Logo YouVersion
Ikona vyhledávání

ਉਤਪਤ 2

2
1ਇਸ ਤਰ੍ਹਾਂ ਅਕਾਸ਼ ਅਤੇ ਧਰਤੀ ਆਪਣੀ ਸਾਰੀ ਵਿਸ਼ਾਲ ਸ਼੍ਰੇਣੀ ਵਿੱਚ ਸੰਪੂਰਨ ਹੋਏ।
2ਸੱਤਵੇਂ ਦਿਨ ਪਰਮੇਸ਼ਵਰ ਨੇ ਆਪਣਾ ਕੰਮ ਸੰਪੂਰਨ ਕੀਤਾ ਜੋ ਉਹ ਉਸਨੇ ਸ਼ੁਰੂ ਕੀਤਾ ਸੀ, ਇਸ ਤਰ੍ਹਾਂ ਸੱਤਵੇਂ ਦਿਨ ਉਸਨੇ ਆਪਣੇ ਸਾਰੇ ਕੰਮ ਤੋਂ ਆਰਾਮ ਕੀਤਾ। 3ਤਦ ਪਰਮੇਸ਼ਵਰ ਨੇ ਸੱਤਵੇਂ ਦਿਨ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ, ਕਿਉਂ ਜੋ ਉਸ ਦਿਨ ਉਸਨੇ ਆਪਣੇ ਰਚਨਾ ਦੇ ਕੰਮ ਤੋਂ ਅਰਾਮ ਕੀਤਾ।
ਆਦਮ ਅਤੇ ਹੱਵਾਹ
4ਇਹ ਅਕਾਸ਼ ਅਤੇ ਧਰਤੀ ਦੀ ਸਿਰਜਣਾ ਦਾ ਵਰਨਣ ਹੈ ਜਦੋਂ ਉਹ ਬਣਾਏ ਗਏ ਅਰਥਾਤ ਜਿਸ ਦਿਨ ਯਾਹਵੇਹ ਪਰਮੇਸ਼ਵਰ ਨੇ ਧਰਤੀ ਅਤੇ ਅਕਾਸ਼ ਨੂੰ ਬਣਾਇਆ ਸੀ।
5ਅਜੇ ਤੱਕ ਧਰਤੀ ਉੱਤੇ ਕੋਈ ਬੂਟਾ ਨਹੀਂ ਸੀ ਉੱਗਿਆ ਅਤੇ ਨਾ ਹੀ ਕੋਈ ਸਾਗ ਪੱਤ ਧਰਤੀ ਤੇ ਉੱਗਿਆ ਸੀ ਕਿਉਂ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਮੀਂਹ ਨਹੀਂ ਵਰ੍ਹਾਇਆ ਸੀ ਅਤੇ ਨਾ ਹੀ ਜ਼ਮੀਨ ਦਾ ਕੰਮ ਕਰਨ ਵਾਲਾ ਕੋਈ ਮਨੁੱਖ ਸੀ। 6ਪਰ ਧੁੰਦ ਧਰਤੀ ਤੋਂ ਉੱਠੀ ਅਤੇ ਧਰਤੀ ਦੀ ਸਾਰੀ ਸਤ੍ਹਾ ਨੂੰ ਸਿੰਜਿਆ। 7ਤਦ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਧਰਤੀ ਦੀ ਮਿੱਟੀ#2:7 ਮਿੱਟੀ ਇਬਰਾਨੀ ਭਾਸ਼ਾ ਵਿੱਚ ਮਿੱਟੀ ਨੂੰ ਆਦਮਾਹ ਆਖਦੇ ਹਨ ਜਿਸ ਤੋਂ ਆਦਮ ਸ਼ਬਦ ਆਇਆ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ ਇਸ ਤਰ੍ਹਾਂ ਮਨੁੱਖ ਇੱਕ ਜਿਉਂਦਾ ਪ੍ਰਾਣੀ ਬਣ ਗਿਆ।
