆ। 12ਅਤੇ ਹਨਾਨਿਯਾਹ ਨਾਮ ਦਾ ਇੱਕ ਮਨੁੱਖ ਜੋ ਬਿਵਸਥਾ ਦੇ ਅਨੁਸਾਰ ਭਗਤ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ। 13ਉਹ ਮੇਰੇ ਕੋਲ ਆਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਫੇਰ ਵੇਖਣ ਲੱਗ ਜਾ, ਅਤੇ ਓਸੇ ਵੇਲੇ ਮੈਂ ਦੇਖਣ ਲੱਗ ਗਿਆ ਅਤੇ ਉਸ ਨੂੰ ਦੇਖਿਆ। 14ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ, ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇ, ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ। 15ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ, ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ। 16ਹੁਣ ਤੂੰ ਕਿਉਂ ਢਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ। 17ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁਧ ਹੋ ਗਿਆ। 18ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਜਲਦੀ ਨਿੱਕਲ ਜਾ ਕਿਉਂ ਉਹ ਮੇਰੇ ਹੱਕ ਵਿੱਚ ਤੇਰੀ ਗਵਾਹੀ ਨਾ ਮੰਨਣਗੇ। 19ਮੈਂ ਆਖਿਆ, “ਹੇ ਪ੍ਰਭੂ ਉਹ ਆਪ ਜਾਣਦੇ ਹਨ ਜੋ, ਜਿਨ੍ਹਾਂ ਤੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਉਨ੍ਹਾਂ ਨੂੰ ਕੈਦ ਕਰਦਾ ਅਤੇ ਹਰੇਕ ਪ੍ਰਾਰਥਨਾ ਘਰ ਵਿੱਚ ਮਾਰਦਾ ਸੀ। 20ਅਤੇ ਜਦੋਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਵੀ ਕੋਲ ਖੜ੍ਹਾ ਮਾਰਨ ਵਾਲਿਆਂ ਦੇ ਨਾਲ ਸਹਿਮਤ ਸੀ ਅਤੇ ਉਹਨਾਂ ਦੇ ਕੱਪੜਿਆਂ ਦੀ ਰਖਵਾਲੀ ਕਰਦਾ ਸੀ।” 21ਤਦ ਉਸ ਨੇ ਮੈਨੂੰ ਆਖਿਆ ਕਿ ਚੱਲਿਆ ਜਾ ਕਿਉਂ ਜੋ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ।
ਪੌਲੁਸ ਰੋਮੀ ਨਾਗਰਿਕ
22ਉਹ ਇਸ ਗੱਲ ਤੱਕ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਯੋਗ ਨਹੀਂ! 23ਜਦੋਂ ਉਹ ਰੌਲ਼ਾ ਪਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ। 24ਤਾਂ ਫੌਜ ਦੇ ਸਰਦਾਰ ਨੇ ਉਹ ਨੂੰ ਕਿਲੇ ਵਿੱਚ ਲਿਆਉਣ ਦਾ ਹੁਕਮ ਦਿੱਤਾ ਅਤੇ ਆਖਿਆ ਕਿ ਕੋਰੜੇ ਮਾਰ ਕੇ ਉਹ ਦੀ ਜਾਂਚ-ਪੜਤਾਲ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਉਹ ਕਿਸ ਕਾਰਨ ਇਹ ਦੇ ਮਗਰ ਰੌਲ਼ਾ ਪਾਉਂਦੇ ਹਨ। 25ਜਦੋਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਬੰਨਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜ੍ਹਾ ਸੀ ਆਖਿਆ, ਕੀ ਇਹ ਠੀਕ ਹੈ ਕਿ ਤੁਸੀਂ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤੇ ਬਿਨ੍ਹਾਂ ਕੋਰੜੇ ਮਾਰੋ? 26ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖ਼ਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ? ਇਹ ਮਨੁੱਖ ਤਾਂ ਰੋਮੀ ਹੈ! 27ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਕੀ ਤੂੰ ਰੋਮੀ ਹੈਂ? ਉਹ ਬੋਲਿਆ, ਹਾਂ ਜੀ। 28ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖ਼ਰਚ ਕੇ ਰੋਮੀ ਨਾਗਰਿਕਤਾ ਨੂੰ ਪ੍ਰਾਪਤ ਕੀਤਾ ਹੈ। ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ। 29ਉਪਰੰਤ ਜਿਹੜੇ ਉਹ ਦੀ ਜਾਂਚ-ਪੜਤਾਲ ਕਰਨ ਲੱਗੇ ਸਨ ਉਹ ਝੱਟ ਉਹ ਦੇ ਕੋਲੋਂ ਹੱਟ ਗਏ ਅਤੇ ਸਰਦਾਰ ਵੀ ਇਹ ਜਾਣ ਕੇ ਕਿ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨ੍ਹਿਆ, ਡਰ ਗਿਆ।
ਪੌਲੁਸ ਮਹਾਂ ਸਭਾ ਦੇ ਸਾਹਮਣੇ
30ਅਗਲੇ ਦਿਨ, ਇਹ ਪਤਾ ਲਗਾਉਣ ਲਈ ਕਿ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਸ ਨੇ ਉਹ ਨੂੰ ਖੋਲ੍ਹ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ। ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।

Subratllat

Copia

Compara

Comparteix

None

Vols que els teus subratllats es desin a tots els teus dispositius? Registra't o inicia sessió