ਯਸ਼ਾਯਾਹ 45
45
1“ਯਾਹਵੇਹ ਆਪਣੇ ਮਸਹ ਕੀਤੇ ਹੋਏ ਕੋਰੇਸ਼ ਨੂੰ ਇਹ ਆਖਦਾ ਹੈ,
ਜਿਸ ਦਾ ਸੱਜਾ ਹੱਥ ਮੈਂ ਇਸ ਲਈ ਫੜ੍ਹਿਆ
ਕਿ ਮੈਂ ਉਹ ਦੇ ਅੱਗੇ ਕੌਮਾਂ ਨੂੰ ਹੇਠਾਂ ਕਰ ਦਿਆਂ,
ਅਤੇ ਰਾਜਿਆਂ ਦੇ ਕਮਰਬੰਦ ਖੋਲ੍ਹ ਦਿਆਂ,
ਕਿ ਮੈਂ ਉਹ ਦੇ ਸਾਮ੍ਹਣੇ ਦਰਵਾਜ਼ਿਆਂ ਨੂੰ ਖੋਲ੍ਹ ਦਿਆਂ
ਅਤੇ ਫਾਟਕ ਬੰਦ ਨਾ ਕੀਤੇ ਜਾਣ:
2ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ,
ਅਤੇ ਉੱਚੇ-ਉੱਚੇ ਪਹਾੜਾਂ ਨੂੰ ਪੱਧਰਾ ਕਰਾਂਗਾ,
ਮੈਂ ਪਿੱਤਲ ਦੇ ਫਾਟਕ ਭੰਨ ਸੁੱਟਾਂਗਾ,
ਅਤੇ ਲੋਹੇ ਦੀਆਂ ਬੇੜੀਆਂ ਵੱਢ ਸੁੱਟਾਂਗਾ।
3ਮੈਂ ਤੈਨੂੰ ਹਨੇਰੇ ਵਿੱਚ ਲੁਕੇ ਹੋਏ ਖ਼ਜ਼ਾਨੇ,
ਅਤੇ ਗੁਪਤ ਸਥਾਨਾਂ ਵਿੱਚ ਦੱਬੇ ਹੋਏ ਪਦਾਰਥ ਦਿਆਂਗਾ,
ਤਾਂ ਜੋ ਤੂੰ ਜਾਣੇ ਕਿ ਮੈਂ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਹਾਂ,
ਜੋ ਤੇਰਾ ਨਾਮ ਲੈ ਕੇ ਤੈਨੂੰ ਬੁਲਾਉਂਦਾ ਹਾਂ।
4ਮੇਰੇ ਦਾਸ ਯਾਕੋਬ ਦੇ ਕਾਰਨ,
ਮੇਰੇ ਚੁਣੇ ਹੋਏ ਇਸਰਾਏਲ ਦੇ ਕਾਰਨ,
ਮੈਂ ਤੇਰਾ ਨਾਮ ਲੈ ਕੇ ਤੈਨੂੰ ਬੁਲਾਇਆ ਹੈ,
ਅਤੇ ਤੈਨੂੰ ਸਨਮਾਨ ਦੀ ਪਦਵੀ ਦਿੱਤੀ,
ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
5ਮੈਂ ਯਾਹਵੇਹ ਹਾਂ, ਅਤੇ ਹੋਰ ਕੋਈ ਨਹੀਂ ਹੈ;
ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ।
ਮੈਂ ਤੈਨੂੰ ਤਕੜਾ ਕਰਾਂਗਾ,
ਭਾਵੇਂ ਤੁਸੀਂ ਮੈਨੂੰ ਨਹੀਂ ਮੰਨਿਆ,
6ਤਾਂ ਜੋ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ
ਲੋਕ ਜਾਣ ਲੈਣ ਕਿ ਮੇਰੇ ਤੋਂ ਬਿਨਾਂ ਕੋਈ ਨਹੀਂ ਹੈ।
ਮੈਂ ਹੀ ਯਾਹਵੇਹ ਹਾਂ, ਹੋਰ ਕੋਈ ਨਹੀਂ।
7ਮੈਂ ਚਾਨਣ ਬਣਾਉਂਦਾ ਹਾਂ ਅਤੇ ਹਨੇਰਾ ਪੈਦਾ ਕਰਦਾ ਹਾਂ,
ਮੈਂ ਖੁਸ਼ਹਾਲੀ ਲਿਆਉਂਦਾ ਹਾਂ ਅਤੇ ਤਬਾਹੀ ਪੈਦਾ ਕਰਦਾ ਹਾਂ।
ਮੈਂ, ਯਾਹਵੇਹ, ਇਹ ਸਭ ਕੁਝ ਕਰਦਾ ਹਾਂ।
8“ਹੇ ਅਕਾਸ਼ੋਂ, ਉੱਪਰੋਂ ਮੇਰੀ ਧਾਰਮਿਕਤਾ ਵਰ੍ਹਾਓ;
ਬੱਦਲਾਂ ਨੂੰ ਇਸ ਨੂੰ ਹੇਠਾਂ ਵਰ੍ਹਾਉਣ ਦਿਓ।
ਧਰਤੀ ਨੂੰ ਖੁੱਲ੍ਹੇ,
ਮੁਕਤੀ ਨੂੰ ਉੱਗਣ ਦਿਓ,
ਜਿਸ ਨਾਲ ਧਾਰਮਿਕਤਾ ਵਧੇ,
ਮੈਂ, ਯਾਹਵੇਹ ਨੇ ਇਸਨੂੰ ਬਣਾਇਆ ਹੈ।
9“ਹਾਏ ਉਹ ਦੇ ਉੱਤੇ ਜੋ ਆਪਣੇ ਸਿਰਜਣਹਾਰ ਨਾਲ ਝਗੜਦਾ ਹੈ,
ਉਹ ਮਿੱਟੀ ਦੇ ਠੀਕਰਿਆਂ ਵਿੱਚੋਂ ਇੱਕ ਠੀਕਰਾ ਹੈ!
