コンテンツへスキップ

ਉਪਦੇਸ਼ਕ 2

2
ਅਨੰਦ ਅਰਥਹੀਣ ਹਨ
1ਮੈਂ ਆਪਣੇ ਮਨ ਵਿੱਚ ਕਿਹਾ, “ਹੁਣ ਆ, ਮੈਂ ਤੈਨੂੰ ਇਹ ਜਾਣਨ ਲਈ ਖੁਸ਼ੀ ਨਾਲ ਪਰਖਾਂਗਾ ਜੋ ਕੀ ਚੰਗਾ ਹੈ।” ਪਰ ਇਹ ਵੀ ਵਿਅਰਥ ਸਾਬਤ ਹੋਇਆ। 2ਮੈਂ ਹਾਸੇ ਦੇ ਬਾਰੇ ਕਿਹਾ, “ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ?” 3ਮੈਂ ਆਪਣੇ ਮਨ ਵਿੱਚ ਆਪਣੇ ਸਰੀਰ ਨੂੰ ਦਾਖ਼ਰਸ#2:3 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਨਾਲ ਖੁਸ਼ ਕਰਨ ਦਾ ਵਿਚਾਰ ਕੀਤਾ ਅਤੇ ਮੂਰਖਤਾ ਨੂੰ ਗਲੇ ਲਗਾ ਲਿਆ, ਪਰ ਮੇਰਾ ਮਨ ਅਜੇ ਵੀ ਬੁੱਧੀ ਨਾਲ ਮੇਰੀ ਅਗਵਾਈ ਕਰਦਾ ਹੈ। ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਲੋਕਾਂ ਦੇ ਜੀਵਨ ਦੇ ਕੁਝ ਦਿਨਾਂ ਦੌਰਾਨ ਸਵਰਗ ਦੇ ਹੇਠਾਂ ਕੀ ਕਰਨਾ ਚੰਗਾ ਹੈ।
4ਮੈਂ ਬਹੁਤ ਵਧੀਆ ਕੰਮ ਕੀਤੇ, ਮੈਂ ਆਪਣੇ ਲਈ ਘਰ ਬਣਾਏ ਅਤੇ ਅੰਗੂਰੀ ਬਾਗ ਲਗਾਏ। 5ਮੈਂ ਬਾਗ ਅਤੇ ਬਗੀਚੇ ਬਣਾਏ ਅਤੇ ਉਹਨਾਂ ਵਿੱਚ ਹਰ ਕਿਸਮ ਦੇ ਫਲਦਾਰ ਰੁੱਖ ਲਗਾਏ। 6ਮੈਂ ਵਧਦੇ ਰੁੱਖਾਂ ਦੇ ਪਾਣੀ ਦੇ ਭੰਡਾਰ ਬਣਾਏ। 7ਮੈਂ ਦਾਸ ਅਤੇ ਦਾਸੀਆਂ ਨੂੰ ਖਰੀਦਿਆ ਅਤੇ ਮੇਰੇ ਘਰ ਵਿੱਚ ਹੋਰ ਗੁਲਾਮ ਪੈਦਾ ਹੋਏ, ਮੇਰੇ ਕੋਲ ਯੇਰੂਸ਼ਲੇਮ ਵਿੱਚ ਸਭ ਤੋਂ ਜ਼ਿਆਦਾ ਝੁੰਡ ਅਤੇ ਇੱਜੜ ਸਨ। 8ਮੈਂ ਚਾਂਦੀ ਅਤੇ ਸੋਨਾ ਅਤੇ ਰਾਜਿਆਂ ਅਤੇ ਸੂਬਿਆਂ ਦਾ ਖ਼ਜ਼ਾਨਾ ਆਪਣੇ ਲਈ ਇਕੱਠਾ ਕੀਤਾ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ। 9ਮੈਂ ਆਪਣੇ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਕਿਸੇ ਵੀ ਵਿਅਕਤੀ ਨਾਲੋਂ ਕਿਤੇ ਵੱਧ ਮਹਾਨ ਬਣ ਗਿਆ, ਇਸ ਸਭ ਵਿੱਚ ਮੇਰੀ ਬੁੱਧ ਮੇਰੇ ਨਾਲ ਰਹੀ।
10ਉਹ ਸਭ ਕੁਝ ਜੋ ਮੇਰੀਆਂ ਅੱਖਾਂ ਨੇ ਚਾਹਿਆ ਸੀ ਮੈਂ ਉਹਨਾਂ ਤੋਂ ਦੂਰ ਨਾ ਰੱਖਿਆ,
ਮੈਂ ਆਪਣੇ ਦਿਲ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਾ ਰੋਕਿਆ;
ਕਿਉਂਕਿ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਮਨ ਪ੍ਰਸੰਨ ਹੋਇਆ,
ਅਤੇ ਇਹ ਮੇਰੀ ਸਾਰੀ ਮਿਹਨਤ ਦਾ ਫਲ ਸੀ।
11ਫਿਰ ਵੀ ਜਦੋਂ ਮੈਂ ਉਹਨਾਂ ਸਾਰੇ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤਾ ਸੀ,
ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਵਿੱਚ ਕੀਤੀ ਸੀ।
ਉਹ ਸਭ ਕੁਝ ਵਿਅਰਥ ਹੈ ਅਤੇ ਹਵਾ ਦਾ ਫੱਕਣਾ ਹੈ,
ਇਸ ਸਭ ਦਾ ਸੂਰਜ ਦੇ ਹੇਠਾਂ ਕੋਈ ਲਾਭ ਨਹੀਂ ਸੀ।
ਬੁੱਧ ਅਤੇ ਮੂਰਖਤਾ ਅਰਥਹੀਣ ਹਨ
12ਤਦ ਮੈਂ ਬੁੱਧ ਅਤੇ ਪਾਗਲਪਨ
ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ,
ਕਿਉਂ ਜੋ ਆਦਮੀ ਰਾਜੇ ਤੋਂ ਬਾਅਦ ਆਉਣ ਵਾਲਾ ਇਸ ਤੋਂ ਜ਼ਿਆਦਾ ਕੀ ਕਰ ਸਕਦਾ ਹੈ?
