ਅਫ਼ਸੀਆਂ 5
5
1ਪਰਮੇਸ਼ਵਰ ਦੇ ਪਿਆਰੇ ਬੱਚੇ ਹੋਣ ਦੇ ਨਾਤੇ, ਪਰਮੇਸ਼ਵਰ ਦੇ ਚੇਲੇ ਬਣੋ। 2ਤੁਹਾਡਾ ਸੁਭਾਅ ਪਿਆਰ ਵਾਲਾ ਹੋਵੇ, ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ ਹੈ। ਉਹ ਖੁਦ ਸਾਡੇ ਲਈ ਪਰਮੇਸ਼ਵਰ ਅੱਗੇ ਇੱਕ ਪਿਆਰੀ ਸੁਗੰਧੀ ਭੇਟ ਅਤੇ ਬਲੀਦਾਨ ਬਣ ਗਿਆ।#5:2 ਯੋਹ 13:34; ਗਲਾ 2:20
3ਪਰ ਤੁਹਾਡੇ ਵਿੱਚ ਕੋਈ ਵੀ ਵਿਭਚਾਰ, ਜਾਂ ਕਿਸੇ ਕਿਸਮ ਦੀ ਅਸ਼ੁੱਧਤਾ, ਜਾਂ ਲਾਲਚ ਨਾ ਹੋਵੇ, ਕਿਉਂਕਿ ਇਹ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਲਈ ਅਣਉਚਿਤ ਹੈ। 4ਅਤੇ ਤੁਹਾਡੇ ਵਿਚਕਾਰ ਕੋਈ ਬੇਸ਼ਰਮੀ ਅਤੇ ਮੂਰਖਤਾ ਭਰੀ ਗੱਲ ਜਾਂ ਗੰਦਾ ਮਜ਼ਾਕ ਨਾ ਹੋਵੇ ਜੋ ਹਮੇਸ਼ਾ ਵਿਅਰਥ ਹਨ। ਬਲਕਿ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਹੈ। 5ਕਿਉਂ ਜੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਵਿਭਚਾਰੀ, ਅਸ਼ੁੱਧ ਜਾਂ ਲਾਲਚੀ ਵਿਅਕਤੀ, ਮੂਰਤੀ ਪੂਜਕ, ਮਸੀਹ ਅਤੇ ਪਰਮੇਸ਼ਵਰ ਦੇ ਰਾਜ ਦੇ ਵਾਰਿਸ ਨਹੀਂ ਬਣ ਸਕਦੇ। 6ਕੋਈ ਵੀ ਫੋਕੀਆਂ ਗੱਲਾਂ ਦੇ ਜਾਲ ਵਿੱਚ ਨਾ ਫਸੇ ਕਿਉਂਕਿ ਪਰਮੇਸ਼ਵਰ ਦਾ ਕ੍ਰੋਧ ਉਨ੍ਹਾਂ ਲੋਕਾਂ ਉੱਤੇ ਆਉਂਦਾ ਹੈ ਜੋ ਅਣ-ਆਗਿਆਕਾਰ ਹਨ। 7ਇਸ ਲਈ ਉਨ੍ਹਾਂ ਦਾ ਹਿੱਸਾ ਨਾ ਬਣੋ।
8ਕਿਉਂਕਿ ਤੁਸੀਂ ਪਹਿਲਾਂ ਹਨੇਰਾ ਸੀ, ਪਰ ਹੁਣ ਤੁਸੀਂ ਪ੍ਰਭੂ ਵਿੱਚ ਚਾਨਣ ਹੋ। ਚਾਨਣ ਦੇ ਬੱਚਿਆਂ ਵਾਂਗ ਜੀਓ। 9(ਕਿਉਂਕਿ ਚਾਨਣ ਦੇ ਫ਼ਲ ਵਿੱਚ ਸਾਰੀ ਭਲਾਈ, ਧਾਰਮਿਕਤਾ ਅਤੇ ਸੱਚਾਈ ਸ਼ਾਮਲ ਹੁੰਦੀ ਹੈ) 10ਅਤੇ ਇਹ ਸਮਝੋ ਕਿ ਪ੍ਰਭੂ ਨੂੰ ਕੀ ਪਸੰਦ ਹੈ। 11ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਸਗੋਂ ਝਿਜਕਦੇ ਹੋਏ ਬੇਨਕਾਬ ਕਰੋ। 12ਉਨ੍ਹਾਂ ਕੰਮਾਂ ਦੀ ਚਰਚਾ ਕਰਨਾ ਵੀ ਸ਼ਰਮਨਾਕ ਹੈ ਜੋ ਅਣ-ਆਗਿਆਕਾਰੀ ਦੁਆਰਾ ਗੁਪਤ ਵਿੱਚ ਕੀਤੇ ਜਾਂਦੇ ਹਨ। 13ਜਦੋਂ ਤੁਸੀਂ ਚਾਨਣ ਵਿੱਚ ਆਉਂਦੇ ਹੋ, ਸਭ ਕੁਝ ਪ੍ਰਗਟ ਹੁੰਦਾ ਹੈ ਕਿਉਂਕਿ ਇਹ ਚਾਨਣ ਹੈ ਜੋ ਸਭ ਕੁਝ ਪ੍ਰਗਟ ਕਰਦਾ ਹੈ। 14ਇਹ ਕਿਹਾ ਗਿਆ ਹੈ:
“ਹੇ ਸੌਣ ਵਾਲੇ, ਜਾਗ,
ਮੁਰਦਿਆਂ ਵਿੱਚੋਂ ਜੀ ਉੱਠ,
ਅਤੇ ਮਸੀਹ ਤੇਰੇ ਉੱਤੇ ਚਮਕੇਗਾ।”
15ਆਪਣੇ ਸੁਭਾਅ ਦਾ ਖਾਸ ਧਿਆਨ ਰੱਖੋ। ਤੇਰਾ ਸੁਭਾਅ ਮੂਰਖ ਵਰਗਾ ਨਾ ਹੋਵੇ, ਸਿਆਣਿਆਂ ਵਰਗਾ ਹੋਵੇ, 16ਹਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉ, ਕਿਉਂਕਿ ਦਿਨ ਬੁਰੇ ਹਨ।#5:16 ਆਮੋ 5:13; ਕੁਲੁੱ 4:5 17ਇਸ ਲਈ ਮੂਰਖ ਨਾ ਬਣੋ, ਪਰ ਸਮਝੋ ਕਿ ਪ੍ਰਭੂ ਦੀ ਇੱਛਾ ਕੀ ਹੈ। 18ਸ਼ਰਾਬ ਨਾਲ ਮਤਵਾਲੇ ਨਾ ਹੋਵੋ ਕਿਉਂਕਿ ਇਹ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਪਰ ਪਵਿੱਤਰ ਆਤਮਾ ਨਾਲ ਭਰੋ,#5:18 ਕਹਾ 23:31-32; ਗਲਾ 5:21-25 19ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾਉ,#5:19 3:16; 1 ਕੁਰਿੰ 14:26 20ਹਮੇਸ਼ਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਸਭਨਾਂ ਗੱਲਾਂ ਦੇ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
