ਕਹਾਉਤਾਂ 23
23
ਕਹਾਵਤ 7
1ਜਦੋਂ ਤੁਸੀਂ ਕਿਸੇ ਸ਼ਾਸਕ ਦੇ ਨਾਲ ਭੋਜਨ ਕਰਨ ਬੈਠੋ,
ਤਾਂ ਚੰਗੀ ਤਰ੍ਹਾਂ ਸੋਚ ਤੇਰੇ ਸਾਮ੍ਹਣੇ ਕੀ ਹੈ।
2ਜੇ ਤੂੰ ਪੇਟੂ ਹੈ,
ਤਾਂ ਆਪਣੇ ਗਲੇ ਉੱਚੇ ਚਾਕੂ ਰੱਖ,
3ਉਹ ਦੇ ਸੁਆਦਲੇ ਭੋਜਨ ਨੂੰ ਨਾ ਲੋਚੋ,
ਕਿਉਂ ਜੋ ਉਹ ਭੋਜਨ ਧੋਖਾ ਦੇਣ ਵਾਲਾ ਹੈ।
ਕਹਾਵਤ 8
4ਅਮੀਰ ਬਣਨ ਲਈ ਖੇਚਲ ਨਾ ਕਰ,
ਆਪਣੀ ਚਤੁਰਾਈ ਉੱਤੇ ਭਰੋਸਾ ਨਾ ਕਰ।
5ਦੌਲਤ ਵੱਲ ਇੱਕ ਝਾਤ ਮਾਰੋ, ਅਤੇ ਉਹ ਚਲੀ ਜਾਵੇਗੀ,
ਕਿਉਂਕਿ ਉਹ ਨੂੰ ਜ਼ਰੂਰ ਖੰਭ ਲੱਗਦੇ
ਅਤੇ ਉਕਾਬ ਵਾਂਗ ਅਕਾਸ਼ ਵੱਲ ਉੱਡ ਜਾਂਦੀ ਹੈ।
ਕਹਾਵਤ 9
6ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ,
ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,
7ਕਿਉਂਕਿ ਉਹ ਅਜਿਹਾ ਵਿਅਕਤੀ ਹੈ
ਜੋ ਹਰ ਵੇਲੇ ਕੀਮਤ ਬਾਰੇ ਸੋਚਦਾ ਹੈ,
ਉਹ ਤੈਨੂੰ ਆਖਦਾ ਹੈ, “ਖਾ ਅਤੇ ਪੀ,”
ਪਰ ਉਸਦਾ ਦਿਲ ਤੇਰੇ ਵੱਲ ਨਹੀਂ ਹੈ।
8ਜੇ ਤੂੰ ਥੋੜਾ ਜਿਹਾ ਵੀ ਖਾਧਾ ਹੈ ਤੂੰ ਉਲਟੀ ਕਰ ਦੇਵੇਂਗਾ,
ਅਤੇ ਆਪਣੀਆਂ ਤਾਰੀਫ਼ਾਂ ਨੂੰ ਬਰਬਾਦ ਕਰ ਬੈਠੇਂਗਾ।
ਕਹਾਵਤ 10
9ਮੂਰਖਾਂ ਨਾਲ ਗੱਲ ਨਾ ਕਰੋ,
ਕਿਉਂ ਜੋ ਉਹ ਤੁਹਾਡੀਆਂ ਸਿਆਣਪ ਵਾਲੀਆਂ ਗੱਲਾਂ ਦਾ ਨਿਰਾਦਰ ਕਰਨਗੇ।
ਕਹਾਵਤ 11
10ਇੱਕ ਪ੍ਰਾਚੀਨ ਸੀਮਾ ਦੇ ਪੱਥਰ ਨੂੰ ਨਾ ਹਿਲਾਓ
ਨਾ ਅਨਾਥਾਂ ਦੇ ਖੇਤਾਂ ਵਿੱਚ ਕਬਜ਼ਾ ਕਰੋ,
11ਕਿਉਂਕਿ ਉਹਨਾਂ ਦਾ ਛੁਡਾਉਣ ਵਾਲਾ ਮਜ਼ਬੂਤ ਹੈ,
ਉਹ ਤੁਹਾਡੇ ਵਿਰੁੱਧ ਉਹਨਾਂ ਦਾ ਮਕੁੱਦਮਾ ਲੜੇਗਾ।
ਕਹਾਵਤ 12
12ਆਪਣੇ ਦਿਲ ਨੂੰ ਸਿੱਖਿਆ
ਅਤੇ ਆਪਣੇ ਕੰਨ ਨੂੰ ਗਿਆਨ ਦੀਆਂ ਗੱਲਾਂ ਵੱਲ ਲਗਾਓ।
ਕਹਾਵਤ 13
13ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ,
ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।
14ਤੂੰ ਸੋਟੀ ਨਾਲ ਉਹ ਨੂੰ ਮਾਰ,
ਅਤੇ ਉਹ ਦੀ ਜਾਨ ਨੂੰ ਨਰਕ ਤੋਂ ਬਚਾ ਲੈ।
ਕਹਾਵਤ 14
15ਹੇ ਮੇਰੇ ਪੁੱਤਰ, ਜੇਕਰ ਤੇਰਾ ਮਨ ਬੁੱਧਵਾਨ ਹੈ,
ਤਾਂ ਮੇਰਾ ਮਨ ਸੱਚ-ਮੁੱਚ ਅਨੰਦ ਹੋਵੇਗਾ।
16ਜਦੋਂ ਤੁਹਾਡੇ ਬੁੱਲ੍ਹ ਸਹੀ ਗੱਲ ਬੋਲਣਗੇ,
ਤਾਂ ਮੇਰਾ ਆਤਮਾ ਅਨੰਦ ਹੋਵੇਗਾ।
ਕਹਾਵਤ 15
17ਆਪਣੇ ਦਿਲ ਨੂੰ ਪਾਪੀਆਂ ਨਾਲ ਈਰਖਾ ਨਾ ਕਰਨ ਦਿਓ,
ਪਰ ਯਾਹਵੇਹ ਦੇ ਡਰ ਲਈ ਹਮੇਸ਼ਾ ਜੋਸ਼ੀਲੇ ਰਹੋ।
18ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਜ਼ਰੂਰ ਹੈ,
ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।
ਕਹਾਵਤ 16
19ਹੇ ਮੇਰੇ ਪੁੱਤਰ, ਸੁਣ ਅਤੇ ਬੁੱਧਵਾਨ ਬਣ,
ਅਤੇ ਆਪਣੇ ਮਨ ਨੂੰ ਸਹੀ ਮਾਰਗ ਉੱਤੇ ਲਗਾ,
20ਤੂੰ ਸ਼ਰਾਬੀਆਂ ਦੇ ਨਾਲ ਨਾ ਰਲ,
ਨਾ ਹੀ ਪੇਟੂ ਕਬਾਬੀਆਂ ਨਾਲ,
21ਕਿਉਂਕਿ ਸ਼ਰਾਬੀ ਅਤੇ ਪੇਟੂ ਕੰਗਾਲ ਹੋ ਜਾਂਦੇ ਹਨ,
ਅਤੇ ਸੁਸਤੀ ਉਹਨਾਂ ਨੂੰ ਲੀਰਾ ਪਹਿਨਾਉਂਦੀ ਹੈ।
ਕਹਾਵਤ 17
22ਆਪਣੇ ਪਿਤਾ ਦੀ ਗੱਲ ਸੁਣੋ, ਜਿਸ ਨੇ ਤੈਨੂੰ ਜਨਮ ਦਿੱਤਾ,
ਅਤੇ ਆਪਣੀ ਮਾਂ ਨੂੰ ਬੁੱਢੇ ਹੋਣ ਤੇ ਤੁੱਛ ਨਾ ਜਾਣ।
23ਸਚਿਆਈ ਨੂੰ ਖਰੀਦੋ ਅਤੇ ਇਸਨੂੰ ਨਾ ਵੇਚੋ,
ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।
24ਇੱਕ ਧਰਮੀ ਬੱਚੇ ਦੇ ਪਿਤਾ ਨੂੰ ਬਹੁਤ ਖੁਸ਼ੀ ਹੁੰਦੀ ਹੈ,
ਇੱਕ ਮਨੁੱਖ ਜਿਹੜਾ ਬੁੱਧਵਾਨ ਪੁੱਤਰ ਦਾ ਪਿਤਾ ਹੈ, ਉਸ ਤੋਂ ਅਨੰਦ ਹੁੰਦਾ ਹੈ।
25ਤੁਹਾਡੇ ਮਾਤਾ-ਪਿਤਾ ਅਨੰਦ ਹੋਣ,
ਉਹ ਜਿਸਨੇ ਤੈਨੂੰ ਜਨਮ ਦਿੱਤਾ ਹੈ ਖੁਸ਼ ਹੋਵੇ!