ਭਲਾ, ਮਿੱਟੀ ਆਪਣੇ ਸਿਰਜਣਹਾਰ ਨੂੰ ਆਖੇ,
‘ਤੂੰ ਕੀ ਬਣਾਉਂਦਾ ਹੈ?’
ਜਾਂ ਕਾਰੀਗਰ ਦੀ ਕਿਰਤ ਇਹ ਆਖੇ
‘ਕਿ ਉਹ ਦੇ ਤਾਂ ਹੱਥ ਹੈ ਹੀ ਨਹੀਂ’?
10ਹਾਏ ਉਸ ਦੇ ਲਈ ਜਿਹੜਾ ਪਿਤਾ ਨੂੰ ਆਖਦਾ ਹੈ,
‘ਤੂੰ ਕਿਸਨੂੰ ਜਨਮ ਦਿੰਦਾ ਹੈ?’
ਜਾਂ ਕਿਸੇ ਮਾਤਾ ਨੂੰ,
‘ਤੈਨੂੰ ਕਿਹੜੀਆਂ ਪੀੜਾਂ ਲੱਗੀਆਂ ਹਨ?’
11“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ
ਇਸਰਾਏਲ ਦਾ ਪਵਿੱਤਰ ਪੁਰਖ, ਅਤੇ ਉਸ ਦਾ ਸਿਰਜਣਹਾਰ ਹਾਂ:
ਕੀ ਤੁਸੀਂ ਆਉਣ ਵਾਲੀਆਂ ਗੱਲਾਂ ਮੈਥੋਂ ਪੁੱਛੋਗੇ?
ਮੇਰੇ ਪੁੱਤਰਾਂ ਬਾਰੇ, ਮੇਰੇ ਹੱਥ ਦੇ ਕੰਮਾਂ ਬਾਰੇ,
ਤੁਸੀਂ ਮੈਨੂੰ ਹੁਕਮ ਦਿਓਗੇ?
12ਮੈਂ ਹੀ ਹਾਂ ਜਿਸਨੇ ਧਰਤੀ ਨੂੰ ਸਾਜਿਆ
ਅਤੇ ਇਸ ਉੱਤੇ ਮਨੁੱਖਾਂ ਨੂੰ ਬਣਾਇਆ।
ਮੇਰੇ ਆਪਣੇ ਹੱਥਾਂ ਨੇ ਅਕਾਸ਼ ਨੂੰ ਫ਼ੈਲਾਇਆ ਹੈ;
ਅਤੇ ਸਾਰੇ ਤਾਰਾਮੰਡਲ ਨੂੰ ਮੈਂ ਹੀ ਹੁਕਮ ਦਿੱਤਾ।
13ਮੈਂ ਆਪਣੀ ਧਾਰਮਿਕਤਾ ਵਿੱਚ ਉਸ ਨੂੰ ਉੱਚਾ ਕਰਾਂਗਾ,
ਮੈਂ ਉਹ ਦੇ ਸਾਰੇ ਰਾਹ ਸਿੱਧੇ ਕਰਾਂਗਾ।
ਉਹ ਮੇਰੇ ਸ਼ਹਿਰ ਨੂੰ ਦੁਬਾਰਾ ਉਸਾਰੇਗਾ
ਅਤੇ ਮੇਰੇ ਗੁਲਾਮਾਂ ਨੂੰ ਅਜ਼ਾਦ ਕਰੇਗਾ,
ਪਰ ਕਿਸੇ ਕੀਮਤ ਜਾਂ ਇਨਾਮ ਲਈ ਨਹੀਂ,
ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।”
14ਯਾਹਵੇਹ ਇਹ ਆਖਦਾ ਹੈ:
“ਮਿਸਰ ਦੀ ਕਮਾਈ, ਕੂਸ਼ ਦਾ ਵਪਾਰ,
ਅਤੇ ਸ਼ਬਾ ਦੇ ਉੱਚੇ ਕੱਦ ਵਾਲੇ ਮਨੁੱਖ,
ਉਹ ਲੰਘ ਕੇ ਤੇਰੇ ਕੋਲ ਆਉਣਗੇ,
ਅਤੇ ਤੇਰੇ ਹੋਣਗੇ,
ਉਹ ਤੇਰੇ ਪਿੱਛੇ ਚੱਲਣਗੇ,
ਉਹ ਸੰਗਲਾਂ ਨਾਲ ਜਕੜੇ ਹੋਏ ਆਉਣਗੇ,