ਮਸੀਹ ਪਰਿਵਾਰ ਦੇ ਲਈ ਸਿੱਖਿਆ
21ਮਸੀਹ ਵਿੱਚ ਆਦਰ ਦੇ ਨਾਲ ਇੱਕ-ਦੂਜੇ ਦੇ ਅਧੀਨ ਰਹੋ।
22ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ। 23ਕਿਉਂਕਿ ਪਤੀ ਆਪਣੀ ਪਤਨੀ ਦਾ ਸਿਰ ਹੈ, ਜਿਵੇਂ ਮਸੀਹ ਆਪਣੀ ਕਲੀਸਿਆ ਦਾ ਸਿਰ ਹੈ ਅਤੇ ਉਹ ਦੇਹੀ ਦਾ ਮੁਕਤੀਦਾਤਾ ਵੀ ਹੈ। 24ਜਿਵੇਂ ਕਿ ਕਲੀਸਿਆ ਮਸੀਹ ਦੇ ਅਧੀਨ ਹੈ, ਉਸੇ ਤਰ੍ਹਾਂ ਪਤਨੀ ਨੂੰ ਹਰ ਗੱਲ ਵਿੱਚ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ।
25ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਕਿ ਮਸੀਹ ਨੇ ਕਲੀਸਿਆ ਨਾਲ ਪਿਆਰ ਕੀਤਾ ਅਤੇ ਉਸ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ। 26ਤਾਂ ਜੋ ਉਸ ਨੂੰ ਜਲ ਦੇ ਇਸ਼ਨਾਨ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ। 27ਅਤੇ ਉਹ ਆਪਣੇ ਆਪ ਲਈ ਇੱਕ ਤੇਜ਼ਵਾਨ ਕਲੀਸਿਆ ਤਿਆਰ ਕਰੇ ਜਿਸ ਵਿੱਚ ਕਲੰਕ ਜਾਂ ਬੱਜ ਜਾਂ ਕੋਈ ਹੋਰ ਅਜਿਹਾ ਔਗੁਣ ਨਾ ਹੋਵੇ ਪਰ ਪਵਿੱਤਰ ਅਤੇ ਨਿਰਦੋਸ਼ ਬਣੀਏ। 28ਇਸੇ ਤਰ੍ਹਾਂ, ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। 29ਆਖਰਕਾਰ, ਕਦੇ ਵੀ ਕਿਸੇ ਨੇ ਆਪਣੇ ਸਰੀਰ ਨਾਲ ਨਫ਼ਰਤ ਨਹੀਂ ਕੀਤੀ, ਪਰ ਉਹ ਆਪਣੇ ਸਰੀਰ ਨੂੰ ਖੁਆਉਂਦੇ ਅਤੇ ਦੇਖਭਾਲ ਕਰਦੇ ਹਨ, ਜਿਵੇਂ ਮਸੀਹ ਕਲੀਸਿਆ ਦੀ ਕਰਦਾ ਹੈ। 30ਕਿਉਂਕਿ ਅਸੀਂ ਉਸ ਦੇ ਸਰੀਰ ਦੇ ਅੰਗ ਹਾਂ। 31“ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।”#5:31 ਉਤ 2:24 32ਇਹ ਇੱਕ ਡੂੰਘਾ ਭੇਤ ਹੈ। ਪਰ ਮੈਂ ਮਸੀਹ ਅਤੇ ਕਲੀਸਿਆ ਬਾਰੇ ਗੱਲ ਕਰ ਰਿਹਾ ਹਾਂ। 33ਪਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਪਤਨੀ ਨਾਲ ਓਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਕਰਦਾ ਹੈ ਅਤੇ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।
Trenutno odabrano:
ਅਫ਼ਸੀਆਂ 5: PCB
Istaknuto
Kopiraj
Usporedi
Podijeli
Želiš li svoje istaknute stihove spremiti na sve svoje uređaje? Prijavi se ili registriraj
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.