8ਹੁਣ ਯਾਹਵੇਹ ਪਰਮੇਸ਼ਵਰ ਨੇ ਪੂਰਬ ਵੱਲ ਇੱਕ ਬਾਗ਼ ਅਦਨ ਵਿੱਚ ਲਾਇਆ ਅਤੇ ਉੱਥੇ ਉਸਨੇ ਉਸ ਆਦਮੀ ਨੂੰ ਰੱਖਿਆ ਜਿਸਨੂੰ ਉਸਨੇ ਰਚਿਆ ਸੀ। 9ਯਾਹਵੇਹ ਪਰਮੇਸ਼ਵਰ ਨੇ ਜ਼ਮੀਨ ਵਿੱਚੋਂ ਹਰ ਕਿਸਮ ਦੇ ਰੁੱਖ ਉਗਾਏ, ਉਹ ਰੁੱਖ ਜੋ ਵੇਖਣ ਨੂੰ ਮਨਭਾਉਂਦੇ ਅਤੇ ਭੋਜਨ ਲਈ ਚੰਗੇ ਸਨ। ਬਾਗ਼ ਦੇ ਵਿਚਕਾਰ ਜੀਵਨ ਦਾ ਰੁੱਖ ਅਤੇ ਚੰਗੇ ਬੁਰੇ ਦੇ ਗਿਆਨ ਦਾ ਰੁੱਖ ਵੀ ਸੀ।
10ਬਾਗ਼ ਨੂੰ ਪਾਣੀ ਦੇਣ ਵਾਲੀ ਨਦੀ ਅਦਨ ਤੋਂ ਵਗਦੀ ਸੀ ਅਤੇ ਉੱਥੋਂ ਚਾਰ ਹਿੱਸਿਆਂ ਵਿੱਚ ਵੰਡੀ ਗਈ। 11ਪਹਿਲੇ ਦਾ ਨਾਮ ਪਿਸ਼ੋਨ ਹੈ; ਇਹ ਹਵੀਲਾਹ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ, ਜਿੱਥੇ ਸੋਨਾ ਹੈ। 12(ਉਸ ਧਰਤੀ ਦਾ ਸੋਨਾ ਚੰਗਾ ਹੈ; ਉੱਥੇ ਮੋਤੀ ਅਤੇ ਸੁਲੇਮਾਨੀ ਪੱਥਰ ਵੀ ਪਾਏ ਜਾਂਦੇ ਹਨ।) 13ਦੂਜੀ ਨਦੀ ਦਾ ਨਾਮ ਗੀਹੋਨ ਹੈ; ਇਹ ਕੂਸ਼ ਦੀ ਸਾਰੀ ਧਰਤੀ ਵਿੱਚੋਂ ਲੰਘਦੀ ਹੈ। 14ਤੀਜੀ ਨਦੀ ਦਾ ਨਾਮ ਹਿੱਦਕਲ ਹੈ; ਇਹ ਅੱਸ਼ੂਰ ਦੇ ਪੂਰਬ ਵਾਲੇ ਪਾਸੇ ਚੱਲਦੀ ਹੈ ਅਤੇ ਚੌਥੀ ਨਦੀ ਫ਼ਰਾਤ ਹੈ।
15ਪਰਮੇਸ਼ਵਰ ਨੇ ਮਨੁੱਖ ਨੂੰ ਲਿਆ ਅਤੇ ਅਦਨ ਦੇ ਬਾਗ਼ ਵਿੱਚ ਕੰਮ ਕਰਨ ਅਤੇ ਇਸਦੀ ਦੇਖਭਾਲ ਕਰਨ ਲਈ ਰੱਖਿਆ। 16ਤਦ ਪਰਮੇਸ਼ਵਰ ਨੇ ਮਨੁੱਖ ਨੂੰ ਹੁਕਮ ਦਿੱਤਾ, “ਤੂੰ ਬਾਗ਼ ਦੇ ਕਿਸੇ ਵੀ ਰੁੱਖ ਤੋਂ ਖਾਣ ਲਈ ਅਜ਼ਾਦ ਹੈ, 17ਪਰ ਭਲੇ ਬੁਰੇ ਦੇ ਗਿਆਨ ਦੇ ਰੁੱਖ ਦਾ ਫਲ ਤੂੰ ਨਾ ਖਾਈਂ ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ, ਤੂੰ ਜ਼ਰੂਰ ਮਰੇਂਗਾ।”
18ਯਾਹਵੇਹ ਪਰਮੇਸ਼ਵਰ ਨੇ ਆਖਿਆ, “ਮਨੁੱਖ ਦਾ ਇਕੱਲਾ ਰਹਿਣਾ ਚੰਗਾ ਨਹੀਂ, ਇਸ ਲਈ ਮੈਂ ਉਸ ਲਈ ਉਸ ਵਰਗੀ ਯੋਗ ਸਹਾਇਕਣ ਬਣਾਵਾਂਗਾ।”
