ਮਾਰਕਸ 2

2
ਅਧਰੰਗੀ ਰੋਗੀ ਨੂੰ ਚੰਗਾ ਕਰਨਾ
1ਕੁਝ ਦਿਨਾਂ ਬਾਅਦ, ਜਦੋਂ ਯਿਸ਼ੂ ਕਫ਼ਰਨਹੂਮ ਨਗਰ ਵਿੱਚ ਆਏ, ਉੱਥੇ ਇਹ ਖ਼ਬਰ ਫੈਲ ਗਈ ਕਿ ਉਹ ਨਗਰ ਵਿੱਚ ਆਏ ਹਨ। 2ਉੱਥੇ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਅਤੇ ਕਿਤੇ ਕੋਈ ਸਥਾਨ ਨਾ ਰਿਹਾ, ਇੱਥੋਂ ਤੱਕ ਕਿ ਦਰਵਾਜ਼ੇ ਦੇ ਸਾਹਮਣੇ ਵੀ ਥਾਂ ਨਾ ਰਿਹਾ ਅਤੇ ਯਿਸ਼ੂ ਉਹਨਾਂ ਨੂੰ ਪਵਿੱਤਰ ਸ਼ਾਸਤਰ ਦੀ ਸਿੱਖਿਆ ਦੇਣ ਲੱਗਾ। 3ਕੁਝ ਲੋਕ ਇੱਕ ਅਧਰੰਗੀ ਨੂੰ ਯਿਸ਼ੂ ਦੇ ਕੋਲ ਲੈ ਕੇ ਆਏ, ਜਿਸਨੂੰ ਚਾਰ ਆਦਮੀਆਂ ਨੇ ਚੁੱਕਿਆ ਹੋਇਆ ਸੀ। 4ਭੀੜ ਦੇ ਕਾਰਨ ਉਹ ਯਿਸ਼ੂ ਦੇ ਕੋਲ ਪਹੁੰਚ ਨਾ ਸਕੇ, ਇਸ ਲਈ ਉਹਨਾਂ ਨੇ ਜਿੱਥੇ ਯਿਸ਼ੂ ਸਨ, ਉੱਥੇ ਦੀ ਕੱਚੀ ਛੱਤ ਨੂੰ ਹਟਾ ਕੇ ਉੱਥੇ ਉਸ ਰੋਗੀ ਨੂੰ ਵਿਛੌਣੇ ਸਮੇਤ ਹੇਠਾਂ ਉਤਾਰ ਦਿੱਤਾ। 5ਉਹਨਾਂ ਦੇ ਵਿਸ਼ਵਾਸ ਨੂੰ ਵੇਖ, ਯਿਸ਼ੂ ਨੇ ਅਧਰੰਗੀ ਨੂੰ ਕਿਹਾ, “ਹੇ ਪੁੱਤਰ, ਤੇਰੇ ਪਾਪ ਮਾਫ਼ ਹੋ ਚੁੱਕੇ ਹਨ।”
6ਉੱਥੇ ਮੌਜੂਦ ਕੁਝ ਧਰਮ ਦੇ ਉਪਦੇਸ਼ਕ ਆਪਣੇ ਮਨ ਵਿੱਚ ਇਹ ਵਿਚਾਰ ਕਰਨ ਲੱਗੇ, 7“ਇਹ ਵਿਅਕਤੀ ਅਜਿਹਾ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ਵਰ ਦੀ ਨਿੰਦਿਆ ਕਰ ਰਿਹਾ ਹੈ! ਪਰਮੇਸ਼ਵਰ ਤੋਂ ਇਲਾਵਾ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?”
8ਉਸੇ ਪਲ ਯਿਸ਼ੂ ਨੇ ਆਪਣੀ ਆਤਮਾ ਵਿੱਚ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਆਪਣੇ ਮਨਾਂ ਵਿੱਚ ਇਸ ਪ੍ਰਕਾਰ ਕਿਉਂ ਸੋਚ-ਵਿਚਾਰ ਕਰ ਰਹੇ ਹੋ? 9ਕਿਹੜੀ ਗੱਲ ਸੌਖੀ ਹੈ, ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ,’ ਜਾਂ ਇਹ, ‘ਉੱਠ! ਆਪਣਾ ਵਿਛੌਣਾ ਚੁੱਕ ਅਤੇ ਤੁਰ ਫਿਰ?’ 10ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।” ਫਿਰ ਯਿਸ਼ੂ ਨੇ ਰੋਗੀ ਨੂੰ ਕਿਹਾ, 11“ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।” 12ਉਹ ਉੱਠਿਆ ਅਤੇ ਝੱਟ ਆਪਣੀ ਮੰਜੀ ਚੁੱਕ ਕੇ ਉਹਨਾਂ ਸਭਨਾਂ ਦੇ ਵੇਖਦੇ-ਵੇਖਦੇ ਉੱਥੋਂ ਚਲਾ ਗਿਆ। ਇਸ ਉੱਤੇ ਉਹ ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਅਜਿਹਾ ਅਸੀਂ ਕਦੇ ਨਹੀਂ ਵੇਖਿਆ।”