ਸਿਰਫ ਉਹ ਹੀ ਜੋ ਪਹਿਲਾ ਹੁੰਦਾ ਆਇਆ ਹੈ।
13ਮੈਂ ਦੇਖਿਆ ਕਿ ਬੁੱਧ ਮੂਰਖਤਾ ਨਾਲੋਂ ਚੰਗੀ ਹੈ,
ਜਿਵੇਂ ਚਾਨਣ ਹਨੇਰੇ ਨਾਲੋਂ ਚੰਗਾ ਹੈ।
14ਬੁੱਧਵਾਨਾਂ ਦੇ ਸਿਰ ਵਿੱਚ ਅੱਖਾਂ ਹੁੰਦੀਆਂ ਹਨ,
ਪਰ ਮੂਰਖ ਹਨੇਰੇ ਵਿੱਚ ਚੱਲਦਾ ਹੈ।
ਤਾਂ ਮੈਨੂੰ ਅਹਿਸਾਸ ਹੋਇਆ ਕਿ
ਦੋਵਾਂ ਦਾ ਅੰਤ ਇੱਕੋ ਜਿਹਾ ਹੁੰਦਾ ਹੈ।
15ਤਦ ਮੈਂ ਆਪਣੇ ਆਪ ਨੂੰ ਕਿਹਾ,
“ਜੋ ਮੂਰਖ ਉੱਤੇ ਬੀਤਦਾ ਹੈ ਉਹ ਮੇਰੇ ਉੱਤੇ ਵੀ ਬੀਤਦਾ ਹੈ।
ਤਾਂ ਮੈਨੂੰ ਬੁੱਧਵਾਨ ਹੋ ਕੇ ਕੀ ਲਾਭ ਹੋਵੇਗਾ?”
ਮੈਂ ਆਪਣੇ ਆਪ ਨੂੰ ਕਿਹਾ,
“ਇਹ ਵੀ ਵਿਅਰਥ ਹੈ।”
16ਕਿਉਂਕਿ ਬੁੱਧਵਾਨ ਮੂਰਖ ਵਾਂਗ ਲੰਬੇ ਸਮੇਂ ਲਈ ਯਾਦ ਨਹੀਂ ਕੀਤਾ ਜਾਵੇਗਾ,
ਕਿਉਂ ਜੋ ਆਉਣ ਵਾਲੇ ਸਮੇਂ ਵਿੱਚ ਸਭ ਭੁੱਲਾ ਦਿੱਤਾ ਜਾਵੇਗਾ।
ਇਸ ਲਈ ਮੂਰਖ ਵਾਂਗ ਬੁੱਧਵਾਨ ਨੂੰ ਵੀ ਮਰਨਾ ਪਵੇਗਾ!