19ਹੁਣ ਯਾਹਵੇਹ ਪਰਮੇਸ਼ਵਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਅਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਜੋ ਉਹ ਕਿਵੇਂ ਉਹਨਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਉਂਦੇ ਪ੍ਰਾਣੀ ਨੂੰ ਸੱਦਿਆ, ਉਹੀ ਉਹ ਦਾ ਨਾਮ ਹੋ ਗਿਆ। 20ਇਸ ਤਰ੍ਹਾਂ ਮਨੁੱਖ ਨੇ ਸਾਰੇ ਪਸ਼ੂਆਂ ਦੇ, ਅਕਾਸ਼ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਦੇ ਨਾਮ ਰੱਖੇ।
ਪਰ ਆਦਮ ਲਈ ਕੋਈ ਯੋਗ ਸਹਾਇਕ ਨਹੀਂ ਮਿਲਿਆ। 21ਇਸ ਲਈ ਯਾਹਵੇਹ ਪਰਮੇਸ਼ਵਰ ਨੇ ਮਨੁੱਖ ਨੂੰ ਗੂੜੀ ਨੀਂਦ ਵਿੱਚ ਪਾ ਦਿੱਤਾ, ਜਦੋਂ ਉਹ ਸੌਂ ਰਿਹਾ ਸੀ ਪਰਮੇਸ਼ਵਰ ਨੇ ਮਨੁੱਖ ਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਲਈ ਅਤੇ ਉਸਦੀ ਥਾਂ ਮਾਸ ਭਰ ਦਿੱਤਾ। 22ਤਦ ਯਾਹਵੇਹ ਪਰਮੇਸ਼ਵਰ ਨੇ ਇੱਕ ਔਰਤ ਨੂੰ ਉਸ ਪਸਲੀ ਤੋਂ ਬਣਾਇਆ ਜਿਸ ਨੂੰ ਉਸਨੇ ਆਦਮੀ ਵਿੱਚੋਂ ਕੱਢਿਆ ਸੀ ਅਤੇ ਉਹ ਉਸਨੂੰ ਆਦਮੀ ਕੋਲ ਲੈ ਆਇਆ।
23ਤਦ ਆਦਮ ਨੇ ਆਖਿਆ,
“ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮੇਰੇ ਮਾਸ ਵਿੱਚੋਂ ਮਾਸ ਹੈ,
ਇਸਨੂੰ ‘ਔਰਤ’ ਕਿਹਾ ਜਾਵੇਗਾ,
ਕਿਉਂਕਿ ਉਹ ਆਦਮੀ ਵਿੱਚੋਂ ਕੱਢੀ ਗਈ ਸੀ।”
24ਇਸ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ।
25ਆਦਮ ਅਤੇ ਉਹ ਦੀ ਪਤਨੀ ਦੋਵੇਂ ਨੰਗੇ ਸਨ ਪਰ ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ।

Právě zvoleno:

ਉਤਪਤ 2: OPCV

Zvýraznění

Sdílet

Kopírovat

None

Chceš mít své zvýrazněné verše uložené na všech zařízeních? Zaregistruj se nebo se přihlas