Chapa ya Youversion
Ikoni ya Utafutaji

ਉਤਪਤ 43

43
ਮਿਸਰ ਵੱਲ ਦੂਸਰਾ ਸਫ਼ਰ
1ਹੁਣ ਦੇਸ਼ ਵਿੱਚ ਕਾਲ ਅਜੇ ਵੀ ਸਖ਼ਤ ਸੀ। 2ਜਦੋਂ ਉਹਨਾਂ ਨੇ ਮਿਸਰ ਤੋਂ ਲਿਆਏ ਹੋਏ ਸਾਰੇ ਅੰਨ ਖਾ ਲਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਆਖਿਆ, ਵਾਪਸ ਜਾਓ ਅਤੇ ਸਾਡੇ ਲਈ ਕੁਝ ਹੋਰ ਭੋਜਨ ਖਰੀਦੋ।
3ਪਰ ਯਹੂਦਾਹ ਨੇ ਉਸ ਨੂੰ ਕਿਹਾ, “ਉਸ ਆਦਮੀ ਨੇ ਸਾਨੂੰ ਸਾਵਧਾਨ ਕੀਤਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਿੰਨਾ ਚਿਰ ਤੁਹਾਡਾ ਭਰਾ ਤੁਹਾਡੇ ਨਾਲ ਨਹੀਂ ਆਵੇਗਾ।’ 4ਜੇਕਰ ਤੁਸੀਂ ਸਾਡੇ ਭਰਾ ਨੂੰ ਸਾਡੇ ਨਾਲ ਭੇਜੋਂਗੇ ਤਾਂ ਅਸੀਂ ਜਾਵਾਂਗੇ। ਹੇਠਾਂ ਅਤੇ ਤੁਹਾਡੇ ਲਈ ਭੋਜਨ ਖਰੀਦ ਕੇ ਲੈ ਆਵਾਂਗੇ। 5ਪਰ ਜੇ ਤੁਸੀਂ ਉਹ ਨੂੰ ਨਾ ਭੇਜੋਂਗੇ ਤਾਂ ਅਸੀਂ ਹੇਠਾਂ ਨਹੀਂ ਜਾਵਾਂਗੇ ਕਿਉਂਕਿ ਉਸ ਮਨੁੱਖ ਨੇ ਸਾਨੂੰ ਕਿਹਾ ਸੀ, ‘ਤੁਸੀਂ ਮੇਰਾ ਮੂੰਹ ਫੇਰ ਨਹੀਂ ਵੇਖੋਂਗੇ ਜਦ ਤੱਕ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ।’ ”
6ਇਸਰਾਏਲ ਨੇ ਪੁੱਛਿਆ, “ਤੂੰ ਉਸ ਆਦਮੀ ਨੂੰ ਇਹ ਕਹਿ ਕੇ ਮੇਰੇ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ ਕਿ ਤੇਰਾ ਇੱਕ ਹੋਰ ਭਰਾ ਹੈ?”
7ਉਹਨਾਂ ਨੇ ਉੱਤਰ ਦਿੱਤਾ, “ਉਸ ਆਦਮੀ ਨੇ ਸਾਡੇ ਬਾਰੇ ਅਤੇ ਸਾਡੇ ਪਰਿਵਾਰ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ‘ਕੀ ਤੁਹਾਡੇ ਪਿਤਾ ਜੀ ਅਜੇ ਵੀ ਜਿਉਂਦਾ ਹਨ?’ ਉਸ ਨੇ ਸਾਨੂੰ ਪੁੱਛਿਆ। ‘ਕੀ ਤੁਹਾਡਾ ਕੋਈ ਹੋਰ ਭਰਾ ਹੈ?’ ਅਸੀਂ ਸਿਰਫ ਉਸ ਦੇ ਸਵਾਲਾਂ ਦੇ ਜਵਾਬ ਦਿੱਤੇ। ਸਾਨੂੰ ਕਿਵੇਂ ਪਤਾ ਲੱਗਾ ਕਿ ਉਹ ਕਹੇਗਾ, ‘ਆਪਣੇ ਭਰਾ ਨੂੰ ਇੱਥੇ ਲਿਆਓ’?”