ਉਹ ਤੇਰੇ ਅੱਗੇ ਮੱਥਾ ਟੇਕਣਗੇ,
ਉਹ ਤੇਰੇ ਅੱਗੇ ਬੇਨਤੀ ਕਰਨਗੇ,
ਕਿ ਪਰਮੇਸ਼ਵਰ ਤੇਰੇ ਨਾਲ ਹੈ, ਹੋਰ ਕੋਈ ਨਹੀਂ,
ਹੋਰ ਕੋਈ ਪਰਮੇਸ਼ਵਰ ਨਹੀਂ।”
15ਸੱਚਮੁੱਚ ਤੂੰ ਹੀ ਇੱਕ ਪਰਮੇਸ਼ਵਰ ਹੈ ਜਿਸ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ,
ਇਸਰਾਏਲ ਦਾ ਪਰਮੇਸ਼ਵਰ ਅਤੇ ਮੁਕਤੀਦਾਤਾ।
16ਮੂਰਤੀਆਂ ਬਣਾਉਣ ਵਾਲੇ ਸਾਰੇ ਲੋਕ ਸ਼ਰਮਸਾਰ ਅਤੇ ਬੇਇੱਜ਼ਤ ਹੋਣਗੇ।
ਉਹ ਇਕੱਠੇ ਬਦਨਾਮੀ ਵਿੱਚ ਚਲੇ ਜਾਣਗੇ।
17ਪਰ ਇਸਰਾਏਲ ਨੂੰ ਯਾਹਵੇਹ ਦੁਆਰਾ
ਇੱਕ ਸਦੀਵੀ ਮੁਕਤੀ ਨਾਲ ਬਚਾਇਆ ਜਾਵੇਗਾ;
ਤੁਸੀਂ ਕਦੇ ਵੀ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਵੋਗੇ,
ਨਾ ਨਮੋਸ਼ੀ ਉਠਾਓਗੇ।
18ਕਿਉਂਕਿ ਯਾਹਵੇਹ ਇਹ ਆਖਦਾ ਹੈ,
ਜਿਸ ਨੇ ਅਕਾਸ਼ ਨੂੰ ਬਣਾਇਆ,
ਉਹ ਪਰਮੇਸ਼ਵਰ ਹੈ।
ਜਿਸ ਨੇ ਧਰਤੀ ਨੂੰ ਸਾਜਿਆ ਅਤੇ ਬਣਾਇਆ,
ਉਸ ਨੇ ਇਸ ਦੀ ਨੀਂਹ ਰੱਖੀ।
ਉਸ ਨੇ ਇਸ ਨੂੰ ਖਾਲੀ ਹੋਣ ਲਈ ਨਹੀਂ ਬਣਾਇਆ,
ਸਗੋਂ ਇਸ ਨੂੰ ਵਸਾਉਣ ਲਈ ਬਣਾਇਆ,
ਉਹ ਕਹਿੰਦਾ ਹੈ:
“ਮੈਂ ਯਾਹਵੇਹ ਹਾਂ,
ਅਤੇ ਕੋਈ ਹੋਰ ਨਹੀਂ ਹੈ।
19ਮੈਂ ਗੁਪਤ ਵਿੱਚ ਨਹੀਂ ਬੋਲਿਆ,
ਨਾ ਧਰਤੀ ਦੀਆਂ ਹਨੇਰੇ ਥਾਵਾਂ ਵਿੱਚ;
ਮੈਂ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਨਹੀਂ ਕਿਹਾ,
‘ਮੈਨੂੰ ਵਿਅਰਥ ਲੱਭੋ।’
ਮੈਂ ਯਾਹਵੇਹ ਸੱਚ ਹੀ ਬੋਲਦਾ ਹਾਂ;
ਮੈਂ ਐਲਾਨ ਕਰਦਾ ਹਾਂ ਕੀ ਸਹੀ ਹੈ।
20“ਇਕੱਠੇ ਹੋ ਜਾਓ ਅਤੇ ਆਓ,
ਤੁਸੀਂ ਰਲ ਕੇ ਨੇੜੇ ਹੋਵੋ, ਹੇ ਕੌਮਾਂ ਦੇ ਬਚੇ ਹੋਇਓ ਲੋਕੋ।
