ਰਸੂਲਾਂ ਦੇ ਕਰਤੱਬ 21
21
ਪੌਲੁਸ ਯਰੂਸ਼ਲਮ ਨੂੰ ਜਾਂਦਾ ਹੈ
1ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਤੋਂ ਵਿਦਾ ਹੋ ਕੇ ਜਹਾਜ਼ ਖੋਲ੍ਹ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਅਤੇ ਦੂਜੇ ਦਿਨ ਰੋਦੁਸ ਨੂੰ, ਫਿਰ ਉੱਥੋਂ ਪਾਤਰ੍ਹਾਂ ਨੂੰ। 2ਅਤੇ ਇੱਕ ਜਹਾਜ਼ ਫ਼ੈਨੀਕੇ ਨੂੰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸਵਾਰ ਹੋਏ ਅਤੇ ਤੁਰ ਪਏ। 3ਜਦੋਂ ਕੁਪਰੁਸ ਵਿਖਾਈ ਦਿੱਤਾ ਤਾਂ ਉਹ ਨੂੰ ਖੱਬੇ ਹੱਥ ਛੱਡ ਕੇ ਸੀਰੀਯਾ ਨੂੰ ਚੱਲੇ ਅਤੇ ਸੂਰ ਵਿੱਚ ਜਾ ਉੱਤਰੇ, ਕਿਉਂ ਜੋ ਉੱਥੇ ਜਹਾਜ਼ ਦਾ ਮਾਲ ਉਤਾਰਨਾ ਸੀ। 4ਅਤੇ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉੱਥੇ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾ। 5ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਉੱਥੋਂ ਹੋ ਕੇ ਤੁਰ ਪਏ, ਉਹ ਸਾਰੇ ਔਰਤਾਂ ਅਤੇ ਬੱਚਿਆਂ ਨਾਲ ਨਗਰ ਦੇ ਬਾਹਰ ਤੱਕ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸੀਂ ਪ੍ਰਾਰਥਨਾ ਕੀਤੀ। 6ਅਤੇ ਇੱਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸਵਾਰ ਹੋਏ ਪਰ ਉਹ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ।
7ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਖ਼ਤਮ ਕਰਕੇ, ਤੁਲਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਦੀ ਸੁੱਖ-ਸਾਂਦ ਪੁੱਛ ਕੇ ਇੱਕ ਦਿਨ ਉਨ੍ਹਾਂ ਨਾਲ ਰਹੇ। 8ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿਪੁੱਸ ਖੁਸ਼ਖਬਰੀ ਦੇ ਪਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ। ਉਹ ਉਨ੍ਹਾਂ ਸੱਤਾਂ ਵਿੱਚੋਂ ਇੱਕ ਸੀ। 9ਉਹ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ। 10ਜਦੋਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਬੁਸ ਨਾਮ ਦਾ ਇੱਕ ਨਬੀ ਯਹੂਦਿਯਾ ਤੋਂ ਆਇਆ। 11ਉਹ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਸ ਤਰ੍ਹਾਂ ਆਖਦਾ ਹੈ ਕਿ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ, ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। 