8ਤਦ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, “ਲੜਕੇ ਨੂੰ ਮੇਰੇ ਨਾਲ ਭੇਜ ਅਤੇ ਅਸੀਂ ਉਸੇ ਵੇਲੇ ਚੱਲੇ ਜਾਵਾਂਗੇ ਤਾਂ ਜੋ ਅਸੀਂ ਅਤੇ ਤੁਸੀਂ ਅਤੇ ਸਾਡੇ ਬੱਚੇ ਜੀਉਂਦੇ ਰਹੀਏ ਅਤੇ ਨਾ ਮਰੀਏ। 9ਮੈਂ ਆਪ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਦਾ ਹਾਂ। ਤੁਸੀਂ ਮੈਨੂੰ ਉਸ ਲਈ ਨਿੱਜੀ ਤੌਰ ਉੱਤੇ ਜ਼ਿੰਮੇਵਾਰ ਠਹਿਰਾ ਸਕਦੇ ਹੋ। ਜੇ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਅਤੇ ਇੱਥੇ ਤੁਹਾਡੇ ਸਾਹਮਣੇ ਖੜ੍ਹਾ ਨਾ ਕੀਤਾ, ਤਾਂ ਮੈਂ ਸਾਰੀ ਉਮਰ ਤੁਹਾਡੇ ਅੱਗੇ ਦੋਸ਼ ਝੱਲਾਂਗਾ। 10ਜੇਕਰ ਅਸੀਂ ਦੇਰੀ ਨਾ ਕੀਤੀ ਹੁੰਦੀ, ਤਾਂ ਅਸੀਂ ਦੋ ਵਾਰ ਜਾ ਕੇ ਮੁੜ ਸਕਦੇ ਸੀ।”
11ਤਦ ਉਹਨਾਂ ਦੇ ਪਿਤਾ ਇਸਰਾਏਲ ਨੇ ਉਹਨਾਂ ਨੂੰ ਆਖਿਆ, “ਜੇਕਰ ਅਜਿਹਾ ਹੈ ਤਾਂ ਇਸ ਤਰ੍ਹਾਂ ਕਰੋ ਕਿ ਦੇਸ਼ ਦੇ ਕੁਝ ਉੱਤਮ ਪਦਾਰਥਾਂ ਨੂੰ ਆਪਣੇ ਥੈਲਿਆਂ ਵਿੱਚ ਪਾਓ ਅਤੇ ਉਸ ਮਨੁੱਖ ਲਈ ਤੋਹਫ਼ੇ ਵਜੋਂ ਲੈ ਜਾਓ-ਇੱਕ ਛੋਟਾ ਮਲਮ ਅਤੇ ਥੋੜਾ ਜਿਹਾ ਸ਼ਹਿਦ, ਕੁਝ ਮਸਾਲੇ ਅਤੇ ਗੰਧਰਸ, ਕੁਝ ਪਿਸਤਾ ਅਤੇ ਬਦਾਮ। 12ਦੁੱਗਣੀ ਚਾਂਦੀ ਆਪਣੇ ਨਾਲ ਲੈ ਜਾਉ, ਕਿਉਂਕਿ ਜਿਹੜੀ ਚਾਂਦੀ ਤੁਹਾਡੀਆਂ ਬੋਰੀਆਂ ਦੇ ਮੂੰਹ ਵਿੱਚ ਪਾਈ ਗਈ ਸੀ, ਉਹ ਤੁਹਾਨੂੰ ਵਾਪਸ ਕਰਨੀ ਚਾਹੀਦੀ ਹੈ। ਸ਼ਾਇਦ ਇਹ ਇੱਕ ਗਲਤੀ ਸੀ। 13ਆਪਣੇ ਭਰਾ ਨੂੰ ਵੀ ਲੈ ਜਾ ਅਤੇ ਉਸੇ ਵੇਲੇ ਉਸ ਆਦਮੀ ਕੋਲ ਵਾਪਸ ਚਲਾ ਜਾ। 14ਅਤੇ ਸਰਵਸ਼ਕਤੀਮਾਨ ਪਰਮੇਸ਼ਵਰ ਉਸ ਮਨੁੱਖ ਦੇ ਅੱਗੇ ਤੁਹਾਡੇ ਉੱਤੇ ਦਯਾ ਕਰੇ ਤਾਂ ਜੋ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਵਾਪਸ ਆਉਣ ਦੇਵੇ। ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਤਾਂ ਹੁਣ ਇਸ ਤਰਾਂ ਹੋਣ ਦਿਉ।”
