ਕਹਾਉਤਾਂ 12
12
1ਜਿਹੜਾ ਅਨੁਸ਼ਾਸਨ ਨੂੰ ਪਿਆਰ ਕਰਦਾ ਹੈ ਉਹ ਗਿਆਨ ਨੂੰ ਪਿਆਰ ਕਰਦਾ ਹੈ,
ਪਰ ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮੂਰਖ ਹੈ।
2ਚੰਗੇ ਲੋਕ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ,
ਪਰ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।
3ਬੁਰਾਈ ਨਾਲ ਕੋਈ ਕਾਇਮ ਨਹੀਂ ਹੋ ਸਕਦਾ,
ਪਰ ਧਰਮੀ ਦੀ ਜੜ੍ਹ ਕਦੀ ਪੁੱਟੀ ਨਹੀਂ ਜਾਵੇਗੀ।
4ਨੇਕ ਚਰਿੱਤਰ ਵਾਲੀ ਪਤਨੀ ਆਪਣੇ ਪਤੀ ਦਾ ਤਾਜ ਹੈ,
ਪਰ ਘਿਣਾਉਣੀ ਪਤਨੀ ਉਸ ਦੀਆਂ ਹੱਡੀਆਂ ਦਾ ਸਾੜਾ ਹੈ।
5ਧਰਮੀ ਦੀਆਂ ਯੋਜਨਾਵਾਂ ਨਿਆਂ ਵਾਲੀਆਂ ਹਨ,
ਪਰ ਦੁਸ਼ਟ ਦੀ ਸਲਾਹ ਧੋਖਾ ਦੇਣ ਵਾਲੀ ਹੈ।
6ਦੁਸ਼ਟ ਦੇ ਬਚਨ ਲਹੂ ਦੀ ਉਡੀਕ ਵਿੱਚ ਪਏ ਰਹਿੰਦੇ ਹਨ,
ਪਰ ਨੇਕ ਦੀ ਗੱਲ ਉਹਨਾਂ ਨੂੰ ਬਚਾਉਂਦੀ ਹੈ।
7ਦੁਸ਼ਟ ਉਜਾੜ ਦਿੱਤੇ ਜਾਂਦੇ ਹਨ ਅਤੇ ਉਹ ਹੋਰ ਨਹੀਂ ਰਹਿੰਦੇ,
ਪਰ ਧਰਮੀ ਦਾ ਘਰ ਸਥਿਰ ਰਹਿੰਦਾ ਹੈ।
8ਮਨੁੱਖ ਦੀ ਪ੍ਰਸ਼ੰਸਾ ਉਸਦੀ ਬੁੱਧ ਦੇ ਅਨੁਸਾਰ ਹੁੰਦੀ ਹੈ,
ਅਤੇ ਵਿਗੜੇ ਹੋਏ ਮਨ ਵਾਲੇ ਨੂੰ ਤੁੱਛ ਜਾਣਿਆ ਜਾਂਦਾ ਹੈ।
9ਇੱਕ ਨੌਕਰ ਦੇ ਨਾਲ ਇੱਕ ਆਮ ਵਿਅਕਤੀ ਹੋਣਾ ਬਿਹਤਰ ਹੈ
ਉਹ ਉਸ ਨਾਲੋਂ ਉੱਤਮ ਹੈ ਜੋ ਆਪਣੇ ਆਪ ਨੂੰ ਦਿਖਾਉਂਦਾ ਹੈ, ਪਰ ਖਾਣ ਲਈ ਰੋਟੀ ਵੀ ਨਹੀਂ।
10ਧਰਮੀ ਆਪਣੇ ਪਸ਼ੂਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ,
ਪਰ ਦੁਸ਼ਟਾਂ ਦੇ ਚੰਗੇ ਕੰਮ ਬੇਰਹਿਮ ਹਨ।
11ਜਿਹੜੇ ਆਪਣੀ ਜ਼ਮੀਨ ਵਿੱਚ ਕੰਮ ਕਰਦੇ ਹਨ, ਉਨ੍ਹਾਂ ਕੋਲ ਬਹੁਤ ਸਾਰਾ ਭੋਜਨ ਹੋਵੇਗਾ,
ਪਰ ਜਿਹੜੇ ਲੋਕ ਕਲਪਨਾਵਾਂ ਦਾ ਪਿੱਛਾ ਕਰਦੇ ਹਨ ਉਹਨਾਂ ਨੂੰ ਕੋਈ ਸਮਝ ਨਹੀਂ ਹੈ।
12ਦੁਸ਼ਟ ਦੁਸ਼ਟਾਂ ਦੇ ਗੜ੍ਹ ਨੂੰ ਲੋਚਦਾ ਹੈ,
ਪਰ ਧਰਮੀ ਦੀ ਜੜ੍ਹ ਕਾਇਮ ਰਹਿੰਦੀ ਹੈ।
13ਦੁਸ਼ਟ ਆਪਣੀਆਂ ਪਾਪੀ ਗੱਲਾਂ ਵਿੱਚ ਫਸ ਜਾਂਦੇ ਹਨ,
ਅਤੇ ਇਸ ਤਰ੍ਹਾਂ ਨਿਰਦੋਸ਼ ਮੁਸੀਬਤ ਤੋਂ ਬਚ ਜਾਂਦੇ ਹਨ।
14ਲੋਕ ਆਪਣੇ ਬੁੱਲ੍ਹਾਂ ਦੇ ਫਲ ਤੋਂ ਚੰਗੀਆਂ ਵਸਤਾਂ ਨਾਲ ਭਰ ਜਾਂਦੇ ਹਨ,
