Fò sí àkóónú

ਕਹਾਉਤਾਂ 13

13
1ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਦੀ ਸਿੱਖਿਆ ਨੂੰ ਮੰਨਦਾ ਹੈ,
ਪਰ ਮਜ਼ਾਕੀਆ ਝਿੜਕਾਂ ਨੂੰ ਨਹੀਂ ਸੁਣਦਾ।
2ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਚੀਜ਼ਾਂ ਦਾ ਆਨੰਦ ਮਾਣਦੇ ਹਨ,
ਪਰੰਤੂ ਵਿਸ਼ਵਾਸਘਾਤੀ ਦਾ ਪੇਟ ਜ਼ੁਲਮ ਨਾਲ ਭਰਦਾ ਹੈ।
3ਜਿਹੜੇ ਆਪਣੇ ਬੁੱਲ੍ਹਾਂ ਦੀ ਰਾਖੀ ਕਰਦੇ ਹਨ, ਉਹ ਆਪਣੀ ਜਾਨ ਦੀ ਰਾਖੀ ਕਰਦੇ ਹਨ,
ਪਰ ਜੋ ਕਾਹਲੀ ਨਾਲ ਬੋਲਦੇ ਹਨ ਉਹ ਤਬਾਹ ਹੋ ਜਾਣਗੇ।
4ਆਲਸੀ ਦੀ ਭੁੱਖ ਕਦੇ ਨਹੀਂ ਭਰਦੀ,
ਪਰ ਮਿਹਨਤੀ ਦੀ ਇੱਛਾ ਪੂਰੀ ਹੁੰਦੀ ਹੈ।
5ਧਰਮੀ ਝੂਠ ਨੂੰ ਨਫ਼ਰਤ ਕਰਦੇ ਹਨ,
ਪਰ ਦੁਸ਼ਟ ਆਪਣੇ ਆਪ ਨੂੰ ਬਦਬੂਦਾਰ ਬਣਾਉਂਦੇ
ਅਤੇ ਆਪਣੇ ਆਪ ਨੂੰ ਸ਼ਰਮਸਾਰ ਕਰਦੇ ਹਨ।
6ਧਰਮ ਖਰਿਆਈ ਦੀ ਰਾਖੀ ਕਰਦਾ ਹੈ,
ਪਰ ਦੁਸ਼ਟਤਾ ਪਾਪੀ ਨੂੰ ਪਛਾੜ ਦਿੰਦੀ ਹੈ।
7ਕੋਈ ਅਮੀਰ ਹੋਣ ਦਾ ਦਿਖਾਵਾ ਕਰਦਾ ਹੈ ਪਰ ਉਸ ਕੋਲ ਕੁਝ ਨਹੀਂ ਹੈ,
ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ।
8ਇੱਕ ਵਿਅਕਤੀ ਦੀ ਜਾਨ ਦਾ ਛੁਟਕਾਰਾ ਉਸਦਾ ਧਨ ਹੈ,
ਪਰ ਗਰੀਬ ਝਿੜਕਾਂ ਅਤੇ ਧਮਕੀਆਂ ਦਾ ਜਵਾਬ ਨਹੀਂ ਦੇ ਸਕਦਾ।
9ਧਰਮੀ ਦੀ ਜੋਤ ਚਮਕਦੀ ਹੈ,
ਪਰ ਦੁਸ਼ਟ ਦਾ ਦੀਵਾ ਬੁਝ ਜਾਂਦਾ ਹੈ।
10ਜਿੱਥੇ ਝਗੜਾ ਹੁੰਦਾ ਹੈ ਉੱਥੇ ਹੰਕਾਰ ਹੈ,
ਪਰ ਸਲਾਹ ਲੈਣ ਵਾਲਿਆਂ ਵਿੱਚ ਸਮਝ ਹੁੰਦੀ ਹੈ।
11ਬੇਈਮਾਨੀ ਦਾ ਧਨ ਘਟਦਾ ਜਾਂਦਾ ਹੈ,
ਪਰ ਜੋ ਕੋਈ ਮਿਹਨਤ ਕਰਦਾ ਹੈ ਉਸਦਾ ਧਨ ਹੌਲੀ-ਹੌਲੀ ਜਾਵੇਗਾ।
12ਆਸ ਜਦੋਂ ਪੂਰੀ ਨਹੀਂ ਹੁੰਦੀ ਤਾਂ ਦਿਲ ਟੁੱਟਦਾ ਹੈ,
ਪਰ ਇੱਛਾ ਪੂਰੀ ਹੋਣੀ ਜੀਵਨ ਦਾ ਰੁੱਖ ਹੈ।
13ਜੋ ਕੋਈ ਉਪਦੇਸ਼ ਨੂੰ ਤੁੱਛ ਜਾਣਦਾ ਹੈ ਉਹ ਆਪਣਾ ਨਾਸ ਕਰਦਾ ਹੈ,