15ਸੋ ਮਨੁੱਖਾਂ ਨੇ ਤੋਹਫ਼ੇ ਅਤੇ ਚਾਂਦੀ ਦਾ ਦੁੱਗਣਾ ਮੁੱਲ ਅਤੇ ਬਿਨਯਾਮੀਨ ਨੂੰ ਵੀ ਲੈ ਲਏ। ਉਹ ਜਲਦੀ ਮਿਸਰ ਨੂੰ ਗਏ ਅਤੇ ਆਪਣੇ ਆਪ ਨੂੰ ਯੋਸੇਫ਼ ਦੇ ਸਾਹਮਣੇ ਪੇਸ਼ ਕੀਤਾ। 16ਜਦੋਂ ਯੋਸੇਫ਼ ਨੇ ਬਿਨਯਾਮੀਨ ਨੂੰ ਉਹਨਾਂ ਦੇ ਨਾਲ ਵੇਖਿਆ ਤਾਂ ਉਸਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਕਿਹਾ, “ਇਨ੍ਹਾਂ ਮਨੁੱਖਾਂ ਨੂੰ ਮੇਰੇ ਘਰ ਲੈ ਜਾ, ਇੱਕ ਜਾਨਵਰ ਵੱਢੋ ਅਤੇ ਭੋਜਨ ਤਿਆਰ ਕਰੋ। ਉਹ ਮੇਰੇ ਨਾਲ ਦੁਪਹਿਰ ਨੂੰ ਖਾਣਾ ਖਾਣਗੇ।”
17ਉਸ ਮਨੁੱਖ ਨੇ ਯੋਸੇਫ਼ ਦੇ ਕਹਿਣ ਅਨੁਸਾਰ ਕੀਤਾ ਅਤੇ ਉਹਨਾਂ ਨੂੰ ਯੋਸੇਫ਼ ਦੇ ਘਰ ਲੈ ਗਿਆ। 18ਜਦੋਂ ਉਹ ਮਨੁੱਖ ਉਸ ਦੇ ਘਰ ਲੈ ਗਏ ਤਾਂ ਉਹ ਡਰ ਗਏ। ਉਹਨਾਂ ਨੇ ਸੋਚਿਆ, “ਸਾਨੂੰ ਇੱਥੇ ਉਸ ਚਾਂਦੀ ਦੇ ਕਾਰਨ ਲਿਆਂਦਾ ਗਿਆ ਹੈ ਜੋ ਪਹਿਲੀ ਵਾਰ ਸਾਡੀਆਂ ਬੋਰੀਆਂ ਵਿੱਚ ਵਾਪਸ ਪਾਈ ਗਈ ਸੀ। ਉਹ ਸਾਡੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਸਾਡੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਗੁਲਾਮ ਬਣਾ ਕੇ ਸਾਡੇ ਗਧਿਆਂ ਨੂੰ ਖੋਹ ਲੈਣਾ ਚਾਹੁੰਦਾ ਹੈ।”
19ਸੋ ਉਹ ਯੋਸੇਫ਼ ਦੇ ਮੁਖ਼ਤਿਆਰ ਕੋਲ ਗਏ ਅਤੇ ਘਰ ਦੇ ਦਰਵਾਜ਼ੇ ਉੱਤੇ ਉਸ ਨਾਲ ਗੱਲਾਂ ਕੀਤੀਆਂ। 20ਉਹਨਾਂ ਨੇ ਆਖਿਆ, “ਸਾਡੇ ਮਹਾਰਾਜ, ਅਸੀਂ ਤੁਹਾਡੀ ਮਾਫ਼ੀ ਮੰਗਦੇ ਹਾਂ, ਅਸੀਂ ਇੱਥੇ ਪਹਿਲੀ ਵਾਰ ਭੋਜਨ ਖਰੀਦਣ ਆਏ ਹਾਂ। 