12ਜਦੋਂ ਇਹ ਗੱਲਾਂ ਸੁਣੀਆਂ ਤਾਂ ਅਸੀਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿੰਨਤ ਕੀਤੀ ਕਿ ਯਰੂਸ਼ਲਮ ਨੂੰ ਨਾ ਜਾਵੇ। 13ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਲਈ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ। 14ਜਦੋਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਰਹੇ ਕਿ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।
15ਇਨ੍ਹਾਂ ਦਿਨਾਂ ਤੋਂ ਬਾਅਦ ਅਸੀਂ ਤਿਆਰੀ ਕਰ ਕੇ, ਯਰੂਸ਼ਲਮ ਨੂੰ ਤੁਰ ਪਏ। 16ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਤੇ ਸਾਨੂੰ ਮਨਾਸੋਨ ਕੁਪਰੁਸੀ ਨਾਮ ਦੇ ਇੱਕ ਪੁਰਾਣੇ ਚੇਲੇ ਕੋਲ ਲੈ ਆਏ, ਜਿਸ ਦੇ ਕੋਲ ਅਸੀਂ ਠਹਿਰਨਾ ਸੀ।
ਪੌਲੁਸ ਯਾਕੂਬ ਨੂੰ ਮਿਲਦਾ ਹੈ
17ਜਦੋਂ ਅਸੀਂ ਯਰੂਸ਼ਲਮ ਵਿੱਚ ਆ ਪਹੁੰਚੇ ਤਾਂ ਭਰਾਵਾਂ ਨੇ ਖੁਸ਼ੀ ਨਾਲ ਸਾਡਾ ਸਵਾਗਤ ਕੀਤਾ। 18ਦੂਜੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ। 19ਅਤੇ ਉਸ ਨੇ ਉਹਨਾਂ ਨੂੰ ਪਰਨਾਮ ਕਰ ਕੇ, ਉਸ ਨੇ ਇੱਕ-ਇੱਕ ਕਰਕੇ ਉਹ ਸਾਰੇ ਜੋ ਕੰਮ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਵਿੱਚ ਉਹ ਦੀ ਸੇਵਕਾਈ ਦੇ ਦੁਆਰਾ ਕੀਤੇ ਸਨ, ਸੁਣਾ ਦਿੱਤੇ। 20ਸੋ ਉਨ੍ਹਾਂ ਨੇ ਸੁਣ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ, ਤੂੰ ਵੇਖਦਾ ਹੈਂ ਜੋ ਯਹੂਦੀਆਂ ਵਿੱਚ ਕਈ ਹਜ਼ਾਰ ਵਿਸ਼ਵਾਸੀ ਹਨ ਅਤੇ ਸਭ ਬਿਵਸਥਾ ਦੇ ਲਈ ਗੈਰਤ ਵਾਲੇ ਹਨ। 21ਅਤੇ ਉਨ੍ਹਾਂ ਤੇਰੀ ਇਹ ਖ਼ਬਰ ਸੁਣੀ ਹੈ ਕਿ ਤੂੰ ਸਾਰੇ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਵੱਸਦੇ ਹਨ, ਇਹ ਸਿਖਾਉਂਦਾ ਹੈਂ ਕਿ ਮੂਸਾ ਨੂੰ ਤਿਆਗੋ ਅਤੇ ਆਖਦਾ ਹੈਂ ਜੋ ਆਪਣਿਆਂ ਬਾਲਕਾਂ ਦੀ ਸੁੰਨਤ ਨਾ ਕਰਵਾਓ ਅਤੇ ਰੀਤਾਂ ਉੱਤੇ ਨਾ ਚੱਲੋ। 22ਸੋ ਹੁਣ ਕੀ ਕੀਤਾ ਜਾਵੇ? ਉਹ ਜ਼ਰੂਰ ਸੁਣ ਲੈਣਗੇ ਜੋ ਤੂੰ ਆਇਆ ਹੈਂ। 23ਇਸ ਲਈ ਤੂੰ ਇਸ ਤਰ੍ਹਾਂ ਕਰ ਜਿਵੇਂ ਅਸੀਂ ਤੈਨੂੰ ਦੱਸਦੇ ਹਾਂ। ਸਾਡੇ ਕੋਲ ਚਾਰ ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ। 24ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਆਪ ਨੂੰ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖ਼ਰਚ ਕਰ ਤਾਂ ਜੋ ਉਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਕਿ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸੀਂ ਸੁਣੀਆਂ ਹਨ ਉਹਨਾਂ ਵਿੱਚ ਸੱਚਾਈ ਨਹੀਂ ਹੈ, ਸਗੋਂ ਇਹ ਕੀ ਉਹ ਆਪ ਵੀ ਬਿਵਸਥਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ। 25ਪਰ ਪਰਾਈਆਂ ਕੌਮਾਂ ਦੇ ਹੱਕ ਵਿੱਚ ਜਿਨ੍ਹਾਂ ਵਿਸ਼ਵਾਸ ਕੀਤਾ ਹੈ ਅਸੀਂ ਇਹ ਲਿਖ ਭੇਜਿਆ ਸੀ ਕਿ ਉਹ ਮੂਰਤਾਂ ਦੇ ਚੜ੍ਹਾਵੇ, ਲਹੂ, ਗਲ਼ ਘੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ। 26ਤਦ ਪੌਲੁਸ ਨੇ ਉਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਨਾਲ ਆਪਣੇ ਆਪ ਨੂੰ ਸ਼ੁੱਧ ਕਰ ਕੇ ਹੈਕਲ ਵਿੱਚ ਗਿਆ ਅਤੇ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦੋਂ ਤੱਕ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਟ ਚੜ੍ਹਾਈ ਨਾ ਗਈ।
ਹੈਕਲ ਵਿੱਚ ਪੌਲੁਸ ਦਾ ਫੜਿਆ ਜਾਣਾ
27ਜਦ ਉਹ ਸੱਤ ਦਿਨ ਪੂਰੇ ਹੋਣ ਲੱਗੇ ਤਾਂ ਉਹਨਾਂ ਯਹੂਦੀਆਂ ਨੇ ਜਿਹੜੇ ਏਸ਼ੀਆ ਦੇ ਸਨ, ਉਹ ਨੂੰ ਹੈਕਲ ਵਿੱਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ। 28ਅਤੇ ਪੌਲੁਸ ਨੂੰ ਫੜ ਲਿਆ ਅਤੇ ਦੁਹਾਈ ਦੇਣ ਲੱਗੇ, ਹੇ ਇਸਰਾਏਲੀ ਮਰਦੋ ਇੱਥੇ ਆਓ ਅਤੇ ਮਦਦ ਕਰੋ! ਇਹ ਉਹ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ, ਬਿਵਸਥਾ ਅਤੇ ਇਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ! ਅਤੇ ਉਸ ਨੇ ਯੂਨਾਨੀਆਂ ਨੂੰ ਵੀ ਹੈਕਲ ਵਿੱਚ ਲਿਆਂਦਾ ਅਤੇ ਇਸ ਪਵਿੱਤਰ ਥਾਂ ਨੂੰ ਭਰਿਸ਼ਟ ਕੀਤਾ ਹੈ। 29ਇਸ ਲਈ ਜੋ ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਹਿਰ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਉਹ ਦੇ ਨਾਲ ਦੇਖਿਆ ਸੀ ਅਤੇ ਸ਼ੱਕ ਕੀਤਾ ਜੋ ਪੌਲੁਸ ਉਹ ਨੂੰ ਹੈਕਲ ਵਿੱਚ ਲਿਆਇਆ ਹੋਵੇਗਾ। 30ਤਦ ਸਾਰੇ ਸ਼ਹਿਰ ਵਿੱਚ ਰੌਲ਼ਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ, ਉਹ ਪੌਲੁਸ ਨੂੰ ਫੜ੍ਹ ਕੇ ਹੈਕਲੋਂ ਬਾਹਰ ਲੈ ਆਏ ਅਤੇ ਝੱਟ ਦਰਵਾਜ਼ੇ ਬੰਦ ਕੀਤੇ ਗਏ। 