ਪਾਪੀਆਂ ਦੇ ਨਾਲ ਯਿਸ਼ੂ ਦੀ ਸੰਗਤੀ
13ਤਦ ਯਿਸ਼ੂ ਦੁਬਾਰਾ ਗਲੀਲ ਝੀਲ ਦੇ ਕੰਢੇ ਉੱਤੇ ਚਲੇ ਗਏ। ਇੱਕ ਵੱਡੀ ਭੀੜ ਉਹਨਾਂ ਦੇ ਕੋਲ ਆ ਗਈ ਅਤੇ ਉਹ ਉਹਨਾਂ ਨੂੰ ਸਿੱਖਿਆ ਦੇਣ ਲੱਗੇ। 14ਜਿਵੇਂ ਉਹ ਜਾ ਰਹੇ ਸਨ ਯਿਸ਼ੂ ਨੇ ਹਲਫੇਯਾਸ ਦੇ ਪੁੱਤਰ ਲੇਵੀ ਨੂੰ ਚੁੰਗੀ ਲੈਣ ਵਾਲੀ ਚੌਂਕੀ ਉੱਤੇ ਬੈਠਾ ਵੇਖਿਆ। ਉਸ ਨੇ ਉਹ ਨੂੰ ਆਗਿਆ ਦਿੱਤੀ, “ਮੇਰੇ ਮਗਰ ਚੱਲ।” ਉਹ ਉੱਠ ਕੇ ਯਿਸ਼ੂ ਦੇ ਮਗਰ ਤੁਰ ਪਿਆ।
15ਜਦੋਂ ਯਿਸ਼ੂ ਲੇਵੀ ਦੇ ਘਰ ਭੋਜਨ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਵਿਅਕਤੀ ਯਿਸ਼ੂ ਅਤੇ ਉਹ ਦੇ ਚੇਲਿਆਂ ਦੇ ਨਾਲ ਭੋਜਨ ਕਰ ਰਹੇ ਸਨ। ਇੱਕ ਵੱਡੀ ਗਿਣਤੀ ਵਿੱਚ ਲੋਕ ਉਹ ਦੇ ਪਿੱਛੇ ਤੁਰ ਪਏ ਸਨ। 16ਜਦੋਂ ਯਿਸ਼ੂ ਨੂੰ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ#2:16 ਚੁੰਗੀ ਲੈਣ ਵਾਲਿਆਂ ਅਰਥਾਤ ਟੈਕਸ ਲੈਣ ਵਾਲੇ ਦੇ ਨਾਲ ਭੋਜਨ ਕਰਦੇ ਵੇਖਿਆ ਤਾਂ ਕੁਝ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ, ਉਸਦੇ ਚੇਲਿਆਂ ਨੂੰ ਪੁੱਛਿਆ, “ਇਹ ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?”
17ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਵੈਦ#2:17 ਵੈਦ ਅਰਥਾਤ ਡਾਕਟਰ ਦੀ ਜ਼ਰੂਰਤ ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ। ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਲਈ ਆਇਆ ਹਾਂ।”
ਵਰਤ ਦੇ ਬਾਰੇ ਪ੍ਰਸ਼ਨ
18ਯੋਹਨ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਕੁਝ ਲੋਕਾਂ ਨੇ ਆਣ ਕੇ ਯਿਸ਼ੂ ਤੋਂ ਪੁੱਛਿਆ, “ਅਜਿਹਾ ਕਿਉਂ ਹੈ ਕਿ ਯੋਹਨ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖਦੇ ਹਨ ਪਰ ਤੁਹਾਡੇ ਚੇਲੇ ਨਹੀਂ?”
19ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਭਲਾ ਓਹ ਵਰਤ ਰੱਖ ਸਕਦੇ ਹਨ? ਜਦੋਂ ਤੱਕ ਲਾੜਾ ਉਹਨਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ ਹਨ। 20ਪਰ ਉਹ ਸਮਾਂ ਆਵੇਗਾ, ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਉਸ ਦਿਨ ਉਹ ਵਰਤ ਰੱਖਣਗੇ।