ਪਰ ਜਿਹੜਾ ਹੁਕਮ ਦਾ ਆਦਰ ਕਰਦਾ ਹੈ ਉਸ ਨੂੰ ਇਨਾਮ ਮਿਲੇਗਾ।
14ਬੁੱਧਵਾਨ ਦੀ ਸਿੱਖਿਆ ਜੀਵਨ ਦਾ ਸੋਤਾ ਹੈ,
ਜੋ ਇੱਕ ਮਨੁੱਖ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦੀ ਹੈ।
15ਚੰਗੇ ਨਿਆਉਂ ਨਾਲ ਕਿਰਪਾ ਹੁੰਦੀ ਹੈ,
ਪਰ ਬੇਵਫ਼ਾ ਦਾ ਰਾਹ ਉਹਨਾਂ ਨੂੰ ਬਰਬਾਦੀ ਵੱਲ ਲੈ ਜਾਂਦਾ ਹੈ।
16ਸਾਰੇ ਜਿਹੜੇ ਬੁੱਧਵਾਨ ਹਨ ਗਿਆਨ ਨਾਲ ਕੰਮ ਕਰਦੇ ਹਨ,
ਪਰ ਮੂਰਖ ਆਪਣੀ ਮੂਰਖਤਾਈ ਦਾ ਪ੍ਰਚਾਰ ਕਰਦੇ ਹਨ।
17ਇੱਕ ਦੁਸ਼ਟ ਸੰਦੇਸ਼ਵਾਹਕ ਮੁਸੀਬਤ ਵਿੱਚ ਪੈਂਦਾ ਹੈ,
ਪਰ ਇੱਕ ਭਰੋਸੇਮੰਦ ਸੰਦੇਸ਼ਵਾਹਕ ਚੰਗਾ ਕਰਦਾ ਹੈ।
18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਗਰੀਬ ਅਤੇ ਸ਼ਰਮਿੰਦਾ ਹੋਵੇਗਾ,
ਪਰ ਜਿਹੜਾ ਤਾੜਨਾ ਨੂੰ ਸੁਣਦਾ ਹੈ ਉਹ ਆਦਰ ਪ੍ਰਾਪਤ ਕਰਦਾ ਹੈ।
19ਤਾਂਘ ਦੀ ਪੂਰਤੀ ਆਤਮਾ ਲਈ ਮਿੱਠੀ ਹੈ,
ਪਰ ਮੂਰਖ ਬੁਰਿਆਈ ਤੋਂ ਮੁੜਨ ਨੂੰ ਘਿਣ ਕਰਦਾ ਹੈ।
20ਬੁੱਧਵਾਨ ਦੇ ਨਾਲ ਚੱਲੋ ਅਤੇ ਬੁੱਧਵਾਨ ਬਣੋਗੇ,
ਕਿਉਂਕਿ ਮੂਰਖਾਂ ਦੇ ਸਾਥੀ ਦਾ ਨੁਕਸਾਨ ਹੁੰਦਾ ਹੈ।
21ਮੁਸੀਬਤ ਪਾਪੀ ਦਾ ਪਿੱਛਾ ਕਰਦੀ ਹੈ,
ਪਰ ਧਰਮੀ ਨੂੰ ਚੰਗੀਆਂ ਚੀਜ਼ਾਂ ਦਾ ਫਲ ਮਿਲਦਾ ਹੈ।
22ਇੱਕ ਚੰਗਾ ਮਨੁੱਖ ਆਪਣੇ ਬਾਲਕਾਂ ਲਈ ਵਿਰਾਸਤ ਛੱਡਦਾ ਹੈ,
ਪਰ ਪਾਪੀ ਦੀ ਦੌਲਤ ਧਰਮੀਆਂ ਲਈ ਰੱਖੀ ਜਾਂਦੀ ਹੈ।
23ਬਿਨਾਂ ਹਲ ਚਲਾਏ ਵਾਲਾ ਖੇਤ ਗਰੀਬਾਂ ਲਈ ਅੰਨ ਪੈਦਾ ਕਰਦਾ ਹੈ,
ਪਰ ਬੇਇਨਸਾਫ਼ੀ ਉਸ ਨੂੰ ਹੂੰਝ ਲੈਂਦੀ ਹੈ।
24ਜਿਹੜਾ ਆਪਣੇ ਬੱਚਿਆ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਹਨਾਂ ਦਾ ਵੈਰੀ ਹੈ,
ਪਰ ਜਿਹੜਾ ਆਪਣੇ ਬੱਚਿਆ ਨੂੰ ਚੰਗੀ ਤਰ੍ਹਾਂ ਪਿਆਰ ਕਰਦਾ ਹੈ ਉਹਨਾਂ ਨੂੰ ਤਾੜਦਾ ਹੈ।
25ਧਰਮੀ ਤਾਂ ਆਪਣੇ ਮਨ ਨਾਲ ਖਾਂਦੇ ਹਨ,
ਪਰ ਦੁਸ਼ਟ ਦਾ ਪੇਟ ਭੁੱਖਾ ਰਹਿੰਦਾ ਹੈ।