31ਜਦੋਂ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਫੌਜ ਦੇ ਸਰਦਾਰ ਨੂੰ ਖ਼ਬਰ ਪਹੁੰਚੀ ਕਿ ਸਾਰੇ ਯਰੂਸ਼ਲਮ ਵਿੱਚ ਭਗਦੜ ਮੱਚ ਗਈ ਹੈ। 32ਤਾਂ ਉਹ ਉਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਵੱਲ ਦੌੜ ਪਿਆ ਅਤੇ ਉਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਨੂੰ ਮਾਰਨ ਤੋਂ ਹੱਟ ਗਏ। 33ਤਦ ਸਰਦਾਰ ਨੇ ਨੇੜੇ ਆ ਕੇ ਉਹ ਨੂੰ ਫੜ ਲਿਆ ਅਤੇ ਹੁਕਮ ਦਿੱਤਾ ਕਿ ਉਹ ਨੂੰ ਦੋ ਸੰਗਲਾਂ ਨਾਲ ਬੰਨ੍ਹ ਲਓ ਅਤੇ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ? 34ਤਦ ਭੀੜ ਵਿੱਚੋਂ ਕਈ ਕੁਝ ਕਹਿਣ ਲੱਗੇ ਅਤੇ ਕਈ ਕੁਝ, ਜਦੋਂ ਉਹ ਉਸ ਰੌਲ਼ੇ ਦੇ ਕਾਰਨ ਅਸਲੀ ਗੱਲ ਪਤਾ ਨਾ ਕਰ ਸਕਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਇਹ ਨੂੰ ਕਿਲੇ ਵਿੱਚ ਲੈ ਜਾਓ। 35ਅਤੇ ਜਦੋਂ ਉਹ ਪੌੜੀਆਂ ਉੱਤੇ ਪਹੁੰਚਿਆ ਤਾਂ ਇਸ ਤਰ੍ਹਾਂ ਹੋਇਆ ਜੋ ਹਿੰਸਕ ਭੀੜ ਦੇ ਕਾਰਨ, ਸਿਪਾਹੀਆਂ ਨੇ ਉਹ ਨੂੰ ਚੁੱਕ ਲਿਆ। 36ਕਿਉਂ ਜੋ ਲੋਕਾਂ ਦੀ ਭੀੜ ਇਹ ਰੌਲ਼ਾ ਪਾਉਂਦੀ ਮਗਰ ਚੱਲੀ ਆਉਂਦੀ ਸੀ ਕਿ ਇਹ ਨੂੰ ਮਾਰ ਦਿਓ!।
ਪੌਲੁਸ ਦਾ ਭੀੜ ਨੂੰ ਭਾਸ਼ਣ
37ਜਦੋਂ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ? ਉਹ ਬੋਲਿਆ, ਕੀ, ਤੂੰ ਯੂਨਾਨੀ ਬੋਲੀ ਜਾਣਦਾ ਹੈਂ? 38ਕੀ ਤੂੰ ਉਹੋ ਮਿਸਰੀ ਨਹੀਂ ਹੈਂ, ਜਿਹੜਾ ਕੁਝ ਦਿਨ ਪਹਿਲਾਂ ਦੰਗਾ ਕਰ ਕੇ ਡਾਕੂਆਂ ਦੇ ਚਾਰ ਹਜ਼ਾਰ ਆਦਮੀਆਂ ਨੂੰ ਜੰਗਲ ਵਿੱਚ ਲੈ ਗਿਆ ਸੀ। 39ਪੌਲੁਸ ਨੇ ਕਿਹਾ, ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ, ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਆਗਿਆ ਦੇ। 40ਜਦੋਂ ਉਸ ਨੇ ਆਗਿਆ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਅਤੇ ਜਦੋਂ ਉਹ ਸਭ ਚੁੱਪ-ਚਾਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਬੋਲਣ ਲੱਗਾ ਅਤੇ ਆਖਿਆ:
S'ha seleccionat:
ਰਸੂਲਾਂ ਦੇ ਕਰਤੱਬ 21: IRVPun
Subratllat
Copia
Compara
Comparteix
Vols que els teus subratllats es desin a tots els teus dispositius? Registra't o inicia sessió
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.