21“ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ ਕਿਉਂਕਿ ਅਜਿਹਾ ਕਰਨ ਉੱਤੇ ਨਵੇਂ ਕੱਪੜੇ ਦੀ ਟਾਕੀ ਉਸ ਪੁਰਾਣੇ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਵੱਧ ਫੱਟ ਜਾਂਦਾ ਹੈ। 22ਉਸੇ ਤਰ੍ਹਾਂ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਨਹੀਂ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ।”
ਚੇਲਿਆਂ ਦਾ ਸਬਤ ਵਾਲੇ ਦਿਨ ਸਿੱਟੇ ਤੋੜਨਾ
23ਇੱਕ ਵਾਰ ਸਬਤ ਦੇ ਦਿਨ#2:23 ਸਬਤ ਦੇ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਯਿਸ਼ੂ ਖੇਤਾਂ ਵਿੱਚੋਂ ਦੀ ਲੰਘ ਰਹੇ ਸਨ, ਚੱਲਦੇ ਹੋਏ ਉਹਨਾਂ ਦੇ ਚੇਲੇ ਸਿੱਟੇ ਤੋੜਨ ਲੱਗੇ। 24ਇਸ ਉੱਤੇ ਫ਼ਰੀਸੀਆਂ ਨੇ ਯਿਸ਼ੂ ਨੂੰ ਕਿਹਾ, “ਵੇਖੋ! ਇਹ ਲੋਕ ਉਹ ਕੰਮ ਕਿਉਂ ਕਰ ਰਹੇ ਹਨ, ਜਿਹੜਾ ਸਬਤ ਦੇ ਦਿਨ ਉੱਤੇ ਬਿਵਸਥਾ ਅਨੁਸਾਰ ਕਰਨਾ ਮਨ੍ਹਾ ਹੈ?”
25ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਕਦੇ ਵੀ ਨਹੀਂ ਪੜ੍ਹਿਆ; ਕਿ ਦਾਵੀਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਅਤੇ ਭੋਜਨ ਦੀ ਲੋੜ ਵਿੱਚ ਸਨ? 26ਮਹਾਂ ਜਾਜਕ ਅਬੀਯਾਥਰ ਦੇ ਸਮੇਂ ਵਿੱਚ ਉਹ ਪਰਮੇਸ਼ਵਰ ਦੇ ਭਵਨ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਇਲਾਵਾ ਕਿਸੇ ਹੋਰ ਲਈ ਯੋਗ ਨਹੀਂ ਸੀ। ਇਹੀ ਰੋਟੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਦਿੱਤੀ।”#2:26 1 ਸ਼ਮੁ 21:1-6
27ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਲਈ। 28ਇਸ ਲਈ, ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।”

Šiuo metu pasirinkta:

ਮਾਰਕਸ 2: PCB

Paryškinti

Dalintis

Kopijuoti

None

Norite, kad paryškinimai būtų įrašyti visuose jūsų įrenginiuose? Prisijunkite arba registruokitės