ਅਤੇ ਉਹਨਾਂ ਦੇ ਹੱਥਾਂ ਦਾ ਕੰਮ ਉਹਨਾਂ ਨੂੰ ਫਲ ਦਿੰਦਾ ਹੈ।
15ਮੂਰਖਾਂ ਦਾ ਰਾਹ ਉਹਨਾਂ ਨੂੰ ਠੀਕ ਲੱਗਦਾ ਹੈ,
ਪਰ ਬੁੱਧਵਾਨ ਸਲਾਹ ਨੂੰ ਸੁਣਦੇ ਹਨ।
16ਮੂਰਖ ਇੱਕ ਵਾਰੀ ਆਪਣਾ ਗੁੱਸਾ ਦਿਖਾਉਂਦੇ ਹਨ,
ਪਰ ਸਿਆਣਾ ਅਪਮਾਨ ਨੂੰ ਨਜ਼ਰ ਅੰਦਾਜ਼ ਕਰਦਾ ਹੈ।
17ਇੱਕ ਇਮਾਨਦਾਰ ਗਵਾਹ ਸੱਚ ਬੋਲਦਾ ਹੈ,
ਪਰ ਝੂਠਾ ਗਵਾਹ ਝੂਠ ਬੋਲਦਾ ਹੈ।
18ਬਿਨ੍ਹਾ ਸੋਚੇ ਸਮਝੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਵਾਂਗੂੰ ਵਿੰਨ੍ਹਦੀਆਂ ਹਨ,
ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰਦੀ ਹੈ।
19ਸੱਚੇ ਬੁੱਲ੍ਹ ਸਦਾ ਟਿਕਦੇ ਹਨ,
ਪਰ ਝੂਠੀ ਜੀਭ ਇੱਕ ਪਲ ਹੀ ਰਹਿੰਦੀ ਹੈ।
20ਬੁਰਿਆਈ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੈ,
ਪਰ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮਨ ਵਿੱਚ ਅਨੰਦ ਹੁੰਦਾ ਹੈ।
21ਧਰਮੀ ਉੱਤੇ ਕੋਈ ਬਿਪਤਾ ਨਹੀਂ ਆਉਂਦੀ,
ਪਰ ਦੁਸ਼ਟਾਂ ਦੁੱਖ ਨਾਲ ਭਰੇ ਰਹਿੰਦੇ ਹੈ।
22ਯਾਹਵੇਹ ਝੂਠੇ ਬੁੱਲ੍ਹਾਂ ਨੂੰ ਨਫ਼ਰਤ ਕਰਦਾ ਹੈ,
ਪਰ ਉਹ ਭਰੋਸੇਮੰਦ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।
23ਸਿਆਣਾ ਆਪਣਾ ਗਿਆਨ ਆਪਣੇ ਕੋਲ ਰੱਖਦਾ ਹੈ,
ਪਰ ਮੂਰਖ ਦਾ ਮਨ ਮੂਰਖਤਾ ਦਾ ਪ੍ਰਚਾਰ ਕਰਦਾ ਹੈ।
24ਮਿਹਨਤੀ ਹੱਥ ਰਾਜ ਕਰਨਗੇ,
ਪਰ ਆਲਸੀ ਨੂੰ ਮਜ਼ਬੂਰੀ ਵਿੱਚ ਮਜ਼ਦੂਰੀ ਕਰਨੀ ਪੈਂਦੀ ਹੈ।
25ਚਿੰਤਾ ਦਿਲ ਉੱਤੇ ਭਾਰ ਪਾਉਂਦੀ ਹੈ,
ਪਰ ਇੱਕ ਪਿਆਰਾ ਸ਼ਬਦ ਇਸ ਨੂੰ ਖੁਸ਼ ਕਰਦਾ ਹੈ।
26ਧਰਮੀ ਆਪਣੇ ਮਿੱਤਰਾਂ ਨੂੰ ਧਿਆਨ ਨਾਲ ਚੁਣਦੇ ਹਨ,
ਪਰ ਦੁਸ਼ਟਾਂ ਦਾ ਰਾਹ ਉਹਨਾਂ ਨੂੰ ਕੁਰਾਹੇ ਪਾਉਂਦਾ ਹੈ।
27ਆਲਸੀ ਕੋਲ ਪਕਾਉਣ ਲਈ ਕੁਝ ਨਹੀਂ ਹੁੰਦਾ,
ਪਰ ਮਿਹਨਤੀ ਹਰ ਚੀਜ਼ ਦੀ ਵਰਤੋਂ ਕਰਦੇ ਹਨ ਜੋ ਉਹ ਲੱਭਦੇ ਹਨ।
28ਧਰਮ ਦੇ ਰਾਹ ਵਿੱਚ ਜੀਵਨ ਹੈ।
ਅਤੇ ਉਸਦੇ ਮਾਰਗ ਵਿੱਚ ਮੌਤ ਦਾ ਪਤਾ ਵੀ ਨਹੀਂ ਹੈ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.