21ਪਰ ਜਿੱਥੇ ਅਸੀਂ ਰਾਤ ਲਈ ਰੁਕੇ ਸੀ ਉੱਥੇ ਅਸੀਂ ਆਪਣੀਆਂ ਬੋਰੀਆਂ ਖੋਲ੍ਹੀਆਂ ਅਤੇ ਹਰੇਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਇਸ ਲਈ ਅਸੀਂ ਇਸਨੂੰ ਆਪਣੇ ਨਾਲ ਵਾਪਸ ਲੈ ਆਏ ਹਾਂ। 22ਅਸੀਂ ਭੋਜਨ ਖਰੀਦਣ ਲਈ ਆਪਣੇ ਨਾਲ ਵਾਧੂ ਚਾਂਦੀ ਵੀ ਲਿਆਏ ਹਾਂ। ਅਸੀਂ ਨਹੀਂ ਜਾਣਦੇ ਕਿ ਸਾਡੀ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਪਾਈ ਹੈ।”
23ਉਸ ਨੇ ਕਿਹਾ, “ਸਭ ਠੀਕ ਹੈ, ਡਰੋ ਨਾ। ਤੁਹਾਡੇ ਪਿਤਾ ਦੇ ਪਰਮੇਸ਼ਵਰ ਨੇ ਤੁਹਾਨੂੰ ਤੁਹਾਡੇ ਬੋਰੀਆਂ ਵਿੱਚ ਖਜ਼ਾਨਾ ਦਿੱਤਾ ਹੈ, ਮੈਨੂੰ ਤੁਹਾਡੀ ਚਾਂਦੀ ਮਿਲੀ ਹੈ।” ਤਦ ਉਹ ਸ਼ਿਮਓਨ ਨੂੰ ਬਾਹਰ ਉਹਨਾਂ ਕੋਲ ਲੈ ਆਇਆ।
24ਮੁਖ਼ਤਿਆਰ ਉਹਨਾਂ ਆਦਮੀਆਂ ਨੂੰ ਯੋਸੇਫ਼ ਦੇ ਘਰ ਲੈ ਗਿਆ, ਉਹਨਾਂ ਨੂੰ ਉਹਨਾਂ ਦੇ ਪੈਰ ਧੋਣ ਲਈ ਪਾਣੀ ਦਿੱਤਾ ਅਤੇ ਉਹਨਾਂ ਦੇ ਗਧਿਆਂ ਲਈ ਚਾਰਾ ਦਿੱਤਾ। 25ਉਹਨਾਂ ਨੇ ਦੁਪਹਿਰ ਵੇਲੇ ਯੋਸੇਫ਼ ਦੇ ਆਉਣ ਲਈ ਆਪਣੇ ਤੋਹਫ਼ੇ ਤਿਆਰ ਕੀਤੇ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਉਹਨਾਂ ਨੇ ਉੱਥੇ ਖਾਣਾ ਹੈ।
26ਜਦੋਂ ਯੋਸੇਫ਼ ਘਰ ਆਇਆ, ਤਾਂ ਉਹਨਾਂ ਨੇ ਜੋ ਸੁਗਾਤਾਂ ਘਰ ਵਿੱਚ ਲਿਆਂਦੀਆਂ ਸਨ, ਉਸ ਨੂੰ ਭੇਟ ਕੀਤੀਆਂ ਅਤੇ ਉਸ ਦੇ ਅੱਗੇ ਜ਼ਮੀਨ ਉੱਤੇ ਝੁਕ ਗਏ। 27ਉਸ ਨੇ ਉਹਨਾਂ ਨੂੰ ਸੁੱਖ-ਸਾਂਦ ਪੁੱਛਿਆ ਅਤੇ ਫਿਰ ਉਸ ਨੇ ਕਿਹਾ, “ਤੁਹਾਡਾ ਬਜ਼ੁਰਗ ਪਿਤਾ ਕਿਵੇਂ ਹੈ, ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ? ਕੀ ਉਹ ਅਜੇ ਵੀ ਜੀਉਂਦਾ ਹੈ?”
28ਉਹਨਾਂ ਨੇ ਉੱਤਰ ਦਿੱਤਾ, ਤੁਹਾਡਾ ਦਾਸ ਸਾਡਾ ਪਿਤਾ ਅਜੇ ਜੀਉਂਦਾ ਅਤੇ ਚੰਗਾ ਹੈ ਅਤੇ ਉਹਨਾਂ ਨੇ ਉਸ ਦੇ ਅੱਗੇ ਮੱਥਾ ਟੇਕਿਆ।