ਮਿਹਨਤ ਵਿਅਰਥ ਹੈ
17ਇਸ ਲਈ ਮੈਂ ਜੀਵਨ ਤੋਂ ਅੱਕ ਗਿਆ ਸੀ, ਕਿਉਂਕਿ ਜੋ ਕੰਮ ਸੂਰਜ ਦੇ ਹੇਠਾਂ ਕੀਤਾ ਜਾਂਦਾ ਹੈ ਉਹ ਮੇਰੇ ਲਈ ਦੁਖਦਾਈ ਸੀ। ਇਹ ਸਭ ਵਿਅਰਥ ਹੈ, ਜਿਵੇਂ ਹਵਾ ਦਾ ਫੱਕਣਾ ਹੈ। 18ਮੈਂ ਉਹਨਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਕਰਨ ਲੱਗਾ ਜਿਨ੍ਹਾਂ ਲਈ ਮੈਂ ਸੂਰਜ ਦੇ ਹੇਠਾਂ ਮਿਹਨਤ ਕੀਤੀ ਸੀ, ਕਿਉਂਕਿ ਮੈਨੂੰ ਉਹ ਸਾਰੀਆਂ ਚੀਜ਼ਾ ਆਪਣੇ ਤੋਂ ਬਾਅਦ ਆਉਣ ਵਾਲੇ ਮਨੁੱਖ ਲਈ ਛੱਡਣੀਆ ਪੈਣਗੀਆਂ। 19ਅਤੇ ਕੌਣ ਜਾਣਦਾ ਹੈ ਕਿ ਉਹ ਬੰਦਾ ਸਿਆਣਾ ਹੋਵੇਗਾ ਜਾਂ ਮੂਰਖ? ਫਿਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖਰਚ ਕੀਤੀ, ਉਹ ਮਾਲਕ ਬਣੇਗਾ, ਇਹ ਵੀ ਵਿਅਰਥ ਹੀ ਹੈ। 20ਇਸ ਲਈ ਮੇਰਾ ਦਿਲ ਸੂਰਜ ਦੇ ਹੇਠਾਂ ਆਪਣੀ ਸਾਰੀ ਮਿਹਨਤ ਨਾਲ ਨਿਰਾਸ਼ ਹੋਣ ਲੱਗਾ। 21ਕਿਉਂਕਿ ਇੱਕ ਵਿਅਕਤੀ ਸਿਆਣਪ, ਗਿਆਨ ਅਤੇ ਹੁਨਰ ਨਾਲ ਮਿਹਨਤ ਕਰ ਸਕਦਾ ਹੈ ਅਤੇ ਫਿਰ ਉਸਨੂੰ ਆਪਣਾ ਸਭ ਕੁਝ ਕਿਸੇ ਹੋਰ ਲਈ ਛੱਡ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਮਿਹਨਤ ਨਹੀਂ ਕੀਤੀ ਹੈ। ਇਹ ਵੀ ਅਰਥਹੀਣ ਅਤੇ ਬਹੁਤ ਵੱਡੀ ਬਦਕਿਸਮਤੀ ਹੈ। 22ਲੋਕਾਂ ਨੂੰ ਸਾਰੀ ਮਿਹਨਤ ਅਤੇ ਚਿੰਤਾਜਨਕ ਕੋਸ਼ਿਸ਼ਾਂ ਲਈ ਕੀ ਮਿਲਦਾ ਹੈ ਜਿਸ ਨਾਲ ਉਹ ਸੂਰਜ ਦੇ ਹੇਠਾਂ ਮਿਹਨਤ ਕਰਦੇ ਹਨ? 23ਉਹਨਾਂ ਦੇ ਸਾਰੇ ਦਿਨ ਉਹਨਾਂ ਦਾ ਕੰਮ ਸੋਗ ਅਤੇ ਦਰਦ ਹੈ, ਰਾਤ ਨੂੰ ਵੀ ਉਹਨਾਂ ਦਾ ਮਨ ਆਰਾਮ ਨਹੀਂ ਕਰਦਾ। ਇਹ ਵੀ ਅਰਥਹੀਣ ਹੈ।
24ਮਨੁੱਖ ਖਾਣ-ਪੀਣ ਅਤੇ ਆਪਣੀ ਮਿਹਨਤ ਵਿੱਚ ਸੰਤੁਸ਼ਟੀ ਪ੍ਰਾਪਤ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਕਰ ਸਕਦਾ। ਇਹ ਵੀ ਮੈਂ ਵੇਖਦਾ ਹਾਂ, ਪਰਮੇਸ਼ਵਰ ਦੇ ਹੱਥੋਂ ਮਿਲਦਾ ਹੈ, 25ਕਿਉਂਕਿ ਉਸ ਤੋਂ ਬਿਨਾਂ ਕੌਣ ਖਾ ਸਕਦਾ ਹੈ ਜਾਂ ਅਨੰਦ ਪ੍ਰਾਪਤ ਕਰ ਸਕਦਾ ਹੈ? 26ਜਿਸ ਮਨੁੱਖ ਨੂੰ ਉਹ ਪ੍ਰਸੰਨ ਕਰਦਾ ਹੈ, ਉਸ ਨੂੰ ਪਰਮੇਸ਼ਵਰ ਬੁੱਧੀ, ਗਿਆਨ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ, ਪਰ ਪਾਪੀ ਨੂੰ ਉਹ ਧਨ ਇਕੱਠਾ ਕਰਨ ਅਤੇ ਉਸ ਨੂੰ ਸੰਭਾਲਣ ਦਾ ਕੰਮ ਸੌਂਪਦਾ ਹੈ ਜੋ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ। ਇਹ ਵੀ ਅਰਥਹੀਣ ਹੈ ਅਤੇ ਹਵਾ ਦਾ ਫੱਕਣਾ ਹੈ।