ਉਹ ਅਣਜਾਣ ਹਨ ਜਿਹੜੇ ਆਪਣੇ ਲੱਕੜੀ ਦੇ ਬੁੱਤ ਨੂੰ ਚੁੱਕੀ ਫਿਰਦੇ ਹਨ,
ਅਤੇ ਅਜਿਹੇ ਦੇਵਤੇ ਅੱਗੇ ਪ੍ਰਾਰਥਨਾ ਕਰਦੇ ਹਨ, ਜੋ ਨਹੀਂ ਬਚਾ ਸਕਦਾ।
21ਪ੍ਰਚਾਰ ਕਰੋ ਕੀ ਹੋਣਾ ਹੈ, ਉਹਨਾਂ ਨੂੰ ਪੇਸ਼ ਕਰੋ,
ਉਹ ਇਕੱਠੇ ਸਲਾਹ ਕਰਨ,
ਇਹ ਕਿਸ ਨੇ ਬਹੁਤ ਪਹਿਲਾਂ ਦੱਸ ਦਿੱਤਾ ਸੀ,
ਕਿਸ ਨੇ ਇਸ ਨੂੰ ਪੁਰਾਣੇ ਸਮੇਂ ਤੋਂ ਘੋਸ਼ਿਤ ਕੀਤਾ ਸੀ?
ਕੀ ਇਹ ਮੈਂ ਯਾਹਵੇਹ ਨਹੀਂ ਸੀ?
ਅਤੇ ਮੇਰੇ ਤੋਂ ਬਿਨਾਂ ਕੋਈ ਪਰਮੇਸ਼ਵਰ ਨਹੀਂ ਹੈ,
ਇੱਕ ਧਰਮੀ ਪਰਮੇਸ਼ਵਰ ਅਤੇ ਇੱਕ ਮੁਕਤੀਦਾਤਾ;
ਮੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਹੈ।
22“ਹੇ ਧਰਤੀ ਦੇ ਕੰਢਿਆਂ ਉੱਤੇ ਰਹਿਣ ਵਾਲਿਓ,
ਮੇਰੇ ਵੱਲ ਮੁੜੋ ਅਤੇ ਬਚ ਜਾਓ!
ਕਿਉਂ ਜੋ ਮੈਂ ਹੀ ਪਰਮੇਸ਼ਵਰ ਜੋ ਹਾਂ ਅਤੇ ਹੋਰ ਕੋਈ ਹੈ ਨਹੀਂ।
23ਮੈਂ ਆਪਣੇ ਆਪ ਦੀ ਸਹੁੰ ਖਾਧੀ ਹੈ,
ਮੇਰੇ ਮੂੰਹ ਨੇ ਪੂਰੀ ਖਰਿਆਈ ਨਾਲ ਇੱਕ ਅਜਿਹਾ ਬਚਨ ਬੋਲਿਆ ਹੈ,
ਇੱਕ ਸ਼ਬਦ ਜੋ ਰੱਦ ਨਹੀਂ ਕੀਤਾ ਜਾਵੇਗਾ:
ਹਰ ਗੋਡਾ ਮੇਰੇ ਅੱਗੇ ਝੁਕੇਗਾ;
ਹਰ ਜ਼ੁਬਾਨ ਮੇਰੀ ਸਹੁੰ ਖਾਵੇਗੀ।
24ਉਹ ਮੇਰੇ ਬਾਰੇ ਆਖਣਗੇ, ‘ਇਕੱਲੇ ਯਾਹਵੇਹ ਵਿੱਚ ਹੀ ਛੁਟਕਾਰਾ ਅਤੇ ਸ਼ਕਤੀ ਹੈ।’ ”
ਮਨੁੱਖ ਉਸ ਵੱਲ ਮੁੜਨਗੇ,
ਉਹ ਸਾਰੇ ਜੋ ਉਸ ਨਾਲ ਗੁੱਸੇ ਸਨ ਸ਼ਰਮਿੰਦੇ ਹੋਣਗੇ।
25ਪਰ ਇਸਰਾਏਲ ਦੇ ਸਾਰੇ ਉੱਤਰਾਧਿਕਾਰੀ
ਯਾਹਵੇਹ ਵਿੱਚ ਛੁਟਕਾਰਾ ਪਾਉਣਗੇ
ਅਤੇ ਉਸ ਵਿੱਚ ਆਪਣੀ ਸ਼ੇਖੀ ਮਾਰਨਗੇ।
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.