ਰਸੂਲਾਂ ਦੇ ਕਰਤੱਬ 23
23
1ਤਦ ਪੌਲੁਸ ਨੇ ਸਭਾ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੱਕ ਪੂਰੀ ਨੇਕ ਨੀਅਤ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ। 2ਤਦ ਹਨਾਨਿਯਾਹ ਨਾਮ ਦੇ ਪ੍ਰਧਾਨ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖੜੇ ਸਨ ਹੁਕਮ ਦਿੱਤਾ ਕਿ ਇਹ ਦੇ ਮੂੰਹ ਤੇ ਮਾਰੋ। 3ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠਾ ਹੈਂ ਅਤੇ ਫਿਰ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ? 4ਤਦ ਜਿਹੜੇ ਕੋਲ ਖੜੇ ਸਨ ਉਹ ਬੋਲੇ, ਕੀ ਤੂੰ ਪਰਮੇਸ਼ੁਰ ਦੇ ਪ੍ਰਧਾਨ ਜਾਜਕ ਦੀ ਬੇਇੱਜ਼ਤੀ ਕਰਦਾ ਹੈਂ? 5ਤਦ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਪਤਾ ਨਹੀਂ ਸੀ ਜੋ ਇਹ ਪ੍ਰਧਾਨ ਜਾਜਕ ਹੈ ਕਿਉਂ ਜੋ ਲਿਖਿਆ ਹੈ ਕਿ ਤੂੰ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਫਿਟਕਾਰ ਨਾ ਦੇ।। 6ਪਰ ਜਦੋਂ ਪੌਲੁਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿੱਚ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਾਰੇ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ। 7ਜਦੋਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ। 8ਕਿਉਂ ਜੋ ਸਦੂਕੀ ਆਖਦੇ ਹਨ ਕਿ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ, ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ। 9ਤਦ ਵੱਡਾ ਰੌਲ਼ਾ ਪਿਆ ਅਤੇ ਫ਼ਰੀਸੀਆਂ ਦੀ ਵੱਲ ਦੇ ਉਪਦੇਸ਼ਕਾਂ ਵਿੱਚੋਂ ਕਈ ਆਦਮੀ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਇਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਦਿੱਸਦੀ ਪਰ ਜੇ ਕਿਸੇ ਆਤਮਾ ਜਾਂ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ, ਤਾਂ ਫੇਰ ਕੀ ਹੋਇਆ? 10ਜਦੋਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਅਧਿਕਾਰੀ ਨੇ ਇਸ ਡਰ ਦੇ ਮਾਰੇ ਕਿ ਕਿਤੇ ਉਹ ਪੌਲੁਸ ਦੇ ਟੋਟੇ ਨਾ ਕਰ ਦੇਣ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਕਿਲੇ ਅੰਦਰ ਲੈ ਜਾਓ।
11ਉਸੇ ਰਾਤ ਪ੍ਰਭੂ ਨੇ ਉਹ ਦੇ ਕੋਲ ਖੜੇ ਹੋ ਕੇ ਕਿਹਾ, ਹੌਂਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੂੰ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਗਵਾਹੀ ਦਿੱਤੀ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਗਵਾਹੀ ਦੇਣੀ ਪਵੇਗੀ।
ਪੌਲੁਸ ਦੀ ਹੱਤਿਆ ਦੀ ਸਾਜਿਸ਼
12ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਹਾਏ! 13ਜਿਨ੍ਹਾਂ ਆਪਸ ਵਿੱਚ ਮਿਲ ਕੇ ਇਹ ਸਹੁੰ ਖਾਧੀ ਉਹ ਚਾਲ੍ਹੀਆਂ ਤੋਂ ਵੱਧ ਸਨ। 14ਸੋ ਉਨ੍ਹਾਂ ਨੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਕਿ ਅਸੀਂ ਸਹੁੰ ਖਾਧੀ ਹੈ ਕਿ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ। 15ਸੋ ਹੁਣ ਤੁਸੀਂ ਸਭਾ ਦੇ ਨਾਲ ਮਿਲ ਕੇ ਫੌਜ ਦੇ ਸਰਦਾਰ ਨੂੰ ਆਖੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਕਿ ਜਿਵੇਂ ਤੁਸੀਂ ਉਹ ਦੀ ਹਕੀਕਤ ਦੀ ਹੋਰ ਵੀ ਠੀਕ ਤਰ੍ਹਾਂ ਜਾਂਚ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਹ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਦੇਣ ਲਈ ਤਿਆਰ ਰਹਾਂਗੇ। 16ਪਰ ਪੌਲੁਸ ਦਾ ਭਣੇਵਾਂ ਉਨ੍ਹਾਂ ਦੀ ਸਾਜਿਸ਼ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲੁਸ ਨੂੰ ਦੱਸ ਦਿੱਤਾ। 17ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਕਿ ਇਸ ਜਵਾਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾ ਕਿਉਂ ਜੋ ਇਸ ਨੇ ਉਹ ਨੂੰ ਕੁਝ ਦੱਸਣਾ ਹੈ। 