ਕਹਾਵਤ 18
26ਹੇ ਮੇਰੇ ਪੁੱਤਰ, ਆਪਣਾ ਮਨ ਮੈਨੂੰ ਦੇ,
ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵਿੱਚ ਅਨੰਦ ਹੋਣ,
27ਕਿਉਂਕਿ ਵਿਭਚਾਰੀ ਔਰਤ ਇੱਕ ਡੂੰਘਾ ਟੋਆ ਹੈ,
ਅਤੇ ਬੇਵਕੂਫ਼ ਪਤਨੀ ਇੱਕ ਤੰਗ ਖੂਹ ਹੈ।
28ਉਹ ਡਾਕੂ ਵਾਂਙੁ ਉਡੀਕ ਵਿੱਚ ਪਈ ਰਹਿੰਦੀ ਹੈ,
ਅਤੇ ਮਨੁੱਖਾਂ ਵਿੱਚ ਬੇਵਫ਼ਾ ਨੂੰ ਵਧਾ ਦਿੰਦੀ ਹੈ।
ਕਹਾਵਤ 19
29ਕੌਣ ਹਾਏ ਹਾਏ ਕਰਦਾ ਹੈ? ਕੌਣ ਦੁੱਖ ਵਿੱਚ ਹੈ?
ਕੌਣ ਝਗੜਾ ਕਰਦਾ ਹੈ? ਕੌਣ ਹੈ ਜਿਸ ਕੋਲ ਸ਼ਿਕਾਇਤਾਂ ਹਨ?
ਕਿਸ ਨੂੰ ਬੇਲੋੜੇ ਜ਼ਖਮ ਹਨ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?
30ਉਹ ਜਿਹੜੇ ਦਾਖ਼ਰਸ ਵਿੱਚ ਰੁੱਝੇ ਰਹਿੰਦੇ ਹਨ,
ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।
31ਜਦੋਂ ਸ਼ਰਾਬ ਲਾਲ ਹੋਵੇ,
ਜਦੋਂ ਉਹ ਪਿਆਲੇ ਵਿੱਚ ਚਮਕਦੀ ਹੋਵੇ,
ਜਦੋਂ ਉਹ ਸੁਚੱਜੀ ਹੋ ਜਾਂਦੀ ਹੈ ਤਾਂ ਉਸ ਵੱਲ ਨਾ ਵੇਖੋ!
32ਅੰਤ ਵਿੱਚ ਇਹ ਸੱਪ ਵਾਂਗ ਡੰਗ ਮਾਰਦੀ ਹੈ,
ਅਤੇ ਸੱਪ ਵਾਂਗ ਜ਼ਹਿਰ ਉਗਲਦੀ ਹੈ।
33ਤੁਹਾਡੀਆਂ ਅੱਖਾਂ ਅਜੀਬ ਨਜ਼ਾਰਾ ਵੇਖਣਗੀਆਂ,
ਅਤੇ ਤੁਹਾਡਾ ਮਨ ਉਲਝਣ ਵਾਲੀਆਂ ਚੀਜ਼ਾਂ ਦੀ ਕਲਪਨਾ ਕਰੇਗਾ।
34ਤੁਸੀਂ ਉੱਚੇ ਸਾਗਰਾਂ ਉੱਤੇ ਸੌਂ ਰਹੇ ਮਨੁੱਖ ਵਾਂਗ ਹੋਵੋਗੇ,
ਤੂੰ ਧੌਂਸ ਦੇ ਸਿਖਰ ਉੱਤੇ ਲੇਟ ਜਾਵੇਗਾ।
35ਤਦ ਤੂੰ ਆਖੇਗਾ, “ਉਹਨਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਕੋਈ ਸੱਟ ਨਹੀਂ ਲੱਗੀ!
ਉਹਨਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਇਹ ਮਹਿਸੂਸ ਨਹੀਂ ਹੋਇਆ!
ਮੈਂ ਕਦੋਂ ਜਾਗਾਂਗਾ,
ਤਾਂ ਜੋ ਮੈਂ ਹੋਰ ਪਿਆਲਾ ਪੀ ਸਕਾਂ?”
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.