29ਜਦੋਂ ਉਸ ਨੇ ਆਪਣੇ ਭਰਾ ਬਿਨਯਾਮੀਨ ਨੂੰ ਆਪਣੀ ਮਾਂ ਦੇ ਪੁੱਤਰ ਨੂੰ ਵੇਖਿਆ, ਉਸ ਨੇ ਪੁੱਛਿਆ, “ਕੀ ਇਹ ਤੁਹਾਡਾ ਸਭ ਤੋਂ ਛੋਟਾ ਭਰਾ ਹੈ ਜਿਸ ਬਾਰੇ ਤੁਸੀਂ ਮੈਨੂੰ ਦੱਸਿਆ ਸੀ?” ਅਤੇ ਉਸ ਨੇ ਕਿਹਾ, “ਮੇਰੇ ਪੁੱਤਰ, ਪਰਮੇਸ਼ਵਰ ਤੇਰੇ ਉੱਤੇ ਮਿਹਰ ਕਰੇ।” 30ਆਪਣੇ ਭਰਾ ਨੂੰ ਵੇਖ ਕੇ ਯੋਸੇਫ਼ ਬਹੁਤ ਦੁਖੀ ਹੋਇਆ ਅਤੇ ਛੇਤੀ ਨਾਲ ਬਾਹਰ ਨਿੱਕਲਿਆ ਅਤੇ ਰੋਣ ਲਈ ਥਾਂ ਭਾਲਣ ਲੱਗਾ। ਉਹ ਆਪਣੇ ਨਿੱਜੀ ਕਮਰੇ ਵਿੱਚ ਗਿਆ ਅਤੇ ਉੱਥੇ ਰੋਇਆ।
31ਉਹ ਆਪਣਾ ਮੂੰਹ ਧੋ ਕੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਕੇ ਬੋਲਿਆ, ਭੋਜਨ ਪਰੋਸੋ।
32ਤਾਂ ਉਹਨਾਂ ਨੇ ਯੋਸੇਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਸ ਦੇ ਨਾਲ ਖਾਂਦੇ ਸਨ ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ। 33ਉਹ ਮਨੁੱਖ ਉਸ ਦੇ ਸਾਹਮਣੇ ਆਪਣੀ ਉਮਰ ਦੇ ਕ੍ਰਮ ਅਨੁਸਾਰ, ਜੇਠੇ ਤੋਂ ਲੈ ਕੇ ਸਭ ਤੋਂ ਛੋਟੇ ਤੱਕ ਬਿਰਾਜਮਾਨ ਸਨ ਅਤੇ ਉਹਨਾਂ ਨੇ ਹੈਰਾਨੀ ਨਾਲ ਇੱਕ-ਦੂਜੇ ਵੱਲ ਦੇਖਿਆ। 34ਜਦੋਂ ਯੋਸੇਫ਼ ਦੀ ਮੇਜ਼ ਤੋਂ ਉਹਨਾਂ ਨੂੰ ਭੋਜਨ ਪਰੋਸਿਆ ਜਾਂਦਾ ਸੀ, ਤਾਂ ਬਿਨਯਾਮੀਨ ਦਾ ਹਿੱਸਾ ਹਰ ਕਿਸੇ ਨਾਲੋਂ ਪੰਜ ਗੁਣਾ ਜ਼ਿਆਦਾ ਹੁੰਦਾ ਸੀ। ਇਸ ਲਈ ਉਹਨਾਂ ਨੇ ਦਾਅਵਤ ਕੀਤੀ ਅਤੇ ਉਸ ਨਾਲ ਖੁੱਲ੍ਹ ਕੇ ਖਾਧਾ ਪੀਤਾ।

Iliyochaguliwa sasa

ਉਤਪਤ 43: PCB

Kuonyesha

Shirikisha

Nakili

None

Je, ungependa vivutio vyako vihifadhiwe kwenye vifaa vyako vyote? Jisajili au ingia