18ਸੋ ਉਸ ਨੇ ਉਹ ਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ, ਪੌਲੁਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਬੇਨਤੀ ਕੀਤੀ ਕਿ ਇਸ ਜਵਾਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। 19ਉਪਰੰਤ ਸਰਦਾਰ ਨੇ ਉਹ ਦਾ ਹੱਥ ਫੜਿਆ ਅਤੇ ਇੱਕ ਪਾਸੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ, ਉਹ ਕੀ ਹੈ ਜੋ ਤੂੰ ਮੈਨੂੰ ਦੱਸਣਾ ਹੈ? 20ਉਹ ਬੋਲਿਆ, ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਬੇਨਤੀ ਕਰਨ ਜੋ ਤੁਸੀਂ ਭਲਕੇ ਪੌਲੁਸ ਨੂੰ ਸਭਾ ਵਿੱਚ ਲਿਆਵੋ ਕਿ ਜਿਵੇਂ ਤੁਸੀਂ ਉਹ ਦੇ ਬਾਰੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਣਾਂ ਚਾਹੁੰਦੇ ਹੋ। 21ਸੋ ਤੁਸੀਂ ਉਨ੍ਹਾਂ ਦੀ ਨਾ ਮੰਨਿਓ ਕਿਉਂ ਜੋ ਉਨ੍ਹਾਂ ਵਿੱਚੋਂ ਚਾਲ੍ਹੀਆਂ ਮਨੁੱਖਾਂ ਤੋਂ ਵੱਧ ਉਹ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਜਦੋਂ ਤੱਕ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਉਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਹਨ। 22ਤਾਂ ਸਰਦਾਰ ਨੇ ਉਸ ਜਵਾਨ ਨੂੰ ਇਹ ਹੁਕਮ ਦੇ ਕੇ ਵਿਦਾ ਕੀਤਾ ਕਿ ਕਿਸੇ ਕੋਲ ਨਾ ਆਖੀਂ ਜੋ ਤੂੰ ਇਹ ਗੱਲ ਮੈਨੂੰ ਦੱਸੀਂ ਹੈ।
ਪੌਲੁਸ ਨੂੰ ਫ਼ੇਲਿਕਸ ਦੇ ਕੋਲ ਭੇਜਣਾ
23ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਕਿ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਲਈ ਅਤੇ ਸੱਤਰ ਘੋੜ ਸਵਾਰ ਅਤੇ ਦੋ ਸੌ ਭਾਲੇ ਚੁਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ। 24ਅਤੇ ਸਵਾਰੀ ਹਾਜ਼ਰ ਕਰੋ ਜੋ ਉਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਰਖਿਅਤ ਪਹੁੰਚਾ ਦੇਣ। 25ਫੇਰ ਉਸ ਨੇ ਇਸ ਪਰਕਾਰ ਦੀ ਚਿੱਠੀ ਲਿਖੀ, 26ਕਲੌਦਿਯੁਸ ਲੁਸਿਯਸ ਦੇ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ। 27ਇਸ ਆਦਮੀ ਨੂੰ ਜਦੋਂ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਪਤਾ ਕਰ ਕੇ ਕਿ ਉਹ ਰੋਮੀ ਹੈ, ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ। 28ਅਤੇ ਜਦੋਂ ਮੈਂ ਇਹ ਪਤਾ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਦੋਸ਼ ਲਾਇਆ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ। 29ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਬਿਵਸਥਾ ਦੇ ਝਗੜਿਆਂ ਬਾਰੇ ਇਸ ਉੱਤੇ ਦੋਸ਼ ਲਾਇਆ, ਪਰ ਕੋਈ ਇਹੋ ਜਿਹਾ ਦੋਸ਼ ਨਹੀਂ ਸੀ ਜੋ ਉਹ ਦੇ ਕਤਲ ਜਾਂ ਕੈਦ ਦਾ ਕਾਰਨ ਹੋਵੇ। 30ਜਦੋਂ ਮੈਨੂੰ ਪਤਾ ਲੱਗਾ ਜੋ ਉਹ ਇਸ ਆਦਮੀ ਨੂੰ ਮਾਰਨ ਦੀ ਸਾਜਿਸ਼ ਬਣਾ ਰਹੇ ਹਨ, ਤਾਂ ਮੈਂ ਤੁਰੰਤ ਇਹ ਨੂੰ ਤੁਹਾਡੇ ਕੋਲ ਭੇਜ ਦਿੱਤਾ ਅਤੇ ਇਹ ਦੇ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਵੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਦੋਸ਼ ਲਾਉਣ।
31ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਵਿੱਚ ਪਹੁੰਚਾਇਆ। 32ਪਰ ਅਗਲੇ ਦਿਨ ਘੋੜ ਸਵਾਰਾਂ ਨੂੰ ਉਹ ਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ। 33ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆ ਕੇ ਹਾਕਮ ਨੂੰ ਚਿੱਠੀ ਦਿੱਤੀ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ। 34ਉਸ ਨੇ ਚਿੱਠੀ ਪੜ੍ਹ ਕੇ ਪੁੱਛਿਆ ਕਿ ਉਹ ਕਿਹੜੇ ਸੂਬੇ ਦਾ ਹੈ ਅਤੇ ਜਦੋਂ ਪਤਾ ਕੀਤਾ ਜੋ ਉਹ ਕਿਲਕਿਯਾ ਦਾ ਹੈ l 35ਅਤੇ ਕਿਹਾ ਕਿ ਤੇਰੇ ਉੱਤੇ ਦੋਸ਼ ਲਾਉਣ ਵਾਲੇ ਆ ਜਾਣ ਤਦ ਮੈਂ ਤੇਰੀ ਸੁਣਾਂਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹ ਨੂੰ ਚੌਕਸੀ ਨਾਲ ਰੱਖੋ।
S'ha seleccionat:
ਰਸੂਲਾਂ ਦੇ ਕਰਤੱਬ 23: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.